- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹਾ ਬਾਬੇ ਲੋਕ ਹੀ ਵਧੇਰੇ ਦਿਲਚਸਪੀ ਨਾਲ ਕਰਦੇ ਹਨ ਤੇ ਜਾਂ ਅੱਧ ਪੜ੍ਹੇ ਜਾਂ ਅਨਪੜ੍ਹ ਨੌਜਵਾਨ ਵੀ। ਪ੍ਰੰਤੂ ਨਵੀਂ ਪੀੜ੍ਹੀ ਦੇ ਪੜ੍ਹੇ ਲਿਖੇ ਨੌਜਵਾਨ ਇਸ ਨਕਾਰਾਤਮਕ ਸੋਚ ਤੋਂ ਬਚੇ ਜਾਪਦੇ ਹਨ। ਉਹ ਪੜ੍ਹ ਕੇ ਕੁਝ ਬਣਨਾ ਲੋਚਦੇ ਹਨ। ਹਰੇਕ ਸਿਆਣੇ ਨੌਜਵਾਨ ਨੂੰ ਆਪਣੇ ਕਰੀਅਰ ਦੀ ਫ਼ਿਕਰ ਹੈ।

ਰਾਜਨੀਤੀ ਦਾ ਬਦਲ ਕੀ ਹੋ ਸਕਦਾ ਹੈ! ਇਹ ਇਕ ਅਹਿਮ ਪ੍ਰਸ਼ਨ ਹੈ ਜਿਸ ਦਾ ਉੱਤਰ ਇਸ ਨਿੱਕੇ ਜਿੰਨੇ ਲੇਖ 'ਚ ਲੱਭਣਾ ਪਵੇਗਾ। ਦਰਅਸਲ ਰਾਜਨੀਤੀ ਜਾਂ ਸਿਆਸਤ ਸਾਡੇ ਮਨਾਂ ਅੰਦਰ ਇਸ ਕਦਰ ਘਰ ਕਰ ਗਈ ਹੈ ਕਿ ਅਸੀਂ ਇਸ 'ਚੋਂ ਨਿੱਕਲ ਹੀ ਨਹੀਂ ਪਾਉਂਦੇ ਜਾਂ ਨਿੱਕਲਣਾ ਹੀ ਨਹੀਂ ਚਾਹੁੰਦੇ। ਅਜੌਕੇ ਦੌਰ 'ਚ ਸਾਰੇ ਜਾਣਦੇ ਹਨ ਕਿ ਸਿਆਸੀ ਨੇਤਾ ਤੇ ਪਾਰਟੀਆਂ ਕਿਸ ਮੁਕਾਮ 'ਤੇ ਖੜ੍ਹੀਆਂ ਹਨ! ਕਿਸੇ ਨੇਤਾ 'ਤੇ ਯਕੀਨ ਕਰਨਾ ਮੁਸ਼ਕਿਲ ਜਾਪਦਾ ਹੈ ਪਾਰਟੀਆਂ ਆਪੋ ਆਪਣੀ ਵਿਚਾਰਧਾਰਾ ਦਾ ਗੁਣਗਾਨ ਕਰਦੀਆਂ ਨਹੀਂ ਥੱਕਦੀਆਂ।
ਵੋਟਾਂ ਤੋਂ ਪਹਿਲਾਂ ਲੁਭਾਵਨੇ ਵਾਅਦੇ ਕੀਤੇ ਜਾਂਦੇ ਹਨ ਤੇ ਮੁਫ਼ਤ ਦੀਆਂ ਸਕੀਮਾਂ ਦੇ ਏਜੰਡੇ ਦਾ ਬਿਰਤਾਂਤ ਸਿਰਜਿਆ ਜਾਂਦਾ ਹੈ। ਸਰਕਾਰਾਂ ਆਪਣੇ ਨਿੱਕੇ-ਨਿੱਕੇ ਕੰਮਾਂ ਦੇ ਪ੍ਰਚਾਰ ਹਿੱਤ ਪੂਰਾ ਜ਼ੋਰ ਲਾ ਦਿੰਦੀਆਂ ਹਨ। ਅਸੀਂ ਲੋਕ ਕਿਹੜਾ ਘੱਟ ਗੁਜ਼ਾਰਦੇ ਹਾਂ। ਏਥੋਂ ਤੱਕ ਕਿ ਹਰੇਕ ਖ਼ੁਸ਼ੀ ਗਮੀ ਦੇ ਮੌਕੇ ਅਸੀਂ ਰਾਜਨੀਤੀ ਦੇ ਕਿੱਸੇ ਹੀ ਛੋਂਹਦੇ ਹਾਂ। ਨੇਤਾਵਾਂ ਦੇ ਰਾਗ ਛੇੜਦੇ ਹਾਂ ਤੇ ਫਲਾਂ-ਫਲਾਂ ਪਾਰਟੀ ਦੇ ਨਾਲ ਖੜ੍ਹੇ ਹੋਣ ਦਾ ਰੌਲ਼ਾ ਪਾਉਂਦੇ ਹਾਂ।
ਅਜਿਹਾ ਬਾਬੇ ਲੋਕ ਹੀ ਵਧੇਰੇ ਦਿਲਚਸਪੀ ਨਾਲ ਕਰਦੇ ਹਨ ਤੇ ਜਾਂ ਅੱਧ ਪੜ੍ਹੇ ਜਾਂ ਅਨਪੜ੍ਹ ਨੌਜਵਾਨ ਵੀ। ਪ੍ਰੰਤੂ ਨਵੀਂ ਪੀੜ੍ਹੀ ਦੇ ਪੜ੍ਹੇ ਲਿਖੇ ਨੌਜਵਾਨ ਇਸ ਨਕਾਰਾਤਮਕ ਸੋਚ ਤੋਂ ਬਚੇ ਜਾਪਦੇ ਹਨ। ਉਹ ਪੜ੍ਹ ਕੇ ਕੁਝ ਬਣਨਾ ਲੋਚਦੇ ਹਨ। ਹਰੇਕ ਸਿਆਣੇ ਨੌਜਵਾਨ ਨੂੰ ਆਪਣੇ ਕਰੀਅਰ ਦੀ ਫ਼ਿਕਰ ਹੈ। ਆਮ ਹੀ ਦੇਖਿਆ ਹੋਵੇਗਾ ਸਕੂਲੀ ਵਿਦਿਆਰਥੀ ਚੰਗੇ ਨੰਬਰ ਲੈ ਕੇ ਅੱਗੇ ਵਧਦੇ ਹਨ ਤੇ ਉਚੇਰੀ ਪੜ੍ਹਾਈ 'ਚ ਵੀ ਜਲਵੇ ਦਿਖਾਉਂਦੇ ਹਨ। ਮੁਕਾਬਲਿਆਂ ਤੇ ਕੰਪੀਟੀਸ਼ਨਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਪੁਲਿਸ ਤੇ ਪ੍ਰਸ਼ਾਸਨਿਕ ਅਤੇ ਹੋਰ ਸਨਮਾਨਯੋਗ ਅਹੁਦਿਆਂ ਲਈ ਸਿਲੈਕਟ ਹੁੰਦੇ ਹਨ। ਉਨ੍ਹਾਂ ਰਾਜਨੀਤੀ ਤੋਂ ਕੀ ਲੈਣਾ ਹੋਇਆ?
ਪਰ ਅਖੌਤੀ ਰਾਜਨੀਤਕ ਲੋਕ ਤੇ ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਉਨ੍ਹਾਂ ਦੇ ਕੰਮਾਂ 'ਚ ਦਖ਼ਲ ਦਿੰਦੇ ਹਨ। ਪਰ ਸੂਝਵਾਨ ਅਫ਼ਸਰਾਨ ਟੈਕਟਫੁਲੀ ਤੇ ਆਪਣੀ ਲਿਆਕਤ ਦੇ ਮੱਦੇਨਜ਼ਰ ਇਨ੍ਹਾਂ ਨਾਲ ਨਿੱਬੜਦੇ ਹਨ। ਅਜੌਕੀ ਰਾਜਨੀਤੀ ਸਰਮਾਏਦਾਰੀ ਦੀ ਗੁਲਾਮ ਹੈ ਤੇ ਭ੍ਰਿਸ਼ਟਾਚਾਰ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਪ੍ਰਚਾਰਦੀ ਤੇ ਪ੍ਰਸਾਰਦੀ ਵੀ ਹੈ। ਇਹ ਕਿਸੇ ਇਕ ਨੇਤਾ ਜਾਂ ਪਾਰਟੀ ਦਾ ਸਵਾਲ ਨਹੀਂ ਬਲਕਿ ਇਸ ਸਿਸਟਮ 'ਚ ਸਾਰੇ ਹੀ ਭਾਈਵਾਲ ਹਨ। ਲੋਕ ਵੀ ਘੱਟ ਨਹੀਂ, ਉਹ ਬਿਹਤਰ ਸਿਸਟਮ ਦੀ ਆਸ ਤਾਂ ਰੱਖਦੇ ਹਨ ਪਰ ਬਣਦੀ ਉਸਾਰੂ ਭੂਮਿਕਾ ਨਿਭਾਉਣ ਤੋਂ ਇਨਕਾਰੀ ਹਨ। ਗ਼ਰੀਬ ਤੇ ਅਮੀਰ ਤੋਂ ਇਲਾਵਾ ਰੱਜੀ-ਪੁੱਜੀ ਮੱਧ ਸ਼੍ਰੇਣੀ ਵੀ ਵੱਡੀ ਜ਼ਿੰਮੇਵਾਰ ਹੈ।
ਉਹ ਗੱਲਾਂ ਤੇ ਫੜ੍ਹਾਂ ਮਾਰਣ ਦੀ ਸ਼ੌਕੀਨ ਜਾਪਦੀ ਹੈ। ਮਹਾਂਪੁਰਖਾਂ ਦੇ ਰੱਟੇ ਲਾ ਕੇ ਖ਼ੁਦ ਨੂੰ ਵਡਿਆਉਂਦੀ ਪ੍ਰਤੀਤ ਹੁੰਦੀ ਹੈ। ਪਰ ਉਨ੍ਹਾਂ ਦੇ ਝੂਠੇ ਜਿਹੇ ਰੋਣੇ ਤੇ ਸ਼ਿਕਵੇ ਕਿਸੇ ਅਰਥ ਨਹੀਂ। ਦਰਅਸਲ ਇਨ੍ਹਾਂ ਲੋਕਾਂ 'ਚੋਂ ਵੀ ਤਾਂ ਬਹੁਤੇ ਜਣੇ ਬੇਈਮਾਨ, ਭ੍ਰਿਸ਼ਟ ਤੇ ਦੋਗਲੇ ਹੀ ਹੁੰਦੇ ਹਨ। ਹੁਣ ਗੱਲ ਕਰਦੇ ਹਾਂ ਕਿ ਬੇਈਮਾਨ ਨੇਤਾਵਾਂ ਤੇ ਪਾਰਟੀਆਂ ਤੋਂ ਨਿਜ਼ਾਤ ਕਿਵੇਂ ਮਿਲੇ। ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਅਜੌਕੀ ਪੀੜ੍ਹੀ ਲਿਖੀ ਨੌਜਵਾਨੀ ਨੇ ਇਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ ਪਰ ਏਨਾ ਕਿਨਾਰਾ ਤੇ ਅਵੇਸਲਾਪਣ ਵੀ ਠੀਕ ਨਹੀਂ ਜਾਪਦਾ। ਨੌਜਵਾਨਾਂ ਨੂੰ ਵਧੇਰੇ ਸੁਚੇਤ ਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਦੇਖਿਆ ਜਾਂਦਾ ਹੈ ਕਿ ਕਈ ਨੌਜਵਾਨ ਆਪਣੇ ਵੋਟ ਦੇ ਹੱਕ ਦੀ ਵਰਤੋਂ ਵੀ ਨਹੀਂ ਕਰਦੇ। ਵੋਟ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੈ।
ਅਤੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿਚ ਹੁੰਦਾ ਹੈ। ਇਸ ਲਈ ਹਰ ਨੌਜਵਾਨ ਲਈ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਾ ਸਿਰਫ਼ ਅਧਿਕਾਰ ਹੀ ਨਹੀਂ, ਸਗੋਂ ਇਕ ਜ਼ਿੰਮੇਵਾਰੀ ਵੀ ਹੈ। ਅੱਜ ਦੇ ਸਮੇਂ ਵਿਚ ਸਾਡੇ ਆਲੇ-ਦੁਆਲੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਵੇਂ ਬੇਰੁਜ਼ਗਾਰੀ, ਸਿੱਖਿਆ, ਨਸ਼ੇ, ਸਫ਼ਾਈ, ਰੁਜ਼ਗਾਰ ਅਤੇ ਤਕਨਾਲੋਜੀ। ਇਹ ਸਾਰੇ ਫ਼ੈਸਲੇ ਉਹੀ ਲੋਕ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਵੋਟ ਦੇ ਕੇ ਚੁਣਦੇ ਹਾਂ।
ਜੇਕਰ ਨੌਜਵਾਨ ਵੋਟ ਨਹੀਂ ਪਾਉਣਗੇ ਤਾਂ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚੇਗੀ। ਫਿਰ ਸ਼ਿਕਾਇਤ ਕਰਨ ਦਾ ਹੱਕ ਵੀ ਨਹੀਂ ਰਹਿੰਦਾ।ਨੌਜਵਾਨਾਂ ਦੀ ਸੋਚ, ਦੇਸ਼ ਨੂੰ ਬਦਲਣ ਦੀ ਤਾਕਤ ਹੁੰਦੀ ਹੈ। ਪਰ ਜੇਕਰ ਇਹ ਤਾਕਤ ਵੋਟ ਵਾਲੇ ਦਿਨ ਘਰ ਬੈਠੀ ਰਹੇਗੀ, ਤਾਂ ਬਦਲਾਅ ਕਿਵੇਂ ਆਵੇਗਾ? ਵੋਟ ਨਾਲ ਹੀ ਅਸੀਂ ਉਸ ਨੇਤਾ ਨੂੰ ਚੁਣ ਸਕਦੇ ਹਾਂ ਜੋ ਸਾਡੇ ਮੁੱਦਿਆਂ ਨੂੰ ਸਮਝਦਾ ਹੋਵੇ, ਜੋ ਸਕੂਲ, ਕਾਲਜ, ਨੌਕਰੀਆਂ ਅਤੇ ਖੇਡਾਂ ਲਈ ਕੰਮ ਕਰੇ। ਵੋਟ ਇਕ ਹਥਿਆਰ ਹੈ ਜਿਸ ਨਾਲ ਅਸੀਂ ਬਿਨਾਂ ਲੜਾਈ ਤੋਂ ਆਪਣਾ ਭਵਿੱਖ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਵਿਅਕਤੀਗਤ ਤੇ ਸਮਾਜਿਕ ਸੰਦਰਭ 'ਚ ਰਾਜਸੀ ਚੇਤਨਾ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ।
-ਸੁਖਮਿੰਦਰ ਸੇਖੋਂ,
ਪਟਿਆਲਾ,
ਸੰਪਰਕ : 98145-07693