- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਵੇਂ ਆਸਾਰ ਸਨ, ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦਾ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ-ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਬਹੁਮਤ ਹਾਸਲ ਕਰਨਾ ਤੈਅ ਹੋ ਗਿਆ ਹੈ।

ਜਿਵੇਂ ਆਸਾਰ ਸਨ, ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦਾ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ-ਪ੍ਰਤੀਨਿਧੀ ਸਭਾ ਅਤੇ ਸੈਨੇਟ ਵਿਚ ਬਹੁਮਤ ਹਾਸਲ ਕਰਨਾ ਤੈਅ ਹੋ ਗਿਆ ਹੈ।
ਅਜਿਹਾ ਇਸ ਲਈ ਹੋਇਆ ਕਿਉਂਕਿ ਅਮਰੀਕੀ ਜਨਤਾ ਅਤੇ ਇੱਥੋਂ ਤੱਕ ਕਿ ਟਰੰਪ ਸਮਰਥਕਾਂ ਨੂੰ ਵੀ ਉਨ੍ਹਾਂ ਦੇ ਤੌਰ-ਤਰੀਕੇ ਪਸੰਦ ਨਹੀਂ ਆਏ। ਮੱਧਕਾਲੀ ਚੋਣਾਂ ਦੇ ਨਤੀਜੇ ਇਹੀ ਦੱਸ ਰਹੇ ਹਨ ਕਿ ਟਰੰਪ ਆਪਣੀਆਂ ਜਿਨ੍ਹਾਂ ਨੀਤੀਆਂ ਦੇ ਸਹਾਰੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਨਾਅਰਾ ਲਗਾ ਕੇ ਆਪਣੇ ਸਮਰਥਕਾਂ ਨੂੰ ਦੇਸ਼ ਨੂੰ ਮੁੜ ਮਹਾਨ ਬਣਾਉਣ ਦਾ ਸੁਪਨਾ ਦਿਖਾ ਰਹੇ ਸਨ, ਉਨ੍ਹਾਂ ਨੇ ਹੀ ਉਨ੍ਹਾਂ ਦੀ ਬੇੜੀ ਡੋਬ ਦਿੱਤੀ। ਜਿੱਥੇ ਈਰਾਨ ਨਾਲ ਟਕਰਾਅ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਕਾਰਨ ਬਣਿਆ, ਓਥੇ ਹੀ ਮਨਮਾਨੀਆਂ ਟੈਰਿਫ ਨੀਤੀਆਂ ਨੇ ਜ਼ਰੂਰੀ ਵਸਤਾਂ ਮਹਿੰਗੀਆਂ ਕਰਨ ਦਾ ਕੰਮ ਕੀਤਾ। ਇਸ ਕਾਰਨ ਉਨ੍ਹਾਂ ਦੇ ‘ਮਾਗਾ’ ਸਮਰਥਕ ਵੀ ਉਨ੍ਹਾਂ ਨਾਲ ਨਾਰਾਜ਼ ਹੋ ਗਏ।
ਇਨ੍ਹਾਂ ਸਮਰਥਕਾਂ ਦੇ ਇਕ ਵਰਗ ਨੂੰ ਤਾਂ ਈਰਾਨ ਵਿਰੁੱਧ ਜੰਗ ਛੇੜਨ ਦਾ ਫ਼ੈਸਲਾ ਵੀ ਰਾਸ ਨਹੀਂ ਆਇਆ। ਅਨੇਕ ਅਮਰੀਕੀ ਇਸ ਗੱਲੋਂ ਵੀ ਖ਼ਫ਼ਾ ਸਨ ਕਿ ਟਰੰਪ ਨੇ ਮਿੱਤਰ ਦੇਸ਼ਾਂ ਨਾਲ ਵੀ ਸਬੰਧ ਵਿਗਾੜ ਲਏ। ਦਰਅਸਲ, ਉਹ ਇੰਜ ਵਿਚਰ ਰਹੇ ਸਨ, ਜਿਵੇਂ ਦੁਨੀਆ ਦੇ ਹਾਕਮ ਹੋਣ ਅਤੇ ਅੰਤਰਰਾਸ਼ਟਰੀ ਨਿਯਮ-ਕਾਨੂੰਨ ਤੇ ਸਮਝੌਤੇ ਉਨ੍ਹਾਂ ਲਈ ਬਣੇ ਹੀ ਨਾ ਹੋਣ। ਇਹ ਸੁਭਾਵਕ ਹੈ ਕਿ ਅਮਰੀਕੀ ਸੰਸਦ ਵਿਚ ਡੈਮੋਕ੍ਰੈਟਾਂ ਦੀ ਚੜ੍ਹਤ ਨਾਲ ਟਰੰਪ ਨੂੰ ਹਰ ਪੁਲਾਂਘ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਵੀ ਮੁਸ਼ਕਲ ਹੋਵੇਗੀ ਪਰ ਸੱਚ ਇਹ ਵੀ ਹੈ ਕਿ ਉਹ ਪੂਰੀ ਤਰ੍ਹਾਂ ਸ਼ਕਤੀਹੀਣ ਹੋਣ ਵਾਲੇ ਨਹੀਂ ਹਨ ਕਿਉਂਕਿ ਅਮਰੀਕੀ ਰਾਸ਼ਟਰਪਤੀ ਕੋਲ ਸੰਵਿਧਾਨ ਤੋਂ ਮਿਲੇ ਅਸੀਮਤ ਅਧਿਕਾਰ ਹੁੰਦੇ ਹਨ। ਉਹ ਸੰਸਦ ਵੱਲੋਂ ਰੋਕੇ ਗਏ ਕਿਸੇ ਵੀ ਫ਼ੈਸਲੇ ਨੂੰ ਆਪਣੇ ਵੀਟੋ ਅਧਿਕਾਰ ਰਾਹੀਂ ਲਾਗੂ ਕਰਵਾ ਸਕਦੇ ਹਨ।
ਡੈਮੋਕ੍ਰੈਟਿਕ ਪਾਰਟੀ ਨੂੰ ਇੰਨਾ ਬਹੁਮਤ ਨਹੀਂ ਮਿਲਿਆ ਕਿ ਉਹ ਉਨ੍ਹਾਂ ਦੇ ਵੀਟੋ ਅਧਿਕਾਰ ’ਤੇ ਰੋਕ ਲਾ ਸਕੇ। ਅਜਿਹਾ ਉਦੋਂ ਹੋ ਸਕਦਾ ਸੀ ਜਦ ਉਸ ਕੋਲ ਦੋ-ਤਿਹਾਈ ਬਹੁਮਤ ਹੁੰਦਾ। ਸਪੱਸ਼ਟ ਹੈ ਕਿ ਆਪਣੀ ਹਾਰ ਤੋਂ ਖਿਝੇ ਟਰੰਪ ਤਮਾਮ ਵਿਧਾਨਕ ਅੜਿੱਕਿਆਂ ਅਤੇ ਵਿਰੋਧੀ ਧਿਰ ਦੀ ਸਖ਼ਤ ਨਿਗਰਾਨੀ ਦੇ ਬਾਵਜੂਦ ਮਨਮਾਨੀ ਕਰਦੇ ਰਹਿ ਸਕਦੇ ਹਨ। ਉਂਜ ਵੀ, ਹੁਣ ਉਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਬਣਨ ਦਾ ਮੌਕਾ ਨਹੀਂ ਮਿਲਣਾ ਅਤੇ ਇਸ ’ਚ ਵੀ ਸ਼ੱਕ ਹੈ ਕਿ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ ਭਵਿੱਖ ਦੀ ਚਿੰਤਾ ਹੋਵੇਗੀ।
ਉਹ ਬੁਨਿਆਦੀ ਤੌਰ ’ਤੇ ਇਕ ਕਾਰੋਬਾਰੀ ਹਨ ਅਤੇ ਰਾਸ਼ਟਰਪਤੀ ਵਜੋਂ ਵੀ ਉਨ੍ਹਾਂ ਨੇ ਆਪਣੇ ਨਿੱਜੀ ਵਿੱਤੀ ਹਿੱਤਾਂ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਹੈ। ਜੇ ਆਪਣੀ ਹਾਰ ਤੋਂ ਖਿਝੇ ਟਰੰਪ ਮਨਮਾਨੀ ਕਰਨ ’ਤੇ ਉਤਾਰੂ ਹੋ ਜਾਂਦੇ ਹਨ, ਤਾਂ ਉਹ ਅਮਰੀਕਾ ਦੇ ਨਾਲ-ਨਾਲ ਦੁਨੀਆ ਅੱਗੇ ਵੀ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ। ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ ਇਸ ਦੀ ਉਮੀਦ ਤਾਂ ਕਰ ਸਕਦੇ ਹਨ ਕਿ ਸ਼ਾਇਦ ਹੁਣ ਟਰੰਪ ਦਾ ਵਤੀਰਾ ਸੁਧਰੇ ਪਰ ਅਜਿਹਾ ਨਹੀਂ ਵੀ ਹੋ ਸਕਦਾ ਹੈ। ਭਾਰਤ ਇਸ ਦੀ ਵੀ ਅਣਦੇਖੀ ਨਹੀਂ ਕਰ ਸਕਦਾ ਕਿ ਰੂਸ ਤੋਂ ਤੇਲ ਦਰਾਮਦ ਰੋਕਣ ਵਰਗੇ ਕੁਝ ਮੁੱਦਿਆਂ ’ਤੇ ਰਿਪਬਲਿਕਨ ਅਤੇ ਡੈਮੋਕ੍ਰੈਟ ਇਕਮਤ ਹਨ।