- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਬਹੁਤ ਜ਼ਿਆਦਾ ਸੁਖਾਲਾ ਬਣਾ ਦਿੱਤਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਹੱਥ ਵਿਚ ਮੋਬਾਈਲ ਫੋਨ ਹੈ। ਸੋਸ਼ਲ ਮੀਡੀਆ, ਇੰਟਰਨੈੱਟ, ਵਧ ਰਹੇ ਸਕਰੀਨ ਟਾਈਮ ਨੇ ਅੱਜ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਪ੍ਰਭਾਵਿਤ ਕੀਤਾ ਹੈ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਸੀਂ ਸਾਫ਼-ਸੁਥਰਾ, ਸੰਤੁਲਿਤ ਭੋਜਨ ਕਰਦੇ ਹਾਂ, ਉਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਗਿਆਨ ਦੀ ਜ਼ਰੂਰਤ ਹੁੰਦੀ ਹੈ। ਇਹ ਗਿਆਨ ਸਾਨੂੰ ਮਾਪੇ, ਅਧਿਆਪਕ ਜਾਂ ਫਿਰ ਪੁਸਤਕਾਂ ਤੋਂ ਪ੍ਰਾਪਤ ਹੁੰਦਾ ਹੈ। ਜਿਹੜੇ ਸਾਡੇ ਵੱਡੇ-ਵਡੇਰੇ, ਮਾਂ-ਪਿਉ ਦੀ ਉਮਰ ਦੇ ਹਨ, ਲਾਇਬ੍ਰੇਰੀਆਂ ਵਿਚ ਬੈਠ ਕੇ ਅਧਿਐਨ ਕਰਦੇ ਹਨ।

ਲਾਇਬ੍ਰੇਰੀ ਵਿਚ ਸਿਰਫ਼ ਕਿਤਾਬਾਂ ਹੀ ਨਹੀਂ ਹੁੰਦੀਆਂ, ਉੱਥੇ ਪਾਠਕਾਂ ਲਈ ਵੱਖ-ਵੱਖ ਭਾਸ਼ਾਵਾਂ ਵਿਚ ਅਖ਼ਬਾਰ, ਵੱਖ-ਵੱਖ ਰਸਾਲੇ, ਖੋਜ ਪੇਪਰ ਹੁੰਦੇ ਹਨ। ਲਾਇਬ੍ਰੇਰੀ ਦੇ ਰੀਡਿੰਗ ਸੈਕਸ਼ਨ ਵਿਚ ਤੁਸੀਂ ਵੱਡੀ ਉਮਰ ਦੇ ਲੋਕਾਂ ਨੂੰ ਬੈਠ ਕੇ ਅਖ਼ਬਾਰ ਪੜ੍ਹਦੇ ਹੋਏ ਅੱਜ ਵੀ ਦੇਖ ਸਕਦੇ ਹੋ। ਦੱਖਣੀ ਭਾਰਤ ਵਿਚ ਲਾਇਬ੍ਰੇਰੀ ਜਾ ਕੇ ਕਿਤਾਬਾਂ ਪੜ੍ਹਨ ਦਾ ਰੁਝਾਨ ਬਹੁਤ ਜ਼ਿਆਦਾ ਹੈ। ਬੱਚੇ, ਨੌਜਵਾਨ ਤੇ ਔਰਤਾਂ, ਕੋਈ ਵੀ ਲਾਇਬ੍ਰੇਰੀ ਜਾ ਕੇ ਲਾਹਾ ਲੈ ਸਕਦਾ ਹੈ। ਉੱਥੇ ਬਹੁਤ ਹੀ ਸ਼ਾਂਤੀ ਤੇ ਅਨੁਸ਼ਾਸਿਤ ਮਾਹੌਲ ਹੁੰਦਾ ਹੈ। ਵੱਡੀ ਤਾਦਾਦ ਵਿੱਚ ਵਿਦਿਆਰਥੀ ਚੁੱਪ-ਚਾਪ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਇਹ ਸਥਾਨ ਸਿੱਖਣ ਲਈ ਬਹੁਤ ਕਾਰਗਰ ਹੈ ਪਰ ਸੋਸ਼ਲ ਮੀਡੀਆ ਨੇ ਅੱਜ ਲਾਇਬ੍ਰੇਰੀ ਜਾਣ ਦੀ ਪ੍ਰਵਿਰਤੀ ਨੂੰ ਖ਼ਤਮ ਕਰ ਦਿੱਤਾ ਹੈ। ਵਿਦਿਆਰਥੀਆਂ ਲਈ ਲਾਇਬ੍ਰੇਰੀ ਜਾਣ ਦੀ ਲਗਨ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ।
ਲਾਇਬ੍ਰੇਰੀ ’ਚ ਬੈਠ ਕੇ ਪੜ੍ਹਨ ਵਾਲਾ ਕਦੇ ਵੀ ਨੀਰਸਤਾ ਦਾ ਸ਼ਿਕਾਰ ਨਹੀਂ ਹੁੰਦਾ। ਕਿਤਾਬਾਂ ਮਨੁੱਖੀ ਸੋਚ ਨੂੰ ਵਿਕਸਤ ਕਰਦੀਆਂ ਹਨ। ਮਾਹਿਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਦਿਮਾਗ ਵਿੱਚੋਂ ਘਟੀਆ ਵਿਚਾਰ ਖ਼ਤਮ ਹੋ ਜਾਂਦੇ ਹਨ। ਅਸੀਂ ਮਾਨਸਿਕ ਤੌਰ ’ਤੇ ਮਜ਼ਬੂਤ ਹੁੰਦੇ ਹਾਂ। ਕੋਈ ਨਾ ਕੋਈ ਵਧੀਆ ਪੁਸਤਕ ਪੜ੍ਹਨ ਨਾਲ ਸਾਨੂੰ ਨਵੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵਧਦਾ ਹੈ। ਵੱਖ-ਵੱਖ ਵਿਸ਼ਿਆਂ ਸਬੰਧੀ ਕਿਤਾਬਾਂ ਪੜ੍ਹਨ ਨਾਲ ਅਸੀਂ ਉਨ੍ਹਾਂ ’ਚ ਮੁਹਾਰਤ ਹਾਸਲ ਕਰ ਸਕਦੇ ਹਾਂ। ਮਨੁੱਖ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਉਹ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਚਲਿਆ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਗੁਆਉਣ ਕਾਰਨ ਨੌਜਵਾਨੀ ਕਿਤਾਬਾਂ ਤੋਂ ਮਨਫ਼ੀ ਹੁੰਦੀ ਜਾ ਰਹੀ ਹੈ ਜਿਸ ਕਾਰਨ ਉਹ ਕੁਰਾਹੇ ਪੈ ਰਹੀ ਹੈ।
ਨਵੀਂ ਪੀੜ੍ਹੀ ਗੁਮਰਾਹ ਹੋ ਰਹੀ ਹੈ। ਅੱਜ ਅਖ਼ਬਾਰਾਂ ਵਿਰਲੇ ਹੀ ਘਰਾਂ ਵਿਚ ਆ ਰਹੀਆਂ ਹਨ। ਪਿੰਡਾਂ ਵਿਚ ਅੱਜ ਵੀ ਲਾਇਬ੍ਰੇਰੀ ਤੱਕ ਦੇਖਣ ਨੂੰ ਨਹੀਂ ਹੈ। ਹੋਣਹਾਰ ਵਿਦਿਆਰਥੀ ਅਹਿਮ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਹੁਣ ਸਰਕਾਰ ਵੱਲੋਂ ਕਈ ਪਿੰਡਾਂ ਵਿਚ ਲਾਇਬ੍ਰੇਰੀਆਂ ਬਣਾਉਣ ਲਈ ਗ੍ਰਾਂਟ ਦਿੱਤੀ ਗਈ ਹੈ ਜੋ ਸ਼ਲਾਘਾਯੋਗ ਪਹਿਲ ਹੈ। ਸਕੂਲਾਂ, ਕਾਲਜਾਂ ਵਿਚ ਵੀ ਲਾਇਬ੍ਰੇਰੀਆਂ ਤਾਂ ਹੁੰਦੀਆਂ ਹਨ, ਪਰ ਬੱਚੇ ਲਾਇਬ੍ਰੇਰੀ ਵੱਲ ਜਾਣ ਨੂੰ ਮੂੰਹ ਨਹੀਂ ਕਰਦੇ। ਪ੍ਰਿੰਸੀਪਲਾਂ ਨੂੰ ਹਫ਼ਤੇ ਵਿਚ ਹਰ ਕਲਾਸ ਦੇ ਵਿਦਿਆਰਥੀਆਂ ਦਾ ਇਕ ਪੀਰੀਅਡ ਲਾਇਬ੍ਰੇਰੀ ਲਈ ਨਿਸ਼ਚਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਵਿਚ ਕਿਤਾਬਾਂ ਪੜ੍ਹਨ ਲਈ ਦਿਲਚਸਪੀ ਵਧੇ। ਉਨ੍ਹਾਂ ਦੀ ਜੀਵਨਸ਼ੈਲੀ ਵਿਚ ਸੁਧਾਰ ਹੋਵੇ। ਕਲਾਸਾਂ ਵਿਚ ਅਧਿਆਪਕ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਵੀ ਦੱਸਣ ਤਾਂ ਜੋ ਬੱਚਿਆਂ ਦਾ ਧਿਆਨ ਇਸ ਵੱਲ ਘੱਟ ਹੋਵੇ ਤੇ ਕਿਤਾਬਾਂ ਪੜ੍ਹਨ ਵੱਲ ਜ਼ਿਆਦਾ ਹੋਵੇ। ਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਲਾਇਬ੍ਰੇਰੀ ਜਾਣ ਦੀ ਆਦਤ ਪਾਉਣ।
-ਸੰਜੀਵ ਸਿੰਘ ਸੈਣੀ, ਮੋਹਾਲੀ।
-ਮੋਹਾਈਲ : 78889-66168