- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਦੋਂ ਮਨੁੱਖ ਦੀ ਜ਼ਿੰਦਗੀ ਮੋਟਰ ਗੱਡੀਆਂ, ਪ੍ਰਦੂਸ਼ਣ ਅਤੇ ਭੱਜ-ਦੌੜ ਦੇ ਜਾਲ ’ਚ ਉਲਝਦੀ ਜਾ ਰਹੀ ਹੈ, ਉਦੋਂ ਸਾਈਕਲ ਸਾਨੂੰ ਮੁੜ ਕੁਦਰਤ, ਸਾਦਗੀ ਅਤੇ ਸਰੀਰਕ ਸਰਗਰਮੀ ਨਾਲ ਜੋੜਨ ਦਾ ਰਾਹ ਦਿਖਾਉਂਦੀ ਹੈ। ਸਾਈਕਲ ਦਾ ਇਤਿਹਾਸ ਮਨੁੱਖੀ ਸਿਰਜਣਾਤਮਕਤਾ ਅਤੇ ਖੋਜ-ਬਿਰਤੀ ਦੀ ਇਕ ਦਿਲਚਸਪ ਕਹਾਣੀ ਹੈ।

ਹਰ ਸਾਲ 3 ਜੂਨ ਨੂੰ ਪੂਰੀ ਦੁਨੀਆ ’ਚ ‘ਵਿਸ਼ਵ ਸਾਈਕਲ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ਼ ਇਕ ਸਵਾਰੀ ਦਾ ਜਸ਼ਨ ਨਹੀਂ, ਸਗੋਂ ਸਿਹਤਮੰਦ ਜੀਵਨ-ਸ਼ੈਲੀ, ਵਾਤਾਵਰਨ ਸੰਭਾਲ, ਸਾਦਗੀ ਅਤੇ ਟਿਕਾਊ ਵਿਕਾਸ ਦੇ ਇਕ ਵਿਸ਼ਵਵਿਆਪੀ ਸੁਨੇਹੇ ਦਾ ਪ੍ਰਤੀਕ ਹੈ। ਅੱਜ ਜਦੋਂ ਮਨੁੱਖ ਦੀ ਜ਼ਿੰਦਗੀ ਮੋਟਰ ਗੱਡੀਆਂ, ਪ੍ਰਦੂਸ਼ਣ ਅਤੇ ਭੱਜ-ਦੌੜ ਦੇ ਜਾਲ ’ਚ ਉਲਝਦੀ ਜਾ ਰਹੀ ਹੈ, ਉਦੋਂ ਸਾਈਕਲ ਸਾਨੂੰ ਮੁੜ ਕੁਦਰਤ, ਸਾਦਗੀ ਅਤੇ ਸਰੀਰਕ ਸਰਗਰਮੀ ਨਾਲ ਜੋੜਨ ਦਾ ਰਾਹ ਦਿਖਾਉਂਦੀ ਹੈ। ਸਾਈਕਲ ਦਾ ਇਤਿਹਾਸ ਮਨੁੱਖੀ ਸਿਰਜਣਾਤਮਕਤਾ ਅਤੇ ਖੋਜ-ਬਿਰਤੀ ਦੀ ਇਕ ਦਿਲਚਸਪ ਕਹਾਣੀ ਹੈ। ਆਧੁਨਿਕ ਸਾਈਕਲ ਦੇ ਪੂਰਵਜ ਵਜੋਂ ਮੰਨੀ ਜਾਣ ਵਾਲੀ ‘ਡਰੈਜ਼ੀਨ’ ਜਾਂ ‘ਰਨਿੰਗ ਮਸ਼ੀਨ’ ਦਾ ਨਿਰਮਾਣ ਸਾਲ 1817 ’ਚ ਜਰਮਨੀ ਦੇ ਖੋਜੀ ਕਾਰਲ ਵਾਨ ਡਰੇਸ ਨੇ ਕੀਤਾ ਸੀ। ਲੱਕੜ ਦੀ ਬਣੀ ਇਸ ਮਸ਼ੀਨ ’ਚ ਪੈਡਲ ਨਹੀਂ ਸਨ ਅਤੇ ਇਸ ਨੂੰ ਚਲਾਉਣ ਵਾਲਾ ਵਿਅਕਤੀ ਆਪਣੇ ਪੈਰਾਂ ਨਾਲ ਜ਼ਮੀਨ ਨੂੰ ਧੱਕਾ ਮਾਰ ਕੇ ਅੱਗੇ ਵਧਦਾ ਸੀ। ਇਹ ਇਕ ਸਧਾਰਨ ਜਿਹੀ ਕਾਢ ਸੀ ਪਰ ਇਸ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਵਾਜਾਈ ਦੇ ਇਕ ਨਵੇਂ ਯੁੱਗ ਦੀ ਨੀਂਹ ਰੱਖ ਦਿੱਤੀ।
1860 ਦੇ ਦਹਾਕੇ ’ਚ ਫਰਾਂਸ ’ਚ ਸਾਈਕਲ ਦੇ ਅਗਲੇ ਪਹੀਏ ਨਾਲ ਪੈਡਲ ਜੋੜੇ ਗਏ। ਇਸ ਮਾਡਲ ਨੂੰ ‘ਬੋਨਸ਼ੇਕਰ’ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਦੀਆਂ ਉਬੜ-ਖਾਬੜ ਸੜਕਾਂ ਉੱਤੇ ਇਸ ਦੀ ਸਵਾਰੀ ਹੱਡੀਆਂ ਨੂੰ ਝੰਜੋੜ ਦੇਣ ਵਾਲਾ ਅਨੁਭਵ ਬਣ ਜਾਂਦੀ ਸੀ। ਇਸ ਤੋਂ ਬਾਅਦ 1870 ਦੇ ਦਹਾਕੇ ’ਚ ‘ਪੈਨੀ-ਫਾਰਥਿੰਗ’ ਨਾਮਕ ਸਾਈਕਲ ਪ੍ਰਚਲਿਤ ਹੋਇਆ, ਜਿਸਦਾ ਅਗਲਾ ਪਹੀਆ ਬਹੁਤ ਵੱਡਾ ਅਤੇ ਪਿਛਲਾ ਛੋਟਾ ਹੁੰਦਾ ਸੀ। ਅੰਤ ’ਚ 1885 ’ਚ ਜੌਹਨ ਕੈਂਪ ਸਟਾਰਲੇ ਨੇ ‘ਸੇਫਟੀ ਬਾਈਸਾਈਕਲ’ ਤਿਆਰ ਕੀਤੀ, ਜਿਸਦੇ ਦੋਵੇਂ ਪਹੀਏ ਲਗਭਗ ਬਰਾਬਰ ਆਕਾਰ ਦੇ ਸਨ ਅਤੇ ਚੇਨ ਰਾਹੀਂ ਪਿਛਲਾ ਪਹੀਆ ਚਲਾਇਆ ਜਾਂਦਾ ਸੀ। ਇਹੀ ਡਿਜ਼ਾਇਨ ਅੱਜ ਦੀਆਂ ਆਧੁਨਿਕ ਸਾਈਕਲਾਂ ਦਾ ਆਧਾਰ ਬਣਿਆ। ਸਮੇਂ ਦੇ ਨਾਲ ਸਾਈਕਲ ਨੇ ਕੇਵਲ ਆਵਾਜਾਈ ਦਾ ਸਾਧਨ ਹੋਣ ਤੋਂ ਉੱਪਰ ਉੱਠ ਕੇ ਸਿਹਤ ਅਤੇ ਵਾਤਾਵਰਨ ਦੀ ਰਾਖੀ ਦਾ ਇਕ ਮਜ਼ਬੂਤ ਪ੍ਰਤੀਕ ਰੂਪ ਧਾਰ ਲਿਆ। ਡਾਕਟਰੀ ਖੋਜਾਂ ਦੱਸਦੀਆਂ ਹਨ ਕਿ ਨਿਯਮਿਤ ਸਾਈਕਲ ਚਲਾਉਣਾ ਦਿਲ ਦੀਆਂ ਬਿਮਾਰੀਆਂ, ਮੋਟਾਪੇ, ਸ਼ੂਗਰ ਤੇ ਉੱਚ ਰਕਤਚਾਪ ਵਰਗੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਣ ’ਚ ਮਦਦਗਾਰ ਸਾਬਤ ਹੁੰਦਾ ਹੈ।
ਆਰਥਿਕ ਪੱਖੋਂ ਵੀ ਸਾਈਕਲ ਆਮ ਆਦਮੀ ਦਾ ਸਭ ਤੋਂ ਭਰੋਸੇਯੋਗ ਸਾਥੀ ਹੈ। ਇਸ ਨੂੰ ਚਲਾਉਣ ਲਈ ਕਿਸੇ ਮਹਿੰਗੇ ਈਂਧਨ ਦੀ ਲੋੜ ਨਹੀਂ ਹੁੰਦੀ ਅਤੇ ਇਸ ਦੀ ਸਾਂਭ ਸੰਭਾਲ ਵੀ ਬਹੁਤ ਘੱਟ ਖ਼ਰਚੀਲੀ ਹੈ। ਭੀੜ-ਭਾੜ ਵਾਲੇ ਸ਼ਹਿਰਾਂ ’ਚ ਜਿੱਥੇ ਟ੍ਰੈਫਿਕ ਜਾਮ ਅਤੇ ਪਾਰਕਿੰਗ ਦੀਆਂ ਸਮੱਸਿਆਵਾਂ ਦਿਨੋ-ਦਿਨ ਗੰਭੀਰ ਹੋ ਰਹੀਆਂ ਹਨ, ਉੱਥੇ ਸਾਈਕਲ ਇੱਕ ਵਿਹਾਰਕ ਅਤੇ ਪ੍ਰਭਾਵਸ਼ਾਲੀ ਬਦਲ ਵਜੋਂ ਉੱਭਰ ਰਹੀ ਹੈ।
ਇਤਿਹਾਸ ’ਚ ਥਾਮਸ ਸਟੀਵਨਜ਼ ਉਹ ਪਹਿਲਾ ਵਿਅਕਤੀ ਮੰਨਿਆ ਜਾਂਦਾ ਹੈ, ਜਿਸਨੇ 1884 ’ਚ ‘ਪੈਨੀ-ਫਾਰਥਿੰਗ’ ਸਾਈਕਲ ਉੱਤੇ ਦੁਨੀਆ ਦਾ ਚੱਕਰ ਲਗਾਉਣ ਦੀ ਸ਼ੁਰੂਆਤ ਕੀਤੀ। ਔਰਤਾਂ ’ਚੋਂ ਐਨੀ ਲੰਡਨਡੈਰੀ ਨੇ 1894-95 ’ਚ ਸਾਈਕਲ ਰਾਹੀਂ ਵਿਸ਼ਵ ਯਾਤਰਾ ਕਰਕੇ ਇਤਿਹਾਸ ਰਚਿਆ। ਆਧੁਨਿਕ ਸਮੇਂ ’ਚ ਮਾਰਕ ਬਿਊਮੋਂਟ ਅਤੇ ਭਾਰਤ ਦੀ ਵੇਦਾਂਗੀ ਕੁਲਕਰਨੀ ਵਰਗੇ ਸਾਈਕਲ ਯਾਤਰੀਆਂ ਨੇ ਵੀ ਆਪਣੇ ਅਸਾਧਾਰਨ ਕਾਰਨਾਮਿਆਂ ਨਾਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਖੇਤਰ ’ਚ ਪੰਜਾਬੀਆਂ ਦਾ ਯੋਗਦਾਨ ਵੀ ਕਿਸੇ ਤਰ੍ਹਾਂ ਘੱਟ ਨਹੀਂ। ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਘੁੱਦਾ ਨੇ ਅਫ਼ਰੀਕਾ ਦੇ 11 ਦੇਸ਼ਾਂ ’ਚ 10,856 ਕਿਲੋਮੀਟਰ ਦੀ ਸਾਈਕਲ ਯਾਤਰਾ 221 ਦਿਨਾਂ ’ਚ ਪੂਰੀ ਕਰਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਆਪਣੀ ਯਾਤਰਾ ਰਾਹੀਂ ਅਫ਼ਰੀਕਾ ’ਚ ਵੱਸੇ ਪੰਜਾਬੀਆਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਇਆ। ਪਟਿਆਲਾ ਦੇ ਰਹਿਣ ਵਾਲੇ ਸਾਈਕਲਿਸਟ ਕੰਵਰ ਗੁਰਪ੍ਰੀਤ ਸਿੰਘ ਗਿੱਲ ਨੇ ਵੀ ਸਾਈਕਲਿੰਗ ਦੀ ਦੁਨੀਆ ’ਚ ਇੱਕ ਵੱਡਾ ਮੁਕਾਮ ਹਾਸਲ ਕਰਕੇ ਇਤਿਹਾਸ ਰਚਿਆ ਹੈ। ਇਸੇ ਕੜੀ ’ਚ ‘ਮੁਲਕੋ ਮੁਲਕ ਸਾਈਕਲਨਾਮਾ’ ਵਾਲੇ ਸੋਢੀ ਸੁਲਤਾਨ ਸਿੰਘ ਦਾ ਨਾਮ ਵੀ ਵਿਸ਼ੇਸ਼ ਤੌਰ ’ਤੇ ਲਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਸਾਈਕਲ ਯਾਤਰਾ ਦੌਰਾਨ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਅਮਰੀਕਾ ਮਹਾਂਦੀਪਾਂ ਦੇ ਕਈ ਪ੍ਰਮੁੱਖ ਦੇਸ਼ਾਂ ਦਾ ਸਫ਼ਰ ਤੈਅ ਕਰਦਿਆਂ ਨਾ ਸਿਰਫ਼ ਵੱਖ-ਵੱਖ ਸਭਿਆਚਾਰਾਂ ਨੂੰ ਨੇੜਿਓਂ ਦੇਖਿਆ, ਸਗੋਂ ਆਪਣੇ ਯਾਤਰਾ-ਵ੍ਰਿਤਾਂਤਾਂ ਰਾਹੀਂ ਸਾਈਕਲਿੰਗ ਨੂੰ ਹੌਂਸਲੇ , ਗਿਆਨ ਅਤੇ ਵਿਸ਼ਵ ਭਾਈਚਾਰੇ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਵੀ ਕੀਤਾ ਹੈ। ਇਸੇ ਤਰ੍ਹਾਂ ‘ਸਾਈਕਲ ਬਾਬਾ’ ਵਜੋਂ ਪ੍ਰਸਿੱਧ ਡਾ. ਰਾਜ ਫਾਂਡੇਨ ਨੇ ਸਾਈਕਲ ਨੂੰ ਵਾਤਾਵਰਨ ਜਾਗਰੂਕਤਾ ਦਾ ਇਕ ਵਿਸ਼ਵਵਿਆਪੀ ਮਾਧਿਅਮ ਬਣਾ ਦਿੱਤਾ ਹੈ। ਸਾਲ 2016 ’ਚ ਸ਼ੁਰੂ ਕੀਤੀ ਗਈ ਆਪਣੀ ‘ਵ੍ਹੀਲਜ਼ ਫ਼ਾਰ ਗ੍ਰੀਨ’ ਯਾਤਰਾ ਤਹਿਤ ਉਹ ਹੁਣ ਤੱਕ 1 ਲੱਖ 41 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਹਨ। ਇਸ ਸਾਲ ਅਪ੍ਰੈਲ ’ਚ ਉਨ੍ਹਾਂ ਨੇ ਪੇਰੂ ’ਚ ਆਪਣੀ ਇਤਿਹਾਸਕ ਯਾਤਰਾ ਦਾ ਇਕ ਹੋਰ ਮਹੱਤਵਪੂਰਨ ਪੜਾਅ ਪੂਰਾ ਕਰਦਿਆਂ 134 ਤੋਂ ਵੱਧ ਦੇਸ਼ਾਂ ਦੀ ਸਾਈਕਲ ਯਾਤਰਾ ਦਾ ਵਿਲੱਖਣ ਮਾਣ ਹਾਸਲ ਕੀਤਾ। ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਹੈ ਕਿ ਧਰਤੀ ਨੂੰ ਬਚਾਉਣ ਲਈ ਮਨੁੱਖ ਨੂੰ ਕੁਦਰਤ ਨਾਲ ਤਾਲਮੇਲ ਬਣਾ ਕੇ ਜੀਣਾ ਸਿੱਖਣਾ ਪਵੇਗਾ। ਇਨ੍ਹਾਂ ਸਿਰੜੀ ਯਾਤਰੀਆਂ ਨੇ ਸਾਬਤ ਕੀਤਾ ਹੈ ਕਿ ਮਨੁੱਖੀ ਇੱਛਾ-ਸ਼ਕਤੀ ਦੇ ਸਾਹਮਣੇ ਦੂਰੀਆਂ ਅਤੇ ਮੁਸ਼ਕਲਾਂ ਕੋਈ ਮਾਇਨੇ ਨਹੀਂ ਰੱਖਦੀਆਂ।
ਆਪਣੇ ਕੈਰੀਅਰ ’ਤੇ ਥੋੜ੍ਹਾ ਜਿਹਾ ਜ਼ਰੂਰੀ ਸਮਾਨ ਬੰਨ੍ਹ ਕੇ ਉਨ੍ਹਾਂ ਨੇ ਰੇਗਿਸਤਾਨਾਂ, ਪਹਾੜਾਂ, ਜੰਗਲਾਂ, ਬਰਫ਼ੀਲੇ ਇਲਾਕਿਆਂ ਅਤੇ ਅਣਗਿਣਤ ਸਰਹੱਦਾਂ ਨੂੰ ਪਾਰ ਕੀਤਾ। ਉਨ੍ਹਾਂ ਦੀਆਂ ਯਾਤਰਾਵਾਂ ਸਿਰਫ਼ ਸਾਹਸ ਦੀਆਂ ਕਹਾਣੀਆਂ ਨਹੀਂ, ਸਗੋਂ ਮਨੁੱਖੀ ਭਾਈਚਾਰੇ, ਵਿਸ਼ਵ ਸ਼ਾਂਤੀ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਜੀਵੰਤ ਸੰਦੇਸ਼ ਹਨ। ਵਿਸ਼ਵ ਸਾਈਕਲ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਤਰੱਕੀ ਦਾ ਮਤਲਬ ਸਿਰਫ਼ ਤੇਜ਼ੀ ਨਹੀਂ, ਸਗੋਂ ਸੰਤੁਲਨ ਵੀ ਹੈ। ਜਿਸ ਯੁੱਗ ’ਚ ਮਨੁੱਖ ਮੰਗਲ ਗ੍ਰਹਿ ਤੱਕ ਪਹੁੰਚਣ ਦੇ ਸੁਪਨੇ ਦੇਖ ਰਿਹਾ ਹੈ, ਉਸੇ ਯੁੱਗ ਵਿੱਚ ਦੋ ਪਹੀਆਂ ਉੱਤੇ ਚੱਲਣ ਵਾਲੀ ਇਹ ਸਾਦੀ ਜਿਹੀ ਕਾਢ ਸਾਨੂੰ ਸਿਹਤ, ਸੁਖ ਅਤੇ ਕੁਦਰਤ ਨਾਲ ਤਾਲਮੇਲ ਦਾ ਪਾਠ ਪੜ੍ਹਾ ਰਹੀ ਹੈ।
ਆਓ, ਇਸ ਵਿਸ਼ਵ ਸਾਈਕਲ ਦਿਵਸ ਮੌਕੇ ਅਸੀਂ ਸਾਰੇ ਇਹ ਸੰਕਲਪ ਕਰੀਏ ਕਿ ਸਾਈਕਲ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ਼-ਸੁਥਰਾ, ਤੰਦਰੁਸਤ ਅਤੇ ਹਰਿਆ-ਭਰਿਆ ਸੰਸਾਰ ਛੱਡ ਕੇ ਜਾਵਾਂਗੇ।
ਨਵਦੀਪ ਸਿੰਘ