- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਟ ਪੇਪਰ ਲੀਕ ਮਾਮਲੇ ਵਿਚ ਸੀਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਹੈਰਾਨ ਕਰਨ ਵਾਲੀ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਦੇ ਤਿੰਨ ਮਾਹਿਰਾਂ ਨੇ ਹੀ ਪ੍ਰਸ਼ਨ ਪੱਤਰ ਲੀਕ ਕੀਤੇ ਸਨ। ਇਨ੍ਹਾਂ ਨੇ ਖ਼ੁਫ਼ੀਆ ਪ੍ਰਸ਼ਨ ਤਿਆਰ ਕਰਨ ਅਤੇ ਅਨੁਵਾਦ ਦੀ ਪ੍ਰਕਿਰਿਆ ਦੌਰਾਨ ਪ੍ਰੀਖਿਆ ਸਮੱਗਰੀ ਬਾਹਰ ਕੱਢੀ ਅਤੇ ਇਸ ਨੂੰ ਵਿਚੋਲਿਆਂ ਜ਼ਰੀਏ ਉਨ੍ਹਾਂ ਉਮੀਦਵਾਰਾਂ ਤੱਕ ਪਹੁੰਚਾਇਆ ਜੋ ਛਲ-ਕਪਟ ਨਾਲ ਨੀਟ ਪਾਸ ਕਰਨਾ ਚਾਹੁੰਦੇ ਸਨ।

ਨੀਟ ਪੇਪਰ ਲੀਕ ਮਾਮਲੇ ਵਿਚ ਸੀਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਹੈਰਾਨ ਕਰਨ ਵਾਲੀ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਦੇ ਤਿੰਨ ਮਾਹਿਰਾਂ ਨੇ ਹੀ ਪ੍ਰਸ਼ਨ ਪੱਤਰ ਲੀਕ ਕੀਤੇ ਸਨ। ਇਨ੍ਹਾਂ ਨੇ ਖ਼ੁਫ਼ੀਆ ਪ੍ਰਸ਼ਨ ਤਿਆਰ ਕਰਨ ਅਤੇ ਅਨੁਵਾਦ ਦੀ ਪ੍ਰਕਿਰਿਆ ਦੌਰਾਨ ਪ੍ਰੀਖਿਆ ਸਮੱਗਰੀ ਬਾਹਰ ਕੱਢੀ ਅਤੇ ਇਸ ਨੂੰ ਵਿਚੋਲਿਆਂ ਜ਼ਰੀਏ ਉਨ੍ਹਾਂ ਉਮੀਦਵਾਰਾਂ ਤੱਕ ਪਹੁੰਚਾਇਆ ਜੋ ਛਲ-ਕਪਟ ਨਾਲ ਨੀਟ ਪਾਸ ਕਰਨਾ ਚਾਹੁੰਦੇ ਸਨ। ਇਨ੍ਹਾਂ ਦਾ ਸਾਥ ਕੋਚਿੰਗ ਸੈਂਟਰ ਚਲਾਉਣ ਵਾਲਿਆਂ ਨੇ ਵੀ ਦਿੱਤਾ। ਇਹ ਤਿੰਨੋਂ ਅਧਿਆਪਕ ਸਨ, ਜੋ ਐੱਨਟੀਏ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਸਨ। ਸਾਫ਼ ਹੈ ਕਿ ਜਿਨ੍ਹਾਂ ’ਤੇ ਪ੍ਰੀਖਿਆ ਦੀ ਗੁਪਤਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਨੇ ਹੀ ਇਸ ਵਿਚ ਸੰਨ੍ਹ ਮਾਰਨ ਦਾ ਕੰਮ ਕੀਤਾ। ਇਹ ਇਕ ਤਰ੍ਹਾਂ ਨਾਲ ‘ਵਾੜ ਖੇਤ ਨੂੰ ਖਾਵੇ’ ਵਾਲਾ ਹੀ ਮਾਮਲਾ ਹੈ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਹੋ ਸਕਦੀ ਕਿ ਜ਼ਿੰਮੇਵਾਰ ਲੋਕ ਹੀ ਗ਼ੈਰ-ਜ਼ਿੰਮੇਵਾਰੀ ਦਾ ਸਬੂਤ ਦੇਣ। ਇਨ੍ਹਾਂ ਅਧਿਆਪਕਾਂ ਨੇ ਆਪਣੀਆਂ ਹਰਕਤਾਂ ਨਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ ਮਜਬੂਰ ਹੀ ਨਹੀਂ ਕੀਤਾ, ਐੱਨਟੀਏ ਦੀ ਬਦਨਾਮੀ ਵੀ ਕਰਵਾਈ ਅਤੇ ਸਰਕਾਰ ਦੇ ਸਾਹਮਣੇ ਮੁਸੀਬਤਾਂ ਖੜ੍ਹੀਆਂ ਕੀਤੀਆਂ। ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਪੇਪਰ ਲੀਕ ਰੋਕੂ ਕਾਨੂੰਨ ਨੂੰ ਬਹੁਤ ਸਖ਼ਤ ਬਣਾਇਆ ਗਿਆ ਹੈ ਅਤੇ ਨੀਟ ਪੇਪਰ ਲੀਕ ਮਾਮਲੇ ਦੀ ਸੁਣਵਾਈ ਫਾਸਟ-ਟ੍ਰੈਕ ਕੋਰਟ ਨੂੰ ਸੌਂਪੀ ਗਈ ਹੈ, ਕਿਉਂਕਿ ਗੱਲ ਉਦੋਂ ਬਣੇਗੀ ਜਦੋਂ ਪੇਪਰ ਲੀਕ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਮਿਲੇਗੀ। ਇਹ ਸਜ਼ਾ ਅਜਿਹੀ ਹੋਣੀ ਚਾਹੀਦੀ ਹੈ ਜੋ ਨਜ਼ੀਰ ਬਣ ਸਕੇ ਅਤੇ ਪ੍ਰੀਖਿਆ ਵਿਚ ਸੰਨ੍ਹਮਾਰੀ ਕਰਨ ਵਾਲਿਆਂ ਦੇ ਮਨਾਂ ਵਿਚ ਖ਼ੌਫ਼ ਪੈਦਾ ਕਰ ਸਕੇ।
ਨੀਟ ਪੇਪਰ ਲੀਕ ਮਾਮਲੇ ਵਿਚ ਇਹ ਵੀ ਧਿਆਨ ਰਹੇ ਕਿ ਐੱਨਟੀਏ ਨੂੰ ਸੇਵਾਵਾਂ ਦੇ ਰਹੇ ਅਧਿਆਪਕ ਆਪਣੇ ਨਾਪਾਕ ਇਰਾਦੇ ਵਿਚ ਇਸ ਲਈ ਕਾਮਯਾਬ ਨਹੀਂ ਰਹੇ, ਕਿਉਂਕਿ ਉਹ ਬੁਰੀ ਨੀਅਤ ਵਾਲੇ ਸਨ। ਉਹ ਇਸ ਲਈ ਵੀ ਕਾਮਯਾਬ ਹੋਏ, ਕਿਉਂਕਿ ਐੱਨਟੀਏ ਨੇ ਪ੍ਰੀਖਿਆ ਦੀ ਗੁਪਤਤਾ ਬਣਾਈ ਰੱਖਣ ਲਈ ਬੁਨਿਆਦੀ ਜ਼ਰੂਰੀ ਉਪਾਅ ਨਹੀਂ ਕੀਤੇ। ਉਸ ਨੇ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਇਸ ਤਰ੍ਹਾਂ ਰੱਖੀ ਕਿ ਮੁਲਜ਼ਮ ਅਧਿਆਪਕਾਂ ਦੀ ਸਾਰੇ ਪ੍ਰਸ਼ਨਾਂ ਤੱਕ ਪਹੁੰਚ ਬਹੁਤ ਆਸਾਨ ਹੋ ਗਈ। ਮਾੜੀ ਗੱਲ ਇਹ ਵੀ ਰਹੀ ਕਿ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਦੀ ਸੀਸੀਟੀਵੀ ਨਾਲ ਸਟੀਕ ਨਿਗਰਾਨੀ ਵੀ ਨਹੀਂ ਕੀਤੀ ਗਈ। ਸਮਝਣਾ ਮੁਸ਼ਕਲ ਹੈ ਕਿ ਮੁਲਜ਼ਮ ਅਧਿਆਪਕਾਂ ਨੂੰ ਪੂਰਾ ਪ੍ਰਸ਼ਨ ਪੱਤਰ ਤਿਆਰ ਕਰਨ ਅਤੇ ਉਸ ਦਾ ਅਨੁਵਾਦ ਕਰਨ ਦੀ ਸਹੂਲਤ ਕਿਉਂ ਦਿੱਤੀ ਗਈ? ਇਸ ਪ੍ਰਸ਼ਨ ਦਾ ਵੀ ਜਵਾਬ ਨਹੀਂ ਮਿਲ ਰਿਹਾ ਹੈ ਕਿ ਨੀਟ ਪ੍ਰਸ਼ਨ ਪੱਤਰ ਦੇ ਕਈ ਸੈੱਟ ਕਿਉਂ ਨਹੀਂ ਤਿਆਰ ਕੀਤੇ ਗਏ? ਅਜਿਹਾ ਲੱਗਦਾ ਹੈ ਕਿ ਐੱਨਟੀਏ ਦੇ ਸੀਨੀਅਰ ਅਧਿਕਾਰੀ ਇਸ ਤੋਂ ਜਾਣੂ ਹੀ ਨਹੀਂ ਸਨ ਕਿ ਪ੍ਰੀਖਿਆ ਵਿਚ ਸੰਨ੍ਹਮਾਰੀ ਕਰਨ ਵਾਲਾ ਇਕ ਮਾਫ਼ੀਆ ਪੈਦਾ ਹੋ ਗਿਆ ਹੈ, ਜਿਸ ਵਿਚ ਕੋਚਿੰਗ ਚਲਾਉਣ ਵਾਲਿਆਂ ਦੇ ਨਾਲ-ਨਾਲ ਅਧਿਆਪਕ ਵੀ ਸ਼ਾਮਲ ਹੋ ਸਕਦੇ ਹਨ। ਇਹ ਮਾਮਲਾ ਇਸ ਪਾਸੇ ਵੀ ਸੰਕੇਤ ਕਰਦਾ ਹੈ ਕਿ ਜਿਨ੍ਹਾਂ ਅਧਿਆਪਕਾਂ ਤੋਂ ਪ੍ਰੀਖਿਆਵਾਂ ਦੀ ਪਾਕੀਜ਼ਗੀ ਬਣਾਈ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ, ਉਹੀ ਨੈਤਿਕਤਾ ਨੂੰ ਤਿਲਾਂਜਲੀ ਦੇਣ ਵਾਲੇ ਅਪਰਾਧੀ ਨਿਕਲੇ। ਸਪੱਸ਼ਟ ਹੈ ਕਿ ਇਹ ਸਮਾਜ ਵਿਚ ਨੈਤਿਕ ਗਿਰਾਵਟ ਨੂੰ ਵੀ ਦਰਸਾਉਂਦਾ ਹੈ।