- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੜੀ ਤੋਂ ਅਗਲੇ ਮਾਘੀ ਵਾਲੇ ਦਿਨ ਬੱਚੇ ਦਾ ਪਿੰਡਾ ਭੱਠੀ ਵਾਂਗ ਤਪਣ ਲੱਗਾ। ਉਸ ਦੀ ਮਾਂ ਅਤੇ ਦਾਦੀ ਜੀ ਉਸ ਨੂੰ ਮਾਨਸਾ ਦੇ ਇਕ ਡਾਕਟਰ ਕੋਲੋਂ ਦਵਾਈ ਦਿਵਾ ਲਿਆਏ ਪਰ ਹਾਲਾਤ ਸੁਧਰਨ ਦੀ ਥਾਂ ਹੋਰ ਨਾਜ਼ੁਕ ਹੋ ਗਏ। ਤੇਜ਼ ਤਾਪ ਦੇ ਨਾਲ ਉਲਟੀਆਂ ਅਤੇ ਦਸਤ ਸ਼ੁਰੂ ਹੋ ਗਏ। ਨੌਂ ਮਹੀਨਿਆਂ ਦਾ ਫੁੱਲਾਂ ਵਰਗਾ ਮਾਸੂਮ ਬੱਚਾ ਪਲਾਂ-ਛਿਣਾਂ ਵਿਚ ਨਿਢਾਲ ਹੋ ਕੇ ਹੱਥਾਂ ਵਿਚ ਆ ਗਿਆ। ਉਸ ਦਿਨ ਮੇਰੇ ਵੱਡੇ ਭਾਈ ਘਰ ਹੀ ਸਨ।

ਜਦੋਂ ਵੀ ਮੈਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਮਾਂ ਦਾ ਪਿਆਰ’ ਪੜ੍ਹਾ ਰਿਹਾ ਹੁੰਦਾ ਹਾਂ, ਤਾਂ ਅਕਸਰ ਮੇਰਾ ਗਲਾ ਭਰ ਆਉਂਦਾ ਹੈ ਅਤੇ ਹਰਫ਼ਾਂ ਦੀ ਥਾਂ ਮੇਰੀਆਂ ਅੱਖਾਂ ਸਾਹਮਣੇ ਮੇਰੀ ਆਪਣੀ ਜ਼ਿੰਦਗੀ ਦਾ ਉਹ ਸਫ਼ਾ ਉੱਘੜ ਆਉਂਦਾ ਹੈ ਜਿਸ ਉੱਤੇ ਇਕ ਮਾਸੂਮ ਦੀ ਕੁਰਲਾਹਟ ਅਤੇ ਇਕ ਮਾਂ ਦੀ ਬੇਮਿਸਾਲ ਤਪੱਸਿਆ ਉੱਕਰੀ ਹੋਈ ਹੈ। ਗੱਲ ਸਾਲ 2010 ਦੇ ਜਨਵਰੀ ਮਹੀਨੇ ਦੀ ਪੋਹ-ਮਾਘ ਦੀ ਉਸ ਕਾਂਬੇ ਵਾਲੀ ਠੰਢ ਦੀ ਹੈ।
ਸਾਡੇ ਘਰ ਖ਼ੁਸ਼ੀਆਂ ਦੀ ਰੌਣਕ ਸੀ, ਕਿਉਂਕਿ ਮੇਰੇ ਨੌਂ ਮਹੀਨਿਆਂ ਦੇ ਪੁੱਤਰ ਨਵਜੀਤ ਸਿੰਘ ਦੀ ਪਹਿਲੀ ਲੋਹੜੀ ਸੀ। ਮੈਂ ਉਨ੍ਹੀਂ ਦਿਨੀਂ ਬਰੇਟਾ ਵਿਖੇ ਬੀਐੱਡ ਕਰ ਰਿਹਾ ਸਾਂ। ਇਮਤਿਹਾਨ ਸਿਰ ’ਤੇ ਹੋਣ ਕਾਰਨ ਉੱਥੇ ਹੀ ਡੇਰੇ ਲਾਏ ਹੋਏ ਸਨ। ਲੋਹੜੀ ਵਾਲੀ ਸ਼ਾਮ ਸਿਰਫ਼ ਇਕ ਰਾਤ ਦੀ ਖ਼ੁਸ਼ੀ ਸਾਂਝੀ ਕਰਨ ਪਿੰਡ ਪੁੱਜਿਆ ਅਤੇ ਅਗਲੇ ਦਿਨ ਸਵਖਤੇ ਹੀ ਵਾਪਸ ਮੁੜ ਗਿਆ। ਨਵਜੀਤ ਨੂੰ ਇੱਕ-ਦੋ ਦਿਨ ਤੋਂ ਹਲਕਾ ਜਿਹਾ ਤਾਪ ਸੀ ਪਰ ਸਾਨੂੰ ਕੀ ਇਲਮ ਸੀ ਕਿ ਇਹ ਮਾਮੂਲੀ ਜਿਹਾ ਬੁਖ਼ਾਰ ਸਾਡੀ ਜ਼ਿੰਦਗੀ ਦੀ ਸਭ ਤੋਂ ਕਠਿਨ ਅਗਨੀ-ਪ੍ਰੀਖਿਆ ਬਣਨ ਜਾ ਰਿਹਾ ਹੈ।
ਲੋਹੜੀ ਤੋਂ ਅਗਲੇ ਮਾਘੀ ਵਾਲੇ ਦਿਨ ਬੱਚੇ ਦਾ ਪਿੰਡਾ ਭੱਠੀ ਵਾਂਗ ਤਪਣ ਲੱਗਾ। ਉਸ ਦੀ ਮਾਂ ਅਤੇ ਦਾਦੀ ਜੀ ਉਸ ਨੂੰ ਮਾਨਸਾ ਦੇ ਇਕ ਡਾਕਟਰ ਕੋਲੋਂ ਦਵਾਈ ਦਿਵਾ ਲਿਆਏ ਪਰ ਹਾਲਾਤ ਸੁਧਰਨ ਦੀ ਥਾਂ ਹੋਰ ਨਾਜ਼ੁਕ ਹੋ ਗਏ। ਤੇਜ਼ ਤਾਪ ਦੇ ਨਾਲ ਉਲਟੀਆਂ ਅਤੇ ਦਸਤ ਸ਼ੁਰੂ ਹੋ ਗਏ। ਨੌਂ ਮਹੀਨਿਆਂ ਦਾ ਫੁੱਲਾਂ ਵਰਗਾ ਮਾਸੂਮ ਬੱਚਾ ਪਲਾਂ-ਛਿਣਾਂ ਵਿਚ ਨਿਢਾਲ ਹੋ ਕੇ ਹੱਥਾਂ ਵਿਚ ਆ ਗਿਆ। ਉਸ ਦਿਨ ਮੇਰੇ ਵੱਡੇ ਭਾਈ ਘਰ ਹੀ ਸਨ।
ਬੱਚੇ ਦੀ ਹਾਲਤ ਵਿਗੜਦੀ ਦੇਖ ਕੇ ਉਹ ਬਿਨਾਂ ਕੋਈ ਪਲ ਗੁਆਏ ਨਵਜੀਤ ਨੂੰ ਮਾਨਸਾ ਦੇ ਬੱਚਿਆਂ ਵਾਲੇ ਹਸਪਤਾਲ ਲੈ ਗਏ। ਜਾਂਚ ਉਪਰੰਤ ਜਦੋਂ ਡਾਕਟਰ ਨੇ ਇਹ ਦੱਸਿਆ ਕਿ ਬੁਖ਼ਾਰ ਬੱਚੇ ਦੇ ਦਿਮਾਗ ਨੂੰ ਹੋ ਚੁੱਕਾ ਹੈ ਤਾਂ ਪਰਿਵਾਰ ਦੇ ਸਾਹ ਸੂਤੇ ਗਏ। ਉਸ ਨੂੰ ਫ਼ੌਰੀ ਤੌਰ ’ਤੇ ਦਾਖ਼ਲ ਕਰ ਲਿਆ ਗਿਆ। ਇਲਾਜ ਲਈ ਗੁਲੂਕੋਜ਼ ਦੀ ਬੋਤਲ ਲਾਉਣ ਦਾ ਅਮਲ ਸ਼ੁਰੂ ਹੋਇਆ। ਨਵਜੀਤ ਆਪਣੀ ਮਾਂ ਦੀ ਛਾਤੀ ਨਾਲ ਚਿੰਬੜਿਆ ਰੋ ਰਿਹਾ ਸੀ। ਸਟਾਫ ਵੱਲੋਂ ਕਦੇ ਉਸ ਦੀ ਨੰਨ੍ਹੀ ਬਾਂਹ ਅਤੇ ਕਦੇ ਹੱਥ ਦੀਆਂ ਪਤਲੀਆਂ ਨਾੜਾਂ ਟੋਲਣ ਲਈ ਸੂਈਆਂ ਚੋਭੀਆਂ ਜਾਂਦੀਆਂ, ਪਰ ਨਾੜ ਨਾ ਲੱਭਦੀ।
ਉਹ ਮਾਸੂਮ ਜਿੰਦ ਵਾਰ-ਵਾਰ ਸੂਈਆਂ ਨਾਲ ਵਿੰਨ੍ਹੀ ਜਾ ਰਹੀ ਸੀ। ਆਪਣੀਆਂ ਅੱਖਾਂ ਸਾਹਮਣੇ ਆਪਣੇ ਜਿਗਰ ਦੇ ਟੋਟੇ ਨੂੰ ਇੰਜ ਹਾਲੋਂ-ਬੇਹਾਲ ਹੁੰਦਾ ਦੇਖ ਕੇ ਇਕ ਮਾਂ ਦੇ ਕਲੇਜੇ ’ਤੇ ਕੀ ਬੀਤਦੀ ਹੈ-ਇਹ ਜਾਂ ਤਾਂ ਰੱਬ ਜਾਣਦਾ ਹੈ ਜਾਂ ਉਹ ਮਾਂ। ਆਖ਼ਰ ਮਾਂ ਅਤੇ ਦਾਦੀ ਦੀ ਹਾਲਤ ਦੇਖ ਕੇ ਸਟਾਫ ਨੇ ਬੱਚੇ ਨੂੰ ਉਸ ਦੀ ਮਾਂ ਦੀ ਕੁੱਛੜੋਂ ਖੋਹ ਲਿਆ ਅਤੇ ਇਕ ਕਮਰੇ ਅੰਦਰ ਲੈ ਗਏ। ਉਨ੍ਹਾਂ ਹਦਾਇਤ ਦਿੱਤੀ ਕਿ ਤੁਹਾਡੇ ’ਚੋਂ ਕੋਈ ਵੀ ਅੰਦਰ ਨਾ ਆਵੇ।
ਕਮਰੇ ਦੇ ਬੰਦ ਦਰਵਾਜ਼ੇ ਅੱਗੇ ਖਲੋਤੀ ਮਾਂ ਲਈ ਉਹ ਪਲ ਉਸ ਦੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਪਲ ਸਨ। ਕਾਫ਼ੀ ਜਦੋ-ਜਹਿਦ ਤੋਂ ਬਾਅਦ ਆਖ਼ਰਕਾਰ ਨਵਜੀਤ ਦੇ ਪੈਰ ਦੀ ਨਾੜ ਵਿਚ ਸੂਈ ਲੱਗ ਸਕੀ ਅਤੇ ਗੁਲੂਕੋਜ਼ ਚੜ੍ਹਨਾ ਸ਼ੁਰੂ ਹੋਇਆ। ਪਰ ਹੁਣ ਇਕ ਹੋਰ ਮੁਸ਼ਕਲ ਸੀ। ਨਵਜੀਤ ਜ਼ੋਰ-ਜ਼ੋਰ ਦੀ ਲੱਤਾਂ ਮਾਰ ਰਿਹਾ ਸੀ। ਡਰ ਸੀ ਕਿ ਸੂਈ ਨਿਕਲ ਨਾ ਜਾਵੇ। ਸਟਾਫ ਨੇ ਉਸ ਦੀ ਮਾਂ ਨੂੰ ਕਿਹਾ, ‘ਇਸ ਦੀ ਲੱਤ ਨੂੰ ਫੜ ਕੇ ਰੱਖਣਾ, ਨਹੀਂ ਤਾਂ ਸੂਈ ਨਿਕਲ ਜਾਵੇਗੀ।’ ਬਸ, ਇਹ ਉਹ ਪਲ ਸੀ ਜਦੋਂ ਮਮਤਾ ਇਕ ਅਡੋਲ ਪਹਿਰੇਦਾਰ ਬਣ ਕੇ ਖੜ੍ਹ ਗਈ।
ਇਕ ਘੰਟਾ ਨਹੀਂ, ਇਕ ਦਿਨ ਨਹੀਂ... ਉਹ ਪੂਰੇ ਅੱਠ ਦਿਨ ਅਤੇ ਅੱਠ ਰਾਤਾਂ ਆਪਣੇ ਬੱਚੇ ਦੇ ਪੈਰ ਨੂੰ ਇੰਜ ਕੋਮਲ ਪਰ ਮਜ਼ਬੂਤ ਹੱਥਾਂ ਨਾਲ ਫੜ ਕੇ ਬੈਠੀ ਰਹੀ, ਜਿਵੇਂ ਉਸ ਦੀ ਮੁੱਠੀ ਵਿਚ ਬੱਚੇ ਦੇ ਸਾਹ ਕੈਦ ਹੋਣ। ਉਨ੍ਹਾਂ ਅੱਠਾਂ ਦਿਨਾਂ ਦੌਰਾਨ ਉਸ ਨੂੰ ਨਾ ਖਾਣ-ਪੀਣ ਦੀ ਸੁੱਧ ਰਹੀ, ਨਾ ਸੌਣ ਦੀ ਤੇ ਨਾ ਆਪਣੀ ਸਿਹਤ ਦਾ ਫ਼ਿਕਰ। ਜੇਕਰ ਥਕਾਵਟ ਕਾਰਨ ਕਦੇ ਅੱਖ ਲੱਗਣ ਲੱਗਦੀ, ਤਾਂ ਉਹ ਤ੍ਰਭਕ ਕੇ ਜਾਗ ਪੈਂਦੀ ਕਿ ਕਿਤੇ ਉਸ ਦੀ ਪਕੜ ਢਿੱਲੀ ਨਾ ਪੈ ਜਾਵੇ।
ਮੇਰੇ ਅੰਦਰੂਨੀ ਇਮਤਿਹਾਨ ਚੱਲ ਰਹੇ ਸਨ ਅਤੇ ਪੜ੍ਹਾਈ ਦਾ ਪੂਰਾ ਜ਼ੋਰ ਸੀ, ਇਸ ਲਈ ਮੈਂ ਹਸਪਤਾਲ ਵਿਚ ਰਹਿ ਨਹੀਂ ਸੀ ਸਕਦਾ। ਸਿਰਫ਼ ਚੱਕਰ ਹੀ ਮਾਰ ਸਕਦਾ ਸੀ। ਪਰ ਜਦੋਂ ਵੀ ਗਿਆ, ਉਸ ਨੂੰ ਇਕ ਸਥਿਰ ਬੁੱਤ ਵਾਂਗ ਉਸੇ ਮੁਦਰਾ ਵਿਚ ਬੈਠੀ ਪਾਇਆ, ਇਕ ਹੱਥ ਪੁੱਤ ਦੀ ਲੱਤ ’ਤੇ, ਨਜ਼ਰ ਉਸ ਦੇ ਮਾਸੂਮ ਮੁੱਖੜੇ ਅਤੇ ਸੁੱਕੇ ਹੋਏ ਬੁੱਲ੍ਹਾਂ ’ਤੇ ਹੁੰਦੀ ਤੇ ਇੱਕੋ ਅਰਦਾਸ ਸੀ- ‘‘ਹੇ ਮੇਰੇ ਸੱਚੇ ਪਾਤਸ਼ਾਹ! ਮੇਰੇ ਲਾਲ ਨੂੰ ਜਲਦੀ ਠੀਕ ਕਰ ਦਿਉ। ਚਾਹੇ ਇਸ ਦਾ ਦੁੱਖ ਮੈਨੂੰ ਦੇ ਦੇਣਾ।”
ਅੱਠ ਦਿਨਾਂ ਦੇ ਲਗਾਤਾਰ ਇਲਾਜ, ਉਸ ਮਾਂ ਦੀ ਤਪੱਸਿਆ ਅਤੇ ਪਰਿਵਾਰ ਦੀਆਂ ਅਰਦਾਸਾਂ ਸਦਕਾ ਨਵਜੀਤ ਨੂੰ ਹਸਪਤਾਲੋਂ ਛੁੱਟੀ ਮਿਲ ਗਈ। ਹਾਲਾਂਕਿ ਅਗਲੇ ਤਿੰਨ-ਚਾਰ ਵਰ੍ਹਿਆਂ ਤੱਕ ਵੀ ਨਵਜੀਤ ਹਰ ਸਰਦੀ ਵਿਚ ਬਿਮਾਰ ਹੋ ਜਾਂਦਾ ਸੀ। ਕਈ ਵਾਰ ਹਾਲਤ ਇੰਨੀ ਵਿਗੜ ਜਾਂਦੀ ਕਿ ਉਸ ਨੂੰ ਮੁੜ ਹਸਪਤਾਲ ਦਾਖ਼ਲ ਕਰਵਾਉਣਾ ਪੈਂਦਾ। ਹਰ ਵਾਰ ਉਸ ਦੀ ਮਾਂ ਉਸੇ ਸਿਦਕ ਨਾਲ, ਭੁੱਖ-ਪਿਆਸ ਅਤੇ ਆਪਣੀ ਥਕਾਵਟ ਨੂੰ ਭੁਲਾ ਕੇ ਉਸ ਦੇ ਸਿਰਹਾਣੇ ਡਟੀ ਰਹੀ।
ਅੱਜ ਨਵਜੀਤ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰ ਚੁੱਕਾ ਹੈ। ਕਦੇ-ਕਦਾਈਂ ਅੱਲ੍ਹੜ ਉਮਰ ਦੇ ਰੋਹ ਵਿਚ ਜਦੋਂ ਉਹ ਆਪਣੀ ਮਾਂ ਨਾਲ ਕਿਸੇ ਨਿੱਕੀ ਗੱਲੋਂ ਕੋਈ ਤਲਖ਼ ਬੋਲ ਬੋਲਦਾ ਹੈ, ਤਾਂ ਮੇਰੀਆਂ ਅੱਖਾਂ ਮੂਹਰੇ ਉਸ ਦੀ ਨਿਢਾਲ ਮਾਂ ਦਾ ਉਹੀ ਚਿਹਰਾ ਘੁੰਮ ਜਾਂਦਾ ਹੈ, ਜਿਸ ਨੇ ਹਸਪਤਾਲ ਦੇ ਬੈੱਡ ’ਤੇ ਆਪਣੇ ਸੂਈਆਂ ਨਾਲ ਵਿੰਨ੍ਹੇ ਨੌਂ ਮਹੀਨਿਆਂ ਦੇ ਲਾਲ ਦੇ ਪੈਰ ਨੂੰ ਦੋਹਾਂ ਹੱਥਾਂ ਵਿਚ ਘੁੱਟਿਆ ਹੋਇਆ ਸੀ।
ਮੈਂ ਬੜੇ ਠਰੰਮੇ ਨਾਲ ਉਸ ਨੂੰ ਸਮਝਾਉਂਦਾ ਹੋਇਆ ਕਹਿੰਦਾ ਹਾਂ, “ਪੁੱਤਰ! ਜਿਸ ਮਾਂ ਅੱਗੇ ਅੱਜ ਤੂੰ ਉੱਚਾ ਬੋਲ ਰਿਹਾ ਏਂ ਨਾ, ਉਸ ਨੇ ਤੇਰੇ ਇਕ-ਇਕ ਸਾਹ ਲਈ ਆਪਣੀਆਂ ਕਿੰਨੀਆਂ ਰਾਤਾਂ ਦੀ ਨੀਂਦ, ਭੁੱਖ ਅਤੇ ਚੈਨ ਕੁਰਬਾਨ ਕੀਤਾ ਹੈ, ਸ਼ਾਇਦ ਤੈਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਤੇ ਹੋ ਸਕਦੈ ਕਿ ਕਦੇ ਹੋਵੇ ਵੀ ਨਾ। ਕਿਉਂਕਿ ਤੇਰੇ ਕਰਮਾਂ ਵਿਚ ਕਦੇ ਮਾਂ ਹੋਣਾ ਨਹੀਂ ਲਿਖਿਆ।” ਮੇਰੇ ਇੰਨਾ ਕਹਿੰਦਿਆਂ ਹੀ ਉਸ ਦੇ ਚਿਹਰੇ ਦਾ ਗੁੱਸਾ ਸ਼ਰਮਿੰਦਗੀ ਅਤੇ ਪਛਤਾਵੇ ਵਿਚ ਬਦਲ ਜਾਂਦਾ ਹੈ। ਉਹ ਚੁੱਪ-ਚਾਪ ਜਾ ਕੇ ਆਪਣੀ ਮਾਂ ਨੂੰ ਕਲਾਵੇ ਵਿਚ ਲੈ ਲੈਂਦਾ ਹੈ। ਉਸ ਮੂਕ ਜੱਫੀ ਵਿਚ ਕੋਈ ਲਫ਼ਜ਼ ਨਹੀਂ ਹੁੰਦੇ ਪਰ ਉਹ ਖ਼ਾਮੋਸ਼ੀ ਜਿਵੇਂ ਕਹਿ ਰਹੀ ਹੁੰਦੀ ਹੈ, “ਮਾਂ, ਤੇਰੇ ਕਰਕੇ ਹੀ ਤਾਂ ਮੇਰੀ ਹੋਂਦ ਹੈ।”
ਇਸ ਤੋਂ ਬਾਅਦ ਜਦੋਂ ਮੈਂ ਕਲਾਸਰੂਮ ਵਿਚ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਸਮਾਪਤ ਕਰਦਾ ਹਾਂ, ਤਾਂ ਕਿਤਾਬ ਬੰਦ ਕਰ ਕੇ ਵਿਦਿਆਰਥੀਆਂ ਨੂੰ ਭਰੇ ਹੋਏ ਗਲ਼ੇ ਨਾਲ ਸਿਰਫ਼ ਇੰਨਾ ਹੀ ਆਖ ਪਾਉਂਦਾ ਹਾਂ, “ਬੱਚਿਓ! ਤੁਹਾਡੀਆਂ ਮਾਵਾਂ ਨੇ ਵੀ ਤੁਹਾਨੂੰ ਪਾਲਣ ਲਈ ਅਜਿਹੀਆਂ ਹੀ ਅਣਗਿਣਤ ਕਾਲੀਆਂ ਰਾਤਾਂ ਜਾਗ ਕੇ ਕੱਟੀਆਂ ਹੋਣਗੀਆਂ। ਅਣਗਿਣਤ ਦੁੱਖੜੇ ਝੱਲੇ ਹੋਣਗੇ। ਮਾਂ ਦੇ ਦੁੱਧ ਅਤੇ ਉਸ ਦੀ ਘਾਲਣਾ ਦਾ ਮੁੱਲ ਦੁਨੀਆ ਦੀ ਕਿਸੇ ਦੌਲਤ ਨਾਲ ਨਹੀਂ ਤਾਰਿਆ ਜਾ ਸਕਦਾ। ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਬਸ ਇੰਨਾ ਕਰਨਾ ਕਿ ਕਦੇ ਉਸ ਮਾਂ ਦੇ ਨਰਮ ਦਿਲ ਨੂੰ ਠੇਸ ਨਾ ਪਹੁੰਚਾਉਣਾ-ਇਹੀ ਉਸ ਦੇ ਕਰਜ਼ੇ ਦੀ ਸਭ ਤੋਂ ਵੱਡੀ ਅਦਾਇਗੀ ਹੋਵੇਗੀ। ਇਹ ਸੁਣ ਕੇ ਜਮਾਤ ਵਿਚ ਸੰਨਾਟਾ ਛਾ ਜਾਂਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜਿਵੇਂ ਉਸ ਖ਼ਾਮੋਸ਼ੀ ਵਿਚ ਕਈ ਬੱਚੇ ਆਪਣੇ ਅੰਦਰ ਆਪਣੀ ਮਾਂ ਦਾ ਚਿਹਰਾ ਤਲਾਸ਼ ਰਹੇ ਹੋਣ ਤੇ ਕਹਿ ਰਹੇ ਹੋਣ,-ਮਾਂ, ਤੇਰੇ ਸਦਕਾ ਹੀ ਤਾਂ ਮੇਰੀ ਹੋਂਦ ਹੈ।
-ਨਵਦੀਪ ਸਿੰਘ ਝੁਨੀਰ
-ਮੋਬਾਈਲ : 98769-68193