- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਪਹਿਲਾਂ ਵੀ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਧਮਕੀਆਂ ਮਿਲੀਆਂ ਹਨ ਜਾਂ ਫਿਰ ਉਨ੍ਹਾਂ ’ਤੇ ਹਮਲੇ ਹੋਏ ਹਨ। ਇਹ ਤਸਕਰਾਂ ਦੇ ਬੇਲਗਾਮ ਹੋਣ ਦਾ ਹੀ ਸੰਕੇਤ ਹੈ। ਪੰਜਾਬ ਤੋਂ ਹਰ ਰੋਜ਼ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਿ ਕਿਤੇ ਡਰੱਗਜ਼ ਦੀ ਖੇਪ ਬਰਾਮਦ ਕੀਤੀ ਗਈ, ਕਿਤੇ ਡਰੱਗਜ਼ ਤਸਕਰੀ ਦਾ ਨੈੱਟਵਰਕ ਤਬਾਹ ਕੀਤਾ ਗਿਆ, ਕਿਤੇ ਡਰੱਗਜ਼ ਤਸਕਰ ਗ੍ਰਿਫ਼ਤਾਰ ਕੀਤਾ ਗਿਆ ਜਾਂ ਫਿਰ ਨਸ਼ੇ ਦੀ ਲਤ ਲੱਗੇ ਨੌਜਵਾਨ ਨੇ ਦਮ ਤੋੜ ਦਿੱਤਾ।

ਪੰਜਾਬ ਵਿਚ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਏ ਜਾਣ ਦੇ ਬਾਵਜੂਦ ਨਸ਼ਾ ਤਸਕਰ ਆਪਣੀਆਂ ਸਰਗਰਮੀਆਂ ਬੇਖ਼ੌਫ਼ ਹੋ ਕੇ ਚਲਾ ਰਹੇ ਹਨ। ਨਸ਼ਾ ਤਸਕਰ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਕਾਰੋਬਾਰ ਚਲਾਉਂਦੇ ਹੋਏ ਪੰਜਾਬ ਨੂੰ ਅਸਥਿਰ, ਖੋਖਲਾ ਅਤੇ ਬਦਨਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਮਾਨਸਾ ਵਿਚ ਡਰੱਗਜ਼ ਤਸਕਰੀ ਖ਼ਿਲਾਫ਼ ਲੜ ਰਹੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਅਤੇ ਉਸ ਮਗਰੋਂ ਤਰਨਤਾਰਨ ਵਿਚ ਪੁਲਿਸ ਮੁਲਾਜ਼ਮ ਤੋਂ ਨਸ਼ੇ ਦੀ ਵੱਡੀ ਖੇਪ ਦੀ ਬਰਾਮਦਗੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਨਸ਼ਿਆਂ ਖ਼ਿਲਾਫ਼ ਜੰਗ ਆਸਾਨ ਬਿਲਕੁਲ ਵੀ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਧਮਕੀਆਂ ਮਿਲੀਆਂ ਹਨ ਜਾਂ ਫਿਰ ਉਨ੍ਹਾਂ ’ਤੇ ਹਮਲੇ ਹੋਏ ਹਨ। ਇਹ ਤਸਕਰਾਂ ਦੇ ਬੇਲਗਾਮ ਹੋਣ ਦਾ ਹੀ ਸੰਕੇਤ ਹੈ। ਪੰਜਾਬ ਤੋਂ ਹਰ ਰੋਜ਼ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਿ ਕਿਤੇ ਡਰੱਗਜ਼ ਦੀ ਖੇਪ ਬਰਾਮਦ ਕੀਤੀ ਗਈ, ਕਿਤੇ ਡਰੱਗਜ਼ ਤਸਕਰੀ ਦਾ ਨੈੱਟਵਰਕ ਤਬਾਹ ਕੀਤਾ ਗਿਆ, ਕਿਤੇ ਡਰੱਗਜ਼ ਤਸਕਰ ਗ੍ਰਿਫ਼ਤਾਰ ਕੀਤਾ ਗਿਆ ਜਾਂ ਫਿਰ ਨਸ਼ੇ ਦੀ ਲਤ ਲੱਗੇ ਨੌਜਵਾਨ ਨੇ ਦਮ ਤੋੜ ਦਿੱਤਾ।
ਇਕ ਸਮਾਂ ਸੀ ਜਦੋਂ ਨਸ਼ੀਲੇ ਪਦਾਰਥਾਂ ਦੀ ਪਹੁੰਚ ਅਤੇ ਉਨ੍ਹਾਂ ਦਾ ਸੇਵਨ ਸ਼ਹਿਰੀ ਇਲਾਕਿਆਂ ਤੱਕ ਹੀ ਸੀਮਤ ਸੀ ਪਰ ਹੁਣ ਤਾਂ ਪਿੰਡਾਂ ਵਿਚ ਵੀ ਤਰ੍ਹਾਂ-ਤਰ੍ਹਾਂ ਦੀਆਂ ਸਿੰਥੈਟਿਕ ਡਰੱਗਜ਼ ਪਹੁੰਚ ਰਹੀਆਂ ਹਨ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਜਗ੍ਹਾ-ਜਗ੍ਹਾ ਨਸ਼ਾ ਮੁਕਤੀ ਕੇਂਦਰਾਂ ਦੇ ਨਾਲ-ਨਾਲ ਨਸ਼ਾ-ਮੁਕਤੀ ਮੁਹਿੰਮ ਵੀ ਚੱਲ ਰਹੀ ਹੈ, ਕਿਉਂਕਿ ਨਸ਼ੇ ’ਤੇ ਲੱਗੇ ਨੌਜਵਾਨਾਂ ਦੀ ਗਿਣਤੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਅਨੇਕ ਨੌਜਵਾਨ ਬੇਵਕਤੇ ਹੀ ਮੌਤ ਦੇ ਮੂੰਹ ਵਿਚ ਪੈ ਰਹੇ ਹਨ ਜਾਂ ਸਰੀਰਕ-ਮਾਨਸਿਕ ਤੌਰ ’ਤੇ ਇੰਨੇ ਨਕਾਰਾ ਹੁੰਦੇ ਜਾ ਰਹੇ ਹਨ ਕਿ ਪਰਿਵਾਰ ਵਾਲਿਆਂ ਲਈ ਬੋਝ ਬਣਦੇ ਜਾ ਰਹੇ ਹਨ।
ਸੂਬੇ ਵਿਚ ਨਸ਼ਿਆਂ ਦੇ ਆਦੀ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨੌਜਵਾਨ ਹੀ ਨਹੀਂ, ਮੁਟਿਆਰਾਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਬਣ ਰਹੀਆਂ ਹਨ। ਜੋ ਪੰਜਾਬ ਇਕ ਸਮੇਂ ਹੱਟੇ-ਕੱਟੇ ਅਤੇ ਮਿਹਨਤਕਸ਼ ਨੌਜਵਾਨਾਂ ਲਈ ਜਾਣਿਆ ਜਾਂਦਾ ਸੀ, ਉੱਥੋਂ ਦੇ ਜ਼ਿਆਦਾਤਰ ਨੌਜਵਾਨ ਅੱਜ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਕੇ ਆਪਣੀ ਸਿਹਤ ਅਤੇ ਆਪਣਾ ਭਵਿੱਖ ਬਰਬਾਦ ਕਰ ਰਹੇ ਹਨ। ਇਸੇ ਕਾਰਨ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਨੌਜਵਾਨ ਮਿਲਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਾਲਾਤ ਇਹੋ ਬਿਆਨ ਕਰ ਰਹੇ ਹਨ ਕਿ ਪੰਜਾਬ ਵਿਚ ਨਸ਼ੇ ਦੀ ਉਪਲਬਧਤਾ ਨੇ ਇਕ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ।
ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਪੰਜਾਬ ਵਿਚ ਜੋ ਵੀ ਪਾਰਟੀ ਇਸ ਵੱਡੇ ਵਾਅਦੇ ਨਾਲ ਸੱਤਾ ਵਿਚ ਆਈ ਕਿ ਉਹ ਸੂਬੇ ਨੂੰ ਡਰੱਗਜ਼ ਦੀ ਸਮੱਸਿਆ ਤੋਂ ਮੁਕਤੀ ਦਿਵਾਏਗੀ, ਉਹ ਨਾਕਾਮ ਹੀ ਰਹੀ। ਇਸ ਨਾਕਾਮੀ ਦੇ ਮੂਲ ਵਿਚ ਰਾਜਨੀਤਕ ਇੱਛਾ-ਸ਼ਕਤੀ ਦੀ ਕਮੀ ਨਜ਼ਰ ਆਉਂਦੀ ਹੈ। ਇਹ ਪੰਜਾਬ ਦੀ ਬਦਕਿਸਮਤੀ ਹੀ ਆਖੀ ਜਾ ਸਕਦੀ ਹੈ ਕਿ ਇੱਥੇ ਅਜਿਹੇ ਨੇਤਾਵਾਂ ਦੀ ਕਮੀ ਨਹੀਂ ਹੈ ਜਿਨ੍ਹਾਂ ’ਤੇ ਡਰੱਗਜ਼ ਤਸਕਰਾਂ ਦੀ ਪੁਸ਼ਤ-ਪਨਾਹੀ ਕਰਨ ਦੇ ਗੰਭੀਰ ਇਲਜ਼ਾਮ ਲੱਗਦੇ ਰਹਿੰਦੇ ਹਨ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਡਰੱਗਜ਼ ਭੇਜ ਰਿਹਾ ਹੈ ਪਰ ਉਹ ਅਜਿਹਾ ਕਰਨ ਵਿਚ ਇਸ ਲਈ ਕਾਮਯਾਬ ਹੋ ਰਿਹਾ ਹੈ ਕਿਉਂਕਿ ਸੂਬੇ ਵਿਚ ਡਰੱਗਜ਼ ਦਾ ਧੰਦਾ ਕਰਨ ਵਾਲੇ ਬੇਲਗਾਮ ਹਨ। ਪੰਜਾਬ ਨਸ਼ੇ ਦੀ ਦਲਦਲ ’ਚੋਂ ਉਦੋਂ ਹੀ ਨਿਕਲ ਸਕੇਗਾ ਜਦ ਇਸ ਸਮੱਸਿਆ ਨਾਲ ਜੰਗੀ ਪੱਧਰ ’ਤੇ ਨਿਪਟਿਆ ਜਾਵੇਗਾ।