- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਸੁਭਾਅ ਅਤੇ ਕਿਰਦਾਰ ਵਿਚਲੇ ਗੁਣਾਂ ਨੂੰ ਸਾਂਭਣ ਤੇ ਜੀਵਨ ਉਦੇਸ਼ ਬਣਾਉਣ ਲਈ ਕਿਸੇ ਨੂੰ ਚਾਹਨਾ ਨਹੀਂ ਹੁੰਦੀ। ਕਿਸੇ ਵੇਲੇ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਬਜ਼ੁਰਗ ਬੈਠੇ ਸਨ, ਅਸੀਂ ਪਰਵਾਹ ਨਹੀਂ ਕੀਤੀ। ਹੁਣ ਕਿਸ ਨੂੰ ਸਮੱਸਿਆ ਦਾ ਹੱਲ ਪੁੱਛੀਏ?

ਕਿਹਾ ਜਾਂਦਾ ਹੈ ਕਿ ਬਜ਼ੁਰਗ ਘਰ ਦਾ ਤਾਲਾ ਹੁੰਦੇ ਹਨ। ਉਨ੍ਹਾਂ ਦੇ ਹੁੰਦਿਆਂ ਧੀਆਂ-ਪੁੱਤਰਾਂ ਨੂੰ ਘਰ ਦਾ ਫ਼ਿਕਰ ਨਹੀਂ ਹੁੰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਘਰ-ਪਰਿਵਾਰ ਵਿਚ ਬਜ਼ੁਰਗ ਹੋਣ ਉਨ੍ਹਾਂ ਲੋਕਾਂ ਨੂੰ ਤੀਰਥਾਂ ’ਤੇ ਜਾਣ ਦੀ ਲੋੜ ਨਹੀਂ ਹੁੰਦੀ। ਅਜੋਕੇ ਸਮੇਂ ਇਨ੍ਹਾਂ ਗੱਲਾਂ ਦਾ ਜਿਵੇਂ ਕੋਈ ਅਰਥ ਨਹੀਂ ਰਹਿ ਗਿਆ। ਦੋ-ਤਿੰਨ ਸਦੀਆਂ ਪਹਿਲਾਂ ਹਰ ਘਰ ਵਿਚ ਬਜ਼ੁਰਗਾਂ ਦਾ ਆਦਰ-ਸਤਿਕਾਰ ਬਰਕਰਾਰ ਸੀ ਜੋ ਹੁਣ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਥਾਂ-ਥਾਂ ਬਣੇ ਬਿਰਧ ਆਸ਼ਰਮ ਕਰਦੇ ਹਨ। ਕੋਈ ਕਰਮਾਂ ਵਾਲੀ ਔਲਾਦ ਬਿਰਧ ਮਾਪਿਆਂ ਦੀ ਸੇਵਾ- ਸੰਭਾਲ ਉਸੇ ਤਰ੍ਹਾਂ ਕਰਦੀ ਹੈ ਜਿਵੇਂ ਬਚਪਨ ਵਿਚ ਮਾਪਿਆਂ ਨੇ ਉਨ੍ਹਾਂ ਦੀ ਕੀਤੀ ਸੀ। ਪਿਛਲੇ ਸਮੇਂ ਜਦੋਂ ਘਰ ਦਾ ਪਿਉ-ਦਾਦਾ ਵਡੇਰੀ ਉਮਰ ਦਾ ਹੋ ਜਾਂਦਾ ਤਾਂ ਵੀ ਉਸ ਦਾ ਦਬਦਬਾ ਕਾਇਮ ਰਹਿੰਦਾ ਸੀ। ਉਸ ਨੂੰ ‘ਲਾਣੇਦਾਰ’ ਕਹਿ ਕੇ ਸਤਿਕਾਰ ਦਿੱਤਾ ਜਾਂਦਾ। ਉਮਰ ਦੇ ਤਜਰਬੇ ਨਾਲ ਉਹ ਜ਼ਿੰਦਗੀ ਦੇ ਹਰ ਪੱਖ ਨੂੰ ਵਿਚਾਰਦੇ ਤੇ ਆਪਣੀ ਰਾਇ ਦਿੰਦੇ ਸਨ।
ਪਿੰਡਾਂ ਵਿਚ ਲੋਕ ਉਨ੍ਹਾਂ ਨੂੰ ‘ਸਿਆਣੇ’ ਕਹਿ ਕੇ ਸੰਬੋਧਨ ਕਰਦੇ ਪੁੱਛਦੇ ‘ਕੀ ਹਾਲ ਐ ਸਿਆਣਿਓ? ਸਿਆਣੇ ਤੋਂ ਭਾਵ ਬਜ਼ੁਰਗ ਵੀ ਹੁੰਦਾ ਤੇ ਸੂਝਵਾਨ ਵੀ। ਘਰੇਲੂ ਜਾਂ ਖੇਤੀਬਾੜੀ ਦੇ ਮਸਲੇ ਵਿਚ ਸਿਆਣਿਆਂ ਦੀ ਸਲਾਹ ਲੈਣੀ ਚੰਗੀ ਸਮਝੀ ਜਾਂਦੀ। ਅੱਜ-ਕੱਲ੍ਹ ਵਿਰਲੇ ਘਰੀਂ ਵੱਡਿਆਂ ਦਾ ਸਤਿਕਾਰ ਤਾਂ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੀ ਕਿਸੇ ਸਲਾਹ ਨੂੰ ਆਧੁਨਿਕ ਯੁੱਗ ਦੇ ਹਾਣ ਦੀ ਨਾ ਸਮਝ ਕੇ ਗ਼ੌਰ ਨਹੀਂ ਕੀਤਾ ਜਾਂਦਾ। ਅੱਜ ਬਜ਼ੁਰਗਾਂ ਦੇ ਵਾਰਸਾਂ ਵੱਲੋਂ ਉਨ੍ਹਾਂ ਦੀ ਜਾਇਦਾਦ ਦੇ ਮਾਲਕ ਹੋਣ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ, ਵਾਹ ਲੱਗਦੀ ਪੁੱਤਰਾਂ ਵੱਲੋਂ ਸਭ ਕੁਝ ਆਪ ਸਾਂਭਣ ਦੀ ਕਾਹਲ਼ੀ ਕੀਤੀ ਜਾਂਦੀ ਹੈ ਤਾਂ ਜੋ ਮਾਪੇ ਆਪਣੀ ਵਿਰਾਸਤ ਵਿੱਚੋਂ ਧੀਆਂ ਨੂੰ ਹਿੱਸਾ ਨਾ ਦੇ ਸਕਣ।
ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਸੁਭਾਅ ਅਤੇ ਕਿਰਦਾਰ ਵਿਚਲੇ ਗੁਣਾਂ ਨੂੰ ਸਾਂਭਣ ਤੇ ਜੀਵਨ ਉਦੇਸ਼ ਬਣਾਉਣ ਲਈ ਕਿਸੇ ਨੂੰ ਚਾਹਨਾ ਨਹੀਂ ਹੁੰਦੀ। ਕਿਸੇ ਵੇਲੇ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਬਜ਼ੁਰਗ ਬੈਠੇ ਸਨ, ਅਸੀਂ ਪਰਵਾਹ ਨਹੀਂ ਕੀਤੀ। ਹੁਣ ਕਿਸ ਨੂੰ ਸਮੱਸਿਆ ਦਾ ਹੱਲ ਪੁੱਛੀਏ?
ਮਜਬੂਰੀ ਵੱਸ ਪਰਵਾਸ ਦੇ ਨਾਂ ’ਤੇ ਔਲਾਦ ਦੇ ਬਣਵਾਸ ਨੇ ਮਾਪਿਆਂ ਦੇ ਲੱਕ ਤੋੜ ਦਿੱਤੇ ਹਨ। ਬਹੁਤਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਵਿਕ ਗਈਆਂ ਜਾਂ ਕਰਜ਼ੇ ਦਾ ਬੋਝ ਸਿਰ ਚੜ੍ਹ ਗਿਆ। ਸਾਡਾ ਪੈਸਾ ਵਿਦੇਸ਼ਾਂ ਦੀ ਭੇਟ ਚੜ੍ਹ ਗਿਆ ਤੇ ਧੀ-ਪੁੱਤ ਮਹਿੰਗੇ ਵਿਦਿਆਰਥੀ ਤੇ ਸਸਤੇ ਕਾਮੇ ਬਣ ਕੇ ਰਹਿ ਗਏ। ਜਦੋਂ ਤੱਕ ਸੰਤਾਪ ਭੋਗਦੇ ਮਾਪਿਆਂ ਦੀ ਜੋੜੀ ਕਾਇਮ ਰਹਿੰਦੀ ਹੈ, ਕੁਝ ਸੌਖੇ ਹਿੰਦੇ ਹਨ। ਜਦੋਂ ਇਕ ਜੀਅ ਜੀਵਨ ਸਫ਼ਰ ਮੁਕਾ ਜਾਂਦਾ ਹੈ ਤਾਂ ਦੂਜੇ ਦਾ ਜਿਊਣਾ ਮੁਹਾਲ ਹੋ ਜਾਂਦਾ ਹੈ। ਪਰਦੇਸ ਬੈਠੇ ਬੱਚਿਆਂ ਵੱਲੋਂ ਕਈ ਵਾਰ ਮਾਪਿਆਂ ਦੀ ਸੇਵਾ-ਸੰਭਾਲ ਲਈ ਨੌਕਰ ਰੱਖੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਕੋਈ ਬੇਈਮਾਨ ਹੋਇਆ ਬਜ਼ੁਰਗਾਂ ਦੀ ਜਾਨ ਤੇ ਮਾਲ ਲੈ ਕੇ ਤੁਰਦਾ ਬਣਦਾ ਹੈ। ਸਰਕਾਰਾਂ ਗੱਲੀਂ-ਬਾਤੀਂ ਨੌਜਵਾਨਾਂ ਦੀਆਂ ਬਹੁਤ ਖੈ਼ਰ-ਖਵਾਹ ਹਨ ਪਰ ਜੇ ਆਪਣੇ ਮੁਲਕ ਵਿਚ ਪੜ੍ਹਾਈ ਸਸਤੀ ਤੇ ਰੁਜ਼ਗਾਰ ਸੌਖਾ ਮਿਲਦਾ ਹੋਵੇ ਤਾਂ ਕਿਉਂ ਮਾਪੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਅੱਖੋਂ ਦੂਰ ਕਰਨ ਤੇ ਕਿਉਂ ਉਨ੍ਹਾਂ ਦਾ ਬੁਢਾਪਾ ਰੁਲੇ਼।
ਸੱਤਾਧਾਰੀਆਂ ਨੂੰ ਕੋਈ ਚਿੰਤਾ ਨਹੀਂ ਹੈ। ਇਸੇ ਤਰ੍ਹਾਂ ਰਿਹਾ ਤਾਂ ਦੇਸ਼, ਖ਼ਾਸ ਤੌਰ ’ਤੇ ਪੰਜਾਬ ਨੂੰ ਖ਼ੌਫ਼ਨਾਕ ਨਤੀਜੇ ਭੁਗਤਣੇ ਪੈਣਗੇ ਤੇ ਇਸ ਦੀ ਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਉਨ੍ਹਾਂ ਬਜ਼ੁਰਗਾਂ ਦੀ ਹਾਲਾਤ ਵੱਲ ਵੀ ਗ਼ੌਰ ਕਰਨਾ ਬਣਦਾ ਹੈ ਜਿਹੜੇ ਆਪਣੇ ਮੁਲਕ, ਆਪਣੇ ਘਰ ਵਸਦੀ ਔਲਾਦ ਕੋਲ ਰਹਿੰਦੇ ਹੋਏ ਵੀ ਬੇਘਰਿਆਂ ਵਰਗੀ ਜੂਨ ਹੰਢਾਉਂਦੇ ਹਨ। ਬਹੁਤ ਸਾਰੇ ਮਾਪਿਆਂ ਨੇ ਹੱਡ ਭੰਨਵੀਂ ਮਿਹਨਤ ਕਰਦਿਆਂ, ਦਿਹਾੜੀਆਂ ਕਰ ਕੇ ਆਪ ਹਨੇਰਾ ਢੋਂਹਦਿਆਂ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਮੁਹੱਈਆ ਕਰਵਾਇਆ ਤੇ ਉੱਚ ਮੁਕਾਮਾਂ ’ਤੇ ਪਹੁੰਚਾਏ। ਆਪ ਝੁੱਗੀਆਂ-ਝੌਂਪੜੀਆਂ ਜਾਂ ਕੱਚੇ ਕੋਠੜਿਆਂ ਵਿਚ ਦਿਨ ਕਟੀ ਕੀਤੀ ਪਰ ਔਲਾਦ ਨੂੰ ਮਹਿਲਾਂ ਵਰਗੇ ਘਰਾਂ ਵਿਚ ਰਹਿਣ ਜੋਗੇ ਕੀਤਾ, ਉਨ੍ਹਾਂ ਵਿੱਚੋਂ ਵੀ ਕਈ ਉਹੀ ਪੁਰਾਣੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਬਜ਼ੁਰਗਾਂ ਨੂੰ ਅੱਜ ਦੇ ‘ਸਰਵਣ ਪੁੱਤ’ ਨੌਕਰਾਂ ਵਾਂਗ ਇਕ ਪਾਸੇ ਰਿਹਾਇਸ਼ ਦੇ ਦਿੰਦੇ ਹਨ ਜਿੱਥੇ ਉਹ ਆਪਣੀਆਂ ਕੀਤੀਆਂ ਕੁਰਬਾਨੀ ਵਰਗੀਆਂ ਮੁਸ਼ੱਕਤਾਂ ਨੂੰ ਯਾਦ ਕਰਦੇ ਹੋਏ ਲੁਕ- ਲੁਕ ਕੇ ਰੋਂਦੇ ਹਨ। ਉਨ੍ਹਾਂ ਲਾਚਾਰਾਂ ਨੂੰ ਪਰਿਵਾਰ ਵੱਲੋਂ ਕੋਈ ਆਦਰ-ਪ੍ਰੇਮ ਨਸੀਬ ਨਹੀਂ ਹੁੰਦਾ। ਜੋ ਮਿਲਦਾ ਹੈ, ਖਾ-ਪੀ ਲੈਂਦੇ ਹਨ ਤੇ ਜੋ ਜੁੜਦਾ ਹੈ, ਪਹਿਨ ਲੈਂਦੇ ਹਨ। ਕਿਸੇ ਘਰੇਲੂ ਸਮਾਗਮ ਵਿਚ ਵੀ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ। ਜਿਨ੍ਹਾਂ ਬਖ਼ਤਾਂ ਮਾਰਿਆਂ ਬਹੁਤਾ ਸਮਾਂ ਮਾਮੂਲੀ ਕੱਪੜਿਆਂ ਵਿਚ ਗੁਜ਼ਾਰਿਆ ਹੁੰਦਾ ਹੈ, ਉਨ੍ਹਾਂ ਨੂੰ ਪਿਛਲੀ ਉਮਰੇ ਢੰਗ ਦਾ ਪਹਿਰਾਵਾ ਨਸੀਬ ਹੁੰਦਾ ਹੈ। ਉਹ ਵੀ ਉਨ੍ਹਾਂ ਦੇ ਵਾਰਸ ਆਪਣੀ ਮਰਜ਼ੀ ਨਾਲ ਹੀ ਲੈ ਕੇ ਦਿੰਦੇ ਹਨ ਕਦੇ-ਕਦਾਈਂ ਜੇਕਰ ਉਹ ਕੋਈ ਮਨਪਸੰਦ ਕਮੀਜ਼-ਪਜਾਮਾ, ਪੈਂਟ-ਸ਼ਰਟ ਜਾਂ ਮਾਂ-ਦਾਦੀ ਕੋਈ ਸੂਟ-ਸਾੜ੍ਹੀ ਲੈਣਾ ਚਾਹੁਣ ਤਾਂ ਵੀ ਉਨ੍ਹਾਂ ਦੀਆਂ ਸਾਰੀ ਜ਼ਿੰਦਗੀ ਦਬਾ ਕੇ ਰੱਖੀਆਂ ਰੀਝਾਂ ਦਾ ਗਲ਼ਾ ਇਹ ਕਹਿ ਕੇ ਘੁੱਟ ਦਿੱਤਾ ਜਾਂਦਾ ਹੈ ਕਿ ਤੁਹਾਡੀ ਉਮਰ ਅਜਿਹੇ ਮਹਿੰਗੇ ਤੇ ਵਧੀਆ ਕੱਪੜੇ ਪਹਿਨਣ ਵਾਲੀ ਨਹੀਂ ਹੈ, ਹੁਣ ਤਾਂ ਤੁਹਾਡੀ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ। ਇਨ੍ਹਾਂ ਹੀ ਮਾਪਿਆਂ ਨੇ ਆਪਣੀ ਇਸ ਔਲਾਦ ਨੂੰ ਮਹਿੰਗੇ ਤੇ ਬ੍ਰਾਂਡਡ ਕੱਪੜੇ-ਜੁੱਤੇ ਪਹਿਨਣ ਦੇ ਸਮਰੱਥ ਬਣਾਇਆ ਹੁੰਦਾ ਹੈ ਜੋ ਇਹ ਮੂਲੋਂ ਹੀ ਵਿਸਾਰ ਦਿੰਦੇ ਹਨ।
ਬਜ਼ੁਰਗਾਂ ਨੇ ਆਪ ਫਟੇ-ਪੁਰਾਣੇ ਕੱਪੜਿਆਂ ਨੂੰ ਟਾਕੀਆਂ ਲਾ-ਲਾ ਤਨ ਦਾ ਕੱਜਣ ਕੀਤਾ ਹੁੰਦਾ ਹੈ ਪਰ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਖੁਆਇਆ-ਪਹਿਨਾਇਆ ਹੁੰਦਾ ਹੈ। ਅਜਿਹੇ ਹਾਲਾਤ ਵਿਚ ਮਾਪੇ ਜਾਂ ਤਾਂ ਮਨ ਮਾਰ ਕੇ ਉਨ੍ਹਾਂ ਦੇ ਬਾਰ ’ਚ ਬੈਠੇ ਰਹਿੰਦੇ ਹਨ ਜਾਂ ਫਿਰ ਅੱਕ ਕੇ ਬਿਰਧ ਆਸ਼ਰਮ ਵਿਚ ਆਸਰਾ ਲੈਂਦੇ ਹਨ ਕਿਉਂਕਿ ਜਾਇਦਾਦ ਤਾਂ ਵਾਰਸਾਂ ਨੇ ਪਹਿਲਾਂ ਹੀ ਸਾਂਭ ਲਈ ਹੁੰਦੀ ਹੈ। ਅਜਿਹੇ ਮਾਪੇ ਵਾਰਸਾਂ ਭਾਵ ਔਲਾਦ ਵਾਲੇ ਹੋ ਕੇ ਵੀ ਲਾਵਾਰਸ ਬਣ ਕੇ ਰਹਿ ਜਾਂਦੇ ਹਨ।
ਕੁਝ ਅਣਖੀਲੇ ਮਾਂ-ਪਿਉ ਅਜਿਹੀ ਨਾਸ਼ੁਕਰੀ ਔਲਾਦ ਨੂੰ ਸਬਕ ਸਿਖਾਉਣ ਲਈ ਕੀਤੀਆਂ ਆਪਣੀਆਂ ਵਸੀਅਤਾਂ ਰੱਦ ਰਵਾ ਕੇ ਮੁੜ ਮਾਲਕ ਬਣ ਜਾਂਦੇ ਹਨ ਤੇ ਆਰਾਮ ਨਾਲ ਜੀਵਨ ਜਿਊਂਦੇ ਹਨ ਪਰ ਇਹ ਵਰਤਾਰਾ ਆਟੇ ’ਚ ਲੂਣ ਬਰਾਬਰ ਹੀ ਹੈ। ਜ਼ਿਆਦਾਤਰ ਬਜ਼ੁਰਗ ਖੋਖਲੇ ਦਾਅਵਿਆਂ ਤੇ ਝੂਠੀ ਮਾਣ-ਮਰਿਆਦਾ ਲਈ ਹ ਸੋਚ ਕੇ ਇਹ ਸੰਤਾਪ ਝੱਲੀ ਜਾਂਦੇ ਹਨ ਕਿ ਅਸੀਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ ਹਾਂ, ਕਾਹਦੇ ਲਈ ਦਾਈਏ-ਦਾਅਵੇ ਕਰਨੇ ਹਨ? ਆਪਣਾ ਦੁੱਖ ਚੁੱਪ ਕਰ ਕੇ ਜਰਦਿਆਂ ਬਸ ਐਨਾ ਹੀ ਕਹਿੰਦੇ ਹਨ, ‘ਅਸਾਂ ਹੁਣ ਤੁਰ ਜਾਣਾ..!
-ਪਰਮਜੀਤ ਕੌਰ ਸਰਹਿੰਦ
-ਮੋਬਾਈਲ: 98728-98599