ਟਰੰਪ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਨਹੀਂ, ਜਿਨ੍ਹਾਂ ਨੇ ਮਨਮਰਜ਼ੀ ਵਾਲੇ ਤਰੀਕੇ ਨਾਲ ਕਿਸੇ ਹੋਰ ਦੇਸ਼ ’ਚ ਫ਼ੌਜੀ ਦਖ਼ਲ ਦਿੱਤਾ ਹੋਵੇ, ਪਰ ਇੰਨਾ ਜ਼ਰੂਰ ਹੈ ਕਿ ਉਹ ਕੁਝ ਜ਼ਿਆਦਾ ਹੀ ਮਨਮਰਜ਼ੀ ਤੋਂ ਜਾਣੂ ਕਰਵਾ ਰਹੇ ਹਨ। ਇਸ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਦਾ ਜ਼ਰੂਰਤ ਤੋਂ ਵੱਧ ਅਧਿਕਾਰਵਾਦੀ ਅਤੇ ਇਕ ਤਰ੍ਹਾਂ ਨਾਲ ਤਾਨਾਸ਼ਾਹ ਹੋਣਾ ਹੈ।
ਇਹ ਸਹੀ ਹੈ ਕਿ ਅਮਰੀਕਾ ਨੇ ਇਕ ਹੌਸਲੇ ਵਾਲੀ ਕਾਰਵਾਈ ’ਚ ਈਰਾਨ ’ਚ ਮਾਰ ਸੁੱਟੇ ਗਏ ਆਪਣੇ ਜਹਾਜ਼ ਦੇ ਪਾਇਲਟ ਨੂੰ ਬਚਾ ਕੇ ਆਪਣੀ ਫ਼ੌਜੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਪਰ ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਈਰਾਨ ਜਵਾਬੀ ਕਾਰਵਾਈ ਕਰਨ ’ਚ ਸਮਰੱਥ ਬਣਿਆ ਹੋਇਆ ਹੈ।
ਅਮਰੀਕਾ ਤੇ ਈਰਾਨ ਦੇ ਰਵੱਈਏ ਨੂੰ ਦੇਖਦੇ ਹੋਏ ਇਹੀ ਲੱਗਦਾ ਹੈ ਕਿ ਇਹ ਜੰਗ ਜਾਰੀ ਰਹੇਗੀ। ਜੇ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਤੋਂ ਹੀ ਦੁਨੀਆ ਲਈ ਸਮੱਸਿਆ ਬਣਿਆ ਊਰਜਾ ਸੰਕਟ ਹੋਰ ਵੱਧ ਗੰਭੀਰ ਰੂਪ ਲੈ ਸਕਦਾ ਹੈ। ਇਸ ਊਰਜਾ ਸੰਕਟ ਦਾ ਕਾਰਨ ਸਮੁੰਦਰੀ ਮਾਰਗ ਹੋਰਮੁਜ਼ ਦਾ ਰੁਕਿਆ ਹੋਣਾ ਹੈ ਤੇ ਨਾਲ ਹੀ ਈਰਾਨ ਵੱਲੋਂ ਖਾੜੀ ਦੇਸ਼ਾਂ ’ਚ ਅਮਰੀਕੀ ਫ਼ੌਜੀ ਟਿਕਾਣਿਆਂ ਸਮੇਤ ਉਥੇ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਵੀ ਹੈ।
ਰੁਕਿਆ ਹੋਰਮੁਜ਼ ਵਿਸ਼ਵ ਦੇ ਨਾਲ-ਨਾਲ ਅਮਰੀਕਾ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ। ਜੇ ਅਮਰੀਕੀ ਰਾਸ਼ਟਰਪਤੀ ਟਰੰਪ ਹੋਰਮੁਜ਼ ਦਾ ਰਾਹ ਖੁੱਲ੍ਹਵਾਉਣ ਲਈ ਆਪਣੇ ਦਾਅਵੇ ਮੁਤਾਬਕ ਈਰਾਨ ’ਤੇ ਭਿਆਨਕ ਹਮਲੇ ਕਰਦੇ ਹਨ ਤਾਂ ਵੀ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਆਪਣੇ ਟੀਚੇ ਨੂੰ ਹਾਸਲ ਕਰਨ ’ਚ ਸਫ਼ਲ ਹੋ ਜਾਣਗੇ। ਅਜਿਹੇ ਆਸਾਰ ਇਸ ਲਈ ਨਹੀਂ ਦਿਖਾਈ ਦਿੰਦੇ, ਕਿਉਂਕਿ ਈਰਾਨ ਅੰਦਾਜ਼ੇ ਤੋਂ ਵੱਧ ਖ਼ਤਰਨਾਕ ਫ਼ੌਜੀ ਸਮਰੱਥਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੇ ਆਪਣੀ ਮਾਰੂ ਸਮਰੱਥਾ ਨਾਲ ਅਮਰੀਕਾ ਨੂੰ ਹੈਰਾਨ ਕੀਤਾ ਹੈ।
ਇਹ ਮੰਨਣ ਦੇ ਕਾਫ਼ੀ ਕਾਰਨ ਹਨ ਕਿ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ ਈਰਾਨ ’ਤੇ ਹਮਲਾ ਕਰਨ ਤੋਂ ਪਹਿਲਾਂ ਉਸ ਦੀ ਫ਼ੌਜੀ ਸਮਰੱਥਾ ਦਾ ਸਹੀ ਤਰ੍ਹਾਂ ਅੰਦਾਜ਼ਾ ਨਹੀਂ ਲਾਇਆ। ਜੇ ਅਮਰੀਕਾ ਇਜ਼ਰਾਈਲ ਦਾ ਸਾਥ ਨਾ ਦਿੰਦਾ ਤਾਂ ਇਸ ਜੰਗ ਦੀ ਨੌਬਤ ਹੀ ਨਾ ਆਉਂਦੀ। ਸਪੱਸ਼ਟ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਵੈਨੇਜ਼ੁਏਲਾ ਸਮਝਿਆ ਤੇ ਆਪਣੇ ਹੰਕਾਰ ਕਾਰਨ ਬਿਨਾਂ ਕੁਝ ਵੱਧ ਸੋਚੇ-ਵਿਚਾਰੇ ਉਸ ’ਤੇ ਹਮਲਾ ਕਰ ਦਿੱਤਾ। ਟਰੰਪ ਕੁਝ ਵੀ ਦਾਅਵਾ ਕਰਨ, ਈਰਾਨ ’ਚ ਨਾ ਤਾਂ ਸੱਤਾ ਤਬਦੀਲੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ ਪਰਮਾਣੂ ਹਥਿਆਰ ਨਿਰਮਾਣ ਦੀ ਉਸ ਦੀ ਸਮਰੱਥਾ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਟਰੰਪ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਨਹੀਂ, ਜਿਨ੍ਹਾਂ ਨੇ ਮਨਮਰਜ਼ੀ ਵਾਲੇ ਤਰੀਕੇ ਨਾਲ ਕਿਸੇ ਹੋਰ ਦੇਸ਼ ’ਚ ਫ਼ੌਜੀ ਦਖ਼ਲ ਦਿੱਤਾ ਹੋਵੇ, ਪਰ ਇੰਨਾ ਜ਼ਰੂਰ ਹੈ ਕਿ ਉਹ ਕੁਝ ਜ਼ਿਆਦਾ ਹੀ ਮਨਮਰਜ਼ੀ ਤੋਂ ਜਾਣੂ ਕਰਵਾ ਰਹੇ ਹਨ। ਇਸ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਦਾ ਜ਼ਰੂਰਤ ਤੋਂ ਵੱਧ ਅਧਿਕਾਰਵਾਦੀ ਅਤੇ ਇਕ ਤਰ੍ਹਾਂ ਨਾਲ ਤਾਨਾਸ਼ਾਹ ਹੋਣਾ ਹੈ। ਅਮਰੀਕੀ ਰਾਸ਼ਟਰਪਤੀ ਦੀ ਤਾਨਾਸ਼ਾਹੀ ਜਮਹੂਰੀਅਤ ’ਚ ਇਕ ਅਸੰਤੁਲਨ ਵਾਲੀ ਵਿਵਸਥਾ ਹੀ ਹੈ।
ਇਹ ਜਮਹੂਰੀ ਕਦਰਾਂ ਕੀਮਤਾਂ ਤੇ ਆਦਰਸ਼ਾਂ ਦੇ ਉਲਟ ਹੈ। ਟਰੰਪ ਦਾ ਰਵੱਈਆ ਸ਼ਾਇਦ ਹੀ ਬਦਲੇ ਪਰ ਅਮਰੀਕਾ ਲਈ ਇਸ ’ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਤਾਕਤ ਨਾਲ ਲੈਸ ਅਮਰੀਕੀ ਰਾਸ਼ਟਰਪਤੀ ਕਿਵੇਂ ਪੂਰੀ ਦੁਨੀਆ ਦੇ ਸਾਹਮਣੇ ਸੰਕਟ ਖੜ੍ਹਾ ਕਰ ਦਿੰਦਾ ਹੈ। ਇਹ ਠੀਕ ਹੈ ਕਿ ਲੋਕਤੰਤਰ ਹੋਣ ਕਾਰਨ ਅਗਲੀ ਮੱਧਵਰਤੀ ਚੋਣ ’ਚ ਟਰੰਪ ਨੂੰ ਸਿਆਸੀ ਰੂਪ ਨਾਲ ਨੁਕਸਾਨ ਉਠਾਉਣਾ ਪੈ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਹਰਮਨਪਿਆਰਤਾ ਤੇਜ਼ੀ ਨਾਲ ਡਿੱਗ ਰਹੀ ਹੈ, ਪਰ ਫ਼ਿਲਹਾਲ ਤਾਂ ਉਨ੍ਹਾਂ ਦੇ ਮਨਮਰਜ਼ੀ ਵਾਲੇ ਏਜੰਡੇ ’ਤੇ ਕੋਈ ਰੋਕ ਲੱਗਦੀ ਦਿਖਾਈ ਨਹੀਂ ਦੇ ਰਹੀ ਹੈ।