- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ, ਜਦਕਿ ਬੇਜ਼ੁਬਾਨ ਪਸ਼ੂ ਵੀ ਪਿਆਸ ਅਤੇ ਗਰਮੀ ਦੀ ਦੋਹਰੀ ਮਾਰ ਹੇਠ ਹਾਲੋ-ਬੇਹਾਲ ਹਨ। ਕੰਢੀ ਖੇਤਰ ਦੇ ਅਨੇਕਾਂ ਪਿੰਡਾਂ ’ਚ ਖੂਹ, ਛੱਪੜ, ਚੋਆਂ ਅਤੇ ਹੋਰ ਕੁਦਰਤੀ ਜਲ ਸਰੋਤ ਲਗਪਗ ਸੁੱਕ ਚੁੱਕੇ ਹਨ।

ਪੰਜਾਬ ਦੇ ਨੀਮ ਪਹਾੜੀ ਅਤੇ ਕੰਢੀ ਇਲਾਕਿਆਂ ’ਚ ਇਸ ਵਾਰ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ। ਤਾਪਮਾਨ ਲਗਾਤਾਰ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ ਤੇ ਪਾਣੀ ਦੇ ਕੁਦਰਤੀ ਸਰੋਤ ਸੁੱਕਣ ਕੰਢੇ ਪਹੁੰਚ ਚੁੱਕੇ ਹਨ।
ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ, ਜਦਕਿ ਬੇਜ਼ੁਬਾਨ ਪਸ਼ੂ ਵੀ ਪਿਆਸ ਅਤੇ ਗਰਮੀ ਦੀ ਦੋਹਰੀ ਮਾਰ ਹੇਠ ਹਾਲੋ-ਬੇਹਾਲ ਹਨ। ਕੰਢੀ ਖੇਤਰ ਦੇ ਅਨੇਕਾਂ ਪਿੰਡਾਂ ’ਚ ਖੂਹ, ਛੱਪੜ, ਚੋਆਂ ਅਤੇ ਹੋਰ ਕੁਦਰਤੀ ਜਲ ਸਰੋਤ ਲਗਪਗ ਸੁੱਕ ਚੁੱਕੇ ਹਨ। ਸਰਕਾਰੀ ਵਾਟਰ ਸਪਲਾਈ ਪ੍ਰਣਾਲੀ ਵੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ’ਚ ਅਸਮਰੱਥ ਸਾਬਤ ਹੋ ਰਹੀ ਹੈ। ਕਿਤੇ ਪਾਣੀ ਦੀ ਸਪਲਾਈ ਦਿਨਾਂ ਤੱਕ ਬੰਦ ਰਹਿੰਦੀ ਹੈ ਤੇ ਕਿਤੇ ਲੋਕਾਂ ਨੂੰ ਬੂੰਦ-ਬੂੰਦ ਪਾਣੀ ਲਈ ਸੰਘਰਸ਼ ਕਰਨਾ ਪੈਂਦਾ ਹੈ।
ਇਸ ਦੀ ਤਾਜ਼ਾ ਮਿਸਾਲ ਰਣਜੀਤ ਸਾਗਰ ਡੈਮ ਦੀ ਹਿੱਕ ’ਤੇ ਵੱਸਦੇ ਪ੍ਰਸਿੱਧ ਪਿੰਡ ਥੜਾ ਉਪਰਲਾ ਧਾਰ ਕਲਾਂ (ਪਠਾਨਕੋਟ) ’ਚ ਵੇਖਣ ਨੂੰ ਮਿਲੀ, ਜਿੱਥੇ ਪਾਣੀ ਦੀ ਕਮੀ ਤੋਂ ਤੰਗ ਆਏ ਲੋਕਾਂ ਨੂੰ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਪੰਜਾਬ ਦੇ ਕਈ ਇਲਾਕੇ ਪਾਣੀ ਦੀ ਭਿਆਨਕ ਕਮੀ ਦਾ ਸਾਹਮਣਾ ਕਰ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਲਗਪਗ ਅੱਠ ਦਹਾਕਿਆਂ ਬਾਅਦ ਵੀ ਲੋਕਾਂ ਨੂੰ ਪੀਣ ਵਾਲੇ ਪਾਣੀ ਵਰਗੀ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਜੰਗਲੀ ਜੀਵ ਵੀ ਪਾਣੀ ਦੀ ਭਾਲ ’ਚ ਮਨੁੱਖੀ ਅਬਾਦੀ ਵਾਲੇ ਖੇਤਰਾਂ ਵੱਲ ਰੁਖ਼ ਕਰ ਰਹੇ ਹਨ, ਜਿਸ ਨਾਲ ਮਨੁੱਖ ਅਤੇ ਜੰਗਲੀ ਜੀਵਾਂ ਵਿਚਕਾਰ ਟਕਰਾਅ ਦੀ ਸੰਭਾਵਨਾ ਵਧ ਰਹੀ ਹੈ। ਜੇਕਰ ਇਨ੍ਹਾਂ ਕਾਰਨਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਾਲਾਂ ’ਚ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ। ਇਸ ਲਈ ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾਣ, ਨਵੇਂ ਚੈੱਕ ਡੈਮ ਬਣਾਏ ਜਾਣ, ਪੁਰਾਣੇ ਜਲ ਸਰੋਤਾਂ ਦੀ ਮੁੜ ਸਾਂਭ-ਸੰਭਾਲ ਕੀਤੀ ਜਾਵੇ ਅਤੇ ਹਰਿਆਵਲ ਵਧਾਉਣ ਦੀਆਂ ਲਹਿਰਾਂ ਨੂੰ ਜਨ-ਅੰਦੋਲਨ ਦਾ ਰੂਪ ਦਿੱਤਾ ਜਾਵੇ।
ਅੱਜ ਲੋੜ ਸਿਰਫ਼ ਤੁਰੰਤ ਰਾਹਤ ਦੀ ਨਹੀਂ, ਸਗੋਂ ਪਾਣੀ ਦੀ ਸੰਭਾਲ ਪ੍ਰਤੀ ਸਮੂਹਿਕ ਜਾਗਰੂਕਤਾ ਪੈਦਾ ਕਰਨ ਦੀ ਹੈ। ਜੇ ਅਸੀਂ ਅੱਜ ਵੀ ਨਾ ਜਾਗੇ ਤਾਂ ਕੱਲ੍ਹ ਦਾ ਇਤਿਹਾਸ ਸਾਨੂੰ ਇਸ ਗੱਲ ਲਈ ਕਦੇ ਮੁਆਫ਼ ਨਹੀਂ ਕਰੇਗਾ ਕਿ ਅਸੀਂ ਆਪਣੇ ਹੱਥਾਂ ਨਾਲ ਜੀਵਨ ਦੇ ਸਭ ਤੋਂ ਕੀਮਤੀ ਸਰੋਤ ਨੂੰ ਖ਼ਤਮ ਹੋਣ ਦਿੱਤਾ ਹੈ। ਪਾਣੀ ਹੀ ਜੀਵਨ ਹੈ ਅਤੇ ਇਸ ਅਮੋਲਕ ਦਾਤ ਨੂੰ ਬਚਾਉਣ ਲਈ ਸਰਕਾਰ, ਸਮਾਜ ਅਤੇ ਹਰ ਨਾਗਰਿਕ ਨੂੰ ਮਿਲ ਕੇ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
-ਰਾਜਿੰਦਰ ਸਿੰਘ ਰਾਜਨ,
ਪਠਾਨਕੋਟ, 9417427656