- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਅਖ਼ਬਾਰ ਖੋਲ੍ਹੋ ਤਾਂ ਇਕ-ਦੋ ਇਸ ਤਰ੍ਹਾਂ ਦੀਆਂ ਖ਼ਬਰਾਂ ਮਿਲ ਹੀ ਜਾਂਦੀਆਂ ਹਨ ਕਿ ਫਲਾਣੀ ਥਾਂ ਕਿਸੇ ਵਿਦਿਆਰਥੀ ਨੇ ਆਤਮਹੱਤਿਆ ਕਰ ਲਈ, ਫਲਾਣੀ ਥਾਂ ਕਿਸੇ ਵਿਦਿਆਰਥਣ ਨੇ ਜਾਨ ਦੇ ਦਿੱਤੀ। ਕਦੇ ਨੀਟ ਦੀ ਤਿਆਰੀ ਕਰਦਾ ਨੌਜਵਾਨ, ਕਦੇ ਕੋਟਾ ਦੀ ਕੋਚਿੰਗ ਜਮਾਤ ਵਿਚ ਪੜ੍ਹਦੀ ਵਿਦਿਆਰਥਣ, ਕਦੇ ਆਈਆਈਟੀ ਦਾ ਹੋਣਹਾਰ ਵਿਦਿਆਰਥੀ ਤੇ ਕਦੇ ਐੱਮਬੀਬੀਐੱਸ ਦੇ ਆਖ਼ਰੀ ਸਾਲ ਦਾ ਨੌਜਵਾਨ ਡਾਕਟਰ ਬਣਨ ਦੇ ਸੁਪਨੇ ਦੇਖਦਾ-ਦੇਖਦਾ ਆਤਮਘਾਤ ਕਰ ਲੈਂਦਾ ਹੈ।

ਸਵੇਰੇ ਅਖ਼ਬਾਰ ਖੋਲ੍ਹੋ ਤਾਂ ਇਕ-ਦੋ ਇਸ ਤਰ੍ਹਾਂ ਦੀਆਂ ਖ਼ਬਰਾਂ ਮਿਲ ਹੀ ਜਾਂਦੀਆਂ ਹਨ ਕਿ ਫਲਾਣੀ ਥਾਂ ਕਿਸੇ ਵਿਦਿਆਰਥੀ ਨੇ ਆਤਮਹੱਤਿਆ ਕਰ ਲਈ, ਫਲਾਣੀ ਥਾਂ ਕਿਸੇ ਵਿਦਿਆਰਥਣ ਨੇ ਜਾਨ ਦੇ ਦਿੱਤੀ। ਕਦੇ ਨੀਟ ਦੀ ਤਿਆਰੀ ਕਰਦਾ ਨੌਜਵਾਨ, ਕਦੇ ਕੋਟਾ ਦੀ ਕੋਚਿੰਗ ਜਮਾਤ ਵਿਚ ਪੜ੍ਹਦੀ ਵਿਦਿਆਰਥਣ, ਕਦੇ ਆਈਆਈਟੀ ਦਾ ਹੋਣਹਾਰ ਵਿਦਿਆਰਥੀ ਤੇ ਕਦੇ ਐੱਮਬੀਬੀਐੱਸ ਦੇ ਆਖ਼ਰੀ ਸਾਲ ਦਾ ਨੌਜਵਾਨ ਡਾਕਟਰ ਬਣਨ ਦੇ ਸੁਪਨੇ ਦੇਖਦਾ-ਦੇਖਦਾ ਆਤਮਘਾਤ ਕਰ ਲੈਂਦਾ ਹੈ। ਹਰ ਖ਼ਬਰ ਦੇ ਅਖ਼ੀਰ ਵਿਚ ਕੁਝ ਸਤਰਾਂ ਲਿਖੀਆਂ ਹੁੰਦੀਆਂ ਹਨ ਕਿ ਸੌਰੀ ਮੰਮੀ...ਸੌਰੀ ਪਾਪਾ... ਮੈਂ ਤੁਹਾਡੇ ਸੁਪਨੇ ਪੂਰੇ ਨਹੀਂ ਕਰ ਸਕਿਆ। ਇਹ ਉਹ ਸ਼ਬਦ ਹਨ ਜੋ ਮਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ‘ਖ਼ੁਦਕੁਸ਼ੀ ਵਾਲੇ ਰੁੱਕੇ’ ਉੱਪਰ ਲਿਖੇ ਹੁੰਦੇ ਹਨ।
ਇਹ ਸ਼ਬਦ ਪੜ੍ਹਦਿਆਂ ਮਨ ਵਿਚ ਸਵਾਲ ਉੱਠਦਾ ਹੈ ਕਿ ਕੀ ਇਹ ਸੱਚਮੁੱਚ ਬੱਚਿਆਂ ਦੇ ਆਪਣੇ ਸੁਪਨੇ ਸਨ ਜਾਂ ਉਹ ਸੁਪਨੇ ਸਨ ਜੋ ਅਸੀਂ ਉਨ੍ਹਾਂ ਦੀਆਂ ਅੱਖਾਂ ਵਿਚ ਜਬਰੀ ਬੀਜ ਦਿੱਤੇ ਸਨ? ਪਿਛਲੇ ਦਿਨੀਂ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਦੇਸ਼ ਭਰ ਵਿਚ ਵਿਵਾਦ ਹੋਇਆ। ਕਿਤੇ ਪੇਪਰ ਲੀਕ ਹੋਣ ਦੀਆਂ ਖ਼ਬਰਾਂ, ਕਿਤੇ ਪ੍ਰਦਰਸ਼ਨ ਤੇ ਕਿਤੇ ਰਾਜਨੀਤੀ ਪਰ ਇਨ੍ਹਾਂ ਸਾਰੀਆਂ ਸੁਰਖ਼ੀਆਂ ਵਿਚਕਾਰ ਕੁਝ ਅਜਿਹੀਆਂ ਖ਼ਬਰਾਂ ਵੀ ਆਈਆਂ ਜਿਨ੍ਹਾਂ ਨੇ ਰੂਹ ਕੰਬਾ ਦਿੱਤੀ। ਕੁਝ ਵਿਦਿਆਰਥੀਆਂ ਨੇ ਇਹ ਸੋਚ ਕੇ ਜਾਨ ਦੇ ਦਿੱਤੀ ਕਿ ਹੁਣ ਉਨ੍ਹਾਂ ਦਾ ਭਵਿੱਖ ਖ਼ਤਮ ਹੋ ਗਿਆ ਹੈ। ਉੱਧਰ ਹਜ਼ਾਰਾਂ ਨਹੀਂ ਸਗੋਂ ਲੱਖਾਂ ਵਿਦਿਆਰਥੀਆਂ ਨੇ ਦੁਬਾਰਾ ਪ੍ਰੀਖਿਆ ਦਿੱਤੀ, ਸੰਘਰਸ਼ ਕੀਤਾ ਤੇ ਅੱਗੇ ਵਧ ਗਏ।
ਇਹ ਫ਼ਰਕ ਕਿਉਂ ਹੈ? ਇਕ ਹੀ ਹਾਲਾਤ ਵਿਚ ਕੋਈ ਲੜਦਾ ਹੈ ਤੇ ਕੋਈ ਟੁੱਟ ਜਾਂਦਾ ਹੈ। ਮੇਰੇ ਅਨੁਸਾਰ ਇਸ ਸਵਾਲ ਦਾ ਜਵਾਬ ਸਿਰਫ਼ ਪ੍ਰੀਖਿਆ ਪ੍ਰਣਾਲੀ ਵਿਚ ਨਹੀਂ ਸਗੋਂ ਸਾਡੇ ਸਮਾਜ ਦੀ ਸੋਚ ਵਿਚ ਵੀ ਲੁਕਿਆ ਹੋਇਆ ਹੈ। ਸਮਾਜ ਵਿਚ ਬੱਚੇ ਦੇ ਜਨਮ ਨਾਲ ਹੀ ਉਸ ਦਾ ਭਵਿੱਖ ਲਿਖ ਦਿੱਤਾ ਜਾਂਦਾ ਹੈ। ਕੋਈ ਕਹਿੰਦਾ ਹੈ, ‘ਮੇਰਾ ਪੁੱਤ ਡਾਕਟਰ ਬਣੇਗਾ... ਕੋਈ ਐਲਾਨ ਕਰ ਦਿੰਦਾ ਹੈ, “ਮੇਰੀ ਧੀ ਆਈਏਐੱਸ ਅਫ਼ਸਰ ਬਣੇਗੀ।’ ਅਸੀਂ ਕਦੇ ਇਹ ਪੁੱਛਣ ਦੀ ਲੋੜ ਹੀ ਨਹੀਂ ਸਮਝਦੇ ਕਿ ਜਿਸ ਬੱਚੇ ਦੀ ਜ਼ਿੰਦਗੀ ਦਾ ਫ਼ੈਸਲਾ ਅਸੀਂ ਕਰ ਰਹੇ ਹਾਂ, ਆਖ਼ਰ ਉਸ ਦਾ ਆਪਣਾ ਸੁਪਨਾ ਕੀ ਹੈ?
ਬਚਪਨ ਤੋਂ ਹੀ ਤੁਲਨਾਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, “ਦੇਖ, ਗੁਆਂਢੀਆਂ ਦਾ ਮੁੰਡਾ ਪਹਿਲੇ ਨੰਬਰ ’ਤੇ ਆਇਆ ਹੈ, ਤੂੰ ਵੀ ਓਹਦੇ ਵਰਗਾ ਬਣਨਾ ਹੈ। ਜੇ ਤੂੰ ਵੀ ਪਹਿਲੇ ਨੰਬਰ ’ਤੇ ਆਏਂਗਾ ਤਾਂ ਤੈਨੂੰ ਨਵੀਂ ਤੇ ਮਹਿੰਗੀ ਸਾਈਕਲ ਮਿਲੇਗੀ। ਦਸਵੀਂ ਵਿਚ ਟਾਪ ਕੀਤਾ ਤਾਂ ਮੋਟਰਸਾਈਕਲ, ਨੀਟ ਨਿਕਲ ਗਿਆ ਤਾਂ ਕਾਰ।”
ਇਨਾਮ ਦੇਣ ਵਿਚ ਕੋਈ ਬੁਰਾਈ ਨਹੀਂ ਹੈ ਪਰ ਜਦੋਂ ਬੱਚੇ ਨੂੰ ਇਹ ਅਹਿਸਾਸ ਕਰਵਾ ਦਿੱਤਾ ਜਾਵੇ ਕਿ ਉਸ ਦੀ ਕੀਮਤ ਸਿਰਫ਼ ਉਸ ਦੇ ਰੈਂਕ ਨਾਲ ਹੈ ਤਾਂ ਅਸੀਂ ਅਣਜਾਣੇ ਵਿਚ ਉਸ ਦੇ ਮਨ ਵਿਚ ਇਕ ਅਜਿਹਾ ਡਰ ਬੀਜ ਦਿੰਦੇ ਹਾਂ ਜੋ ਅਸਫਲਤਾ ਨੂੰ ਜ਼ਿੰਦਗੀ ਦੇ ਅੰਤ ਵਾਂਗ ਦਿਖਾਉਣ ਲੱਗ ਪੈਂਦਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿੱਤਣਾ ਤਾਂ ਸਿਖਾਉਂਦੇ ਹਾਂ ਪਰ ਹਾਰ ਨਾਲ ਲੜਨਾ ਨਹੀਂ ਸਿਖਾਉਂਦੇ। ਅਸੀਂ ਕਹਿੰਦੇ ਹਾਂ ਕਿ ਪਹਿਲੇ ਨੰਬਰ ’ਤੇ ਆਉਣਾ ਹੈ ਪਰ ਇਹ ਨਹੀਂ ਕਹਿੰਦੇ ਕਿ ਜੇ ਪਹਿਲੇ ਨੰਬਰ ’ਤੇ ਨਾ ਵੀ ਆਇਆ ਤਾਂ ਵੀ ਅਸੀਂ ਤੇਰੇ ਨਾਲ ਹਾਂ। ਜਦੋਂ ਘਰ ਵਿਚ ਪਿਆਰ ਦੀ ਥਾਂ ਉਮੀਦਾਂ ਲੈ ਲੈਂਦੀਆਂ ਹਨ ਤਾਂ ਬੱਚਾ ਆਪਣੇ ਹੀ ਘਰ ਵਿਚ ਇਕੱਲਾ ਹੋ ਜਾਂਦਾ ਹੈ।
ਇਹ ਵੀ ਓਨਾ ਹੀ ਸੱਚ ਹੈ ਕਿ ਹਰ ਆਤਮਹੱਤਿਆ ਦੇ ਪਿੱਛੇ ਮਾਪਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਮਾਨਸਿਕ ਸਿਹਤ ਦੀਆਂ ਸਮੱਸਿਆਵਾਂ, ਡਿਪ੍ਰੈਸ਼ਨ, ਚਿੰਤਾ, ਇਕੱਲਾਪਣ ਤੇ ਹੋਰ ਕਈ ਕਾਰਨ ਵੀ ਇਸ ਦੇ ਪਿੱਛੇ ਹੋ ਸਕਦੇ ਹਨ ਪਰ ਜੇ ਘਰ ਦਾ ਮਾਹੌਲ ਅਜਿਹਾ ਹੋਵੇ ਜਿੱਥੇ ਬੱਚਾ ਬਿਨਾਂ ਡਰ ਆਪਣੇ ਦਿਲ ਦੀ ਗੱਲ ਕਹਿ ਸਕੇ ਤਾਂ ਬਹੁਤ ਸਾਰੇ ਸੰਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕ ਸਕਦੇ ਹਨ।
ਅਸੀਂ ਇਕ ਹੋਰ ਗ਼ਲਤੀ ਵੀ ਕਰਦੇ ਹਾਂ। ਅਸੀਂ ਸਫਲਤਾ ਦੀ ਪਰਿਭਾਸ਼ਾ ਬਹੁਤ ਛੋਟੀ ਕਰ ਦਿੱਤੀ ਹੈ। ਸਾਡੇ ਲਈ ਕਾਮਯਾਬੀ ਦਾ ਮਤਲਬ ਸਿਰਫ਼ ਡਾਕਟਰ, ਇੰਜੀਨੀਅਰ, ਆਈਏਐੱਸ ਜਾਂ ਆਈਪੀਐੱਸ ਬਣਨਾ ਰਹਿ ਗਿਆ ਹੈ। ਜਦਕਿ ਇਹ ਦੇਸ਼ ਕਿਸਾਨਾਂ ਨਾਲ ਵੀ ਚੱਲਦਾ ਹੈ, ਅਧਿਆਪਕਾਂ ਨਾਲ ਵੀ, ਕਲਾਕਾਰਾਂ ਤੇ ਲੇਖਕਾਂ ਨਾਲ ਵੀ, ਵਿਗਿਆਨੀਆਂ ਨਾਲ ਵੀ ਤੇ ਉਨ੍ਹਾਂ ਲੱਖਾਂ ਆਮ ਲੋਕਾਂ ਨਾਲ ਵੀ ਜੋ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਨ। ਕਦੇ ਸੋਚ ਕੇ ਵੇਖੋ ਕਿ ਜੇ ਹਰ ਬੱਚਾ ਡਾਕਟਰ ਬਣ ਜਾਵੇ ਤਾਂ ਅਧਿਆਪਕ ਕੌਣ ਬਣੇਗਾ? ਜੇ ਹਰ ਕੋਈ ਇੰਜੀਨੀਅਰ ਬਣ ਜਾਵੇ ਤਾਂ ਕਲਾਕਾਰ, ਕਵੀ, ਪੱਤਰਕਾਰ, ਸੰਗੀਤਕਾਰ ਤੇ ਕਿਸਾਨ ਕਿੱਥੋਂ ਆਉਣਗੇ? ਕੁਦਰਤ ਨੇ ਹਰ ਮਨੁੱਖ ਨੂੰ ਇੱਕੋ ਜਿਹੀ ਯੋਗਤਾ ਨਹੀਂ ਦਿੱਤੀ। ਕਿਸੇ ਦੀ ਤਾਕਤ ਵਿਗਿਆਨ ਹੈ, ਕਿਸੇ ਦੀ ਕਲਾ, ਕਿਸੇ ਦੀ ਭਾਸ਼ਾ ਤੇ ਕਿਸੇ ਦੀ ਸੇਵਾ-ਭਾਵਨਾ। ਅਸੀਂ ਜਦੋਂ ਹਰ ਬੱਚੇ ਨੂੰ ਇੱਕੋ ਸਾਂਚੇ ਵਿਚ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਉਸ ਦੀ ਵਿਲੱਖਣਤਾ ਖੋਹ ਲੈਂਦੇ ਹਾਂ।
ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਪ੍ਰੀਖਿਆਵਾਂ ਲਈ ਨਹੀਂ ਸਗੋਂ ਜ਼ਿੰਦਗੀ ਲਈ ਤਿਆਰ ਕਰੀਏ। ਉਨ੍ਹਾਂ ਨੂੰ ਇਹ ਸਿਖਾਈਏ ਕਿ ਅਸਫਲਤਾ ਸ਼ਰਮ ਨਹੀਂ ਹੁੰਦੀ ਸਗੋਂ ਸਾਡੇ ਵਾਸਤੇ ਸਿੱਖਣ ਦਾ ਮੌਕਾ ਹੁੰਦੀ ਹੈ। ਇਕ ਪ੍ਰੀਖਿਆ ਵਿਚ ਘੱਟ ਨੰਬਰ ਆ ਜਾਣ ਨਾਲ ਨਾ ਮਨੁੱਖ ਦੀ ਕਾਬਲੀਅਤ ਖ਼ਤਮ ਹੁੰਦੀ ਹੈ ਤੇ ਨਾ ਹੀ ਉਸ ਦੀ ਜ਼ਿੰਦਗੀ।
ਮਾਪਿਆਂ ਲਈ ਸਿਰਫ਼ ਇਕ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਸੁਪਨਿਆਂ ਦੀ ਜਾਗੀਰ ਨਾ ਸਮਝੋ। ਉਹ ਤੁਹਾਡੀ ਔਲਾਦ ਹਨ ਪਰ ਤੁਹਾਡੀ ਮਲਕੀਅਤ ਨਹੀਂ। ਉਨ੍ਹਾਂ ਨੂੰ ਸੰਸਕਾਰ, ਹੌਸਲਾ ਤੇ ਸਹਾਰਾ ਦਿਉ ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਆਪਣੇ ਅਧੂਰੇ ਸੁਪਨਿਆਂ ਦੀ ਪ੍ਰਯੋਗਸ਼ਾਲਾ ਨਾ ਬਣਾਓ। ਉਨ੍ਹਾਂ ਨੂੰ ਇੰਨਾ ਭਰੋਸਾ ਜ਼ਰੂਰ ਦਿਉ ਕਿ ਜੇ ਸਾਰੀ ਦੁਨੀਆ ਉਨ੍ਹਾਂ ਦੇ ਖ਼ਿਲਾਫ਼ ਵੀ ਖੜ੍ਹੀ ਹੋ ਜਾਵੇ ਤਾਂ ਘਰ ਦਾ ਦਰਵਾਜ਼ਾ ਤੇ ਮਾਪਿਆਂ ਦੀਆਂ ਬਾਹਾਂ ਉਨ੍ਹਾਂ ਵਾਸਤੇ ਹਮੇਸ਼ਾ ਖੁੱਲ੍ਹੀਆਂ ਰਹਿਣਗੀਆਂ।
ਅੰਤ ਵਿਚ ਇਕ ਗੱਲ ਹੋਰ ਕਿ ਬੱਚਿਆਂ ਨੂੰ ਮਹਿੰਗੀਆਂ ਗੱਡੀਆਂ, ਵੱਡੇ ਤੋਹਫ਼ੇ ਤੇ ਉੱਚੇ ਅਹੁਦਿਆਂ ਦੇ ਸੁਪਨੇ ਦਿਖਾਉਣ ਤੋਂ ਪਹਿਲਾਂ, ਉਨ੍ਹਾਂ ਨੂੰ ਇਹ ਯਕੀਨ ਦਿਵਾਓ ਕਿ ਉਹ ਤੁਹਾਡੇ ਲਈ ਹਰ ਹਾਲਤ ਵਿਚ ਪਿਆਰੇ ਹਨ। ਕਿਉਂਕਿ ਜਿਸ ਬੱਚੇ ਨੂੰ ਇਹ ਵਿਸ਼ਵਾਸ ਹੋਵੇ ਕਿ ਉਸ ਦੀ ਕਦਰ ਉਸ ਦੇ ਅੰਕਾਂ ਨਾਲ ਨਹੀਂ ਸਗੋਂ ਉਸ ਦੇ ਹੋਣ ਨਾਲ ਹੈ ਤਾਂ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਦੇ ਸਦਮੇ ਨੂੰ ਵੀ ਸਹਿ ਸਕਦਾ ਹੈ।
ਸਾਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਅਸੀਂ ਆਪਣੇ ਬੱਚਿਆਂ ਦੇ ਹੱਥਾਂ ਵਿਚ ਸਿਰਫ਼ ਕਿਤਾਬਾਂ ਦੇਣੀਆਂ ਹਨ ਜਾਂ ਜ਼ਿੰਦਗੀ ਨਾਲ ਲੜਨ ਦਾ ਹੌਸਲਾ ਵੀ। ਜੇ ਅਸੀਂ ਇਹ ਹੌਸਲਾ ਦੇ ਦਿੱਤਾ ਤਾਂ ਸ਼ਾਇਦ ਕਿਸੇ ਅਗਲੇ ਸੁਸਾਈਡ ਨੋਟ ਦੇ ਅਖ਼ੀਰ ਵਿਚ ਬੱਚਿਆਂ ਨੂੰ ਸੌਰੀ ਮੰਮੀ ਜਾਂ ਸੌਰੀ ਪਾਪਾ ਲਿਖਣ ਦੀ ਨੌਬਤ ਨਾ ਆਵੇ। ਜੇ ਅਜਿਹਾ ਹੋ ਗਿਆ ਤਾਂ ਸਮਝੋ ਕਿ ਅਸੀਂ ਸੱਚਮੁੱਚ ਇਕ ਸੱਭਿਅਕ ਸਮਾਜ ਬਣਨ ਵੱਲ ਪਹਿਲਾ ਕਦਮ ਵਧਾ ਲਿਆ ਹੈ।
-ਗੋਵਰਧਨ ਗੱਬੀ
-ਮੋਬਾਈਲ : 94171-73700