- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਵੱਲੋਂ ਡੇਰਾ ਬੱਲਾਂ ਤੋਂ ਸ਼ੁਰੂ ਕੀਤੀ ਗਈ ਸਮਰਸੱਤਾ ਸੰਕਲਪ ਯਾਤਰਾ, ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਮਿਲਣੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਸਿਆਸੀ ਸਰਗਰਮੀਆਂ ਇਸੇ ਕੜੀ ਦਾ ਹਿੱਸਾ ਹਨ।

ਪੰਜਾਬ ਦੀ ਸਿਆਸਤ ਵਿਚ ਅੱਜ-ਕੱਲ੍ਹ ਯਾਤਰਾਵਾਂ ਦਾ ਦੌਰ ਚੱਲ ਰਿਹਾ ਹੈ। ਕੋਈ ਸਮਰਸੱਤਾ ਸੰਕਲਪ ਯਾਤਰਾ ਕੱਢ ਰਿਹਾ ਹੈ, ਕੋਈ ਸਾਈਕਲ ਯਾਤਰਾ ਰਾਹੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੋਈ ਲੋਕ ਮਿਲਣੀਆਂ ਦੇ ਨਾਂ ’ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਨਾਲ ਸੰਵਾਦ ਕਰ ਰਿਹਾ ਹੈ।
ਭਾਜਪਾ ਵੱਲੋਂ ਡੇਰਾ ਬੱਲਾਂ ਤੋਂ ਸ਼ੁਰੂ ਕੀਤੀ ਗਈ ਸਮਰਸੱਤਾ ਸੰਕਲਪ ਯਾਤਰਾ, ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਮਿਲਣੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਸਿਆਸੀ ਸਰਗਰਮੀਆਂ ਇਸੇ ਕੜੀ ਦਾ ਹਿੱਸਾ ਹਨ। ਸਵਾਲ ਇਹ ਹੈ ਕਿ ਕੀ ਇਹ ਯਾਤਰਾਵਾਂ ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਹਨ ਜਾਂ ਆਉਣ ਵਾਲੀਆਂ ਚੋਣਾਂ ਲਈ ਸਿਆਸੀ ਜ਼ਮੀਨ ਤਿਆਰ ਕਰਨ ਦਾ ਇਕ ਤਰੀਕਾ? ਬੇਸ਼ੱਕ ਭਾਜਪਾ ਦੀ ਸਮਰਸੱਤਾ ਸੰਕਲਪ ਯਾਤਰਾ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੱਸਿਆ ਜਾ ਰਿਹਾ ਹੈ। ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਸਮਾਜਿਕ ਬਰਾਬਰੀ, ਭਾਈਚਾਰੇ, ਮਨੁੱਖੀ ਸਨਮਾਨ ਅਤੇ ਜਾਤ-ਪਾਤ ਤੋਂ ਮੁਕਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੰਦੀ ਹੈ।
ਪਰ ਸਵਾਲ ਇਹ ਹੈ ਕਿ ਕੀ ਇਸ ਸੰਦੇਸ਼ ਨੂੰ ਸਿਰਫ਼ ਯਾਤਰਾਵਾਂ ਅਤੇ ਸਿਆਸੀ ਮੰਚਾਂ ਤੱਕ ਸੀਮਤ ਰੱਖਿਆ ਜਾ ਸਕਦਾ ਹੈ? ਜੇਕਰ ਸਮਾਜਿਕ ਸਮਰਸੱਤਾ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕੀ ਜਾਤ-ਪਾਤ ਦੇ ਵਿਤਕਰੇ, ਬੇਰੁਜ਼ਗਾਰੀ, ਗ਼ਰੀਬੀ, ਸਿੱਖਿਆ ਅਤੇ ਸਮਾਜਿਕ ਅਸਮਾਨਤਾ ਵਰਗੇ ਮੁੱਦਿਆਂ ’ਤੇ ਕੋਈ ਠੋਸ ਕਾਰਵਾਈ ਵੀ ਹੋਵੇਗੀ? ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅਮਲ ਵਿਚ ਲਿਆਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।
ਦੂਜੇ ਪਾਸੇ, ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਨੂੰ ਵੀ ਲੋਕਾਂ ਨਾਲ ਜੁੜਨ ਅਤੇ ਆਪਣੀ ਸਿਆਸੀ ਮੌਜੂਦਗੀ ਦਰਸਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਮਿਲਣੀਆਂ ਦਾ ਮਕਸਦ ਵੀ ਸਰਕਾਰ ਅਤੇ ਲੋਕਾਂ ਵਿਚਕਾਰ ਸਿੱਧਾ ਸੰਪਰਕ ਬਣਾਉਣਾ ਦੱਸਿਆ ਜਾਂਦਾ ਹੈ। ਸੁਖਬੀਰ ਸਿੰਘ ਬਾਦਲ ਵੀ ਸਿਆਸੀ ਸਰਗਰਮੀਆਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਵਿਚ ਲੱਗੇ ਹੋਏ ਹਨ।
ਪਰ ਇਨ੍ਹਾਂ ਸਾਰੀਆਂ ਸਰਗਰਮੀਆਂ ਵਿਚਕਾਰ ਇਕ ਬੁਨਿਆਦੀ ਸਵਾਲ ਗ਼ਾਇਬ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਦਾ ਹੱਲ ਕੌਣ ਕਰੇਗਾ ਅਤੇ ਕਦੋਂ ਕਰੇਗਾ? ਪੰਜਾਬ ਅੱਜ ਕਈ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ। ਨੌਜਵਾਨਾਂ ਲਈ ਰੁਜ਼ਗਾਰ ਦੀ ਘਾਟ ਹੈ, ਕਿਸਾਨ ਕਰਜ਼ੇ ਅਤੇ ਖੇਤੀ ਸੰਕਟ ਨਾਲ ਜੂਝ ਰਹੇ ਹਨ, ਉਦਯੋਗ ਦੂਜੇ ਸੂਬਿਆਂ ਵੱਲ ਪਲਾਇਨ ਕਰ ਰਹੇ ਹਨ, ਨਸ਼ਿਆਂ ਦੀ ਸਮੱਸਿਆ ਗੰਭੀਰ ਹੈ ਅਤੇ ਸਰਕਾਰੀ ਸਿਹਤ ਤੇ ਸਿੱਖਿਆ ਪ੍ਰਬੰਧ ਵਿਚ ਸੁਧਾਰ ਦੀ ਲੋੜ ਹੈ। ਪਿੰਡਾਂ ਵਿਚ ਪੀਣ ਵਾਲੇ ਸਾਫ਼ ਪਾਣੀ, ਸੀਵਰੇਜ, ਸੜਕਾਂ, ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਮਸਲੇ ਅਜੇ ਵੀ ਮੌਜੂਦ ਹਨ। ਅਜਿਹੇ ਹਾਲਾਤ ਵਿਚ ਸਿਰਫ਼ ਯਾਤਰਾਵਾਂ ਕੱਢਣ ਨਾਲ ਪੰਜਾਬ ਦੀ ਤਸਵੀਰ ਨਹੀਂ ਬਦਲ ਸਕਦੀ।
ਦਰਅਸਲ, ਯਾਤਰਾ ਦੀ ਸਫਲਤਾ ਇਸ ਗੱਲ ਨਾਲ ਨਹੀਂ ਮਾਪੀ ਜਾਣੀ ਚਾਹੀਦੀ ਕਿ ਕਿੰਨੇ ਜ਼ਿਲ੍ਹਿਆਂ ਵਿੱਚੋਂ ਲੰਘੀ, ਕਿੰਨੇ ਆਗੂ ਸ਼ਾਮਲ ਹੋਏ ਜਾਂ ਕਿੰਨੀ ਭੀੜ ਇਕੱਠੀ ਹੋਈ। ਇਸ ਦੀ ਕਾਮਯਾਬੀ ਦਾ ਪੈਮਾਨਾ ਇਹ ਹੋਣਾ ਚਾਹੀਦਾ ਹੈ ਕਿ ਕਿੰਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਇਆ। ਜੇ ਕਿਸੇ ਪਿੰਡ ਵਿਚ ਯਾਤਰਾ ਪਹੁੰਚਦੀ ਹੈ ਤਾਂ ਉੱਥੋਂ ਦੇ ਲੋਕਾਂ ਨੂੰ ਆਪਣੇ ਮਸਲੇ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦੀਆਂ ਸ਼ਿਕਾਇਤਾਂ ਦਰਜ ਹੋਣ, ਸਬੰਧਤ ਅਧਿਕਾਰੀ ਜਵਾਬਦੇਹ ਹੋਣ ਅਤੇ ਹਰ ਮਸਲੇ ਦੇ ਹੱਲ ਲਈ ਸਮਾਂ-ਹੱਦ ਤੈਅ ਕੀਤੀ ਜਾਵੇ।
ਇਸ ਤੋਂ ਬਾਅਦ ਇਹ ਵੀ ਦੱਸਿਆ ਜਾਵੇ ਕਿ ਕਿੰਨੇ ਮਸਲੇ ਹੱਲ ਹੋਏ। ਸਿਆਸੀ ਪਾਰਟੀਆਂ ਨੂੰ ਸਮਝਣਾ ਪਵੇਗਾ ਕਿ ਹੁਣ ਲੋਕ ਸਿਰਫ਼ ਨਾਅਰਿਆਂ, ਝੰਡਿਆਂ ਅਤੇ ਸਵਾਗਤੀ ਸਮਾਗਮਾਂ ਨਾਲ ਸੰਤੁਸ਼ਟ ਹੋਣ ਵਾਲੇ ਨਹੀਂ ਹਨ। ਉਹ ਜਵਾਬਦੇਹੀ ਚਾਹੁੰਦੇ ਹਨ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਕਦੋਂ ਮਿਲੇਗਾ, ਕਿਸਾਨਾਂ ਦੀ ਆਮਦਨ ਕਿਵੇਂ ਵਧੇਗੀ, ਨਸ਼ਿਆਂ ’ਤੇ ਕਾਬੂ ਕਿਵੇਂ ਪਵੇਗਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਕਿਵੇਂ ਖੜ੍ਹਾ ਕੀਤਾ ਜਾਵੇਗਾ। ਲੋਕਤੰਤਰ ਵਿਚ ਲੋਕਾਂ ਤੱਕ ਪਹੁੰਚਣਾ ਚੰਗੀ ਗੱਲ ਹੈ, ਪਰ ਲੋਕਾਂ ਨੂੰ ਸਿਰਫ਼ ਸੁਣਨ ਵਾਲੀ ਭੀੜ ਸਮਝਣਾ ਗ਼ਲਤ ਹੈ। ਉਨ੍ਹਾਂ ਨੂੰ ਫ਼ੈਸਲਾ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਬਣਾਉਣਾ ਵੀ ਓਨਾ ਹੀ ਜ਼ਰੂਰੀ ਹੈ।
ਜੇ ਇਨ੍ਹਾਂ ਯਾਤਰਾਵਾਂ ਵਿਚ ਲੋਕਾਂ ਦੀ ਭਾਗੀਦਾਰੀ, ਉਨ੍ਹਾਂ ਦੇ ਸੁਝਾਅ ਤੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਤਾਂ ਇਹ ਸਿਰਫ਼ ਚੋਣਾਂ ਤੋਂ ਪਹਿਲਾਂ ਸਿਆਸੀ ਤਾਕਤ ਦਿਖਾਉਣ ਦਾ ਸਾਧਨ ਬਣ ਕੇ ਰਹਿ ਜਾਣਗੀਆਂ। ਆਖ਼ਰਕਾਰ ਸਵਾਲ ਇਹ ਨਹੀਂ ਕਿ ਕਿਹੜੀ ਪਾਰਟੀ ਨੇ ਕਿੰਨੀ ਵੱਡੀ ਯਾਤਰਾ ਕੱਢੀ, ਸਗੋਂ ਸਵਾਲ ਇਹ ਹੈ ਕਿ ਉਸ ਯਾਤਰਾ ਤੋਂ ਪੰਜਾਬ ਨੂੰ ਕੀ ਮਿਲਿਆ? ਸੜਕਾਂ ’ਤੇ ਨਿਕਲਣ ਵਾਲੇ ਆਗੂਆਂ ਨੂੰ ਹੁਣ ਲੋਕਾਂ ਦੇ ਜੀਵਨ ਵਿਚ ਆਉਣ ਵਾਲੇ ਬਦਲਾਅ ਦਾ ਹਿਸਾਬ ਵੀ ਦੇਣਾ ਪਵੇਗਾ। ਯਾਤਰਾਵਾਂ ਉਦੋਂ ਹੀ ਸਫਲ ਹੋਣਗੀਆਂ ਜਦੋਂ ਇਹ ਸਿਆਸੀ ਮੰਚਾਂ ਤੋਂ ਨਿਕਲ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਮਾਧਿਅਮ ਬਣਨਗੀਆਂ। ਨਹੀਂ ਤਾਂ ਇਹ ਯਾਤਰਾਵਾਂ ਤਾਂ ਮੁਕੰਮਲ ਹੋ ਜਾਣਗੀਆਂ, ਪਰ ਪੰਜਾਬ ਦੇ ਲੋਕਾਂ ਦਾ ਸਫ਼ਰ ਮੁਸ਼ਕਲਾਂ ਵਿਚਕਾਰ ਪਹਿਲਾਂ ਵਾਂਗ ਹੀ ਜਾਰੀ ਰਹੇਗਾ।