- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਵਿਚ ਬਹੁਤ ਸਾਰੇ ਦੁੱਖਾਂ ਤੇ ਪਰੇਸ਼ਾਨੀਆਂ ਦਾ ਕਾਰਨ ਇਹ ਹੈ ਕਿ ਅਸੀਂ ਬੀਤੀਆਂ ਗੱਲਾਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹਾਂ। ਸਾਡੀ ਜ਼ਿੰਦਗੀ ਅਤੇ ਇਹ ਦੁਨੀਆ ਹਰ ਪਲ ਬਦਲ ਰਹੀ ਹੈ। ਪਰ ਅਸੀਂ ਅਕਸਰ ਆਪਣੇ ਵਿਚਾਰ, ਆਪਣੀ ਸੋਚ ਅਤੇ ਆਪਣੇ ਸੁਭਾਅ ਨੂੰ ਬਦਲ ਰਹੇ ਸਮੇਂ ਅਨੁਸਾਰ ਬਦਲ ਕੇ ਖ਼ੁਦ ਨੂੰ ਸਮੇਂ, ਜ਼ਿੰਦਗੀ ਅਤੇ ਦੁਨੀਆ ਦੇ ਹਾਣ ਦਾ ਨਹੀਂ ਬਣਾਉਂਦੇ

-ਕਮਲ ਸਰਾਵਾਂ
‘ਨਾ ਮੁਹੱਬਤ, ਨਾ ਦੋਸਤੀ ਕੇ ਲੀਏ, ਵਕਤ ਰੁਕਤਾ ਨਹੀਂ ਕਿਸੀ ਕੇ ਲੀਏ।
ਵਕਤ ਕੇ ਸਾਥ-ਸਾਥ ਚਲਤਾ ਰਹੇ, ਯਹੀ ਬਿਹਤਰ ਹੈ ਆਦਮੀ ਕੇ ਲੀਏ।
ਜ਼ਿੰਦਗੀ ਵਿਚ ਬਹੁਤ ਸਾਰੇ ਦੁੱਖਾਂ ਤੇ ਪਰੇਸ਼ਾਨੀਆਂ ਦਾ ਕਾਰਨ ਇਹ ਹੈ ਕਿ ਅਸੀਂ ਬੀਤੀਆਂ ਗੱਲਾਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹਾਂ। ਸਾਡੀ ਜ਼ਿੰਦਗੀ ਅਤੇ ਇਹ ਦੁਨੀਆ ਹਰ ਪਲ ਬਦਲ ਰਹੀ ਹੈ। ਪਰ ਅਸੀਂ ਅਕਸਰ ਆਪਣੇ ਵਿਚਾਰ, ਆਪਣੀ ਸੋਚ ਅਤੇ ਆਪਣੇ ਸੁਭਾਅ ਨੂੰ ਬਦਲ ਰਹੇ ਸਮੇਂ ਅਨੁਸਾਰ ਬਦਲ ਕੇ ਖ਼ੁਦ ਨੂੰ ਸਮੇਂ, ਜ਼ਿੰਦਗੀ ਅਤੇ ਦੁਨੀਆ ਦੇ ਹਾਣ ਦਾ ਨਹੀਂ ਬਣਾਉਂਦੇ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਮੋਬਾਈਲ ਫੋਨ, ਕੰਪਿਊਟਰ ਅਤੇ ਲੈਪਟਾਪ ਨੂੰ ਸਮੇਂ-ਸਮੇਂ ’ਤੇ ਨਵੀਆਂ ਸਹੂਲਤਾਂ ਨਾਲ ਅਪਡੇਟ ਕੀਤਾ ਜਾਂਦਾ ਹੈ। ਇਸ ਦੀ ਲੋੜ ਇਸ ਕਰਕੇ ਪੈਂਦੀ ਹੈ ਕਿਉਂਕਿ ਸਮਾਂ ਬਦਲਦਾ ਰਹਿੰਦਾ ਹੈ ਤੇ ਬਦਲਦੇ ਸਮੇਂ ’ਚ ਪੁਰਾਣੇ ਰੂਪ-ਸਰੂਪ ਵਿਚ ਰਹਿਣਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਚ ਪਿੱਛੇ ਰਹਿਣ ਦਾ ਅਹਿਸਾਸ ਕਰਵਾਉਂਦਾ ਹੈ। ਕੁਦਰਤ ਦਾ ਨਿਯਮ ਵੀ ਇਹੀ ਹੈ ਕਿ ਹਰ ਚੀਜ਼ ਬਦਲ ਰਹੀ ਹੈ। ਕੋਈ ਵੀ ਚੀਜ਼ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਇਸੇ ਤਰ੍ਹਾਂ ਮਨੁੱਖ ਦੀ ਸੋਚ ਅਤੇ ਸਮਝ ਵਿਚ ਵੀ ਤਬਦੀਲੀ ਆਉਣੀ ਲਾਜ਼ਮੀ ਹੈ।
ਜੇ ਤੁਸੀਂ ਅੱਜ ਵੀਹ ਸਾਲਾਂ ਦੇ ਹੋ, ਤਾਂ ਕੀ ਤੁਹਾਡੀ ਸੋਚ ਉਹੀ ਹੈ ਜਿਹੜੀ ਪੰਜ ਸਾਲ ਦੀ ਉਮਰ ਵਿਚ ਸੀ? ਕੀ ਤੁਹਾਡਾ ਸੁਭਾਅ, ਤੁਹਾਡੇ ਵਿਚਾਰ ਅਤੇ ਚੀਜ਼ਾਂ ਨੂੰ ਵੇਖਣ ਦਾ ਢੰਗ ਦਸ ਜਾਂ ਪੰਦਰਾਂ ਸਾਲ ਪਹਿਲਾਂ ਵਰਗਾ ਹੀ ਹੈ? ਸਮੇਂ ਦੇ ਨਾਲ ਮਨੁੱਖ ਬਹੁਤ ਸਿੱਖਦਾ, ਸਮਝਦਾ ਤੇ ਬਦਲਦਾ ਹੈ। ਉਸ ਦੀ ਸਮਝ ਵਧਦੀ ਹੈ, ਉਸ ਦੇ ਤਜਰਬੇ ਵਧਦੇ ਹਨ ਅਤੇ ਉਸ ਦੇ ਵਿਚਾਰਾਂ ਵਿਚ ਤਬਦੀਲੀ ਆਉਂਦੀ ਹੈ। ਫਿਰ ਵੀ ਕਈ ਵਾਰ ਅਸੀਂ ਪੁਰਾਣੀਆਂ ਨਫ਼ਰਤਾਂ, ਗੁੱਸੇ ਅਤੇ ਦੁਸ਼ਮਣੀਆਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹਾਂ। ਮੰਨ ਲਓ, ਵੀਹ ਸਾਲ ਪਹਿਲਾਂ ਤੁਹਾਡਾ ਕਿਸੇ ਨਾਲ ਝਗੜਾ ਹੋਇਆ ਸੀ। ਤੁਸੀਂ ਅੱਜ ਵੀ ਉਸ ਵਿਅਕਤੀ ਬਾਰੇ ਸੋਚਦੇ ਹੋ ਅਤੇ ਮਨ ਵਿਚ ਇਹ ਗੱਲ ਰੱਖਦੇ ਹੋ ਕਿ ਜਦੋਂ ਮੌਕਾ ਮਿਲੇਗਾ, ਬਦਲਾ ਲਵਾਂਗੇ। ਜੇ ਵੀਹ ਸਾਲ ਬੀਤ ਜਾਣ ਤੋਂ ਬਾਅਦ ਵੀ ਤੁਹਾਡੀ ਸੋਚ ਅਤੇ ਤੁਹਾਡਾ ਸੁਭਾਅ ਉਸੇ ਘਟਨਾ ਵਿਚ ਫਸਿਆ ਹੋਇਆ ਹੈ, ਤਾਂ ਤੁਸੀਂ ਆਪਣੇ ਵਰਤਮਾਨ ਨੂੰ ਵੀ ਅਤੀਤ ਦੇ ਹਵਾਲੇ ਕਰ ਰਹੇ ਹੋ।
ਬੀਤਿਆ ਸਮਾਂ ਵਾਪਸ ਨਹੀਂ ਆਉਂਦਾ, ਪਰ ਅਸੀਂ ਉਸ ਦੀਆਂ ਯਾਦਾਂ ਨੂੰ ਆਪਣੇ ਵਰਤਮਾਨ ਵਿਚ ਵਾਰ-ਵਾਰ ਜਿਉਂਦੇ ਰਹਿੰਦੇ ਹਾਂ। ਇਸ ਤਰ੍ਹਾਂ ਉਹ ਘਟਨਾ, ਜੋ ਕਦੇ ਵਾਪਰੀ ਸੀ, ਸਾਡੇ ਮਨ ਵਿਚ ਅੱਜ ਵੀ ਦੁੱਖ ਪੈਦਾ ਕਰਦੀ ਰਹਿੰਦੀ ਹੈ। ਮਿਲੇਨਾ ਦੀ ਧੀ ਹੌਂਜ਼ਾ ਮਿਲੇਨਾ ਨੇ ਆਪਣੀ ਮਾਂ ਬਾਰੇ ਲਿਖਦਿਆਂ ਇਕ ਬਹੁਤ ਡੂੰਘੀ ਗੱਲ ਕਹੀ ਸੀ ਕਿ ਉਸ ਦੀ ਮਾਂ ਨੂੰ ਅਸਲ ਵਿਚ ਉਸ ਦੀ ਯਾਦਦਾਸ਼ਤ ਨੇ ਮਾਰਿਆ, ਕਿਉਂਕਿ ਉਹ ਕੋਈ ਗੱਲ ਭੁੱਲ ਨਹੀਂ ਸਕਦੀ ਸੀ। ਜੇ ਉਹ ਨਿਰੰਤਰ ਕੁਝ ਗੱਲਾਂ ਭੁੱਲਦੀ ਜਾਂਦੀ, ਤਾਂ ਸ਼ਾਇਦ ਉਸ ਦੀ ਉਮਰ ਲੰਬੀ ਹੋ ਸਕਦੀ ਸੀ। ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਹਰ ਯਾਦ ਨੂੰ ਮਨ ਵਿਚ ਸੰਭਾਲ ਕੇ ਰੱਖਣਾ ਸਾਡੇ ਲਈ ਫ਼ਾਇਦੇਮੰਦ ਨਹੀਂ ਹੁੰਦਾ। ਕੁਝ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਕੁਝ ਗੱਲਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ। ਜ਼ਿੰਦਗੀ ਚੀਜ਼ਾਂ ਨੂੰ ਘੁੱਟ ਕੇ ਫੜੀ ਰੱਖਣ ਦਾ ਨਾਂ ਨਹੀਂ ਹੈ। ਇਹ ਵਗਦੇ ਪਾਣੀ ਵਾਂਗ ਅੱਗੇ ਵਧਣ ਦਾ ਨਾਂ ਹੈ। ਰੁਕਿਆ ਪਾਣੀ ਇਕ ਦਿਨ ਖ਼ਰਾਬ ਹੋ ਜਾਂਦਾ ਹੈ ਤੇ ਫ਼ਿਜ਼ਾਵਾਂ ਨੂੰ ਵੀ ਗੰਧਲਾ ਕਰਦਾ ਹੈ।
ਜੇ ਤੁਸੀਂ 2026 ਵਿਚ ਰਹਿੰਦਿਆਂ ਵੀ 2020, 2015 ਜਾਂ 2010 ਦੇ ਖ਼ਿਆਲਾਂ, ਵਿਚਾਰਾਂ ਤੇ ਈਰਖਾਵਾਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹੋ, ਤਾਂ ਤੁਸੀਂ ਆਪਣੇ ਅੱਜ ਨੂੰ ਵੀ ਬੀਤੇ ਕੱਲ੍ਹ ਦੇ ਬੋਝ ਹੇਠ ਦਬਾ ਰਹੇ ਹੋ। ਤੁਹਾਡਾ ਸਰੀਰ ਵਰਤਮਾਨ ਵਿਚ ਪਰ ਤੁਹਾਡੀ ਆਤਮਾ ਅਤੀਤ ਵਿਚ ਭਟਕ ਰਹੀ ਹੈ। ਇਸ ਤਰ੍ਹਾਂ ਜਿਉਣ ਵਾਲੇ ਮਨੁੱਖ ਜ਼ਿੰਦਗੀ ਨੂੰ ਕਦੇ ਬਿਹਤਰ ਨਹੀਂ ਬਣਾ ਸਕਦੇ। ਉਹ ਨਾ ਖ਼ੁਦ ਦੇ ਕੰਮ ਆਉਂਦੇ ਨੇ, ਨਾ ਪਰਿਵਾਰ ਦੇ ਤੇ ਨਾ ਸਮਾਜ ਦੇ। ਗੁੱਸਾ ਵੀ ਮਨੁੱਖ ਦੀ ਸੋਚ ਤੇ ਸਮਝ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਅਸੀਂ ਅਕਸਰ ਮੰਨਦੇ ਹਾਂ ਕਿ ਬੇਵਕੂਫ ਉਹ ਹੁੰਦਾ ਹੈ ਜਿਸ ਵਿਚ ਅਕਲ ਘੱਟ ਹੋਵੇ ਪਰ ਜਿਸ ਵਿਅਕਤੀ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਉਹ ਵੀ ਬੇਵਕੂਫ ਹੁੰਦਾ ਹੈ।
ਹਰ ਚੀਜ਼ ਸੰਤੁਲਨ ਵਿਚ ਚੰਗੀ ਲੱਗਦੀ ਹੈ। ਹਰ ਗੱਲ ਨੂੰ ਨਿੱਜੀ ਤੌਰ ’ਤੇ ਲੈਣਾ ਜ਼ਰੂਰੀ ਨਹੀਂ ਹੁੰਦਾ। ਦੂਜਿਆਂ ਦੇ ਵਿਵਹਾਰ ਕਰਕੇ ਆਪਣੇ ਮਨ ਦੀ ਸ਼ਾਂਤੀ ਗੁਆ ਦੇਣਾ ਸਮਝਦਾਰੀ ਨਹੀਂ ਹੈ। ਮੰਨ ਲਓ, ਕੋਈ ਵਿਅਕਤੀ ਘਰ ਵਿਚ ਆਪਣੀ ਪਤਨੀ ਨਾਲ ਝਗੜਾ ਕਰ ਕੇ ਦਫ਼ਤਰ ਜਾਂਦਾ ਹੈ। ਜੇ ਉਹ ਘਰ ਦਾ ਗੁੱਸਾ ਦਫ਼ਤਰ ਵਿਚ ਵੀ ਆਪਣੇ ਨਾਲ ਲੈ ਜਾਂਦਾ ਹੈ, ਤਾਂ ਉੱਥੇ ਆਪਣੇ ਸਾਥੀਆਂ ਨਾਲ ਵੀ ਉਸ ਦਾ ਵਿਵਹਾਰ ਖ਼ਰਾਬ ਹੋ ਸਕਦਾ ਹੈ। ਇਸ ਤਰ੍ਹਾਂ ਇਕ ਥਾਂ ਦੀ ਪਰੇਸ਼ਾਨੀ ਦੂਜੀ ਥਾਂ ਦੇ ਹਾਲਾਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਲਈ ਅਤੀਤ ਦੇ ਪਛਤਾਵੇ, ਗੁੱਸੇ ਅਤੇ ਨਿਰਾਸ਼ਾ ਨੂੰ ਵਰਤਮਾਨ ਵਿਚ ਲਿਆਉਣ ਤੋਂ ਬਚਣਾ ਚਾਹੀਦਾ ਹੈ। ਅਤੀਤ ਬੀਤ ਚੁੱਕਿਆ ਹੈ ਅਤੇ ਵਰਤਮਾਨ ਸਾਡੇ ਸਾਹਮਣੇ ਹੈ। ਵਰਤਮਾਨ ਨੂੰ ਬੀਤੇ ਸਮੇਂ ਵਰਗਾ ਬਣਾਉਣ ਦੀ ਅੜੀ ਕਰਨ ਦੀ ਥਾਂ ਸਮੇਂ ਦੇ ਨਾਲ ਚੱਲਣਾ ਸਿੱਖਣਾ ਚਾਹੀਦਾ ਹੈ।
ਸਾਹਿਤ, ਸੰਗੀਤ, ਕਿਤਾਬਾਂ, ਪੇਂਟਿੰਗਾਂ ਅਤੇ ਕਲਾ ਸਾਨੂੰ ਸਾਡੀ ਅਸਲ ਜ਼ਿੰਦਗੀ ਤੋਂ ਵੱਖਰੇ ਅਨੁਭਵਾਂ ਨਾਲ ਜੋੜਦੇ ਹਨ। ਇਹ ਸਾਨੂੰ ਅਜਿਹੀਆਂ ਸੰਭਾਵਨਾਵਾਂ ਵਿਖਾਉਂਦੇ ਹਨ, ਜਿਨ੍ਹਾਂ ਬਾਰੇ ਅਸੀਂ ਸ਼ਾਇਦ ਪਹਿਲਾਂ ਸੋਚਿਆ ਵੀ ਨਹੀਂ ਹੁੰਦਾ। ਜ਼ਿੰਦਗੀ ਇਕ ਵਾਰ ਮਿਲਦੀ ਹੈ। ਕਿਸੇ ਨਾਲ ਨਫ਼ਰਤ ਹੋਵੇ ਜਾਂ ਮੁਹੱਬਤ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਰਹੀ ਹੈ ਅਤੇ ਕਿਹੜੀ ਸਾਡੀ ਖ਼ੁਸ਼ੀ ਨੂੰ ਖ਼ਤਮ ਕਰ ਰਹੀ ਹੈ। ਨਫ਼ਰਤ ਮਨੁੱਖ ਦੀ ਅੰਦਰੂਨੀ ਸ਼ਾਂਤੀ ਨੂੰ ਖੋਹ ਸਕਦੀ ਹੈ। ਇਸ ਲਈ ਖ਼ੁਸ਼ ਰਹਿਣਾ ਸਿੱਖੋ ਅਤੇ ਉਨ੍ਹਾਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਵੀ ਸਿੱਖੋ, ਜਿਨ੍ਹਾਂ ਨੂੰ ਬਦਲਣਾ ਤੁਹਾਡੇ ਵੱਸ ਵਿਚ ਨਹੀਂ ਹੈ। ਜ਼ਿੰਦਗੀ ਵਿਚ ਬਹੁਤੀ ਵਾਰ ਅਸੀਂ ਗ਼ਲਤ ਥਾਵਾਂ, ਵਿਚਾਰਾਂ ਤੇ ਮਨੁੱਖਾਂ ’ਤੇ ਆਪਣੀ ਊਰਜਾ ਤੇ ਅਹਿਸਾਸ ਬਰਬਾਦ ਕਰਦੇ ਰਹਿੰਦੇ ਹਾਂ। ਅਸੀਂ ਦੂਜਿਆਂ ਵਿਚ ਬਦਲਾਅ ਲਿਆਉਣਾ ਚਾਹੁੰਦੇ ਹਾਂ ਪਰ ਬਦਲਣ ਦੀ ਲੋੜ ਸਾਨੂੰ ਖ਼ੁਦ ਨੂੰ ਹੁੰਦੀ ਹੈ। ਜਿਹੜਾ ਫੁੱਲ ਖਿੜਿਆ ਹੈ, ਉਸ ਨੇ ਇਕ ਦਿਨ ਮੁਰਝਾਉਣਾ ਹੈ। ਜਿਹੜੀ ਚੀਜ਼ ਬਣੀ ਹੈ, ਉਸ ਨੇ ਇਕ ਦਿਨ ਬਿਖਰਨਾ ਹੈ। ਦੋਸਤੀਆਂ ਹਰ ਕਿਸੇ ਨਾਲ ਨਹੀਂ ਹੋ ਸਕਦੀਆਂ, ਪਰ ਬਿਨਾਂ ਲੋੜ ਦੁਸ਼ਮਣੀਆਂ ਵੀ ਨਹੀਂ ਪਾਲਣੀਆਂ ਚਾਹੀਦੀਆਂ। ਜਦੋਂ ਤੱਕ ਤੁਸੀਂ ਉਸ ਨੂੰ ਲੱਭਣ ਲਈ ਘਰੋਂ ਨਾ ਨਿਕਲੋ, ਉਦੋਂ ਤੱਕ ਤੁਹਾਡਾ ਕੋਈ ਦੁਸ਼ਮਣ ਹੁੰਦਾ ਹੀ ਨਹੀਂ। ਜੇ ਤੁਸੀਂ ਚੰਗਾ ਵਿਵਹਾਰ ਰੱਖਦੇ ਹੋ ਅਤੇ ਸਲੀਕੇ ਨਾਲ ਗੱਲ ਕਰਦੇ ਹੋ, ਤਾਂ ਇਹ ਤੁਹਾਡੀ ਖ਼ੂਬੀ ਹੈ। ਹਰ ਮਨੁੱਖ, ਭਾਵੇਂ ਉਹ ਅਮੀਰ ਹੋਵੇ ਜਾਂ ਗ਼ਰੀਬ, ਵੱਡਾ ਹੋਵੇ ਜਾਂ ਛੋਟਾ, ਆਪਣੇ ਲਈ ਸਤਿਕਾਰ ਚਾਹੁੰਦਾ ਹੈ। ਇਸ ਲਈ ਸਮੇਂ ਦੇ ਨਾਲ ਆਪਣੀ ਸੋਚ ਤੇ ਆਪਣੇ ਸੁਭਾਅ ਨੂੰ ਬਦਲਦੇ ਰਹੋ। ਅਤੀਤ ਤੋਂ ਸਬਕ ਲਓ, ਹੋ ਸਕਦੈ ਅਤੀਤ ’ਚ ਮਿਲੇ ਕੌੜੇ-ਮਿੱਠੇ ਤਜਰਬੇ ਤੁਹਾਡੇ ਕੰਮ ਆ ਸਕਣ। ਭਵਿੱਖ ਦੀ ਤਿਆਰੀ ਰੱਖੋ, ਹੋ ਸਕਦੈ ਕੁਝ ਖ਼ੂਬਸੂਰਤ ਮੌਕੇ ਇਕਦਮ ਤੁਹਾਨੂੰ ਨਸੀਬ ਹੋ ਜਾਣ ਪਰ ਵਰਤਮਾਨ ਵਿਚ ਜੀਣਾ ਤੇ ਇਸ ਨੂੰ ਮਾਣਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਕੱਲ੍ਹ ਨਾਮ ਕਾਲ ਦਾ ਤੇ ਅੱਜ ਹੈ ਕਮਾਲ ਦਾ।
-ਮੋਬਾਈਲ : 99156-81496