-ਪ੍ਰਿੰ. ਜਗਦੀਸ਼ ਸਿੰਘ ਘਈ

ਅਧਿਆਪਨ ਦੇ ਖੇਤਰ ਵਿਚ ਕਾਰਜਸ਼ੀਲ ਅਤੇ ਪੰਜਾਬੀ ਦੇ ਮਹਾਨ ਕਹਾਣੀਕਾਰ ਪਿ੍ਰੰ. ਸੁਜਾਨ ਸਿੰਘ ਦਾ ਜਨਮ ਪਿਤਾ ਹਾਕਮ ਸਿੰਘ ਦੇ ਘਰ 29 ਜੁਲਾਈ 1909 ’ਚ ਹੋਇਆ ਸੀ। ਤਿੰਨ ਪੁੱਤਰਾਂ ਅਤੇ ਪੰਜ ਧੀਆਂ ਦੇ ਪਿਤਾ ਪਿ੍ਰੰ. ਸੁਜਾਨ ਸਿੰਘ ਨੇ ਆਪਣੀ ਪਤਨੀ ਜੋਗਿੰਦਰ ਕੌਰ ਨਾਲ ਜੀਵਨ ਦੇ ‘ਦੁੱਖ-ਸੁੱਖ’ ਭੋਗਦਿਆਂ ਫਿਰ ‘ਦੁੱਖ-ਸੁੱਖ ਤੋਂ ਪਿੱਛੋਂ’ ਰਾਹਤ ਪਾ ਕੇ ਜੀਵਨ ਦੇ ਸਭ ਰੰਗ ਪੇਸ਼ ਕਰਕੇ ਵੀ ਉਹ ‘ਨਰਕਾਂ ਦੇ ਦੇਵਤੇ’ ਦੇ ਦੌਰ ਵਿਚੋਂ ਗੁਜ਼ਰ ਕੇ ‘ਡੇਢ ਆਦਮੀ’ ਵਾਲਾ ‘ਨਵਾਂ ਰੰਗ’ ਪੇਸ਼ ਕੀਤਾ। ‘ਮਨੁੱਖ ਅਤੇ ਪਸ਼ੂ’ ਜੀਵਨ ਪ੍ਰਤੀ ‘ਸਵਾਲ-ਜਵਾਬ’ ਕਰਦਿਆਂ ‘ਕਲਗੀ ਦੀਆਂ ਅਣੀਆਂ’ ਨੂੰ ਅਪਣਾਇਆ ਅਤੇ ‘ਗੁਗੋ ਦੀਆਂ ਸਾਖੀਆਂ’ ਨੂੰ ‘ਪੱਤਨ ਤੇ ਸਰਾਂ’ ਦੀਆਂ ‘ਸੱਤ ਸੁਰਾਂ’ ਦੀ ਝਲਕ ਨਾਲ ‘ਅਮਰ ਗੂੰਜ ਰਿਸ਼ਮਾਂ’ ਦੀਆਂ ਸਾਖੀਆਂ ਉਪਰੰਤ ‘ਵੱਡੇ ਦੀਆਂ ਵਡਿਆਈਆਂ’ ਪੇਸ਼ ਕਰਕੇ ਆਖ਼ਰ 22 ਅਪ੍ਰੈਲ 1993 ਨੂੰ ਆਖ਼ਰੀ ਸਵਾਸ ਲਿਆ।

ਜਦ ਕਦੇ ਵੀ ਮੈਂ ਆਪਣੀ ਐਲਬਮ ਵਿਚ ਪਿ੍ਰੰ. ਸੁਜਾਨ ਸਿੰਘ ਦੀਆਂ ਲੱਗੀਆਂ ਫੋਟੋਆਂ ਤੱਕਦਾ ਹਾਂ ਤਾਂ ਯਾਦਾਂ ਤਰੋਤਾਜ਼ਾ ਹੋ ਜਾਂਦੀਆਂ ਹਨ। ਮੇਰੀ ਸੰਸਥਾ ਫੁਲਵਾੜੀ ਕਾਲਜ ਬਠਿੰਡਾ ਵਿਖੇ ਉਨ੍ਹਾਂ ਇਕ ਨਹੀਂ, ਦੋ ਨਹੀਂ, ਅਨੇਕਾਂ ਵਾਰ ਫੇਰੀ ਪਾਈ ਅਤੇ ਹਰ ਵਾਰ ਘਟਨਾਵਾਂ ਦੀਆਂ ਪੈੜਾਂ ਮਾਪਣ ਦਾ ਮੈਨੂੰ ਮੌਕਾ ਬਖ਼ਸ਼ਦੇ ਰਹੇ। ਉਨ੍ਹਾਂ ਨਾਲ ਗੁਜ਼ਾਰੇ ਪਲਾਂ ਦੀਆਂ ਯਾਦਾਂ ਮੈਨੂੰ ਸਕੂਨ ਦਿੰਦੀਆਂ ਹਨ। ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਇਹ ਸਤਰਾਂ ਹੀ ਮੇਰੇ ਮੂੰਹੋਂ ਨਿਕਲਦੀਆਂ ਹਨ ਕਿ ‘‘ਫੜ ਕੇ ਅਸੀਂ ਚੁੰਮ ਲਿਆ ਮੂੰਹ ਤੇਰੀ ਯਾਦ ਦਾ।’’

ਕਾਮਰੇਡ ਬਿਮਲਾ ਡਾਂਗ ਨਾਲ ਬੀਤੀ ਇਕ ਘਟਨਾ ਦਾ ਇੱਥੇ ਵਰਣਨ ਕਰਨਾ ਬਣਦਾ ਹੈ। ਇਹ ਘਟਨਾ ਉਦੋਂ ਦੀ ਹੈ ਜਦ 31 ਮਾਰਚ ਤੋਂ 7 ਅਪ੍ਰੈਲ 1978 ਤਕ ਸਰਬ ਹਿੰਦ ਪਾਰਟੀ ਕਾਨਫਰੰਸ ਬਠਿੰਡਾ ਵਿਖੇ ਹੋਈ ਸੀ। ਇਸ ਕਾਨਫੰਰਸ ਮੌਕੇ ਕਾਮਰੇਡ ਸਤਪਾਲ ਡਾਂਗ ਅਤੇ ਬਿਮਲਾ ਡਾਂਗ ਦੀ ਜੋੜੀ ਨੂੰ 10 ਕੁ ਦਿਨ ਆਪਣੇ ਨਿਵਾਸ ਸਥਾਨ ’ਤੇ ਰੱਖਣ ਦਾ ਦੁਰਲਭ ਮੌਕਾ ਮੈਨੂੰ ਮਿਲਿਆ ਸੀ।

ਕਾਨਫਰੰਸ ਸਮਾਪਤ ਹੋਣ ’ਤੇ ਅਗਲੇ ਦਿਨ ਸਵੇਰ ਵੇਲੇ ਕਾਮਰੇਡ ਬਿਮਲਾ ਡਾਂਗ ਨੇ ਮੇਰੀ ਨਿੱਜੀ ਲਾਇਬ੍ਰੇਰੀ ਵੇਖ ਕੇ ਕਿਹਾ ਕਿ ਤੁਹਾਡੇ ਕੋਲ ਸੁਜਾਨ ਸਿੰਘ ਦਾ ਕੋਈ ਕਹਾਣੀ ਸੰਗ੍ਰਹਿ ਹੈ? ਉਨ੍ਹਾਂ ਨੂੰ ਮੈਂ ਹਾਂ ਭਰੀ। ਉਨ੍ਹਾਂ ‘ਦੁੱਖ-ਸੁੱਖ’ ਅਤੇ ‘ਨਰਕਾਂ ਦੇ ਦੇਵਤੇ’ ਦੇ ਕਹਾਣੀ ਸੰਗ੍ਰਹਿ ਮੇਰੇ ਤੋਂ ਲਏ। ਉਸ ਵੇਲੇ ਮੈਂ ਹੈਰਾਨ ਸਾਂ ਕਿ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਅਨੇਕਾਂ ਨਾਮਵਰ ਲੇਖਕਾਂ ’ਚੋਂ ਉਨ੍ਹਾਂ ਨੇ ਸੁਜਾਨ ਸਿੰਘ ਨੂੰ ਹੀ ਕਿਉਂ ਚੁਣਿਆ? ਆਖ਼ਰ ਮੈਂ ਪੁੱਛ ਹੀ ਲਿਆ ਤਾਂ ਬਿਮਲਾ ਡਾਂਗ ਦਾ ਜਵਾਬ ਸੀ ਕਿ ਉਹ ਦੱਬੇ-ਕੁਚਲਿਆਂ ਦਾ ਮਹਿਬੂਬ ਅਤੇ ਅਗਾਂਹਵਧੂ ਲਿਖਾਰੀ ਹੈ। ਮੈਂ ਸੋਚਿਆ ਕਿ ਸ਼ਾਇਦ ਅਜੇ ਤਕ ਉਨ੍ਹਾਂ ਨੇ ਸੁਣੇ-ਸੁਣਾਏ ਪ੍ਰਭਾਵ ਨੂੰ ਹੀ ਕਬੂਲਿਆ ਸੀ ਪਰ ਪਿ੍ਰੰ. ਸੁਜਾਨ ਸਿੰਘ ਨੂੰ ਪੜ੍ਹਨ ਦੀ ਪ੍ਰਬਲ ਇੱਛਾ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਝਲਕਦੀ ਸੀ। ਦੋਵੇਂ ਕਹਾਣੀ ਸੰਗ੍ਰਹਿ (ਦੁੱਖ-ਸੁੱਖ ਅਤੇ ਨਰਕਾਂ ਦੇ ਦੇਵਤੇ) ਉਨ੍ਹਾਂ ਨੂੰ ਅਰਪਣ ਕਰ ਕੇ ਮੈਨੂੰ ਅਥਾਹ ਖ਼ੁਸ਼ੀ ਹੋਈ। ਅਜਿਹੇ ਚੇਤਨ ਪਾਠਕ ਦੀ ਇਸ ਘਟਨਾ ਨੇ ਮੇਰੇ ਜਿਹੇ ਮੁਰੀਦ ਦੀ ਨਜ਼ਰ ’ਚ ਸੁਜਾਨ ਸਿੰਘ ਦਾ ਕੱਦ-ਕਾਠ ਹੋਰ ਉੱਚਾ ਕਰ ਦਿੱਤਾ ਸੀ।

ਮੇਰੇ ਸੱਦੇ ’ਤੇ ਜਦ ਪਹਿਲੀ ਵਾਰ ਉਹ ਬਠਿੰਡਾ ਆਏ ਤਾਂ ਪੰਜਾਬ ਬੁੱਕ ਸੈਂਟਰ ਬਠਿੰਡਾ ਤੋਂ ਕਿਤਾਬਾਂ ਨੂੰ ਧਿਆਨ ਨਾਲ ਵੇਖਣ ਲੱਗੇ। ਸਭ ਕੁਝ ਜਾਣਦਿਆਂ ਹੋਇਆਂ ਵੀ ਉਨ੍ਹਾਂ ਬੁੱਕ ਸੈਂਟਰ ਦੇ ਇੰਚਾਰਜ ਜਰਨੈਲ ਸਿੰਘ ਨੂੰ ਪੁੱਛਿਆ, ‘‘ਕਾਕਾ ਇਹ ਕਿਤਾਬਾਂ ਕਾਹਦੀਆਂ ਹਨ?’’ ਤਾਂ ਉਸ ਦਾ ਜਵਾਬ ਸੀ ਕਿ ‘‘ਇਹ ਇਨਕਲਾਬੀ ਕਿਤਾਬਾਂ ਹਨ ਸਰਦਾਰ ਜੀ।’’ ਉਹ ਨਹੀਂ ਜਾਣਦਾ ਸੀ ਕਿ ਉਹ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਨਾਲ ਰੂਬਰੂ

ਹੋ ਰਿਹਾ ਹੈ।

ਇੰਨੇ ਵਿਚ ਮੈਂ ਉੱਥੇ ਪੁੱਜ ਗਿਆ ਤਾਂ ਪਿ੍ਰੰ. ਸੁਜਾਨ ਸਿੰਘ ਜੀ ਹੌਲੀ ਜਿਹੇ ਕਹਿ ਰਹੇ ਸਨ ‘‘ਕੀ ਕਰੀਏ ਇਨਕਲਾਬ ਤਾਂ ਅਜੇ ਵੀ ਨੇੜੇ ਨਜ਼ਰ ਨਹੀਂ ਆਉਂਦਾ!’’ ਇਹ ਕਹਿੰਦਿਆਂ ਉਨ੍ਹਾਂ ਨੇ ਲੰਮਾ ਹਉਕਾ ਭਰਿਆ। ਮੈਂ ਪਿੱਛੇ ਖੜ੍ਹਾ ਉਨ੍ਹਾਂ ਦੇ ਇਹ ਸ਼ਬਦ ਸੁਣ ਚੁੱਕਾ ਸੀ। ਉਨ੍ਹਾਂ ਦੀ ਜਾਣ-ਪਛਾਣ ਜਰਨੈਲ ਸਿੰਘ ਨਾਲ ਕਰਵਾਈ ਪਰ ਅੱਜ ਵੀ ਉਨ੍ਹਾਂ ਦੇ ਸ਼ਬਦ ਕੰਨਾਂ ਵਿਚ ਗੂੰਜਦੇ ਹਨ, ‘‘ਇਨਕਲਾਬ ਤਾਂ ਫਿਰ ਵੀ ਨਜ਼ਰ ਨਹੀਂ ਆਉਂਦਾ।’’

ਇਹੀ ਨਹੀਂ, ਇਕ ਵਾਰ ਉਦੋਂ ਪੰਜਾਬੀ ਦੇ ਨਾਮਵਰ ਅਨੇਕਾਂ ਲੇਖਕਾਂ ਦੇ ਚੰਡੀਗੜ੍ਹ ਪਾਰਟੀ ਦਫ਼ਤਰ ਵਿਚ ਸੰਵਾਦ ਦੌਰਾਨ ਉਨ੍ਹਾਂ ਦਾ ਸੰਗ ਕਰਨ ਦਾ ਮੌਕਾ ਨਸੀਬ ਹੋਇਆ। ਜਦੋਂ ਦੁਪਹਿਰ ਦਾ ਖਾਣਾ ਖਾ ਕੇ ਅਸੀਂ ਆਪਣੇ-ਆਪ ਬਰਤਨ ਧੋਣ ਲੱਗੇ ਤਾਂ ਮੇਰੇ ਨਾਲ ਖੜੇ੍ਹ ਪਿ੍ਰੰ. ਸੁਜਾਨ ਸਿੰਘ ਤੇ ਸੰਤੋਖ ਸਿੰਘ ਧੀਰ ਹੋਰਾਂ ਨੂੰ ਮੈਂ ਕਿਹਾ ਕਿ ਬਰਤਨ ਮੈਨੂੰ ਦਿਉ, ਮੈਂ ਧੋਵਾਂਗਾ ਤਾਂ ਪਿ੍ਰੰ. ਸੁਜਾਨ ਸਿੰਘ ਕਮਿਊਨਿਸਟ ਸ਼ੈਲੀ ’ਚ ਭਾਵੁਕ ਹੋ ਕੇ ਬੋਲੇ ‘‘ਕੀ ਗੱਲ ਤੂੰ ਸਾਨੂੰ ਕਮਿਊਨਿਸਟ ਨਹੀਂ ਸਮਝਦਾ।’’ ਉਨ੍ਹਾਂ ਦਾ ਜਵਾਬ ਅਤੇ ਉਨ੍ਹਾਂ ਦੇ ਵਰਤੇ ਸ਼ਬਦ ‘ਤੂੰ’ ਵਿਚਲੀ ਨੇੜਤਾ ਦੇ ਰਸ ਨੇ ਮੈਨੂੰ ਨਿਰਉੱਤਰ ਕਰ ਦਿੱਤਾ ਸੀ। ਇਕ ਹੋਰ ਘਟਨਾ ਦਾ ਜ਼ਿਕਰ ਮੇਰੇ ਮਨ ’ਚ ਵਲਵਲੇ ਖਾ ਰਿਹਾ ਹੈ ਜਦ ਉਨ੍ਹਾਂ ਦੀ ਸਪੁੱਤਰੀ ਬੀਬੀ ਸੁਰਿੰਦਰ ਸਰਹਿੰਦ ਤੋਂ ਬਠਿੰਡਾ ਆਏ ਅਤੇ ਉਨ੍ਹਾਂ ਨੇ ਆਪਣੀ ਜਾਣ-ਪਛਾਣ ਕਰਵਾਈ ਤਾਂ ਫਿਰ ਭਾਵੁਕਤਾ ਦਾ ਹੜ੍ਹ ਉੱਭਰ ਆਇਆ। ਸੰਤੁਸ਼ਟ ਸਾਂ ਕਿ ਉਨ੍ਹਾਂ ਦੀ ਵਾਰਿਸ ਪੁੱਤਰੀ ਨੇ ਮੇਰੇ ਸੰਗ ਵਾਪਰੀਆਂ ਘੜੀਆਂ ਦਾ ਵੇਰਵਾ ਮੈਥੋਂ ਮੰਗਿਆ। ਮੇਰੇ ਜ਼ਿਹਨ ’ਚ ਉਨ੍ਹਾਂ ਦੇ ਜੀਵਨ ਦਾ ਅਤੀਤ ਘੁੰਮਣ ਲੱਗਿਆ। ਉਨ੍ਹਾਂ ਦੀ ਜ਼ਿੰਦਗੀ ਦੀਆਂ ਝਲਕਾਂ ਅਤੇ ਸਾਹਿਤਕ ਜਜ਼ਬੇ ਨੂੰ ਯਾਦ ਕਰਦਿਆਂ ਮੇਰੇ ਸਨਮੁਖ ਅਤੀਤ ਦੀ ਡੁੱਬਕੀ ਲੱਗੀ। ਉਨ੍ਹਾਂ ਦੇ ਅਤੀਤ ’ਚੋਂ ਇਕ ਹੋਰ ਘਟਨਾ ਅੱਖਾਂ ਮੂਹਰੇ ਘੁੰਮਣ ਲੱਗੀ। ਜਦ ਇਕ ਵਾਰ ਫੁਲਵਾੜੀ ਕਾਲਜ ’ਚ ਉਹ ਆਏ ਅਤੇ ਸਾਲਾਨਾ ਸਮਾਗਮ ਦੀਆਂ ਸਟੇਜੀ ਸਰਗਰਮੀਆਂ ਖ਼ਤਮ ਹੋਈਆਂ ਤਾਂ ਮਹਿਮਾਨਾਂ ਨਾਲ ਚਾਹ-ਪਾਣੀ ਸਾਂਝਾ ਕਰਨ ਲੱਗੇ।

ਮੇਜ਼ਬਾਨ ਹੋਣ ਕਾਰਨ ਮੈਂ ਮਹਿਮਾਨਾਂ ਨੂੰ ਬੁਲਾ ਕੇ ਨਿਵੇਦਨ ਕਰ ਰਿਹਾ ਸੀ। ਮੇਰੇ ਵਿਦਿਆਰਥੀ ਖ਼ੁਦ ਵੀ ਚਾਹ ਪੀਣ ’ਚ ਮਸਤ ਸਨ। ਪਰ ਪਿ੍ਰੰ. ਸੁਜਾਨ ਸਿੰਘ ਨੂੰ ਚੰਗਾ ਨਹੀਂ ਲੱਗਿਆ ਕਿ ਵਿਦਿਆਰਥੀ ਖ਼ੁਦ ਤਾਂ ਖਾਣ-ਪੀਣ ਲੱਗ ਪਏ ਹਨ ਪਰ ਉਨ੍ਹਾਂ ਦੇ ਆਪਣੇ ਅਧਿਆਪਕ ਪਿ੍ਰੰ. ਜਗਦੀਸ਼ ਘਈ ਭਾਵ ਮੈਨੂੰ ਬੇਧਿਆਨ ਕੀਤਾ ਹੋਇਆ ਸੀ। ਉਨ੍ਹਾਂ ਨੇ ਤੁਰੰਤ ਦੋ ਮੁੰਡਿਆਂ ਨੂੰ ਬੁਲਾ ਕੇ ਕਿਹਾ, ‘‘ਕਾਕਾ ਤੁਹਾਨੂੰ ਸੰਗ ਨਹੀਂ ਆਉਂਦੀ’’ ਤੁਹਾਡੇ ਅਧਿਆਪਕ ਖੜੇ੍ਹ ਹਨ।

ਇਨ੍ਹਾਂ ਲਈ ਵੀ ਕੁਝ ਲਿਆਓ। ਤੁਸੀਂ ਖ਼ੁਦ ਖਾਣ-ਪੀਣ ’ਚ ਮਸਤ ਹੋ ਗਏ ਹੋ। ਇੰਨੀ ਮਹਾਨ ਹਸਤੀ ਨੇ ਵੀ ਮੇਰੇ ਜਿਹੇ ਨਿਗੂਣੇ ਜਿਹੇ ਅਧਿਆਪਕ ਪ੍ਰਤੀ ਅਜਿਹਾ ਸਤਿਕਾਰ ਦਿੱਤਾ ਜਿਹੜਾ ਮੇਰੇ ਲਈ ਅੱਜ ਵੀ ਖ਼ੁਸ਼ੀ ਦੇ ਸਰੋਕਾਰ ਰੱਖਦਾ ਹੈ। ਅਧਿਆਪਕ ਲਈ ਸਤਿਕਾਰ ਭਾਵਨਾ ਪੈਦਾ ਕਰਨਾ ਮੈਨੂੰ ਅਜੇ ਤਕ ਯਾਦ ਹੈ।

ਲੋਪ ਹੋ ਗਈਆਂ ਨੈਤਿਕ ਕਦਰਾਂ-ਕੀਮਤਾਂ ਲਈ ਅਹਿਸਾਸ ਕਰਵਾਉਣਾ ਉਨ੍ਹਾਂ ਦੀ ਲੇਖਣੀ ਦਾ ਵਿਸ਼ੇਸ਼ ਗੁਣ ਰਿਹਾ। ਇੱਥੇ ਹੀ ਬਸ ਨਹੀਂ, ਉਹ ਮੇਰੇ ਪਰਿਵਾਰ ਦੇ ਇਕ-ਇਕ ਜੀਅ ਬਾਰੇ ਜਾਣਦੇ ਸਨ ਅਤੇ ਵਾਪਸ ਗੁਰਦਾਸਪੁਰ ਜਾ ਕੇ ਆਪਣੀ ਚਿੱਠੀ ਵਿਚ ਹਰ ਇਕ ਬਾਰੇ ਪੁੱਛਦੇ। ਇਹ ਜਜ਼ਬਾ ਮੇਰੇ ਦਿਲ ਨੂੰ ਅੱਜ ਵਲੂੰਧਰਦਾ ਹੈ ਅਤੇ ਮੇਰੇ ਜ਼ਿਹਨ ’ਚੋਂ ਇਹ ਅਲਫ਼ਾਜ਼

ਨਿਕਲਦੇ ਹਨ :

ਦਿਲ ਨੂੰ ਪੱਥਰ ਬਣਾ ਕੇ ਵੇਖਿਆ

ਫਿਰ ਵੀ ਤੇਰੀ ਯਾਦ ’ਚ ਖੁਰਦਾ ਰਿਹਾ।

-ਮੋਬਾਈਲ : 98153-23067

Posted By: Sunil Thapa