- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਸਿੱਧਾ ਸਵਾਲ ਕਰਦੀ ਹੈ ਕਿ ਪੁਰਾਣੀਆਂ ਵਿਵਸਥਾਵਾਂ ਬਾਬਦਸਤੂਰ ਕਿਉਂ ਮੌਜੂਦ ਹਨ, ਕੀ ਸਥਾਪਤ ਸੰਸਥਾਵਾਂ ਉਨ੍ਹਾਂ ਦੀ ਆਵਾਜ਼ ਸੁਣ ਵੀ ਰਹੀਆਂ ਹਨ ਅਤੇ ਕੀ ਮੌਜੂਦਾ ਤੰਤਰ ਉਨ੍ਹਾਂ ਨੂੰ ਨਿਆਂਸੰਗਤ ਅਤੇ ਇਕਸਮਾਨ ਮੌਕੇ ਉਪਲਬਧ ਕਰਵਾ ਰਿਹਾ ਹੈ? ਇਨ੍ਹਾਂ ਦੀਆਂ ਖ਼ਾਹਿਸ਼ਾਂ ਪਿਛਲੀਆਂ ਪੀੜ੍ਹੀਆਂ ਨਾਲੋਂ ਬੁਨਿਆਦੀ ਤੌਰ ’ਤੇ ਵੱਖਰੀਆਂ ਹਨ, ਜਿਨ੍ਹਾਂ ਲਈ ਇਕ ਸੁਰੱਖਿਅਤ ਅਤੇ ਸਥਿਰ ਕਰੀਅਰ ਹੀ ਜੀਵਨ ਦਾ ਅਸਲੀ ਅਤੇ ਆਖ਼ਰੀ ਟੀਚਾ ਹੋਇਆ ਕਰਦਾ ਸੀ।

- ਸ਼ਾਸਨ-ਪ੍ਰਸ਼ਾਸਨ ਵਿਚ ਤਜਰਬੇ ਅਤੇ ਸਬਰ ਦਾ ਮਹੱਤਵ ਸਦਾ ਰਹੇਗਾ ਪਰ ਭਾਰਤ ਦੇ ਭਵਿੱਖ ਨੂੰ ਸਿਰਜਣ ਵਿਚ ਭਾਵੀ ਪੀੜ੍ਹੀ ਦੀ ਭੂਮਿਕਾ ਨਿਰਧਾਰਤ ਹੋਣੀ ਚਾਹੀਦੀ ਹੈ।
ਨਵੀਂ ਦਿੱਲੀ ਵਿਚ ਜੰਤਰ-ਮੰਤਰ ’ਤੇ ਨੌਜਵਾਨ ਅੰਦੋਲਨਕਾਰੀਆਂ ਦੇ ਧਰਨੇ-ਪ੍ਰਦਰਸ਼ਨ ਅਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਜੈੱਨ-ਜੀ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਕੀਤੇ ਹਨ। ਜੇਕਰ ਇਨ੍ਹਾਂ ਫ਼ੈਸਲਿਆਂ ’ਤੇ ਸਹੀ ਤਰੀਕੇ ਨਾਲ ਅਮਲ ਕੀਤਾ ਜਾ ਸਕਿਆ ਤਾਂ ਇਸ ਪੀੜ੍ਹੀ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਹਨ।
ਇਸ ਦਿਸ਼ਾ ਵਿਚ ਤਤਪਰਤਾ ਨਾਲ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸੇ ਦੇ ਨਾਲ, ਇਸ ਵਿਰੋਧ-ਪ੍ਰਦਰਸ਼ਨ ਵਿਚ ਸ਼ਾਮਲ ਸੁਨੇਹੇ ਨੂੰ ਸਮਝਣ ਲਈ ਇਹ ਪੜਤਾਲ ਕਰਨੀ ਵੀ ਓਨੀ ਹੀ ਜ਼ਰੂਰੀ ਹੈ ਕਿ ਕਿਸੇ ਪ੍ਰਾਯੋਜਿਤ ਜਾਂ ਗਿਣੇ-ਮਿੱਥੇ ਢੰਗ ਅਤੇ ਸੰਗਠਿਤ ਸਮਰਥਨ ਦੇ ਬਿਨਾਂ ਇੰਨੀ ਵੱਡੀ ਭੀੜ ਆਖ਼ਰ ‘ਖ਼ੁਦ ਤੇ ਫੁਰਤੀ’ ਵਾਲੇ ਢੰਗ ਨਾਲ ਕਿਉਂ ਉਮੜ ਪਈ? ਜੈੱਨ-ਜੀ ਨਾ ਸਿਰਫ਼ ਦੇਸ਼ ਦੀ ਇਕ ਵੱਡੀ ਆਬਾਦੀ ਦੀ ਪ੍ਰਤੀਨਿਧਤਾ ਕਰਦੀ ਹੈ, ਸਗੋਂ ਇਹ ਪੀੜ੍ਹੀ ਦੇਸ਼ ਦੀਆਂ ਨਵੀਆਂ ਖ਼ਾਹਿਸ਼ਾਂ ਦੀ ਪ੍ਰਤੀਕ ਵੀ ਹੈ। ਜੈੱਨ-ਜੀ ਦਾ ਬਚਪਨ ਅਤੇ ਜਵਾਨੀ ਇੰਟਰਨੈੱਟ, ਸਮਾਰਟਫੋਨ ਅਤੇ ਇੰਟਰਨੈੱਟ ਮੀਡੀਆ ਦੇ ਸਾਏ ਵਿਚ ਗੁਜ਼ਰੀ ਹੈ।
ਇਨ੍ਹਾਂ ਲਈ ਆਭਾਸੀ ਅਤੇ ਵਾਸਤਵਿਕ ਦੁਨੀਆ ਦੇ ਵਿਚਕਾਰ ਦੀ ਕੰਧ ਬਨਾਵਟੀ ਅਤੇ ਬੇਮਾਅਨੀ ਹੈ। ਜਾਣਕਾਰੀਆਂ ਤੱਕ ਤਤਕਾਲ ਪਹੁੰਚ ਦੇ ਬਲਬੂਤੇ ਇਹ ਪੀੜ੍ਹੀ ਦੁਨੀਆ ਭਰ ਵਿਚ ਸਬੰਧ ਜੋੜ ਸਕਦੀ ਹੈ, ਗਿਆਨ ਹਾਸਲ ਕਰ ਸਕਦੀ ਹੈ, ਸਟਾਰਟਅੱਪ ਸ਼ੁਰੂ ਕਰ ਸਕਦੀ ਹੈ ਅਤੇ ਮੁੱਖਧਾਰਾ ਦੇ ਮੀਡੀਆ ਜਾਂ ਰਵਾਇਤੀ ਤੰਤਰ ਦੇ ਬਿਨਾ ਵੀ ਆਪਣੀ ਗੱਲ ਨੂੰ ਰਾਸ਼ਟਰੀ ਮੰਚ ’ਤੇ ਰੱਖ ਸਕਦੀ ਹੈ। ਜੰਤਰ-ਮੰਤਰ ਦਾ ਉਹ ਜਮਾਵੜਾ ਇਸੇ ਤਾਕਤ ਦਾ ਪ੍ਰਤੱਖ ਪ੍ਰਮਾਣ ਸੀ। ਇਨ੍ਹਾਂ ਪੱਖਾਂ ਨੇ ਇਕ ਅਜਿਹੀ ਪੀੜ੍ਹੀ ਨੂੰ ਆਕਾਰ ਦਿੱਤਾ ਹੈ, ਜੋ ਨਿੱਜੀ ਪਛਾਣ, ਪ੍ਰਮਾਣਿਕਤਾ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸਮਾਵੇਸ਼ਤਾ ਨੂੰ ਸਭ ਤੋਂ ਉੱਪਰ ਮੰਨਦੀ ਹੈ।
ਜੈੱਨ-ਜੀ ਪੀੜ੍ਹੀ ਕਿਸੇ ਵੀ ਸੱਤਾ ਜਾਂ ਵਿਵਸਥਾ ਨੂੰ ਸਿਰਫ਼ ਇਸ ਲਈ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ ਕਿ ਉਹ ਪਰੰਪਰਾਗਤ ਤੌਰ ’ਤੇ ਚੱਲ ਰਹੀ ਹੈ।
ਉਹ ਸਿੱਧਾ ਸਵਾਲ ਕਰਦੀ ਹੈ ਕਿ ਪੁਰਾਣੀਆਂ ਵਿਵਸਥਾਵਾਂ ਬਾਬਦਸਤੂਰ ਕਿਉਂ ਮੌਜੂਦ ਹਨ, ਕੀ ਸਥਾਪਤ ਸੰਸਥਾਵਾਂ ਉਨ੍ਹਾਂ ਦੀ ਆਵਾਜ਼ ਸੁਣ ਵੀ ਰਹੀਆਂ ਹਨ ਅਤੇ ਕੀ ਮੌਜੂਦਾ ਤੰਤਰ ਉਨ੍ਹਾਂ ਨੂੰ ਨਿਆਂਸੰਗਤ ਅਤੇ ਇਕਸਮਾਨ ਮੌਕੇ ਉਪਲਬਧ ਕਰਵਾ ਰਿਹਾ ਹੈ? ਇਨ੍ਹਾਂ ਦੀਆਂ ਖ਼ਾਹਿਸ਼ਾਂ ਪਿਛਲੀਆਂ ਪੀੜ੍ਹੀਆਂ ਨਾਲੋਂ ਬੁਨਿਆਦੀ ਤੌਰ ’ਤੇ ਵੱਖਰੀਆਂ ਹਨ, ਜਿਨ੍ਹਾਂ ਲਈ ਇਕ ਸੁਰੱਖਿਅਤ ਅਤੇ ਸਥਿਰ ਕਰੀਅਰ ਹੀ ਜੀਵਨ ਦਾ ਅਸਲੀ ਅਤੇ ਆਖ਼ਰੀ ਟੀਚਾ ਹੋਇਆ ਕਰਦਾ ਸੀ।
ਪੁਰਾਣੀ ਪੀੜ੍ਹੀ ਦੇ ਮੁਕਾਬਲੇ, ਉਹ ਕੋਈ ਅਰਥਪੂਰਨ ਜਾਂ ਦਿਲਚਸਪੀ ਮੁਤਾਬਕ ਕੰਮ ਚਾਹੁੰਦੇ ਹਨ। ਅਜਿਹਾ ਕੰਮ, ਜਿਸ ਵਿਚ ਨਾ ਸਿਰਫ਼ ਆਰਥਿਕ ਆਜ਼ਾਦੀ, ਸਗੋਂ ਆਪਣੀਆਂ ਸ਼ਰਤਾਂ ’ਤੇ ਕੰਮ ਕਰਨ ਦੀ ਸਹੂਲਤ ਦੇ ਨਾਲ ਹੀ ਕੁਝ ਨਵਾਂ ਰਚਣ ਦੀ ਖੁੱਲ੍ਹ ਅਤੇ ਸਵੈ-ਵਿਕਾਸ ਦੀ ਗੁੰਜਾਇਸ਼ ਹੋਵੇ। ਸਟਾਰਟਅੱਪ, ਫ੍ਰੀਲਾਂਸਿੰਗ, ਡਿਜੀਟਲ ਪਲੇਟਫਾਰਮ, ਸਮੱਗਰੀ ਬਣਾਉਣ ਅਤੇ ਆਧੁਨਿਕ ਤਕਨੀਕੀ ਪੇਸ਼ਿਆਂ ਨੇ ਰੁਜ਼ਗਾਰ ਨੂੰ ਲੈ ਕੇ ਉਨ੍ਹਾਂ ਦੀ ਸੋਚ ਦੇ ਪੱਧਰਾਂ ਨੂੰ ਹੋਰ ਵਿਸਥਾਰ ਦਿੱਤਾ ਹੈ। ਹਾਲਾਂਕਿ, ਇਸ ਸਿੱਕੇ ਦਾ ਦੂਜਾ ਪਹਿਲੂ ਓਨਾ ਹੀ ਕਾਲਾ ਹੈ ਅਤੇ ਉਹ ਇਹ ਹੈ ਕਿ ਉੱਨਤ ਸਿੱਖਿਆ ਅਤੇ ਢੰਗ ਦੀਆਂ ਨੌਕਰੀਆਂ ਲਈ ਹਾਲੇ ਵੀ ਉਨ੍ਹਾਂ ਨੂੰ ਬਹੁਤ ਸਖ਼ਤ ਸੰਘਰਸ਼ ਅਤੇ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿੱਦਿਅਕ ਡਿਗਰੀਆਂ ਅਤੇ ਆਰਥਿਕ ਮੌਕਿਆਂ ਵਿਚਕਾਰ ਵਧਦਾ ਫ਼ਰਕ ਨੌਜਵਾਨ ਵਰਗ ਵਿਚ ਭਾਰੀ ਨਿਰਾਸ਼ਾ ਪੈਦਾ ਕਰ ਸਕਦਾ ਹੈ। ਜੈੱਨ-ਜੀ ਨੌਜਵਾਨ ਮੁੰਡੇ-ਕੁੜੀਆਂ ਸ਼ਾਇਦ ਸਰਕਾਰੀ ਨੌਕਰੀਆਂ ਦੀ ਘਾਟ ਨੂੰ ਸਵੀਕਾਰ ਕਰ ਵੀ ਲੈਣ ਪਰ ਉਹ ਪਾਰਦਰਸ਼ੀ ਭਰਤੀ ਪ੍ਰਕਿਰਿਆ, ਯੋਗਤਾ-ਆਧਾਰਤ ਚੋਣ, ਭਰੋਸੇਮੰਦ ਬੁਨਿਆਦੀ ਢਾਂਚਾ ਅਤੇ ਅਜਿਹੀਆਂ ਸੰਸਥਾਵਾਂ ਦੀ ਮੰਗ ਕਰਦੇ ਹਨ, ਜੋ ਨਾਗਰਿਕਾਂ ਦਾ ਇੱਜ਼ਤ-ਮਾਣ ਕਰਨ। ਅਸਲ ਵਿਚ, ਉਨ੍ਹਾਂ ਦੀ ਸਭ ਤੋਂ ਮੂਲ ਤਮੰਨਾ ਆਤਮ-ਸਨਮਾਨ ਅਤੇ ਇੱਜ਼ਤ-ਮਾਣ ਨਾਲ ਜੁੜੀ ਹੋਈ ਹੈ।
ਜੇਕਰ ਪੁਰਾਣੀ ਪੀੜ੍ਹੀ ਨੇ ਇੰਟਰਨੈੱਟ ਦੇ ਨਵੇਂ ਪਾਠ ਸਿੱਖੇ ਤਾਂ ਜੈੱਨ-ਜੀ ਏਆਈ ਦੇ ਯੁੱਗ ਵਿਚ ਪਲਣ ਵਾਲੀ ਪਹਿਲੀ ਪੀੜ੍ਹੀ ਹੈ। ਏਆਈ ਉਨ੍ਹਾਂ ਦੀ ਪੜ੍ਹਾਈ-ਲਿਖਾਈ, ਸਿਰਜਣ, ਸੰਵਾਦ ਅਤੇ ਸਵਾਲਾਂ ਦੇ ਹੱਲ ਦਾ ਸਭ ਤੋਂ ਵੱਡਾ ਜ਼ਰੀਆ ਬਣੇਗੀ। ਇਕ ਅਜਿਹੇ ਡਿਜੀਟਲ ਮਾਰਗਦਰਸ਼ਕ ਦੇ ਬਲਬੂਤੇ ਇਹ ਪੀੜ੍ਹੀ ਨਵੀਆਂ ਭਾਸ਼ਾਵਾਂ ਅਤੇ ਕਲਾ-ਕੌਸ਼ਲ ਸਿੱਖੇਗੀ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠ ਕੇ ਇਕ-ਦੂਜੇ ਨਾਲ ਸੁਖਦਾਈ ਤਰੀਕੇ ਨਾਲ ਮਿਲ ਕੇ ਕੰਮ ਕਰ ਸਕੇਗੀ। ਸੰਭਾਵਨਾਵਾਂ ਦੇ ਇਸ ਅਪਾਰ ਸੰਸਾਰ ਵਿਚ ਉਨ੍ਹਾਂ ’ਤੇ ਇਕ ਭਾਰੀ ਨੈਤਿਕ ਜ਼ਿੰਮੇਵਾਰੀ ਵੀ ਹੋਵੇਗੀ। ਸਪੱਸ਼ਟ ਹੈ ਕਿ ਭਵਿੱਖ ਵਿਚ ਮਸ਼ੀਨੀ ਮੁਹਾਰਤ ਨਾਲੋਂ ਕਿਤੇ ਜ਼ਿਆਦਾ ਮਹੱਤਵ ਮਨੁੱਖੀ ਫ਼ੈਸਲਿਆਂ, ਸੰਵੇਦਨਾ, ਸਿਰਜਣਸ਼ੀਲਤਾ, ਨੈਤਿਕ ਕਦਰਾਂ-ਕੀਮਤਾਂ, ਅਗਵਾਈ-ਕੌਸ਼ਲ ਅਤੇ ਸੱਚ ਤੇ ਸਿਰਜੇ ਗਏ ਝੂਠ ਦੇ ਬਰੀਕ ਫ਼ਰਕ ਨੂੰ ਫੜਨ ਵਾਲੀਆਂ ਸਮਰੱਥਾਵਾਂ ਦਾ ਹੋਵੇਗਾ।
ਭਾਰਤ ਦੀ ਨੌਜਵਾਨ ਆਬਾਦੀ ਦੇਸ਼ ਦੀ ਤਾਕਤ ਤਦ ਹੀ ਬਣ ਸਕਦੀ ਹੈ, ਜਦੋਂ ਇਸ ਪੀੜ੍ਹੀ ਨੂੰ ਹੁਨਰ, ਰੁਜ਼ਗਾਰ, ਆਤਮ-ਸਨਮਾਨ, ਆਪਣੀ ਗੱਲ ਕਹਿਣ ਦਾ ਮੰਚ ਅਤੇ ਇਕ ਬਿਹਤਰ ਭਵਿੱਖ ਦਾ ਭਰੋਸਾ ਮਿਲੇ। ਇਸ ਦੇ ਲਈ ਸਿੱਖਿਆ ਨੂੰ ਰਟਣ ਦੀ ਰਵਾਇਤ ਤੋਂ ਮੁਕਤ ਕਰ ਕੇ ਰਚਨਾਤਮਕ ਵਿਵੇਕ, ਪ੍ਰਯੋਗਾਤਮਕ ਅਤੇ ਸਮੱਸਿਆਵਾਂ ਦੇ ਵਿਵਹਾਰਕ ਹੱਲ ਵੱਲ ਮੋੜਨਾ ਹੋਵੇਗਾ। ਨਾਲ ਹੀ, ਤਕਨੀਕੀ ਅਤੇ ਕਿੱਤਾਮੁਖੀ ਪੜ੍ਹਾਈ-ਲਿਖਾਈ ਦਾ ਉਦਯੋਗਾਂ ਨਾਲ ਸਿੱਧਾ ਤਾਲਮੇਲ ਬਿਠਾਉਣਾ, ਨੌਜਵਾਨਾਂ ਨੂੰ ਬਾਜ਼ਾਰ ਦੀ ਮੰਗ ਮੁਤਾਬਕ ਤਿਆਰ ਕਰਨਾ ਅਤੇ ਸਟਾਰਟਅੱਪ ਅਤੇ ਨਵੀਆਂ ਖੋਜਾਂ ਦੇ ਦਰਵਾਜ਼ੇ ਹਰ ਤਬਕੇ ਲਈ ਖੋਲ੍ਹਣਾ ਲਾਜ਼ਮੀ ਹੋਵੇਗਾ।
ਭਾਰਤ ਨੂੰ ਏਆਈ ਨਾਲ ਲੈਸ ਅਜਿਹੇ ਕੁਸ਼ਲ ਕਾਰਜਬਲ ਨੂੰ ਤਿਆਰ ਕਰਨਾ ਹੋਵੇਗਾ ਜੋ ਮਸ਼ੀਨਾਂ ਨਾਲ ਸਿਰਫ਼ ਮੁਕਾਬਲਾ ਕਰਨ ਦੀ ਬਜਾਏ ਉਨ੍ਹਾਂ ਨਾਲ ਮਿਲ ਕੇ ਉਤਪਾਦਕਤਾ ਅਤੇ ਸਿਰਜਣਸ਼ੀਲਤਾ ਨਾਲ ਕੰਮ ਕਰਨ ਦੀ ਸਮਰੱਥਾ ਵਿਕਸਤ ਕਰ ਸਕੇ। ਇਸ ਦੇ ਨਾਲ ਹੀ, ਨੌਜਵਾਨਾਂ ਵਿਚ ਮਾਨਸਿਕ ਦ੍ਰਿੜਤਾ, ਸਰੀਰਕ ਤੰਦਰੁਸਤੀ, ਖੇਡ-ਕੁੱਦ, ਸੱਭਿਆਚਾਰਕ ਦਿਲਚਸਪੀਆਂ ਅਤੇ ਜੀਵੰਤ ਅਤੇ ਗਤੀਸ਼ੀਲ ਸਮੂਹਿਕ ਜੀਵਨ ਨੂੰ ਹੁਲਾਰਾ ਦੇਣ ’ਤੇ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਜ਼ੋਰ ਦੇਣਾ ਹੋਵੇਗਾ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਨੂੰ ਇਨ੍ਹਾਂ ਨੌਜਵਾਨ ਮੁੰਡਿਆਂ-ਕੁੜੀਆਂ ਦੀ ਆਵਾਜ਼ ਨੂੰ ਸੰਵੇਦਨਸ਼ੀਲਤਾ ਨਾਲ ਸੁਣਨਾ ਹੋਵੇਗਾ ਅਤੇ ਸਮੇਂ ਮੁਤਾਬਕ ਢੁੱਕਵੇਂ ਕਦਮ ਚੁੱਕਣੇ ਹੋਣਗੇ। ਡਿਜੀਟਲ ਕਨੈਕਟੀਵਿਟੀ ਦੇ ਇਸ ਯੁੱਗ ਵਿਚ ਸੁਸਤ ਅਤੇ ਗ਼ੈਰ-ਪਾਰਦਰਸ਼ੀ ਲਾਲਫੀਤਾਸ਼ਾਹੀ ਵਾਲੀਆਂ ਪ੍ਰਕਿਰਿਆਵਾਂ ਪ੍ਰਤੀ ਇਸ ਪੀੜ੍ਹੀ ਦਾ ਅਸੰਤੋਸ਼ ਅਤੇ ਅਸਹਿਣਸ਼ੀਲਤਾ ਹੋਰ ਤਿੱਖੀ ਹੁੰਦੀ ਜਾਵੇਗੀ। ਇਸ ਲਈ ਨਾਗਰਿਕ ਵਿਚਾਰ-ਚਰਚਾ ਅਤੇ ਵਿਧਾਨਕ ਸੰਸਥਾਵਾਂ ਵਿਚ ਉਨ੍ਹਾਂ ਦੀ ਸਾਰਥਕ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਨਿਰੰਤਰ ਰੂਪ ਵਿਚ ਜ਼ਰੂਰੀ ਹੋਵੇਗਾ।
ਭਾਵੇਂ ਹੀ ਪੀਐੱਮ ਮੋਦੀ ਨੇ ਸੰਸਦ ਮੈਂਬਰਾਂ-ਵਿਧਾਇਕਾਂ ਨੂੰ ਨਵੀਂ ਪੀੜ੍ਹੀ ਨਾਲ ਜੁੜਨ ਦੀ ਇਕ ਕਵਾਇਦ ਸੌਂਪ ਦਿੱਤੀ ਹੋਵੇ ਪਰ ਮਹਿਜ਼ ਗੱਲਾਂ ’ਤੇ ਸੁਣਵਾਈ ਉਨ੍ਹਾਂ ਦੇ ਮਨੋਭਾਵਾਂ ਅਤੇ ਖ਼ਾਹਿਸ਼ਾਂ ਦੀ ਪੂਰਤੀ ਨਹੀਂ ਕਰ ਸਕਦੀ। ਸਮਾਂ ਆ ਗਿਆ ਹੈ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਨੌਜਵਾਨਾਂ ਨੂੰ ਆਪਣੀ ਗੱਲ ਰੱਖਣ ਦੀ ਅਸਲੀ ਜਗ੍ਹਾ ਮਿਲਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪੁਰਾਣੀ ਲੀਡਰਸ਼ਿਪ ਨੂੰ ਇਕਦਮ ਦਰਕਿਨਾਰ ਕਰ ਦਿੱਤਾ ਜਾਵੇ। ਸ਼ਾਸਨ ਅਤੇ ਪ੍ਰਸ਼ਾਸਨ ਵਿਚ ਤਜਰਬਾ, ਸਮਝ ਅਤੇ ਧੀਰਜ ਦਾ ਮਹੱਤਵ ਸਦਾ ਰਹੇਗਾ ਪਰ ਭਾਰਤ ਦੇ ਭਵਿੱਖ ਨੂੰ ਸਿਰਜਣ ਵਿਚ ਭਵਿੱਖੀ ਪੀੜ੍ਹੀ ਦੀ ਭੂਮਿਕਾ ਨਿਰਧਾਰਤ ਹੋਣੀ ਹੀ ਚਾਹੀਦੀ ਹੈ।
-ਜੀਐੱਨ ਵਾਜਪਾਈ
-(ਲੇਖਕ ਸੇਬੀ ਤੇ ਐੱਲਆਈਸੀ ਦੇ ਸਾਬਕਾ ਚੇਅਰਮੈਨ ਹਨ)।