- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਅਜਿਹੇ ਹਾਲਾਤ ਕਣਕ ਦੀ ਫ਼ਸਲ ਖ਼ਰੀਦਣ ਲੱਗਿਆਂ ਵੀ ਹੁੰਦੇ ਜਾ ਰਹੇ ਹਨ। ਮੇਰੀ ਝੋਨੇ ਦੀ ਫ਼ਸਲ ਦੀ ਖ਼ਰੀਦ ਨਾਲ ਜੁੜੀ ਇਕ ਪੁਰਾਣੀ ਯਾਦ ਹੈ। ਸੰਨ 1997-98 ਦੀ ਗੱਲ ਹੈ। ਉਸ ਸਮੇਂ ਮੈਂ ਦਸਵੀਂ ਜਮਾਤ ’ਚ ਪੜ੍ਹਦਾ ਸੀ। ਸਾਡੀ ਝੋਨੇ ਦੀ ਫ਼ਸਲ ਮੰਡੀ ਵਿਚ ਤਕਰੀਬਨ ਇਕ ਮਹੀਨਾ ਰੁਲਦੀ ਰਹੀ ਸੀ।

ਕਿਸਾਨ ਦੇਸ਼ ਦਾ ਅੰਨਦਾਤਾ ਹੈ ਜੋ ਜੇਠ-ਹਾੜ ਦੀਆਂ ਧੁੱਪਾਂ ਅਤੇ ਪੋਹ-ਮਾਘ ਦੀ ਠੰਢ, ਝੱਖੜਾਂ ਆਪਣੇ ’ਤੇ ਸਹਿੰਦਾ ਹੋਇਆ ਦੇਸ਼ ਦਾ ਢਿੱਡ ਭਰਨ ਲਈ ਅਨਾਜ ਪੈਦਾ ਕਰਦਾ ਹੈ ਪਰ ਜਦੋਂ ਮੰਡੀ ’ਚ ਉਹ ਆਪਣੀ ਜਿਨਸ ਲੈ ਕੇ ਜਾਂਦਾ ਹੈ ਤਾਂ ਖ਼ਰੀਦ ਏਜੰਸੀਆਂ ਵੱਲੋਂ ਫ਼ਸਲ ਦੀ ਬੇਕਦਰੀ ਕਰਨਾ ਬਹੁਤ ਦੁੱਖ ਵਾਲੀ ਗੱਲ ਹੈ। ਪਹਿਲਾਂ ਝੋਨੇ ਨੂੰ ਖ਼ਰੀਦਣ ਲੱਗਿਆਂ ਖ਼ਰੀਦ ਏਜੰਸੀਆਂ ਕਿਸਾਨਾਂ ਨੂੰ ਮੰਡੀਆਂ ’ਚ ਰੋਲਦੀਆਂ ਸਨ।
ਹੁਣ ਅਜਿਹੇ ਹਾਲਾਤ ਕਣਕ ਦੀ ਫ਼ਸਲ ਖ਼ਰੀਦਣ ਲੱਗਿਆਂ ਵੀ ਹੁੰਦੇ ਜਾ ਰਹੇ ਹਨ। ਮੇਰੀ ਝੋਨੇ ਦੀ ਫ਼ਸਲ ਦੀ ਖ਼ਰੀਦ ਨਾਲ ਜੁੜੀ ਇਕ ਪੁਰਾਣੀ ਯਾਦ ਹੈ। ਸੰਨ 1997-98 ਦੀ ਗੱਲ ਹੈ। ਉਸ ਸਮੇਂ ਮੈਂ ਦਸਵੀਂ ਜਮਾਤ ’ਚ ਪੜ੍ਹਦਾ ਸੀ। ਸਾਡੀ ਝੋਨੇ ਦੀ ਫ਼ਸਲ ਮੰਡੀ ਵਿਚ ਤਕਰੀਬਨ ਇਕ ਮਹੀਨਾ ਰੁਲਦੀ ਰਹੀ ਸੀ। ਉਸ ਸਮੇਂ ਝੋਨੇ ਨੂੰ ਕੋਈ ਅਜਿਹਾ ਰੋਗ ਪਿਆ ਕਿ ਉਸ ਦੇ ਦਾਣੇ ਕਾਲੇ ਹੋ ਗਏ। ਖ਼ਰੀਦ ਏਜੰਸੀਆਂ ਨੇ ਕਾਲੇ ਦਾਣਿਆਂ ਵਾਲਾ ਝੋਨਾ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ। ਕਿਸਾਨ ਮੰਡੀਆਂ ’ਚ ਰੁਲ ਰਹੇ ਸਨ। ਮੈਨੂੰ ਚੇਤੇ ਹੈ ਕਿ ਕੋਈ ਵੀ ਖ਼ਰੀਦ ਏਜੰਸੀ ਫ਼ਸਲ ਖ਼ਰੀਦਣ ਨੂੰ ਤਿਆਰ ਨਹੀਂ ਸੀ।
ਇਕ ਦਿਨ, ਖ਼ਰੀਦ ਏਜੰਸੀ ਦਾ ਇੰਸਪੈਕਟਰ ਮੰਡੀ ’ਚ ਆਇਆ। ਕਿਸਾਨਾਂ ਨੇ ਆਪਣੇ ਦੁੱਖੜੇ ਰੋਂਦਿਆਂ ਸਾਰੀ ਹਕੀਕਤ ਦੱਸੀ, ਕਿ ਦਾਣੇ ਅਸੀਂ ਕਾਲੇ ਨਹੀਂ ਕੀਤੇ, ਇਹ ਕੁਦਰਤ ਦੀ ਮਾਰ ਹੈ। ਤੁਸੀਂ ਦਾਣਿਆਂ ’ਚੋਂ ਚੌਲ ਕੱਢ ਕੇ ਵੇਖ ਲਵੋ, ਚੌਲ ਚਿੱਟਾ ਨਿਕਲੇਗਾ। ਇੰਸਪੈਕਟਰ ਨੇ ਬੋਲੀ ਲਾਉਣ ਦੀ ਸ਼ੁਰੂਆਤ ਕੀਤੀ ਪਰ ਪਹਿਲੀ ਢੇਰੀ ’ਤੇ ਜਾ ਕੇ ਦਾਣਿਆਂ ਦੀ ਨਮੀ ਦੇਖੀ ਤੇ ਕਾਲੇ ਦਾਣੇ ਚੈੱਕ ਕਰਦਿਆਂ ਕਿਹਾ ਕਿ ਤੁਹਾਡੀ ਜਿਨਸ ਖ਼ਰੀਦਣ ਯੋਗ ਨਹੀਂ ਹੈ।
ਬਸ ਫਿਰ ਕੀ ਸੀ, ਕਿਸਾਨ ਰੋਹ ’ਚ ਆ ਗਏ। ਇੰਸਪੈਕਟਰ ਨੂੰ ਘੇਰ ਲਿਆ। ਇਕ ਸਾਧਾਰਨ ਕਿਸਾਨ ਬੋਲਿਆ, ਇੰਸਪੈਕਟਰ ਸਾਹਿਬ, ਮੇਰੀ ਗੱਲ ਸੁਣੋ! ਜੇਕਰ ਸਾਡੇ ਘਰ ’ਚ ਕਾਲੇ ਰੰਗ ਦਾ ਬੱਚਾ ਜਨਮ ਲੈ ਲਵੇ, ਤਾਂ ਕੀ ਅਸੀਂ ਉਸ ਨੂੰ ਬਾਹਰ ਸੁੱਟ ਦਿਆਂਗੇ। ਕੀ ਸਾਡਾ ਜੀਅ ਕਰਦਾ ਸੀ ਕਿ ਅਸੀਂ ਕਾਲੇ ਦਾਣਿਆਂ ਵਾਲੀ ਫ਼ਸਲ ਪੈਦਾ ਕਰੀਏ। ਇਹ ਕੁਦਰਤ ਦੀ ਮਾਰ ਹੈ, ਜਿਸ ਕਰਕੇ ਅਸੀਂ ਮੰਡੀਆਂ ’ਚ ਰੁਲ ਰਹੇ ਹਾਂ। ਮੰਡੀਆਂ ’ਚ ਲੰਬਾ ਸੰਘਰਸ਼ ਚੱਲਿਆ, ਸਾਡੇ ਗੁਆਂਢੀ ਘਰ ਦਾ ਬਜ਼ੁਰਗ, ਮੰਡੀ ’ਚ ਝੋਨੇ ਦੀ ਰਾਖੀ ਕਰਦਾ ਸਵਰਗ ਸਿਧਾਰ ਗਿਆ ਸੀ।
ਲੋਕਾਂ ਨੇ ਸਰਕਾਰ ਦਾ ਵਿਰੋਧ ਕਰਦਿਆਂ ਮੰਡੀ ’ਚ ਕਾਲੀ ਦੀਵਾਲੀ ਮਨਾਈ ਸੀ। ਅਖ਼ੀਰ, ਕਿਸਾਨਾਂ ਦੇ ਰੋਹ ਅੱਗੇ ਕੇਂਦਰੀ ਖ਼ਰੀਦ ਏਜੰਸੀਆਂ ਝੁਕ ਗਈਆਂ। ਸਰਕਾਰ ਨੇ ਕਿਸਾਨਾਂ ਦੀ ਸਾਰੀ ਫ਼ਸਲ ਖ਼ਰੀਦਣ ਦਾ ਐਲਾਨ ਕਰ ਦਿੱਤਾ। ਤਾਂ ਕਿਤੇ ਜਾ ਕੇ ਸਾਡਾ ਮੰਡੀ ਤੋਂ ਖਹਿੜਾ ਛੁੱਟਿਆ। ਕਿਉਂਕਿ ਮੇਰੀ ਦਸਵੀਂ ਦੀ ਬੋਰਡ ਦੀ ਪੜ੍ਹਾਈ ਸੀ। ਮੇਰਾ ਸਾਰਾ ਦਿਨ ਮੰਡੀ ’ਚ ਲੰਘ ਜਾਂਦਾ, ਪੜ੍ਹਾਈ ਦਾ ਵੱਖਰਾ ਨੁਕਸਾਨ ਹੋ ਰਿਹਾ ਸੀ। ਅੱਜ ਜਦੋਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਹੁੰਦੀ ਹੈ ਤਾਂ ਮੈਨੂੰ ਉਹ ਕਾਲੀ ਦੀਵਾਲੀ ਚੇਤੇ ਆ ਜਾਂਦੀ ਹੈ।
-ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ
ਮੋਬਾਈਲ : 98781-97000