ਹਿਮਾਚਲ ਪ੍ਰਦੇਸ਼ ਵਿਚ ਅਨੇਕ ਧਾਰਮਿਕ ਅਸਥਾਨ ਹੋਣ ਕਾਰਨ ਇੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਧਾਰਦੇ ਹਨ। ਇਸ ਸੂਬੇ ਦੇ ਲੋਕਾਂ ਦਾ ਆਪਣਾ ਵੱਖਰਾ ਸੁਭਾਅ ਹੈ•। ਜਦੋਂ ਪੰਜਾਬ ਦੇ ਲੋਕ ਉੱਥੇ ਸੈਰ-ਸਪਾਟੇ ਲਈ ਜਾਂਦੇ ਹਨ ਤਾਂ ਕਈ ਖ਼ਾਸ ਮੌਕਿਆਂ ’ਤੇ ਕੁਝ ਤਣਾਅ ਵੀ ਪੈਦਾ ਹੋ ਜਾਂਦੇ ਹਨ।
ਹਰੇਕ ਸੂਬੇ ਦੀ ਆਪਣੀ ਹੱਦਬੰਦੀ ਅਤੇ ਕਾਨੂੰਨ ਪ੍ਰਬੰਧ ਹੈ। ਉਸੇ ਮੁਤਾਬਕ ਹੀ ਉਸ ਦੇ ਨਿਯਮ ਲਾਗੂ ਹੁੰਦੇ ਹਨ ਪਰ ਕਈ ਵਾਰ ਦੂਜੇ ਸੂਬਿਆਂ ਨਾਲ ਲੱਗਦੀਆਂ ਹੱਦਾਂ ’ਤੇ ਕੁਝ ਫ਼ੈਸਲੇ ਤਣਾਅ ਦਾ ਕਾਰਨ ਵੀ ਬਣਦੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਤੇ ਹਿਮਾਚਲ ਵਿਚਾਲੇ ਐਂਟਰੀ ਟੈਕਸ ਨੂੰ ਲੈ ਕੇ ਇਕ-ਦੂਜੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ, ਹਿਮਾਚਲ ਵੱਲੋਂ ਐਂਟਰੀ ਟੈਕਸ ’ਚ ਕੀਤੇ ਗਏ ਵਾਧੇ ਦੇ ਮੁੱਦੇ ’ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਲੋਕਾਂ ਵੱਲੋਂ ਰੋਹ ਪ੍ਰਗਟਾਇਆ ਜਾ ਰਿਹਾ ਹੈ। ਇਹ ਉਹ ਇਲਾਕੇ ਹਨ ਜੋ ਹਿਮਾਚਲ ਨਾਲ ਲੱਗਦੇ ਹਨ।
ਇੱਥੋਂ ਦੇ ਲੋਕਾਂ ਦਾ ਰੋਜ਼ਾਨਾ ਹਿਮਾਚਲ ਆਪਣੇ ਕੰਮਾਂ-ਕਾਰਾਂ ਲਈ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਹਿਮਾਚਲ ਸਰਕਾਰ ਨੇ ਐਂਟਰੀ ਟੈਕਸ 100 ਰੁਪਏ ਤੋਂ ਸਿੱਧਾ 280 ਰੁਪਏ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਵਾਧੇ ’ਤੇ ਸਿਆਸਤ ਵੀ ਹੋ ਰਹੀ ਹੈ। ਹਿਮਾਚਲ ਤੇ ਪੰਜਾਬ ਵਿਚਾਲੇ ਪਿਛਲੇ ਸਾਲ ਵੀ ਕੁਝ ਮੁੱਦਿਆਂ ਨੂੰ ਲੈ ਕੇ ਵਿਰੋਧ ਦੇ ਸੁਰ ਉੱਠ ਚੁੱਕੇ ਹਨ। ਇਸ ’ਚ ਪਾਣੀਆਂ ’ਚ ਹਿੱਸੇਦਾਰੀ ਦਾ ਮੁੱਦਾ ਵੀ ਸ਼ਾਮਲ ਹੈ। ਹਿਮਾਚਲ ਹਰਿਆਣਾ ਵਾਂਗ ਆਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈ ਜਦਕਿ ਪੰਜਾਬ ਸਰਕਾਰ ਲਗਾਤਾਰ ਇਹ ਤਰਕ ਦਿੰਦੀ ਆ ਰਹੀ ਹੈ ਕਿ ਸੂਬੇ ਦੀਆਂ ਖੇਤੀ ਲੋੜਾਂ ਕਾਰਨ ਇਹ ਹਿੱਸਾ ਦੇਣ ਦੀ ਸਥਿਤੀ ’ਚ ਉਹ ਨਹੀਂ ਹੈ।
ਤੇਜ਼ ਬਰਸਾਤਾਂ ਦੇ ਦਿਨਾਂ ’ਚ ਵੀ ਪੰਜਾਬ ਇਸ ਗੱਲ ਦੀ ਵਕਾਲਤ ਕਰਦਾ ਰਿਹਾ ਹੈ ਕਿ ਪਹਾੜਾਂ ਤੋਂ ਆਉਣ ਵਾਲੇ ਪਾਣੀਆਂ ਕਾਰਨ ਉਸ ਦਾ ਵੱਡਾ ਨੁਕਸਾਨ ਹੁੰਦਾ ਹੈ। ਸਮੁੱਚੇ ਰੂਪ ’ਚ ਦੇਖਿਆ ਜਾਵੇ ਤਾਂ ਦੋਵਾਂ ਸੂਬਿਆਂ ਵਿਚਾਲੇ ਤਣਾਅ ਤੇ ਪਰੇਸ਼ਾਨੀਆਂ ਸਿਆਸੀ ਤੇ ਪ੍ਰਸ਼ਾਸਕੀ ਪੱਧਰ ਦੀਆਂ ਲੱਗਦੀਆਂ ਹਨ। ਦੋਵੇਂ ਸੂਬੇ ਕੇਂਦਰੀ ਸਹਿਯੋਗ ਨਾਲ ਹੀ ਵਿਕਾਸ ਦੀਆਂ ਲੀਹਾਂ ’ਤੇ ਤੁਰ ਰਹੇ ਹਨ। ਕੁਦਰਤੀ ਸਰੋਤਾਂ ਨੂੰ ਕੋਈ ਵੀ ਸੂਬਾ ਸਿਰਫ਼ ‘ਸਾਡਾ ਹੱਕ’ ਕਹਿ ਕੇ ਨਹੀਂ ਰੋਕ ਸਕਦਾ। ਇਹ ਮਨੁੱਖੀ ਲੋੜਾਂ ਤੇ ਸੰਵੇਦਨਸ਼ੀਲਤਾ ਦੇ ਪੱਧਰ ’ਤੇ ਇਕ-ਦੂਜੇ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਹਨ। ਹਿਮਾਚਲ ਵੈਸੇ ਵੀ ਪੰਜਾਬ ਦਾ ਹਿੱਸਾ ਸੀ। ਉਹ ਆਪਣੇ ਕੁਦਰਤੀ ਸੁਹੱਪਣ ਕਾਰਨ ਸੈਲਾਨੀਆਂ ਦਾ ਗੜ੍ਹ ਬਣਦਾ ਹੈ।
ਹਿਮਾਚਲ ਪ੍ਰਦੇਸ਼ ਵਿਚ ਅਨੇਕ ਧਾਰਮਿਕ ਅਸਥਾਨ ਹੋਣ ਕਾਰਨ ਇੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਧਾਰਦੇ ਹਨ। ਇਸ ਸੂਬੇ ਦੇ ਲੋਕਾਂ ਦਾ ਆਪਣਾ ਵੱਖਰਾ ਸੁਭਾਅ ਹੈ•। ਜਦੋਂ ਪੰਜਾਬ ਦੇ ਲੋਕ ਉੱਥੇ ਸੈਰ-ਸਪਾਟੇ ਲਈ ਜਾਂਦੇ ਹਨ ਤਾਂ ਕਈ ਖ਼ਾਸ ਮੌਕਿਆਂ ’ਤੇ ਕੁਝ ਤਣਾਅ ਵੀ ਪੈਦਾ ਹੋ ਜਾਂਦੇ ਹਨ। ਹਿਮਾਚਲ ਨੂੰ ਘੱਟੋ-ਘੱਟ ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਸੂਬੇ ਦੇ ਲੋਕ ਕੁਝ ਵਿਸ਼ੇਸ਼ ਦਿਨਾਂ ’ਚ ਉੱਥੇ ਆਉਣ-ਜਾਣ ਵੇਲੇ ਉਸ ਦੀ ਆਮਦਨ ’ਚ ਵਾਧਾ ਕਰਦੇ ਹਨ, ਉਨ੍ਹਾਂ ਨੂੰ ਜ਼ਰੂਰ ਅਜਿਹੇ ਵੱਡੇ ਟੈਕਸਾਂ ’ਚ ਨਹੀਂ ਬੰਨ੍ਹਣਾ ਚਾਹੀਦਾ।
ਇਸ ਦੇ ਨਾਲ ਹੀ ਸੈਰ-ਸਪਾਟੇ ਦੌਰਾਨ ਦੂਜੇ ਸੂਬਿਆਂ ’ਚ ਵਿਚਰਦਿਆਂ ਸੱਭਿਅਕ ਮਾਹੌਲ ਬਣਾ ਕੇ ਰੱਖਣਾ ਵੀ ਸਭ ਦੀ ਜ਼ਿੰਮੇਵਾਰੀ ਹੈ। ਬੇਲੋੜੇ ਵਾਦ-ਵਿਵਾਦ ਤੋਂ ਬਚਣਾ ਚਾਹੀਦਾ ਹੈ। ਹਿਮਾਚਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇਕ ਦੇਸ਼ ਹੈ ਤਾਂ ਫਿਰ ਘੱਟੋ-ਘੱਟ ਇਕ ਤੋਂ ਦੂਜੇ ਸੂਬੇ ਵਿਚ ਦਾਖ਼ਲ ਹੁੰਦਿਆਂ ਅਜਿਹੇ ਵੱਡੇ ਟੈਕਸ ਨਹੀਂ ਲਗਾਉਣੇ ਚਾਹੀਦੇ। ਅਜਿਹੇ ਟੈਕਸਾਂ ਕਾਰਨ ਸੈਲਾਨੀਆਂ ਦਾ ਉੱਥੇ ਸੈਰ-ਸਪਾਟੇ ਤੋਂ ਮੋਹ ਭੰਗ ਹੋ ਸਕਦਾ ਹੈ। ਇਸ ਨਾਲ ਉਸ ਦੇ ਅਰਥਚਾਰੇ ’ਤੇ ਵੀ ਮਾੜਾ ਅਸਰ ਪਵੇਗਾ।
-ਜਗਜੀਵਨ ਮੀਤ
-ਮੋਬਾਈਲ : 91157-10139