ਘਰ ਵਿਚ ਸਾਰੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਵੇਖਦੇ। ਅਖੇ-ਮੈਂ ਲੇਖਕ ਬਣਨਾ ਹੈ। ਇਕ ਦਿਨ ਮੇਰੀ ਸ਼ਰੀਕੇ-ਹਯਾਤ ਨੇ ਮਜ਼ਾਕ ਨਾਲ ਕਿਹਾ, “ਹੁਣ ਤੁਹਾਨੂੰ ਸਮਝ ਆਈ ਹੈ ਨਾ ਕਿ ਸਿਰਫ਼ ਕਵਿਤਾਵਾਂ ਨਾਲ ਐੱਮਏ ਨਹੀਂ ਹੁੰਦੀ?” ਮੈਂ ਅੱਗੋਂ ਹੱਸ ਦਿੱਤਾ ਪਰ ਅੰਦਰੋਂ ਥੋੜ੍ਹਾ ਜਿਹਾ ਚੁੱਭਿਆ ਜ਼ਰੂਰ ਸੀ ।

ਉੱਨੀ ਸੌ ਛਿਆਨਵੇਂ-ਸਤਾਨਵੇਂ ਦੇ ਦਿਨ ਸਨ। ਉਹ ਸਮਾਂ ਅੱਜ ਵਾਲੇ ਮੋਬਾਈਲਾਂ, ਇੰਟਰਨੈੱਟਾਂ ਤੇ ਯੂਟਿਊਬ ਵਾਲੇ ਜ਼ਮਾਨੇ ਵਰਗਾ ਨਹੀਂ ਸੀ। ਪੜ੍ਹਾਈ ਕਰਨ ਦਾ ਮਤਲਬ ਸੀ ਕਿਤਾਬਾਂ ਨਾਲ ਸੱਚੀ ਯਾਰੀ ਪਾਉਣਾ। ਨੋਟਸ ਬਣਾਉਣਾ। ਲਾਇਬ੍ਰੇਰੀਆਂ ਦੇ ਚੱਕਰ ਲਾਉਣਾ। ਉਸ ਵੇਲੇ ਮੇਰੇ ਵਿਆਹ ਨੂੰ ਹੋਇਆਂ ਚਾਰ ਪੰਜ ਸਾਲ ਹੋ ਚੁੱਕੇ ਸਨ। ਦੋ ਬੱਚਿਆਂ ਦਾ ਬਾਪ ਵੀ ਬਣ ਚੁੱਕਾ ਸੀ। ਰੋਜ਼ੀ-ਰੋਟੀ ਵਾਸਤੇ ਕੋਚਿੰਗ ਸੈਂਟਰ ਚਲਾਉਂਦਾ ਸੀ। ਲੇਖਕਾਂ, ਪੱਤਰਕਾਰਾਂ ਤੇ ਕਲਾਕਾਰਾਂ ਨਾਲ ਉੱਠਣ-ਬੈਠਣ ਕਰਕੇ ਮੇਰਾ ਸਾਹਿਤਕ ਗਤੀਵਿਧੀਆਂ ਵਿਚ ਝੁਕਾਅ ਵੱਧ ਗਿਆ ਸੀ। ਮੇਰੀ ਸ਼ਰੀਕੇ ਹਯਾਤ ਰਾਜ ਕੁਮਾਰੀ ਨੇ ਵਿਆਹ ਤੋਂ ਬਾਅਦ ਚੰਡੀਗੜ੍ਹ ਰਹਿੰਦਿਆਂ ਹਰਿਆਣਾ ਦੀ ਇਕ ਯੂਨੀਵਰਸਿਟੀ ਤੋਂ ਬੀਐੱਡ ਕਰ ਲਈ ਸੀ ਪਰ ਵਿਆਹ ਤੋਂ ਪਹਿਲਾਂ ਕੁਝ ਘਰੇਲੂ ਜ਼ਿੰਮੇਵਾਰੀਆਂ ਕਰਕੇ ਆਪਣੀ ਐੱਮਏ ਪੰਜਾਬੀ ਦਾ ਪਹਿਲਾ ਸਾਲ ਵਿਚਕਾਰ ਛੱਡ ਕੇ ਆਈ ਹੋਈ ਸੀ। ਉਸ ਦੇ ਮਨ ਵਿਚ ਇਕ ਚਾਹ ਹਮੇਸ਼ਾ ਜਿਊਂਦੀ ਰਹੀ ਕਿ ਕਦੇ ਨਾ ਕਦੇ ਐੱਮਏ ‘ਪੰਜਾਬੀ’ ਜ਼ਰੂਰ ਪੂਰੀ ਕਰਨੀ ਹੈ।
ਹੁਣ ਉਸ ਨੇ ਫਿਰ ਮਨ ਬਣਾਇਆ ਕਿ ਕਿਉਂ ਨਾ ਪੰਜਾਬ ਯੂਨੀਵਰਸਿਟੀ ਤੋਂ ਪ੍ਰਾਈਵੇਟ ਤੌਰ ’ਤੇ ਐੱਮਏ ਪੰਜਾਬੀ ਕੀਤੀ ਜਾਵੇ। ਦੂਰਵਰਤੀ ਸਿੱਖਿਆ ਦਾ ਉਹ ਸਮਾਂ ਸੀ, ਜਦੋਂ ਡਾਕ ਰਾਹੀਂ ਨੋਟਸ ਆਉਂਦੇ ਸਨ ਤੇ ਕੁਝ ਕਲਾਸਾਂ ਵੀ ਲੱਗਦੀਆਂ ਸਨ। ਹਾਲਾਂਕਿ ਮੈਂ ਸਿਵਲ ਇੰਜੀਨਿਅਰਿੰਗ ਕੀਤੀ ਹੋਈ ਸੀ ਪਰ ਕੁਝ ਸਾਲ ਪਹਿਲਾਂ ਮੈਂ ਕੁਰਕਸ਼ੇਤਰਾ ਯੂਨੀਵਰਸਿਟੀ ਤੋਂ ‘ਵਨ ਸੀਟਿੰਗ ਪ੍ਰੋਗਰਾਮ’ ਰਾਹੀਂ ਬੀਏ ਕਰ ਲਈ ਸੀ। ਰਾਜ ਕੁਮਾਰੀ ਨੂੰ ਵੇਖ ਕੇ ਮੇਰੇ ਮਨ ਵਿਚ ਵੀ ਇਕ ਚਾਅ ਜਾਗ ਪਿਆ। ਮੈਂ ਸੋਚਿਆ , “ਯਾਰ, ਪੰਜਾਬੀ ਨਾਲ ਤਾਂ ਆਪਣਾ ਪਿਆਰ ਪਹਿਲਾਂ ਤੋਂ ਹੀ ਹੈ...ਥੋੜ੍ਹਾ ਬਹੁਤਾ ਲਿਖਣਾ ਵੀ ਸ਼ੁਰੂ ਕੀਤਾ ਹੋਇਆ ਹੈ, ਫਿਰ ਕਿਉਂ ਨਾ ਅਸੀਂ ਵੀ ਐੱਮਏ ਪੰਜਾਬੀ ਕਰ ਲਈਏ?” ਬਸ ਫਿਰ ਕੀ ਸੀ , ਅਸੀਂ ਦੋਵਾਂ ਮੀਆਂ-ਬੀਵੀ ਨੇ ਇਕੱਠੇ ਫਾਰਮ ਭਰ ਦਿੱਤੇ। ਉਸ ਦੇ ਮਨ ਵਿਚ ਲਗਨ ਸੀ ਤੇ ਮੇਰੇ ਮਨ ਵਿਚ ਸ਼ੌਕ। ਕੁਝ ਦਿਨਾਂ ਬਾਅਦ ਮੋਟੇ-ਮੋਟੇ ਨੋਟਸ ਘਰ ਆ ਗਏ।
ਕਿਤਾਬਾਂ ਦੀ ਖ਼ੁਸ਼ਬੂ ਹੀ ਵੱਖਰੀ ਹੁੰਦੀ ਸੀ ਉਸ ਵੇਲੇ। ਮੇਰੀ ਸ਼ਰੀਕੇ-ਹਯਾਤ ਬੜੇ ਚਾਅ ਨਾਲ ਨੋਟਸ ਪੜ੍ਹਦੀ, ਅੰਡਰਲਾਈਨ ਕਰਦੀ, ਵੱਖਰੇ ਕਾਗ਼ਜ਼ਾਂ ’ਤੇ ਨੋਟਸ ਬਣਾਉਂਦੀ। ਉਸ ਦੇ ਪੜ੍ਹਨ ਦਾ ਢੰਗ ਬਹੁਤ ਸਲੀਕੇ ਵਾਲਾ ਹੁੰਦਾ ਸੀ। ਦੂਜੇ ਪਾਸੇ ਮੈਂ ਸੀ। ਕਿਤਾਬ ਖੋਲ੍ਹਦਾ। ਦੋ ਸਫ਼ੇ ਪੜ੍ਹਦਾ। ਫਿਰ ਕਦੇ ਚਾਹ ਪੀਣ ਨੂੰ ਜੀ ਕਰਦਾ। ਕਦੇ ਬਾਹਰ ਟਹਿਲਣ ਨੂੰ। ਕਦੇ ਸੌਣ ਨੂੰ। ਐੱਮਏ ਪੰਜਾਬੀ ਦੇ ਕੁਝ ਵਿਸ਼ੇ ਮੈਨੂੰ ਬੜੇ ਚੰਗੇ ਲੱਗਦੇ ਸਨ। ਜਿਵੇਂ ਕਹਾਣੀਆਂ, ਕਵਿਤਾਵਾਂ, ਵਾਰਤਕ। ਇਨ੍ਹਾਂ ਵਿਚ ਰਸ ਸੀ। ਜੀਵਨ ਸੀ। ਭਾਵਨਾ ਸੀ। ਸ਼ਿਵ ਕੁਮਾਰ ਬਟਾਲਵੀ ਦੀ ਪੀੜ, ਅੰਮ੍ਰਿਤਾ ਪ੍ਰੀਤਮ ਦੀ ਸੰਵੇਦਨਾ, ਨਾਨਕ ਸਿੰਘ ਦੀਆਂ ਕਹਾਣੀਆਂ। ਇਹ ਸਭ ਪੜ੍ਹ ਕੇ ਮਨ ਖਿੜ੍ਹ ਜਾਂਦਾ ਸੀ। ਮੈਂ ਸੋਚਦਾ ਸੀ ਕਿ ਪੰਜਾਬੀ ਸਾਹਿਤ ਤਾਂ ਸੱਚਮੁੱਚ ਮੇਰੇ ਦਿਲ ਦੀ ਹੀ ਚੀਜ਼ ਹੈ। ਪਰ ਜਿਹੜੇ ਹੋਰ ਦੋ ਵਿਸ਼ੇ ਸਨ, ਉਹ ਮੇਰੇ ਵੱਸ ਤੋਂ ਬਾਹਰ ਸਨ। ਉਨ੍ਹਾਂ ਵਿਚ ਪੁਰਾਤਨ ਸਾਹਿਤ, ਭਾਸ਼ਾ ਦਾ ਇਤਿਹਾਸ, ਮੱਧਕਾਲ, ਆਦਿਕਾਲ, ਕਿਸ ਨੇ ਕਿਹੜੀ ਸਦੀ ਵਿਚ ਕੀ ਲਿਖਿਆ, ਕਿਹੜੇ ਵਿਦਵਾਨ ਨੇ ਕੀ ਮਤ ਦਿੱਤਾ। ਇਹ ਸਭ ਮੇਰੇ ਲਈ ਸਜ਼ਾ ਵਰਗਾ ਸੀ। ਜਦੋਂ ਵੀ ਉਨ੍ਹਾਂ ਕਿਤਾਬਾਂ ਨੂੰ ਖੋਲ੍ਹਦਾ, ਦਸ ਮਿੰਟਾਂ ਵਿਚ ਅੱਖਾਂ ਭਾਰੀ ਹੋਣ ਲੱਗ ਪੈਂਦੀਆਂ। ਕਈ ਵਾਰ ਤਾਂ ਸੱਚਮੁੱਚ ਕਿਤਾਬ ਹੱਥ ਵਿਚ ਫੜੇ-ਫੜੇ ਨੀਂਦ ਆ ਜਾਂਦੀ ਸੀ। ਮੇਰੀ ਸ਼ਰੀਕੇ-ਹਯਾਤ ਮੈਨੂੰ ਕਹਿੰਦੀ ਰਹਿੰਦੀ, “ਤੁਸੀਂ ਇਹ ਵੀ ਪੜ੍ਹ ਲਵੋ, ਇਹ ਵੀ ਜ਼ਰੂਰੀ ਹੈ।” ਮੈਂ ਹੱਸ ਕੇ ਕਹਿੰਦਾ, “ਯਾਰ, ਇਹ ਦੋ ਹਜ਼ਾਰ ਸਾਲ ਪਹਿਲਾਂ ਵਾਲੀਆਂ ਗੱਲਾਂ ਮੇਰੇ ਦਿਮਾਗ਼ ’ਚ ਨਹੀਂ ਵੜਦੀਆਂ...ਮੈਨੂੰ ਕਹਾਣੀ ਦੇ ਦਿਓ, ਕਵਿਤਾ ਦੇ ਦਿਓ, ਮੈਂ ਵੱਟ ਕੱਢ ਦਿਆਂਗਾ।”
ਇਸੇ ਤਰ੍ਹਾਂ ਕਰਦੇ-ਕਰਦੇ ਪੇਪਰਾਂ ਦਾ ਸਮਾਂ ਆ ਗਿਆ। ਸਾਡੇ ਕੋਲ ਉਸ ਵੇਲੇ ਮਾਰੂਤੀ ਕਾਰ ਸੀ। ਅਸੀਂ ਦੋਵੇਂ ਇਕੱਠੇ ਪੇਪਰ ਦੇਣ ਜਾਂਦੇ। ਰਸਤੇ ਵਿਚ ਵੀ ਗੱਲਾਂ ਪੜ੍ਹਾਈ ਦੀਆਂ ਹੀ ਹੁੰਦੀਆਂ। ਉਹ ਕੋਈ ਲੇਖਕ ਦੁਹਰਾਂਦੀ ਜਾਂਦੀ। ਮੈਂ ਕਾਰ ਦਾ ਸਟੀਅਰਿੰਗ ਫੜ ਕੇ “ਹਾਂ-ਹਾਂ” ਕਰਦਾ ਰਹਿੰਦਾ। ਪੇਪਰ ਸੈਂਟਰ ’ਤੇ ਦੋਵੇਂ ਇਕੱਠੇ ਪਹੁੰਚਦੇ, ਪਰ ਅੰਦਰ ਜਾ ਕੇ ਹਾਲਾਤ ਵੱਖਰੇ ਹੋ ਜਾਂਦੇ। ਮੇਰੀ ਸ਼ਰੀਕੇ-ਹਯਾਤ ਪੂਰੇ ਵਿਸ਼ਵਾਸ ਨਾਲ ਪੇਪਰ ਵਿਚ ਸੁਆਲਾਂ ਦੇ ਜੁਆਬ ਲਿਖਦੀ ਰਹਿੰਦੀ। ਮੈਂ ਪਹਿਲੇ ਦੋ ਪੇਪਰ ਤਾਂ ਚੰਗੇ ਕਰ ਲਏ ਫਿਰ ਜਦੋਂ ਉਹ ਪੁਰਾਤਨ ਸਾਹਿਤ ਵਾਲੇ ਜਾਂ ਭਾਸ਼ਾ-ਵਿਗਿਆਨ ਵਾਲੇ ਪੇਪਰ ਆਏ ਤਾਂ ਮੇਰਾ ਦਿਮਾਗ਼ ਖਾਲੀ ਹੋ ਗਿਆ। ਇਕ ਦਿਨ ਪੇਪਰ ਦੇਣ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਉਹ ਖ਼ੁਸ਼ ਹੋ ਕੇ ਕਹਿੰਦੀ, “ਮੈਂ ਤਾਂ ਸਾਰੇ ਪ੍ਰਸ਼ਨ ਕਰ ਆਈ ਹਾਂ।” ਮੈਂ ਹੱਸ ਕੇ ਕਿਹਾ, “ਮੈਂ ਵੀ ਕਰ ਆਇਆ ਹਾਂ... ਪਰ ਪਤਾ ਨਹੀਂ ਠੀਕ ਕੀਤੇ ਜਾਂ ਨਹੀਂ!” ਅਸਲ ਵਿਚ ਮੈਨੂੰ ਅੰਦਰੋਂ ਪਤਾ ਹੁੰਦਾ ਸੀ ਕਿ ਮੇਰੀ ਕਿਹੜੀ-ਕਿਹੜੀ ਬੇੜੀ ਡੁੱਬਣੀ ਹੀ ਡੁੱਬਣੀ ਹੈ। ਚਾਰੋਂ ਪੇਪਰ ਮੁੱਕ ਗਏ। ਹੁਣ ਇੰਤਜ਼ਾਰ ਸੀ ਨਤੀਜੇ ਦਾ। ਜਿਸ ਗੱਲ ਦਾ ਡਰ ਸੀ , ਓਹੀ ਹੋਇਆ। ਮੇਰੀ ਸ਼ਰੀਕੇ-ਹਯਾਤ ਚੰਗੇ ਨੰਬਰਾਂ ਨਾਲ ਐੱਮਏ ਪਹਿਲਾ ਸਾਲ ਪਾਸ ਕਰ ਗਈ। ਉਸ ਦੇ ਪਚਵੰਜਾ-ਸੱਠ ਫ਼ੀਸਦੀ ਨੰਬਰ ਆਏ। ਜਿਹੜੇ ਵਿਸ਼ੇ ਮੈਨੂੰ ਡਰਾਉਂਦੇ ਸਨ , ਉਨ੍ਹਾਂ ਵਿਚ ਵੀ ਉਸ ਦੇ ਵਧੀਆ ਨੰਬਰ ਸਨ ਤੇ ਯਾਰਾਂ ਦਾ ਉਹੀ ਬਣਿਆ ਜੋ ਬਣਨਾ ਸੀ। ਕਹਾਣੀਆਂ ਵਾਲੇ, ਵਾਰਤਕ ਵਾਲੇ, ਸੱਭਿਆਚਾਰ ਵਾਲੇ ਪੇਪਰਾਂ ਵਿਚੋਂ ਤਾਂ ਮੈਂ ਪਾਸ ਹੋ ਗਿਆ ਸੀ ਪਰ ਜਿਹੜੇ ਦੋ ਵਿਸ਼ੇ ਮੈਨੂੰ ਨੀਂਦ ਦਿਵਾਉਂਦੇ ਸਨ, ਉਨ੍ਹਾਂ ਵਿਚੋਂ ਫੇਲ੍ਹ ਸੀ। ਕੁਲ ਨਤੀਜਾ ਕਿ ਮੈਂ ਫੇਲ੍ਹ ਹੋ ਗਿਆ।
ਘਰ ਵਿਚ ਸਾਰੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਵੇਖਦੇ। ਅਖੇ-ਮੈਂ ਲੇਖਕ ਬਣਨਾ ਹੈ। ਇਕ ਦਿਨ ਮੇਰੀ ਸ਼ਰੀਕੇ-ਹਯਾਤ ਨੇ ਮਜ਼ਾਕ ਨਾਲ ਕਿਹਾ, “ਹੁਣ ਤੁਹਾਨੂੰ ਸਮਝ ਆਈ ਹੈ ਨਾ ਕਿ ਸਿਰਫ਼ ਕਵਿਤਾਵਾਂ ਨਾਲ ਐੱਮਏ ਨਹੀਂ ਹੁੰਦੀ?” ਮੈਂ ਅੱਗੋਂ ਹੱਸ ਦਿੱਤਾ ਪਰ ਅੰਦਰੋਂ ਥੋੜ੍ਹਾ ਜਿਹਾ ਚੁੱਭਿਆ ਜ਼ਰੂਰ ਸੀ । ਫਿਰ ਸੋਚਿਆ ਕਿ ਚਲੋ ਕੋਈ ਗੱਲ ਨਹੀਂ, ਅਗਲੀ ਵਾਰ ਤਿਆਰੀ ਕਰਾਂਗੇ। ਦੋਬਾਰਾ ਪੜ੍ਹਾਈ ਸ਼ੁਰੂ ਕਰ ਦਿੱਤੀ ਪਰ ਮੇਰਾ ਮਨ ਉਨ੍ਹਾਂ ਔਖੇ ਵਿਸ਼ਿਆਂ ਵਿਚ ਫਿਰ ਵੀ ਨਹੀਂ ਲੱਗਿਆ। ਹਿੰਮਤ ਕਰਕੇ ਮੈਂ ਪਹਿਲੇ ਸਾਲ ਦੇ ਪੇਪਰ ਦੋਬਾਰਾ ਦੇ ਦਿੱਤੇ। ਪਰ ਹਾਲਾਤ ਫਿਰ ਉਹੋ ਜਿਹੇ ਹੀ ਰਹੇ। ਪਹਿਲੇ ਸਾਲ ਦੇ ਉਹੀ ਦੋ ਪੇਪਰਾਂ ਵਿਚੋਂ ਮੈਂ ਫਿਰ ਫੇਲ੍ਹ ਹੋ ਗਿਆ। ਇਸ ਤਰ੍ਹਾਂ ਦੋ ਸਾਲ ਲੰਘ ਗਏ। ਮੇਰੀ ਸ਼ਰੀਕੇ-ਹਯਾਤ ਪੂਰੀ ਤਰ੍ਹਾਂ ਐੱਮਏ ਪੰਜਾਬੀ ਬਣ ਗਈ ਤੇ ਮੈਂ? ਮੈਂ ਹਮੇਸ਼ਾ ਲਈ ‘ਐੱਮਏ ਅਧੂਰਾ’ ਰਹਿ ਗਿਆ। ਪਰ ਅੱਜ ਜਦੋਂ ਉਹ ਦਿਨ ਯਾਦ ਆਉਂਦੇ ਹਨ ਤਾਂ ਹਾਸਾ ਆਪ ਮੁਹਾਰੇ ਆ ਜਾਂਦਾ ਹੈ ਤੇ ਇਕ ਸਿੱਖਿਆ ਵੀ ਮਿਲਦੀ ਹੈ। ਹਰ ਇਨਸਾਨ ਦੀ ਆਪਣੀ ਰੁਚੀ ਹੁੰਦੀ ਹੈ। ਕੋਈ ਇਤਿਹਾਸ ਵਿਚ ਡੁੱਬ ਜਾਂਦਾ ਹੈ। ਕੋਈ ਕਵਿਤਾਵਾਂ ਵਿਚ ਜੀਊਂਦਾ ਹੈ। ਕੋਈ ਕਹਾਣੀਆਂ ਵਿਚ। ਮੇਰਾ ਮਨ ਸਾਹਿਤ ਦੇ ਰਸ ਵਿਚ ਸੀ ਪਰ ਖੋਜੀ ਤੇ ਵਿਦਵਤਾਵਾਂ ਵਾਲੇ ਵਿਸ਼ੇ ਮੇਰੇ ਵੱਸ ਦੀ ਗੱਲ ਨਹੀਂ ਸਨ। ਹਾਂ, ਇਕ ਗੱਲ ਦਾ ਮੈਨੂੰ ਅੱਜ ਵੀ ਮਾਣ ਹੈ ਕਿ ਐੱਮਏ ਵਿੱਚੋਂ ਫੇਲ੍ਹ ਹੋ ਕੇ ਵੀ ਮੈਂ ਪੰਜਾਬੀ ਭਾਸ਼ਾ ਨਾਲ ਪਿਆਰ ਨਹੀਂ ਛੱਡਿਆ। ਐੱਮਏ ਦੀ ਡਿਗਰੀ ਨਹੀਂ ਮਿਲੀ ਪਰ ਪੰਜਾਬੀ ਨਾਲ ਨਾਤਾ ਨਹੀਂ ਟੁੱਟਿਆ। ਤੇ ਮੈਂ ਹੈਰਾਨ ਹੁੰਦਾਂ ਹਾਂ ਕਿ ਹੁਣ ਤੱਕ ਮੈਂ ਸਤਾਰਾਂ ਕਿਤਾਬਾਂ ਦਾ ਰਚੇਤਾ ਕਿਵੇਂ ਬਣ ਗਿਆ?
-ਗੋਵਰਧਨ ਗੱਬੀ
-ਮੋਬਾਈਲ : 94171-73700