- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਸ ਗੀਤ ਨੂੰ ਇਵੇਂ ਕਰ ਦਿੱਤਾ ਹੈ। ਫਿਰ ਚਾਹ-ਪਾਣੀ ਪੀ ਕੇ ਉਹ ਮੇਰੇ ਕੋਲੋਂ ਸਿੱਧੇ ਲੁਧਿਆਣੇ ਨੂੰ ਚਲੇ ਗਏ ਸਨ। ਮੈਂ ਉਨ੍ਹਾਂ ਨੂੰ ਬੱਸ ਚੜ੍ਹਾਅ ਕੇ ਆਇਆ ਸੀ। ਉਹ ਮੇਰਾ ਧੰਨਵਾਦ ਕਰ ਰਹੇ ਸਨ। ਸਾਹਿਤ ਸਭਾ ਅਮਲੋਹ ਦੀ ਸਾਲ ਦੇ ਆਖ਼ਰੀ ਮਹੀਨੇ ਦੀ ਮੀਟਿੰਗ ਸੀ।

ਗੱਲ, 1994 ਦੀ ਹੈ। ਮੈਂ, ਮਾਸਟਰ ਈਸ਼ਰ ਸਿੰਘ ਪਾਸੀ ਦੀ ਇਕ ਕਿਤਾਬ ਨੂੰ ਸੰਪਾਦਿਤ ਕਰ ਰਿਹਾ ਸੀ। ਉਨ੍ਹਾਂ ਕੋਲ ਅੱਸੀ ਦੇ ਕਰੀਬ ਇਹੋ ਜਿਹੀਆਂ ਰਚਨਾਵਾਂ ਸਨ ਜਿਨ੍ਹਾਂ ਵਿਚ ਲੋਕਾਂ ਦਾ ਦਰਦ ਸਮਾਇਆ ਹੋਇਆ ਸੀ। ਇਨ੍ਹਾਂ ਸਦਕਾ ਹੀ ਮਾਸਟਰ ਜੀ ਨੂੰ ‘ਲੋਕ ਕਵੀ’ ਵੀ ਕਿਹਾ ਜਾਂਦਾ ਸੀ।
ਉਨ੍ਹਾਂ ਨੇ ਜਦੋਂ ਮੇਰੀ ਇਕ ਹੱਥ ਲਿਖਤ ਨੂੰ ਪਹਿਲੀ ਵਾਰ ਕਿਸੇ ਕਾਪੀ ’ਤੇ ਲਿਖਿਆ ਹੋਇਆ ਦੇਖਿਆ, ਤਾਂ ਉਹ ਮੈਨੂੰ ਕਹਿਣ ਲੱਗੇ ਕਿ ਮੇਰਾ ਇਕ ਕੰਮ ਹੈ, ਉਹ ਤੂੰ ਹੀ ਕਰ ਸਕਦਾ ਏਂ। ਮੈਂ ਉਨ੍ਹਾਂ ਦੇ ਮੂੰਹ ਵੱਲ ਦੇਖਣ ਲੱਗਾ। ਉਹ ਕਹਿਣ ਲੱਗੇ ਕਿ ਤੂੰ ਇਉਂ ਕਰਨਾ ਹੈ ਕਿ ਮੇਰੀਆਂ ਸਾਰੀਆਂ ਰਚਨਾਵਾਂ ਇਕ ਕਾਗਜ਼ ਦੇ ਇਕ ਪਾਸੇ, ਸਾਫ਼-ਸਾਫ਼ ਲਿਖ ਕੇ ਉਤਾਰਨੀਆਂ ਹਨ।
ਸੁਣ ਕੇ, ਪਹਿਲਾਂ ਤਾਂ ਮੈਂ ਇਸ ਨੂੰ ਫ਼ਾਲਤੂ ਦਾ ਕੰਮ ਸਮਝ ਕੇ ਚੁੱਪ ਰਿਹਾ। ਮੈਂ ਸੋਚਿਆ ਕਿ ਮੈਂ ਤਾਂ ਲਿਖਾਈ ਕਰਕੇ ਫਸ ਗਿਆ ਪਰ ਮੈਂ ਪਤਾ ਨਹੀਂ ਕਿਵੇਂ ਉਨ੍ਹਾਂ ਨੂੰ ਹਾਂ ਕਰ ਦਿੱਤੀ। ਉਹ ਪੁੱਛਣ ਲੱਗੇ ਕਿ ਇਹ ਕੰਮ ਭਲਾ ਕਿੱਥੇ ਬੈਠ ਕੇ ਹੋ ਸਕਦਾ ਹੈ? ਮੈਂ ਕਹਿ ਦਿੱਤਾ, ‘‘ਜੀ, ਮੇਰੇ ਘਰੇ।’’ ਮੈਂ ਸੋਚਿਆ ਸੀ ਕਿ ਮਾਸਟਰ ਜੀ ਨੇ ਘਰ ਬਾਰੇ ਸੁਣ ਕੇ ਚੁੱਪ ਕਰ ਜਾਣਾ ਹੈ ਪਰ ਉਹ ਤਾਂ ਪਹਿਲੀ ਵਾਰ ਹੀ ਮੰਨ ਗਏ ਸਨ। ਕਹਿੰਦੇ ਬਿਲਕੁਲ ਠੀਕ, ਮੈਂ ਪਰਸੋਂ ਸਵੇਰੇ ਤੇਰੇ ਘਰ ਆਵਾਂਗਾ ਸਾਢੇ ਨੌਂ ਵਾਲੀ ਬੱਸ। ਦਰਅਸਲ, ਮਲੇਰਕੋਟਲਾ ਤੋਂ ਆਉਣ ਵਾਲੀ ਬੱਸ ‘ਚਉਂਦੇ’ ਪਿੰਡ ਤੋਂ ਹੁੰਦੀ ਹੋਈ ਸਾਡੇ ਪਿੰਡ ਵਿੱਚੋਂ ਹੋ ਕੇ ਖੰਨੇ ਨੂੰ ਜਾਂਦੀ ਸੀ।
ਤੀਸਰੇ ਦਿਨ ਉਹ ਪਿੰਡ ਕੌਲਗੜ੍ਹ ਆ ਗਏ ਸਨ। ਆਪਣੇ ਨਾਲ ਉਹ ਕਾਫ਼ੀ ਲਾਈਨਦਾਰ ਕਾਗਜ਼, ਪੈੱਨ ਅਤੇ ਗੱਤਾ ਵੀ ਲੈ ਕੇ ਆਏ ਸਨ। ਚਾਹ-ਪਾਣੀ ਪੀ ਕੇ ਅਸੀਂ ਬੈਠਕ ਵਿਚ ਬੈਠ ਗਏ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮਾਸਟਰ ਜੀ ਗੀਤ ਬੋਲਦੇ ਅਤੇ ਮੈਂ ਪੇਪਰ ਉੱਤੇ ਸੁੰਦਰ ਲਿਖਾਈ ਵਿਚ ਉਤਾਰਦਾ। ਉਹ ਬੋਲ ਕੇ ਇਸ ਲਈ ਲਿਖਵਾ ਰਹੇ ਸਨ ਤਾਂ ਕਿ ਕੋਈ ਵੀ ਅਜਿਹਾ ਸ਼ਬਦ, ਜਿਹੜਾ ਗਾਉਣ ਵਿਚ ਅੜਿੱਕਾ ਪਾਉਂਦਾ ਹੋਵੇ, ਉਹ ਤੁਰੰਤ ਮੇਰੀ ਰਾਇ ਮੁਤਾਬਕ ਮੌਕੇ ’ਤੇ ਹੀ ਠੀਕ ਕੀਤਾ ਜਾ ਸਕੇ। ਪਹਿਲਾ ਗੀਤ, ਦੋ ਕਾਗਜ਼ਾਂ ਉੱਤੇ ਲਿਖਿਆ ਗਿਆ, ਫਿਰ ਦੂਜਾ ਗੀਤ। ਇੰਜ ਅਸੀਂ ਪਹਿਲੇ ਦਿਨ ਸਿਰਫ਼ ਚਾਰ ਗੀਤ ਹੀ ਲਿਖ ਸਕੇ, ਕਿਉਂਕਿ ਉਨ੍ਹਾਂ ਸਾਹਮਣੇ ਲਿਖਦੇ ਸਮੇਂ ਮੈਂ ਥੋੜ੍ਹੀ ਝਿਜਕ ਜਿਹੀ ਮਹਿਸੂਸ ਕਰ ਰਿਹਾ ਸੀ।
ਪਹਿਲੇ ਦਿਨ ਹੀ ਸਾਡਾ ਟਾਈਮ ਵੀ ਫਿਕਸ ਹੋ ਗਿਆ ਸੀ-ਸਾਢੇ ਦਸ ਵਜੇ ਤੋਂ ਪੌਣੇ ਤਿੰਨ ਵਜੇ ਤੱਕ, ਕਿਉਂਕਿ ‘ਚਉਂਦੇ’ ਪਿੰਡ ਨੂੰ ਜਾਣ ਵਾਲੀ ਬੱਸ ਸਵਾ ਤਿੰਨ ਵਜੇ ਸਾਡੇ ਪਿੰਡ ਦੇ ਅੱਡੇ ’ਤੇ ਆ ਜਾਂਦੀ ਸੀ।
ਕੋਈ ਵੀਹ-ਬਾਈ ਦਿਨਾਂ ਵਿਚ ਅਸੀਂ ਕਿਤਾਬ ਦਾ ਖਰੜਾ ਤਿਆਰ ਕਰ ਲਿਆ। ਜਿਸ ਦਿਨ ਕਿਤਾਬ ਦਾ ਖਰੜਾ ਤਿਆਰ ਹੋ ਗਿਆ ਸੀ, ਉਸ ਦਿਨ ਮਾਸਟਰ ਜੀ ਮੇਰੇ ਕੋਲੋਂ ਖਰੜਾ ਲੈ ਕੇ ਸਿੱਧੇ ਲੁਧਿਆਣੇ ਨੂੰ ਚਲੇ ਗਏ ਸਨ। ਉੱਥੇ ਕਵੀ ਹਰਭਜਨ ਸਿੰਘ ਧਰਨਾ ਨੇ ਉਨ੍ਹਾਂ ਦੀ ਕਿਤਾਬ ਛਪਵਾਉਣੀ ਸੀ। ਮਾਸਟਰ ਜੀ ਉਨ੍ਹਾਂ ਨੂੰ ਕਿਤਾਬ ਦਾ ਖਰੜਾ ਦੇ ਕੇ ਵਾਪਸ ਆਪਣੇ ਪਿੰਡ ਨੂੰ ਮੁੜ ਗਏ ਸਨ। ਅਗਲੇ ਹਫ਼ਤੇ ਉਹ ਅਮਲੋਹ ਸਾਹਿਤ ਸਭਾ ਦੀ ਮੀਟਿੰਗ ਵਿਚ ਆਏ ਤਾਂ ਦੱਸਿਆ ਕਿ ਮੈਂ ਸਾਰਾ ਮੈਟਰ ਧਰਨਾ ਸਾਬ੍ਹ ਨੂੰ ਦੇ ਆਇਆ ਹਾਂ, ਉਨ੍ਹਾਂ ਨੂੰ ਵੀ ਤੁਹਾਡੀ ਹੱਥ ਲਿਖਤ ਬਹੁਤ ਪਸੰਦ ਆਈ। ਉਹ ਕਹਿੰਦੇ ਕਿ ਹੁਣ ਕੰਮ ਛੇਤੀ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਬੁੱਧਵਾਰ ਨੂੰ ਫਿਰ ਲੁਧਿਆਣਾ ਜਾਣਗੇ ਤੇ ਦੇਖ ਕੇ ਆਉਣਗੇ ਕਿ ਕੰਮ ਕਿੱਥੇ ਕੁ ਪੁੱਜ ਗਿਆ ਹੈ, ਨਾਲੇ ਅਜਾਇਬ ਚਿੱਤਰਕਾਰ ਨੂੰ ਉਸ ਦਾ ਟਾਈਟਲ ਬਣਨਾ ਵੀ ਦੇਣਾ ਹੈ।
ਖ਼ੈਰ! ਬੁੱਧਵਾਰ ਵਾਲੇ ਦਿਨ ਸ਼ਾਮ ਦੇ ਵਕਤ, ਆਖ਼ਰੀ ਬੱਸ ਵਿਚ ਮਾਸਟਰ ਜੀ ਮੇਰੇ ਪਿੰਡ ਉਤਰ ਕੇ ਘਰ ਆ ਗਏ ਸਨ। ਮੈਂ ਉਨ੍ਹਾਂ ਨੂੰ ਘਰੇ ਹੀ ਮਿਲ ਗਿਆ ਸੀ। ਉਨ੍ਹਾਂ ਨੂੰ ਅਚਾਨਕ ਘਰੇ ਆਇਆ ਦੇਖ ਕੇ ਮੈਂ ਹੈਰਾਨ ਹੋ ਗਿਆ। ਪਾਣੀ ਪੀ ਕੇ ਉਹ ਮੈਨੂੰ ਕਹਿਣ ਲੱਗੇ, ‘‘ਬੇਟਾ ਇਕ ਕੰਮ ਫਸ ਗਿਆ ਹੈ।’’ ਇਹ ਸੁਣ ਕੇ ਮੈਂ ਘਬਰਾ ਗਿਆ। ਉਹ ਕਹਿਣ ਲੱਗੇ ਕਿ ਧਰਨਾ ਸਾਬ੍ਹ ਤਾਂ ਜਵਾਬ ਦੇ ਰਹੇ ਹਨ ਕਿਤਾਬ ਛਾਪਣ ਤੋਂ। ਮੈਂ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਇਕ ਸ਼ਬਦ ਕਰਕੇ। ਮੈਂ ਕਿਹਾ, ‘‘ਜੀ, ਅਜਿਹਾ ਕਿਹੜਾ ਸ਼ਬਦ ਹੈ ਜਿਹੜਾ ਕਿਤਾਬ ਨਹੀਂ ਛਪਣ ਦੇ ਰਿਹਾ।’’ ਉਨ੍ਹਾਂ ਨੇ ਇਕ ਛੋਟੇ ਬੈਗ ਵਿੱਚੋਂ ਉਹ ਪੰਨਾ ਕੱਢ ਕੇ ਮੇਰੇ ਅੱਗੇ ਕੀਤਾ-ਕਹਿੰਦੇ, ਆਹ ਸ਼ਬਦ ਹੈ। ਇਹਦੇ ਪਿੱਛੇ ਸਾਡੀ ਖ਼ਾਸੀ ਬਹਿਸ ਵੀ ਹੋਈ, ਪਰ ਉਹ ਮੰਨੇ ਨਹੀਂ। ਮੈਂ ਉਸ ਨੂੰ ਪੜ੍ਹਿਆ। ਸੱਚੀਂ ਸ਼ਬਦ ਅਸੱਭਿਅਕ ਸੀ। ਮੈਂ ਕਿਹਾ ਕਿ ਇਹ ਤਾਂ ਮੇਰੀ ਹੱਥ ਲਿਖਤ ਵੀ ਨਹੀਂ। ਤਾਂ ਉਹ ਕਹਿਣ ਲੱਗੇ ਕਿ ਇਹ ਗੀਤ ਮੈਂ ਆਪਣੀ ਮਰਜ਼ੀ ਨਾਲ ਚੁਣਿਆ ਸੀ। ਹੁਣ ਤੂੰ ਹੀ ਇਸ ਨੂੰ ਠੀਕ ਕਰ, ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ, ਇਸ ਗੀਤ ਨੂੰ ਕਿਤਾਬ ਵਿਚ ਜ਼ਰੂਰ ਪਾਉਣਾ ਹੈ।
ਉਸ ਵੇਲੇ ਹਨੇਰਾ ਪਲੋ-ਪਲੀ ਵਧ ਰਿਹਾ ਸੀ। ਉਸ ਦਿਨ ਮਾਸਟਰ ਜੀ ਮੇਰੇ ਕੋਲ ਹੀ ਪਿੰਡ ਰੁਕੇ ਸਨ। ਕਹਿੰਦੇ ਕਿ ਮੈਂ ਏਥੋਂ ਹੀ ਪਹਿਲੀ ਬੱਸ ਚੜ੍ਹ ਕੇ ਲੁਧਿਆਣੇ ਨੂੰ ਚਲਾ ਜਾਵਾਂਗਾ, ਤੂੰ ਇਸ ਨੂੰ ਠੀਕ ਕਰ। ਮੈਂ ਧਰਨਾ ਸਾਬ੍ਹ ਨੂੰ ਇਹ ਲਿਖਤ ਦੇ ਕੇ ਹੀ ਪਿੰਡ ਨੂੰ ਜਾਵਾਂਗਾ। ਮਾਸਟਰ ਜੀ ਥੱਕੇ ਹੋਏ ਹੋਣ ਕਰਕੇ ਰੋਟੀ ਖਾ ਕੇ ਸੌਂ ਗਏ ਸਨ। ਮੈਂ ਉਸ ਗੀਤ ਨੂੰ ਲੈ ਕੇ ਕਾਫ਼ੀ ਦੇਰ ਤੱਕ ਉਹ ਸ਼ਬਦ ਕੱਢਣ ਦੀ ਕੋਸ਼ਿਸ਼ ਕਰਦਾ ਰਿਹਾ। ਮੈਂ ਉਸ ਗੀਤ ਨੂੰ ਚਾਰ-ਪੰਜ ਵਾਰ ਪੜ੍ਹਿਆ, ਉਹ ਸ਼ਬਦ ਕੱਢ ਕੇ ਮੈਂ ਇਵੇਂ ਕਰ ਦਿੱਤਾ ਸੀ ਕਿ ‘ਜੇ ਹਾਕਮ ਦਾ ਕੋਈ ਹੁਕਮ ਨਾ ਮੰਨੇ, ਫਿਰ ‘ਕਾਹਦੀ’ ਸਰਕਾਰ ਕਹਾਂਗੇ? ‘ਕਾਹਦੀ’ ਸ਼ਬਦ ਦੇ ਲਗਪਗ ਉਹੀ ਅਰਥ ਸਨ ਜਿਹੜੇ ‘ਉਹ’ ਸ਼ਬਦ ਦਰਸਾ ਰਿਹਾ ਸੀ।
ਸਵੇਰੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਸ ਗੀਤ ਨੂੰ ਇਵੇਂ ਕਰ ਦਿੱਤਾ ਹੈ। ਫਿਰ ਚਾਹ-ਪਾਣੀ ਪੀ ਕੇ ਉਹ ਮੇਰੇ ਕੋਲੋਂ ਸਿੱਧੇ ਲੁਧਿਆਣੇ ਨੂੰ ਚਲੇ ਗਏ ਸਨ। ਮੈਂ ਉਨ੍ਹਾਂ ਨੂੰ ਬੱਸ ਚੜ੍ਹਾਅ ਕੇ ਆਇਆ ਸੀ। ਉਹ ਮੇਰਾ ਧੰਨਵਾਦ ਕਰ ਰਹੇ ਸਨ। ਸਾਹਿਤ ਸਭਾ ਅਮਲੋਹ ਦੀ ਸਾਲ ਦੇ ਆਖ਼ਰੀ ਮਹੀਨੇ ਦੀ ਮੀਟਿੰਗ ਸੀ। ਉੱਥੇ ਆਉਂਦੇ ਹੋਏ ਮਾਸਟਰ ਜੀ ਲੱਡੂਆਂ ਦਾ ਡੱਬਾ ਲੈ ਕੇ ਆਏ ਸਨ। ਉਹ ਕਹਿੰਦੇ ਕਿ ਮੇਰੀ ਕਿਤਾਬ ਛਪ ਗਈ ਹੈ, ਸਾਰੇ ਜਣੇ ਮੂੰਹ ਮਿੱਠਾ ਕਰੋ ਪਹਿਲਾਂ। ਆਪਾਂ ਪੰਦਰਾਂ ਜਨਵਰੀ 1995 ਦਿਨ ਐਤਵਾਰ ਨੂੰ ਕਿਤਾਬ ਰਿਲੀਜ਼ ਕਰਨੀ ਹੈ। ਤੁਸੀਂ ਸਾਰਿਆਂ ਨੇ ਪਿੰਡ ‘ਚਉਂਦੇ’ ਪਹੁੰਚਣਾ ਹੈ। ਮੈਂ ਉਨ੍ਹਾਂ ਦੇ ਬਿਲਕੁਲ ਨੇੜੇ ਹੀ ਬੈਠਾ ਸੀ। ਉਨ੍ਹਾਂ ਨੇ ਮੇਰੇ ਮੋਢਿਆਂ ਦੇ ਉੱਤੋਂ ਦੀ ਆਪਣੀ ਬਾਂਹ ਘੁਮਾ ਕੇ ਮੈਨੂੰ ਆਪਣੇ ਨਾਲ ਘੁੱਟ ਲਿਆ। ਉਹ ਹੌਲੀ ਦੇਣੇ ਮੈਨੂੰ ਕਹਿਣ ਲੱਗੇ ਕਿ ਮੈਂ ਤਾਂ ਉਸੇ ਸ਼ਬਦ ਉੱਤੇ ਅੜਿਆ ਬੈਠਾ ਸੀ ਕਿ ਸੱਚ ਨੂੰ ਸੱਚ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ, ਪਰ ਤੂੰ ਮੇਰਾ ਕੰਮ ਸੁਖਾਲਾ ਕਰ ਦਿੱਤਾ। ਤਾਰੀਫ਼ ਸੁਣ ਕੇ ਮੈਂ ਮਾਣ ਜਿਹਾ ਮਹਿਸੂਸ ਕਰਨ ਲੱਗਾ। ਉਹ ਕਹਿਣ ਲੱਗੇ ਕਿ ਮੈਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਪੁੱਤਰਾ, ਮੈਂ ਵੀ ਤੈਨੂੰ ਮਾਣ ਦਿੱਤਾ ਹੈ। ਮੈਂ ਸੰਪਾਦਕਾਂ ਵਿਚ ਤੇਰਾ ਅਤੇ ਕਰਤਾਰ ਸਿੰਘ ਪੰਛੀ ਦਾ ਨਾਂ ਛਪਵਾਇਆ ਹੈ। ਜਦੋਂ ਪੰਦਰਾਂ ਜਨਵਰੀ ਸੰਨ 1995 ਨੂੰ ਕਿਤਾਬ ਰਿਲੀਜ਼ ਹੋ ਰਹੀ ਸੀ ਤਾਂ ਅਜਾਇਬ ਚਿੱਤਰਕਾਰ, ਐੱਸ.ਤਰਸੇਮ, ਕਰਤਾਰ ਸਿੰਘ ਪੰਛੀ, ਹਰਭਜਨ ਸਿੰਘ ਧਰਨਾ ਅਤੇ ਮਾਸਟਰ ਜੀ ਦੇ ਐਨ ਵਿਚਕਾਰ ਬੈਠੇ ਹੋਏ ਦਾ ਮੇਰਾ ਮਨ ਹਵਾ ਵਿਚ ਉਡਾਰੀਆਂ ਲਾ ਰਿਹਾ ਸੀ।
- ਰਵਿੰਦਰ ਰੁਪਾਲ ਕੌਲਗੜ੍ਹ
-ਮੋਬਾਈਲ : 93162-88955