- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਅਧਿਆਪਕ ਦੀ ਗੱਲ ਸੁਣਨ ਤੋਂ ਬਾਅਦ ਮੈਂ ਗਣਿਤ ਅਧਿਆਪਕ ਨੂੰ ਦਫ਼ਤਰ ਵਿਚ ਬੁਲਾ ਕੇ ਕਿਹਾ, ‘ਸਰ, ਤੁਸੀਂ ਮੈਨੂੰ ਆਪਣੀ ਕਿਹੜੀ ਜਮਾਤ ਵਿਖਾਉਣੀ ਚਾਹੋਗੇ ?’ ਗਣਿਤ ਅਧਿਆਪਕ ਨੇ ਬਹੁਤ ਹੀ ਆਤਮਵਿਸ਼ਵਾਸ ਨਾਲ ਕਿਹਾ, ‘ਸਰ,ਕੋਈ ਵੀ ਜਮਾਤ ਚੈੱਕ ਕਰ ਲਓ ।’ ਮੈਂ ਦੱਸਵੀਂ ਜਮਾਤ ਵਿਚ ਜਾ ਕੇ ਬੱਚਿਆਂ ਨੂੰ ਅਲਜਬਰੇ ਦੇ ਫਾਰਮੂਲੇ, ਟ੍ਰਿਗਨੋਮੈਟਰੀ ਨਾਲ ਸੰਬੰਧਤ ਪ੍ਰਸ਼ਨ ਪੁੱਛੇ।

ਅਮਰੀਕਾ ਦੇ ਪ੍ਰਸਿੱਧ ਦਾਰਸ਼ਨਿਕ ਵਿਲੀਅਮ ਜੇਮਸ ਨੇ ਆਪਣੇ ਇਕ ਪ੍ਰਭਾਵਸ਼ਾਲੀ ਭਾਸ਼ਣ `ਚ ਕਿਹਾ ਸੀ ਕਿ ਹਉਮੈ ਅਤੇ ਹਲੀਮੀ ਵੇਖਣ ਨੂੰ ਬਣਤਰ ਵਿਚ ਤਿੰਨ ਹਰਫ਼ਾ ਦੀ ਹੀ ਉਪਜ ਹਨ ਪਰ ਦੋਹਾਂ ਸ਼ਬਦਾਂ ਦੇ ਅਰਥਾਂ ਦੀ ਡੂੰਘਾਈ ਅਤੇ ਸੰਵੇਦਨਸ਼ੀਲਤਾ ਦੋਹਾਂ ਸ਼ਬਦਾਂ ਨੂੰ ਇਕ ਦੂਜੇ ਤੋਂ ਦੂਰ ਕਰ ਦਿੰਦੀ ਹੈ।ਹਉਮੈ `ਚ ਮਨੁੱਖ ਆਪਾ ਗੁਆ ਬੈਠਦਾ ਹੈ ਪਰ ਹਲੀਮੀ ਮਨੁੱਖ ਨੂੰ ਸ਼ਾਂਤ ਰੱਖਦੀ ਹੈ। ਗ਼ਰੂਰ `ਚ ਇਨਸਾਨ ਨੂੰ ਇਨਸਾਨ ਨਹੀਂ ਦਿਸਦਾ, ਜਿਵੇਂ ਕਿ ਛੱਤ ਉੱਤੇ ਚੜ੍ਹ ਜਾਣ ਨਾਲ ਆਪਣਾ ਮਕਾਨ ਨਹੀਂ ਦਿਸਦਾ।
ਹਉਮੈ ਝਗੜਿਆਂ ਨੂੰ ਮੁਕਾਉਣ ਦੀ ਬਜਾਏ ਵਧਾਉਂਦੀ ਹੈ, ਮੂਰਖ ਅਤੇ ਅਕਲਮੰਦ ਹੋਣ `ਚ ਫ਼ਰਕ ਹੋਣ ਦਾ ਪ੍ਰਮਾਣ ਪੇਸ਼ ਕਰਦੀ ਹੈ। ਲੋਕਾਂ ਨੂੰ ਤਮਾਸ਼ਾ ਵੇਖਣ, ਗੱਲਾਂ ਕਰਨ ਅਤੇ ਚਟਕਾਰੇ ਮਾਰ ਕੇ ਸਵਾਦ ਲੈਣ ਦਾ ਮੌਕਾ ਪ੍ਰਦਾਨ ਕਰਦੀ ਹੈ। ਓਸ਼ੋ ਕਹਿੰਦਾ ਹੈ ਕਿ ਹਉਮੈ ਨਾਲ ਭਰਿਆ ਮਨੁੱਖ ਗੁੱਸੇ ਵਿਚ ਉਹ ਸ਼ਬਦ ਬੋਲ ਬੈਠਦਾ ਹੈ ਜੋ ਬਖੇੜੇ ਖੜ੍ਹੇ ਕਰ ਦਿੰਦੇ ਹਨ, ਉਸ ਦਾ ਦੂਜਿਆਂ ਉੱਤੇ ਭੈੜਾ ਪ੍ਰਭਾਵ ਪੈਂਦਾ ਹੈ।
ਉਹ ਆਲੋਚਨਾ ਦਾ ਪਾਤਰ ਬਣ ਜਾਂਦਾ ਹੈ ਪਰ ਸ਼ਾਂਤ ਸੁਭਾਅ ਦੇ ਮਨੁੱਖ ਦੇ ਵਰਤਾਓ ਵਿਚ ਹਲੀਮੀ ਹੁੰਦੀ ਹੈ । ਉਹ ਉੱਤਰ ਦੇਣ ਦੀ ਬਜਾਏ ਆਪਣੇ ਬਾਰੇ ਪ੍ਰਸ਼ਨ ਛੱਡ ਜਾਂਦਾ ਹੈ। ਉਹ ਲੰਬੇ ਸਮੇਂ ਤੱਕ ਲੋਕ ਮਨਾਂ `ਚ ਆਪਣੀ ਥਾਂ ਬਣਾ ਕੇ ਰੱਖਦਾ ਹੈ। ਘਰ ਪਰਿਵਾਰਾਂ, ਅਦਾਰਿਆਂ `ਚ ,ਪਤੀ-ਪਤਨੀ, ਅਧਿਕਾਰੀਆਂ ਅਤੇ ਕਰਮਚਾਰੀਆਂ, ਔਲਾਦ ਅਤੇ ਮਾਪਿਆਂ ਵਿਚ ਮਤਭੇਦ ਤੇ ਝਗੜੇ ਹੋਣ ਦਾ ਕਾਰਨ ਹਉਮੈ ਹੀ ਹੁੰਦੀ ਹੈ । ਹਉਮੈ ਗੁੱਸੇ ਨੂੰ ਜਨਮ ਦਿੰਦੀ ਹੈ, ਗੁੱਸੇ ਵਿਚ ਮਨੁੱਖ ਆਪਣੇ ਪੱਖ ਨੂੰ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਪਾਉਂਦਾ, ਜਿਸ ਨਾਲ ਉਹ ਆਪਣੀ ਗੱਲ ਕਹਿਣ ਵਿਚ ਸਫ਼ਲ ਨਹੀਂ ਹੋ ਪਾਉਂਦਾ । ਹਉਮੈ ਨਾਲ ਭਰਿਆ ਮਨੁੱਖ ਵਿਵੇਕ ਗੁਆ ਬੈਠਦਾ ਹੈ। ਵਿਵੇਕਹੀਣ ਮਨੁੱਖ ਨੂੰ ਮੂਰਖ਼ ਸਮਝਿਆ ਜਾਂਦਾ ਹੈ।
ਇਕ ਦਿਨ ਸਾਡੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੈਨੂੰ ਫੋਨ ਉੱਤੇ ਨਿੱਜੀ ਤੌਰ ’ਤੇ ਦਫ਼ਤਰ ਆ ਕੇ ਮਿਲਣ ਨੂੰ ਕਿਹਾ। ਮਿਲਣ ਦਾ ਕਾਰਨ ਪੁੱਛਣ ’ਤੇ ਉਹ ਬੋਲੇ, ਪ੍ਰਿੰਸੀਪਲ ਸਾਹਿਬ, ਬਾਕੀ ਗੱਲ ਤਾਂ ਤੁਹਾਡੇ ਆਉਣ ’ਤੇ ਕਰਾਂਗੇ, ਤੁਹਾਨੂੰ ਇਕ ਗਣਿਤ ਅਧਿਆਪਕ ਅਤੇ ਸਕੂਲ ਮੁਖੀ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਸੌਂਪਣੀ ਹੈ। ਮੈਂ ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਪਹੁੰਚ ਗਿਆ।
ਚਾਹ ਦਾ ਕੱਪ ਸਾਂਝਾ ਕਰਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਕਹਿਣ ਲੱਗੇ, ਪ੍ਰਿੰਸੀਪਲ ਸਾਹਿਬ, ਇਹ ਪੜਤਾਲ ਮੇਰੇ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ, ਮੈਂ ਇਹ ਪੜਤਾਲ ਤਿੰਨ ਚਾਰ ਪ੍ਰਿੰਸੀਪਲਾਂ ਨੂੰ ਦੇ ਚੁੱਕਾ ਹਾਂ ਪਰ ਕੋਈ ਸਿੱਟਾ ਨਹੀਂ ਨਿਕਲਿਆ , ਦੋ ਪ੍ਰਿੰਸੀਪਲ ਤਾਂ ਇਹ ਪੜਤਾਲ ਕਰਨ ਨੂੰ ਮਨ੍ਹਾ ਹੀ ਕਰ ਗਏ । ਮੈਂ ਤੁਹਾਨੂੰ ਪੜਤਾਲੀਆ ਅਫ਼ਸਰ ਲਗਾਇਆ ਹੈ। ਮੇਰੇ ਦਫ਼ਤਰ ਦੇ ਸਟਾਫ ਨੇ ਤੁਹਾਡਾ ਨਾਂ ਲੈ ਕੇ ਕਿਹਾ ਹੈ ਕਿ ਉਹ ਇਹ ਪੜਤਾਲ ਨੂੰ ਜ਼ਰੂਰ ਨੇਪਰੇ ਚਾੜ੍ਹਨਗੇ । ਤੁਹਾਨੂੰ ਸਕੂਲ ਦੂਰ ਪਵੇਗਾ ਪਰ ਮੈਂ ਤੁਹਾਡੇ ਪੜਤਾਲੀਆ ਅਫ਼ਸਰ ਦੇ ਪੱਤਰ ਵਿਚ ਕਾਰ ਦਾ ਖ਼ਰਚਾ ਕਿਸੇ ਫੰਡ ਵਿੱਚੋਂ ਕਰਨ ਲਈ ਲਿਖ ਦਿਆਂਗਾ ਪਰ ਤੁਸੀਂ ਇਹ ਪੜਤਾਲ ਕਰਨੀ ਜ਼ਰੂਰ ਹੈ।
ਮੈਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬੇਨਤੀ ਕਰਦੇ ਹੋਏ ਕਿਹਾ, ‘ਸਰ, ਸੀਐੱਸਆਰ ਦੇ ਨਿਯਮਾਂ ਅਨੁਸਾਰ ਨਾ ਤਾਂ ਤੁਸੀਂ ਮੈਨੂੰ ਕਾਰ ਦਾ ਖ਼ਰਚਾ ਕਿਸੇ ਫੰਡ ਵਿੱਚੋਂ ਕਰਨ ਲਈ ਲਿਖ ਸਕਦੇ ਹੋ ਤੇ ਨਾ ਹੀ ਮੈਂ ਕਿਸੇ ਫੰਡ ਵਿੱਚੋਂ ਕਾਰ ਦਾ ਖ਼ਰਚਾ ਕਰ ਸਕਦਾ ਹਾਂ। ਇਹ ਪੜਤਾਲ ਤਾਂ ਮੈਂ ਕਰ ਦਿਆਂਗਾ ਪਰ ਇਹ ਦੱਸੋ ਕਿ ਪੜਤਾਲ ਤੁਹਾਡੇ ਅਤੇ ਦੂਜੇ ਪ੍ਰਿੰਸੀਪਲਾਂ ਲਈ ਐਨੀ ਗੰਭੀਰ ਸਮੱਸਿਆ ਕਿਉਂ ਹੈ?
ਮੇਰਾ ਸਵਾਲ ਸੁਣ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬ ਬੋਲੇ। ਪ੍ਰਿੰਸੀਪਲ ਸਾਹਿਬ,ਗੱਲ ਇਹ ਹੈ ਕਿ ਗਣਿਤ ਅਧਿਆਪਕ ਦੀ ਮਦਦ ਅਧਿਆਪਕ ਜੱਥੇਬੰਦੀ ਕਰ ਰਹੀ ਹੈ, ਮੁੱਖ ਅਧਿਆਪਕ ਦੀ ਸਿਫ਼ਾਰਸ਼ ਮੰਤਰੀ ਸਾਹਿਬ ਦੀ ਹੈ। ਗੱਲ ਕੁਝ ਵੀ ਨਹੀਂ ਹੈ, ਦੋਵੇਂ ਧਿਰਾਂ ਨੇ ਇੱਜ਼ਤ ਦਾ ਸਵਾਲ ਬਣਾਇਆ ਹੋਇਆ ਹੈ,ਦੋਹਾਂ ਦੀ ਹਉਮੈ ਮਾਮਲੇ ਨੂੰ ਮੁੱਕਣ ਨਹੀਂ ਦਿੰਦੀ । ਕਿਸੇ ਨਾ ਕਿਸੇ ਤਰ੍ਹਾਂ ਸਿਆਣਪ ਨਾਲ ਦੋਹਾਂ ਨੂੰ ਵਿਸ਼ਵਾਸ ਵਿਚ ਲੈ ਕੇ ਗੱਲ ਖ਼ਤਮ ਕਰੋ ।
ਮੈਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬ ਤੋਂ ਪੜਤਾਲੀਆ ਅਫ਼ਸਰ ਵਾਲਾ ਪੱਤਰ ਲੈ ਕੇ ਆਪਣੇ ਘਰ ਪਰਤ ਆਇਆ। ਸ਼ਾਮ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੰਤਰੀ ਸਾਹਿਬ ਦੇ ਪੀਏ ਦੇ ਫੋਨ ਆ ਗਏ। ਫੋਨ ਆਉਣ ਨਾਲ ਮੈਨੂੰ ਦੋ ਗੱਲਾਂ ਸਮਝ ਆ ਗਈਆਂ। ਪਹਿਲੀ ਗੱਲ ਇਹ ਸੀ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਕੋਈ ਕਰਮਚਾਰੀ ਦੋਹਾਂ ਧਿਰਾਂ ਨੂੰ ਸਾਰੀ ਸੂਚਨਾ ਦੇ ਰਿਹਾ ਹੈ, ਦੂਜੀ ਗੱਲ ਇਹ ਸੀ ਕਿ ਇਹ ਪੜਤਾਲ ਕਰਨੀ ਸੌਖਾ ਕੰਮ ਨਹੀਂ।
ਖੈਰ ਮੈਂ ਤੀਜੇ ਦਿਨ ਮੁੱਖ ਅਧਿਆਪਕ ਦੇ ਦਫ਼ਤਰ ਵਿਚ ਪਹੁੰਚ ਗਿਆ । ਉਨ੍ਹਾਂ ਨੇ ਗਣਿਤ ਅਧਿਆਪਕ ਦੇ ਵਿਰੁੱਧ ਬੋਲਦਿਆਂ ਹੋਇਆਂ ਕਿਹਾ, ‘ਸਰ, ਇਹ ਅਧਿਆਪਕ ਹਰ ਰੋਜ਼ ਪੰਜ ਸੱਤ ਮਿੰਟ ਦੇਰ ਨਾਲ ਆਉਂਦਾ ਹੈ, ਜਮਾਤਾਂ `ਚ ਵੀ ਲੇਟ ਜਾਂਦਾ ਹੈ, ਜਮਾਤ ਪਹਿਲਾਂ ਛੱਡ ਦਿੰਦਾ ਹੈ। ਪੁੱਛਣ ’ਤੇ ਪੁੱਠੇ ਜਵਾਬ ਦਿੰਦਾ ਹੈ । ਮੁੱਖ ਅਧਿਆਪਕ ਦੀ ਗੱਲ ਸੁਣ ਕੇ ਮੈਂ ਉਨ੍ਹਾਂ ਨੂੰ ਸਵਾਲ ਕੀਤਾ, ‘ਸਰ,ਅਧਿਆਪਕ ਬੱਚਿਆਂ ਨੂੰ ਮਿਹਨਤ ਕਰਵਾਉਂਦਾ ਹੈ ਜਾਂ ਨਹੀਂ, ਇਸ ਦੇ ਨਤੀਜੇ ਕਿਸ ਤਰ੍ਹਾਂ ਦੇ ਹਨ ? ਮੁੱਖ ਅਧਿਆਪਕ ਸਾਹਿਬ ਬੋਲੇ, ‘ਅਧਿਆਪਕ ਤਾਂ ਮਿਹਨਤੀ ਹੈ ਅਤੇ ਇਸ ਦੇ ਨਤੀਜੇ ਵੀ ਵਧੀਆ ਹੁੰਦੇ ਹਨ।’
ਮੁੱਖ ਅਧਿਆਪਕ ਦੀ ਗੱਲ ਸੁਣਨ ਤੋਂ ਬਾਅਦ ਮੈਂ ਗਣਿਤ ਅਧਿਆਪਕ ਨੂੰ ਦਫ਼ਤਰ ਵਿਚ ਬੁਲਾ ਕੇ ਕਿਹਾ, ‘ਸਰ, ਤੁਸੀਂ ਮੈਨੂੰ ਆਪਣੀ ਕਿਹੜੀ ਜਮਾਤ ਵਿਖਾਉਣੀ ਚਾਹੋਗੇ ?’ ਗਣਿਤ ਅਧਿਆਪਕ ਨੇ ਬਹੁਤ ਹੀ ਆਤਮਵਿਸ਼ਵਾਸ ਨਾਲ ਕਿਹਾ, ‘ਸਰ,ਕੋਈ ਵੀ ਜਮਾਤ ਚੈੱਕ ਕਰ ਲਓ ।’ ਮੈਂ ਦੱਸਵੀਂ ਜਮਾਤ ਵਿਚ ਜਾ ਕੇ ਬੱਚਿਆਂ ਨੂੰ ਅਲਜਬਰੇ ਦੇ ਫਾਰਮੂਲੇ, ਟ੍ਰਿਗਨੋਮੈਟਰੀ ਨਾਲ ਸੰਬੰਧਤ ਪ੍ਰਸ਼ਨ ਪੁੱਛੇ।
ਬੱਚਿਆਂ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ। ਮੈਂ ਸਮੱਸਿਆ ਦੀ ਜੜ੍ਹ ਫੜ ਲਈ ਤੇ ਮੇਰੇ ਲਈ ਮਾਮਲਾ ਸੁਲਝਾਉਣਾ ਸੌਖਾ ਹੋ ਗਿਆ। ਮੈਂ ਗਣਿਤ ਅਧਿਆਪਕ ਨੂੰ ਦਫ਼ਤਰ ਵਿਚ ਬੁਲਾ ਕੇ ਉਸ ਨੂੰ ਦੇਰ ਨਾਲ ਸਕੂਲ ਆਉਣ, ਜਮਾਤ `ਚ ਦੇਰ ਨਾਲ ਜਾਣ ਅਤੇ ਪਹਿਲਾਂ ਜਮਾਤ ਛਡਣ ਬਾਰੇ ਪੁੱਛਿਆ। ਉਸ ਨੇ ਜਵਾਬ ਹਾਂ `ਚ ਦਿੱਤਾ। ਮੈਂ ਉਸ ਨੂੰ ਸਵਾਲ ਕੀਤਾ ਕਿ ਜੇਕਰ ਮੁੱਖ ਅਧਿਆਪਕ ਤੁਸੀਂ ਹੁੰਦੇ, ਕੀ ਤੁਸੀਂ ਕਿਸੇ ਅਧਿਆਪਕ ਦੇ ਸਕੂਲ ਦੇਰ ਨਾਲ ਆਉਣ ਨੂੰ ਚੰਗਾ ਸਮਝਦੇ ? ਜੇਕਰ ਤੁਹਾਡੇ ਵਾਂਗ ਹੋਰ ਅਧਿਆਪਕ ਵੀ ਸਕੂਲ ਦੇਰ ਨਾਲ ਆਉਣ ਤਾਂ ਕੀ ਮੁੱਖ ਅਧਿਆਪਕ ਸਾਹਿਬ ਉਨ੍ਹਾਂ ਨੂੰ ਕੁਝ ਕਹਿ ਸਕਣਗੇ ? ਗਣਿਤ ਅਧਿਆਪਕ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸਕੇ ।
ਮੈਂ ਉਨ੍ਹਾਂ ਨੂੰ ਕਿਹਾ, ‘ਤੁਸੀਂ ਬਹੁਤ ਮਿਹਨਤੀ ਅਧਿਆਪਕ ਹੋ, ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ ਪਰ ਤੁਹਾਡਾ ਸਕੂਲ ਦੇ ਅਨੁਸ਼ਾਸ਼ਨ ਨੂੰ ਭੰਗ ਕਰਨਾ ਤੁਹਾਡੇ ਗੁਣਾ ਨੂੰ ਪੇਤਲਾ ਕਰ ਦਿੰਦਾ ਹੈ। ਮੇਰਾ ਫ਼ਰਜ਼ ਤੁਹਾਨੂੰ ਦੋਹਾਂ ਨੂੰ ਸਲਾਹ ਦੇਣਾ ਹੈ । ਤੁਹਾਡਾ ਜੋ ਵੀ ਜਵਾਬ ਹੋਇਆ, ਉਹ ਮੈਂ ਵਿਭਾਗ ਨੂੰ ਲਿਖ ਦਿਆਂਗਾ ।
ਮੈਂ ਉਨ੍ਹਾਂ ਨੂੰ ਇਹ ਕਹਿ ਕੇ ਕਿ ਤੁਸੀਂ ਆਪਸ ਵਿਚ ਦਸ ਮਿੰਟ ਗੱਲਬਾਤ ਕਰ ਲਓ,ਆਪਣਾ ਫ਼ੈਸਲਾ ਮੈਨੂੰ ਦੱਸ ਦਿਉ, ਦਫ਼ਤਰ ਤੋਂ ਬਾਹਰ ਚਲਾ ਗਿਆ। ਜਦੋਂ ਮੈਂ ਦਫ਼ਤਰ ਵਿਚ ਆਇਆ ਤਾਂ ਉਨ੍ਹਾਂ ਦੋਹਾਂ ਦੀ ਹਉਮੈ ਦੀ ਕੰਧ ਡਿੱਗ ਚੁੱਕੀ ਸੀ । ਉਨ੍ਹਾਂ ਨੇ ਆਪਣਾ ਸਮਝੌਤਾ ਲਿਖ ਕੇ ਦੇ ਦਿੱਤਾ । ਅਸੀਂ ਤਿੰਨਾਂ ਨੇ ਚਾਹ ਦਾ ਕੱਪ ਸਾਂਝਾ ਕੀਤਾ । ਮੈਂ ਉਨ੍ਹਾਂ ਦਾ ਲਿਖਤੀ ਸਮਝੌਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਦਿੱਤਾ। ਉਸ ਤੋਂ ਬਾਅਦ ਉਸ ਗਣਿਤ ਅਧਿਆਪਕ ਨੇ ਸਟੇਟ ਐਵਾਰਡ ਵੀ ਲਿਆ ।
-ਪ੍ਰਿੰਸੀਪਲ ਵਿਜੈ ਕੁਮਾਰ
-98726 27136