- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਫਰਵਰੀ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਕੱਠਿਆਂ ਲੜਨ ਲਈ ਹੋਏ ਸਮਝੌਤੇ ਨੇ ਪੰਜਾਬ ਦਾ ਸਿਆਸੀ ਮਾਹੌਲ ਬਦਲ ਦਿੱਤਾ ਹੈ। ਇਸ ਗੱਠਜੋੜ ਨਾਲ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚ ਉਤਸ਼ਾਹ ਪੈਦਾ ਹੋ ਗਿਆ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਫਰਵਰੀ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਕੱਠਿਆਂ ਲੜਨ ਲਈ ਹੋਏ ਸਮਝੌਤੇ ਨੇ ਪੰਜਾਬ ਦਾ ਸਿਆਸੀ ਮਾਹੌਲ ਬਦਲ ਦਿੱਤਾ ਹੈ। ਇਸ ਗੱਠਜੋੜ ਨਾਲ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚ ਉਤਸ਼ਾਹ ਪੈਦਾ ਹੋ ਗਿਆ ਹੈ।
ਸੰਨ 2020 ਵਿਚ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਬਣਾਉਣ ਸਮੇਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਸ਼ੁਰੂ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣੇ 24 ਸਾਲ ਦੇ ਪੁਰਾਣੇ ਸਬੰਧ ਤੋੜ ਲਏ ਸਨ। ਹਰਸਿਮਰਤ ਕੌਰ ਬਾਦਲ ਨੇ ਉਸ ਸਮੇਂ ਕੇਂਦਰ ਸਰਕਾਰ ਵਿਚ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਐੱਨਡੀਏ ਗੱਠਜੋੜ ’ਚੋਂ ਬਾਹਰ ਹੋ ਗਿਆ ਸੀ। ਨਵੰਬਰ 2021 ਵਿਚ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ। ਐੱਨਡੀਏ ਵਿੱਚੋਂ ਬਾਹਰ ਆਉਣ ਤੋਂ ਛੇ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਬਣ ਕੇ ਐੱਨਡੀਏ ਵਿਚ ਸ਼ਾਮਲ ਹੋ ਗਿਆ ਹੈ।
ਹੁਣ ਦੋਹਾਂ ਪਾਰਟੀਆਂ ਦੀਆਂ ਰਣਨੀਤੀਆਂ ਵਿਚ ਵਰਣਨਯੋਗ ਤਬਦੀਲੀ ਆਵੇਗੀ। ਇਸ ਸਮਝੌਤੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਘਬਰਾਹਟ ਤੇ ਹਲਚਲ ਪੈਦਾ ਹੋ ਗਈ ਹੈ। ਵਿਰੋਧੀ ਪਾਰਟੀਆਂ ਇਸ ਗੱਠਜੋੜ ਵਿਰੁੱਧ ਤਿੱਖੇ ਬਿਆਨ ਦੇ ਰਹੀਆਂ ਹਨ, ਜਿਸ ਤੋਂ ਉਨ੍ਹਾਂ ਦੀ ਸਿਆਸੀ ਘਬਰਾਹਟ ਝਲਕਦੀ ਹੈ। ਹੁਣ ਪੰਜਾਬ ਵਿਚ ਤਿਕੋਣਾ ਮੁਕਾਬਲਾ ਹੋਵੇਗਾ। ਗੱਠਜੋੜ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਣਾ ਸਿੱਧਾ ਮੁਕਾਬਲਾ ਸਮਝਦੇ ਸਨ ਪਰ ਹੁਣ ਉਨ੍ਹਾਂ ਦੋਵਾਂ ਲਈ ਨਵੀਆਂ ਚੁਣੌਤੀਆਂ ਪੈਦਾ ਹੋਣਗੀਆਂ। ਪੰਜਾਬ ਵਿਧਾਨ ਸਭਾ ਦੀਆਂ 2022 ਵਿਚ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ’ਤੇ ਚਲਾ ਗਿਆ ਸੀ। ਉਸ ਦਾ ਆਧਾਰ ਪੰਥਕ ਵੋਟ ’ਤੇ ਨਿਰਭਰ ਕਰਦਾ ਸੀ।
ਪੰਥਕ ਵੋਟ ਖੁਰਨ ਕਰਕੇ ਉਸ ਨੂੰ ਵਿਧਾਨ ਸਭਾ ਵਿਚ ਸਿਰਫ਼ ਤਿੰਨ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਸੀ। ਪਿਛਲੇ ਛੇ ਸਾਲਾਂ ਵਿਚ ਉਸ ਦਾ ਸਿਆਸੀ ਗ੍ਰਾਫ਼ ਡਿੱਗਦਾ ਆ ਰਿਹਾ ਹੈ ਕਿਉਂਕਿ ਕੁਝ ਧਾਰਮਿਕ ਕਾਰਨਾਂ ਕਰ ਕੇ ਪਾਰਟੀ ਵਿਚ ਫੁੱਟ ਪੈ ਗਈ ਸੀ। ਇਸ ਫੁੱਟ ਕਰਕੇ ਇਕ ਨਵਾਂ ‘ਪੁਨਰ ਸੁਰਜੀਤ ਅਕਾਲੀ ਦਲ’ ਬਣ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇਕ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪਹਿਲਾਂ ‘ਪੁਨਰ ਸੁਰਜੀਤ ਅਕਾਲੀ ਦਲ’ ਵਿਚ ਅਤੇ ਬਾਅਦ ਵਿਚ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਲ ਹੋ ਗਿਆ। ਇਕ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ਇਸ ਸਮੇਂ ਅਕਾਲੀ ਦਲ ਦੀ ਇੱਕੋ-ਇੱਕ ਵਿਧਾਇਕ ਗਨੀਵ ਕੌਰ ਮਜੀਠੀਆ ਹੈ। ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਪਠਾਨਕੋਟ ਅਤੇ ਜੰਗੀ ਲਾਲ ਮਹਾਜਨ ਮੁਕੇਰੀਆਂ ਤੋਂ ਜਿੱਤੇ ਸਨ।
‘ਵਾਰਿਸ ਪੰਜਾਬ ਦੇ’ ਪਾਰਟੀ ਵੀ ਅਕਾਲੀ ਦਲ ਦੀਆਂ ਵੋਟਾਂ ਨੂੰ ਖ਼ੋਰਾ ਲਾਵੇਗੀ। ਭਾਰਤੀ ਜਨਤਾ ਪਾਰਟੀ ਨੇ 23 ਸੀਟਾਂ ਤੋਂ ਵੱਧ ’ਤੇ ਪੰਜਾਬ ਵਿਚ ਕਦੇ ਵੀ ਚੋਣ ਨਹੀਂ ਲੜੀ। ਉਹ ਸਿਰਫ਼ ਸ਼ਹਿਰੀ ਸੀਟਾਂ ’ਤੇ ਚੋਣ ਲੜਦੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗ ਗਿਆ ਸੀ ਕਿ ਦੋਵੇਂ ਪਾਰਟੀਆਂ ਇਕੱਲਿਆਂ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕਣਗੀਆਂ। ਇਸ ਲਈ ਗੱਠਜੋੜ ਕਰਨਾ ਦੋਹਾਂ ਪਾਰਟੀਆਂ ਦੀ ਮਜਬੂਰੀ ਬਣ ਗਿਆ ਸੀ।
ਭਰੋਸੇਯੋਗ ਵਸੀਲਿਆਂ ਤੋਂ ਇਹ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ 71 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 46 ਸੀਟਾਂ ’ਤੇ ਚੋਣ ਲੜਨਗੇ। ਭਾਜਪਾ ਪਹਿਲੀ ਵਾਰ 18 ਦਿਹਾਤੀ ਹਲਕਿਆਂ ਤੋਂ ਚੋਣ ਲੜਨ ਜਾ ਰਹੀ ਹੈ। ਉਸ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਜਿਹੜੇ ਵਿਧਾਨ ਸਭਾ ਹਲਕਿਆਂ ਤੋਂ ਲੀਡ ਲਈ ਸੀ, ਉਨ੍ਹਾਂ ਹਲਕਿਆਂ ’ਤੇ ਆਪਣਾ ਦਾਅਵਾ ਕੀਤਾ ਹੈ। ਕਿਹੜੀਆਂ ਸੀਟਾਂ ਕਿਸ ਪਾਰਟੀ ਨੂੰ ਦਿੱਤੀਆਂ ਜਾਣਗੀਆਂ, ਇਸ ਦਾ ਫ਼ੈਸਲਾ ਬਾਅਦ ਵਿਚ ਹੋਵੇਗਾ। ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਰਾਖਵੇਂ ਹਲਕਿਆਂ ਦੀ ਮੰਗ ਕੀਤੀ ਹੈ।
ਸੀਟਾਂ ਦੀ ਵੰਡ ਤੋਂ ਇਉਂ ਲੱਗ ਰਿਹਾ ਹੈ ਕਿ ਜੇ ਇਸ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਤੇ ਉਪ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ। ਭਾਵ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਵੱਡਾ ਭਰਾ ਬਣ ਕੇ ਫ਼ਰਜ਼ ਨਿਭਾਏਗਾ। ਪੜਚੋਲਕਾਰ ਕਹਿੰਦੇ ਹਨ ਕਿ ਜਿਸ ਪਾਰਟੀ ਨੇ ਵਧੇਰੇ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ, ਉਸ ਦਾ ਹੀ ਮੁੱਖ ਮੰਤਰੀ ਹੋਵੇਗਾ।
24 ਸਾਲ ਬਾਅਦ ਪੁਰਾਣੇ ਰਿਸ਼ਤੇ ਮੁੜ ਬਹਾਲ ਹੋ ਗਏ ਹਨ। 1996 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਜਨਸੰਘ) ਦਾ ਸਿਆਸੀ ਸਫ਼ਰ ਸ਼ੁਰੂ ਹੋਇਆ ਸੀ। 1997 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੋਹਾਂ ਪਾਰਟੀਆਂ ਨੇ ਸਮਝੌਤੇ ਅਧੀਨ ਇਕੱਠਿਆਂ ਲੜੀਆਂ ਸਨ। ਅਕਾਲੀ ਦਲ ਨੇ 94 ਅਤੇ ਭਾਜਪਾ ਨੇ 23 ਸੀਟਾਂ ’ਤੇ ਚੋਣ ਲੜੀ ਸੀ। ਇਨ੍ਹਾਂ ਦੋਹਾਂ ਪਾਰਟੀਆਂ ਨੇ ਪੰਜ ਵਾਰ ਇਕੱਠਿਆਂ ਚੋਣ ਲੜੀ ਹੈ ਤੇ ਤਿੰਨ ਵਾਰ ਜਿੱਤ ਕੇ 1997, 2007 ਅਤੇ 2012 ਵਿਚ ਸਾਂਝੀ ਸਰਕਾਰ ਬਣਾਈ ਸੀ। ਇਹ ਗੱਠਜੋੜ ਦੋ ਵਾਰ ਚੋਣ ਹਾਰ ਗਿਆ ਸੀ।
ਸੰਨ 1997 ਵਿਚ ਸ਼੍ਰੋਮਣੀ ਅਕਾਲੀ ਦਲ ਨੇ 75 ਸੀਟਾਂ ਜਿੱਤ ਕੇ 37.6 ਫ਼ੀਸਦੀ ਵੋਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ 18 ਸੀਟਾਂ ਜਿੱਤ ਕੇ 8.3 ਫ਼ੀਸਦੀ ਵੋਟਾਂ ਲਈਆਂ ਸਨ। ਦੋਹਾਂ ਨੇ 93 ਸੀਟਾਂ ਨਾਲ 45.9 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। 2007 ਵਿਚ ਅਕਾਲੀ ਦਲ ਨੇ 48 ਸੀਟਾਂ ਨਾਲ 37 ਫ਼ੀਸਦੀ ਅਤੇ ਭਾਰਤੀ ਜਨਤਾ ਪਾਰਟੀ ਨੇ 19 ਸੀਟਾਂ ਜਿੱਤ ਕੇ 8.3 ਫ਼ੀਸਦੀ ਵੋਟਾਂ ਲਈਆਂ ਸਨ। ਦੋਹਾਂ ਨੇ 67 ਸੀਟਾਂ ਨਾਲ 45.3 ਪ੍ਰਤੀਸ਼ਤ ਵੋਟਾਂ ਲਈਆਂ ਸਨ।
ਸੰਨ 2012 ਵਿਚ ਅਕਾਲੀ ਦਲ ਨੇ 56 ਸੀਟਾਂ ਨਾਲ 34.7 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਤੇ ਬੀਜੇਪੀ ਨੇ 12 ਸੀਟਾਂ ਨਾਲ 7.2 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਦੋਹਾਂ ਦੀਆਂ ਮਿਲਾ ਕੇ 68 ਸੀਟਾਂ ਤੇ ਵੋਟ ਪ੍ਰਤੀਸ਼ਤਤਾ 41.9 ਫ਼ੀਸਦੀ ਬਣਦੀ ਹੈ। 2002 ਵਿਚ ਅਕਾਲੀ ਦਲ ਨੇ 41 ਸੀਟਾਂ ਨਾਲ 31 ਫ਼ੀਸਦੀ ਅਤੇ ਭਾਜਪਾ ਨੇ 3 ਸੀਟਾਂ ਨਾਲ 5.7 ਫ਼ੀਸਦੀ ਵੋਟਾਂ ਲਈਆਂ ਸਨ। ਦੋਹਾਂ ਦੀਆਂ ਮਿਲਾ ਕੇ 44 ਸੀਟਾਂ ਅਤੇ ਵੋਟ ਫ਼ੀਸਦ 36.7 ਫ਼ੀਸਦੀ ਬਣਦਾ ਸੀ। 2017 ਵਿਚ ਅਕਾਲੀ ਦਲ ਨੇ 15 ਸੀਟਾਂ ਨਾਲ 25.2 ਫ਼ੀਸਦੀ ਅਤੇ ਭਾਜਪਾ ਨੇ 3 ਸੀਟਾਂ ਨਾਲ 5.4 ਫ਼ੀਸਦੀ ਵੋਟਾਂ ਲਈਆਂ ਸਨ।
ਦੋਹਾਂ ਨੇ ਮਿਲਾ ਕੇ 18 ਸੀਟਾਂ ਨਾਲ 30.6 ਫ਼ੀਸਦੀ ਵੋਟਾਂ ਲਈਆਂ ਸਨ। 2022 ਵਿਚ ਅਕਾਲੀ ਦਲ ਨੇ 3 ਸੀਟਾਂ ਨਾਲ 18.3 ਫ਼ੀਸਦੀ ਤੇ ਭਾਜਪਾ ਨੇ 2 ਸੀਟਾਂ ਨਾਲ 6.6 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਦੋਹਾਂ ਦੀਆਂ ਕੁੱਲ 5 ਸੀਟਾਂ ਨਾਲ 25 ਫ਼ੀਸਦੀ ਵੋਟਾਂ ਬਣਦੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 13.41 ਫ਼ੀਸਦੀ ਤੇ ਭਾਰਤੀ ਜਨਤਾ ਪਾਰਟੀ ਨੂੰ 18.56 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ ਜਿਨ੍ਹਾਂ ਦਾ ਜੋੜ 31.97 ਫ਼ੀਸਦੀ ਬਣਦਾ ਹੈ।
ਲੋਕ ਸਭਾ ਵਿਚ ਵਧੇਰੇ ਫ਼ੀਸਦੀ ਵੋਟਾਂ ਲੈਣ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਨਾਲੋਂ ਦੁੱਗਣੀਆਂ ਸੀਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਹੋਣ ਕਰ ਕੇ ਪਿੰਡਾਂ ਵਿਚ ਵਧੇਰੇ ਅਸਰ-ਰਸੂਖ਼ ਰੱਖਦੀ ਹੈ, ਉਸ ਨੂੰ ਪੰਥਕ ਮਸਲਿਆਂ ਬਾਰੇ ਸਿੱਖਾਂ ਨੂੰ ਸੰਤੁਸ਼ਟ ਕਰਨਾ ਪਵੇਗਾ। ਬੰਦੀ ਸਿੱਖਾਂ ਦੀ ਪੈਰੋਲ ਤੇ ਰਿਹਾਈ ਦੇ ਮਸਲੇ ਹੱਲ ਕਰਵਾਉਣੇ ਹੋਣਗੇ। ਦੂਜੀ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਨੂੰ ਸਾਂਝੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਸਹਿਮਤ ਕਰਨ ਵਾਸਤੇ ਜਦੋਜਹਿਦ ਕਰਨੀ ਪਵੇਗੀ, ਕਿਉਂਕਿ ਕਿਸਾਨੀ ਦੇ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ।
ਸ਼੍ਰੋਮਣੀ ਅਕਾਲੀ ਦਲ ਲਈ ਕਿਸਾਨਾਂ ਦੀ ਮਦਦ ਤੋਂ ਬਿਨਾਂ ਸਫਲ ਹੋਣਾ ਮੁਸ਼ਕਲ ਹੋਵੇਗਾ, ਕਿਉਂਕਿ ਉਸ ਦੀ ਹੋਂਦ ਹੀ ਦਿਹਾਤੀ ਵੋਟਰਾਂ ’ਤੇ ਨਿਰਭਰ ਕਰਦੀ ਹੈ। ਪਰਕਾਸ਼ ਸਿੰਘ ਬਾਦਲ ਤੋਂ ਬਿਨਾਂ ਪਹਿਲੀ ਵਾਰ ਗੱਠਜੋੜ ਚੋਣ ਲੜ ਰਿਹਾ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਲਈ ਪਰਖ ਦਾ ਸਮਾਂ ਹੋਵੇਗਾ।
-ਉਜਾਗਰ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072