- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਨੂੰ ਮਹਿਸੂਸ ਹੋਇਆ ਕਿ ਮੈਂ ਵੀ ਤਾਂ ਗੱਲ-ਗੱਲ ’ਤੇ, ਪੈਰ-ਪੈਰ ’ਤੇ ਅਦਾਕਾਰੀ ਕਰ ਰਿਹਾ ਹੁੰਦਾ ਹਾਂ। ਮੈਂ ਜਿਸ ਥਾਂ ਵੀ ਜਾਂਦਾ ਹਾਂ, ਮੈਂ ਜਿਸ ਵਿਅਕਤੀ ਨੂੰ ਵੀ ਮਿਲਦਾ ਹਾਂ, ਜਿਹੋ ਜਿਹਾ ਵੀ ਮੌਕਾ ਹੁੰਦਾ ਹੈ, ਲੋੜ ਮੁਤਾਬਕ ਇਕਦਮ ਆਪਣੇ ਅੰਦਰਲਾ ਕਿਰਦਾਰ ਬਦਲ ਲੈਂਦਾ ਹਾਂ। ਮੇਰੇ ਅੰਦਰਲਾ ਕਲਾਕਾਰ ਇੰਨਾ ਮਾਹਿਰ ਹੈ, ਇੰਨਾ ਫੁਰਤੀਲਾ ਹੈ, ਇੰਨਾ ਮੌਲਿਕ ਹੈ, ਇੰਨਾ ਹੰਢਿਆ ਹੋਇਆ ਹੈ ਕਿ ਉਹ ਹਾਲਾਤ ਅਨੁਸਾਰ ਇਕਦਮ ਆਪਣੀ ਭੂਮਿਕਾ ਵਿਚ ਆ ਜਾਂਦਾ ਹੈ।

-ਵਿਸ਼ਵ ਪ੍ਰਸਿੱਧ ਨਾਟਕਕਾਰ ਸ਼ੈਕਸਪੀਅਰ ਦਾ ਕਥਨ ਹੈ ਕਿ ਇਹ ਧਰਤੀ ਇਕ ਰੰਗਮੰਚ ਹੈ। ਅਸੀਂ ਸਾਰੇ ਇਸ ਦੀਆਂ ਕਠਪੁਤਲੀਆਂ ਹਾਂ। ਸਾਡੀ ਡੋਰ ਉੱਪਰ ਵਾਲੇ ਦੇ ਹੱਥ ਵਿਚ ਹੈ। ਅਸੀਂ ਇਸ ਰੰਗਮੰਚ ’ਤੇ ਆਉਂਦੇ ਹਾਂ ਅਤੇ ਆਪੋ-ਆਪਣੀ ਭੂਮਿਕਾ ਅਦਾ ਕਰਦੇ ਹਾਂ। ਜਦੋਂ ਸਾਡੀ ਭੂਮਿਕਾ ਖ਼ਤਮ ਹੋ ਜਾਂਦੀ ਹੈ, ਉੱਪਰ ਵਾਲਾ ਸਾਡੀ ਡੋਰ ਖਿੱਚ ਲੈਂਦਾ ਹੈ ਤੇ ਅਸੀਂ ਆਪੋ-ਆਪਣਾ ਕਿਰਦਾਰ ਨਿਭਾ ਕੇ ਇਸ ਰੰਗਮੰਚ ਤੋਂ ਚਲੇ ਜਾਂਦੇ ਹਾਂ। ਸਾਡੀ ਥਾਂ ਕੋਈ ਹੋਰ ਆ ਜਾਂਦਾ ਹੈ। ਇਹ ਸਿਲਸਿਲਾ ਇਸ ਸੰਸਾਰ ਦੀ ਉਤਪਤੀ ਤੋਂ ਚੱਲਦਾ ਆ ਰਿਹਾ ਹੈ। ਇਸ ਕਥਨ ਮੁਤਾਬਕ ਸਾਡੇ ਸਾਰਿਆਂ ਦੀਆਂ ਭੂਮਿਕਾਵਾਂ ਪਹਿਲਾਂ ਤੋਂ ਹੀ ਨਿਰਧਾਰਤ ਹਨ।
ਮੇਰੇ ਸਾਹਿਤਕਾਰ ਮਿੱਤਰ ਡਾ.ਅਵਤਾਰ ਸਿੰਘ ਪਤੰਗ ਨੇ ਫੋਨ ’ਤੇ ਗੱਲ ਕਰਦਿਆਂ ਇਸ ਗੱਲ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਕਰਾਇਆ ਕਿ ਸਾਡੇ ਅੰਦਰ ਹੋਰ ਵੀ ਬੜੇ ਕਲਾਕਾਰ ਹਨ, ਅਸੀਂ ਸ਼ੈਕਸਪੀਅਰ ਮੁਤਾਬਕ ਪੂਰਵ ਨਿਰਧਾਰਤ ਭੂਮਿਕਾ ਦੇ ਨਾਲ-ਨਾਲ ਸਾਰੀ ਉਮਰ ਰੋਜ਼ ਹੀ ਕਿੰਨੇ ਛੋਟੇ-ਵੱਡੇ ਨਾਟਕ ਖੇਡਦੇ ਰਹਿੰਦੇ ਹਾਂ। ਜਦੋਂ ਮੈਂ ਡਾ. ਪਤੰਗ ਦੇ ਇਸ ਨੁਕਤੇ ਦੇ ਆਇਨੇ ਵਿਚ ਆਪਣੇ-ਆਪ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ।
ਮੈਨੂੰ ਮਹਿਸੂਸ ਹੋਇਆ ਕਿ ਮੈਂ ਵੀ ਤਾਂ ਗੱਲ-ਗੱਲ ’ਤੇ, ਪੈਰ-ਪੈਰ ’ਤੇ ਅਦਾਕਾਰੀ ਕਰ ਰਿਹਾ ਹੁੰਦਾ ਹਾਂ। ਮੈਂ ਜਿਸ ਥਾਂ ਵੀ ਜਾਂਦਾ ਹਾਂ, ਮੈਂ ਜਿਸ ਵਿਅਕਤੀ ਨੂੰ ਵੀ ਮਿਲਦਾ ਹਾਂ, ਜਿਹੋ ਜਿਹਾ ਵੀ ਮੌਕਾ ਹੁੰਦਾ ਹੈ, ਲੋੜ ਮੁਤਾਬਕ ਇਕਦਮ ਆਪਣੇ ਅੰਦਰਲਾ ਕਿਰਦਾਰ ਬਦਲ ਲੈਂਦਾ ਹਾਂ। ਮੇਰੇ ਅੰਦਰਲਾ ਕਲਾਕਾਰ ਇੰਨਾ ਮਾਹਿਰ ਹੈ, ਇੰਨਾ ਫੁਰਤੀਲਾ ਹੈ, ਇੰਨਾ ਮੌਲਿਕ ਹੈ, ਇੰਨਾ ਹੰਢਿਆ ਹੋਇਆ ਹੈ ਕਿ ਉਹ ਹਾਲਾਤ ਅਨੁਸਾਰ ਇਕਦਮ ਆਪਣੀ ਭੂਮਿਕਾ ਵਿਚ ਆ ਜਾਂਦਾ ਹੈ।
ਉਹ ਬਿਨਾਂ ਕਿਸੇ ਪਹਿਲਾਂ ਲਿਖੀ ਪਟਕਥਾ, ਪਹਿਲਾਂ ਚੇਤੇ ਕੀਤੇ ਸੰਵਾਦ, ਬਿਨਾਂ ਵੇਸ਼ਭੂਸ਼ਾ ਬਦਲੇ, ਬਿਨਾਂ ਕਿਸੇ ਨਿਰਦੇਸ਼ਨ ਦੇ ਝਟਪਟ ਆਪਣੀ ਅਦਾਕਾਰੀ ਸ਼ੁਰੂ ਕਰ ਦਿੰਦਾ ਹੈ ਤੇ ਮੇਰੇ ਸਾਹਮਣੇ ਵਾਲਾ ਵੀ ਅਕਸਰ ਮੇਰੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਉਸ ਸਮੇਂ ਇਸ ਭੂਮਿਕਾ ਦਾ ਪਟਕਥਾ ਲੇਖਕ, ਸੰਵਾਦ ਲੇਖਕ, ਕਲਾਕਾਰ ਤੇ ਨਿਰਦੇਸ਼ਕ ਸਭ ਕੁਝ ਮੈਂ ਆਪ ਹੀ ਹੁੰਦਾ ਹਾਂ। ਮੇਰੇ ਹਾਵ-ਭਾਵ, ਮੇਰੀ ਸੰਵਾਦ ਅਦਾਕਾਰੀ, ਮੇਰੇ ਹਾਵ-ਭਾਵ ਇੱਕਦਮ ਮੌਲਿਕ ਹੁੰਦੇ ਹਨ। ਹਾਲਾਤ ਅਤੇ ਸਾਹਮਣੇ ਵਾਲੇ ਪਾਤਰ ਨੂੰ ਦੇਖ ਕੇ ਅੱਖ ਝਪਕਦਿਆਂ ਹੀ ਮੇਰੇ ਅੰਦਰਲੇ ਇਹ ਸਾਰੇ ਸਹਾਇਕ ਕਿਰਿਆਸ਼ੀਲ ਹੋ ਜਾਂਦੇ ਹਨ।
ਨਿੱਤ ਕਦਮ-ਕਦਮ ’ਤੇ ਕੀਤੀ ਜਾਂਦੀ ਅਦਾਕਾਰੀ ਵਿਚ ਕਈ ਵਾਰ ਮੈਂ ਸਫਲ ਵੀ ਹੁੰਦਾ ਹਾਂ ਤੇ ਕਈ ਵਾਰ ਨਿਰਾਸ਼ ਵੀ ਹੋਣਾ ਪੈਂਦਾ ਹੈ। ਕਈ ਵਾਰ ਤਾਂ ਇਹ ਅੰਦਰਲਾ ਅਦਾਕਾਰ ਮੇਰੇ ’ਤੇ ਹੀ ਭਾਰੂ ਪੈ ਜਾਂਦਾ ਹੈ। ਸਵੈ-ਪੜਚੋਲ ਕਰਦਿਆਂ ਮੈਨੂੰ ਅਕਸਰ ਨਿਦਾ ਫ਼ਾਜ਼ਲੀ ਦਾ ਇਹ ਸ਼ਿਅਰ ਵੀ ਯਾਦ ਆ ਜਾਂਦਾ ਹੈ, ‘ਏਕ ਆਦਮੀ ਮੇਂ ਹੋਤੇ ਹੈ ਦਸ-ਬੀਸ ਆਦਮੀ, ਜਿਸੇ ਭੀ ਦੇਖਨਾ, ਕਈ-ਕਈ ਵਾਰ ਦੇਖਨਾ’ ਪਰ ਮੈਨੂੰ ਤਾਂ ਲੱਗਦਾ ਹੈ ਕਿ ਮੇਰੇ ਅੰਦਰ ਦਸ-ਬੀਸ ਨਹੀਂ ਸੈਂਕੜੇ ਆਦਮੀ ਹਨ। ਮੈਂ ਹੋਸ਼ ਸੰਭਾਲਣ ਮਗਰੋਂ ਬਚਪਨ ਤੋਂ ਲੈ ਕੇ ਹੁਣ ਉਮਰ ਦੇ ਤੀਸਰੇ ਪੜਾਅ ਤੱਕ ਅਣਗਿਣਤ ਲੋਕਾਂ ਨੂੰ ਮਿਲਿਆ ਹਾਂ। ਇਕ ਪੁੱਤਰ, ਇਕ ਮਿੱਤਰ, ਇਕ ਪਤੀ, ਇਕ ਬਾਪ, ਇਕ ਦਾਦਾ-ਨਾਨਾ ਆਦਿ ਭੂਮਿਕਾਵਾਂ ਤਾਂ ਸਿੱਧੀਆਂ ਮੇਰੀ ਉਮਰ ਅਤੇ ਅਵਸਥਾ ਨਾਲ ਜੁੜੀਆਂ ਹੋਈਆਂ ਹਨ। ਇਹ ਕਿਰਦਾਰ ਤਾਂ ਮੈਂ ਆਪਣੇ ਮਾਪਿਆਂ ਤੋਂ ਮਿਲੇ ਵਿਵਹਾਰ, ਹਾਸਲ ਕੀਤੀ ਸਿੱਖਿਆ ਅਤੇ ਅਨੁਭਵਾਂ ਦੇ ਆਧਾਰ ’ਤੇ ਨਿਭਾਉਂਦਾ ਆ ਰਿਹਾ ਹਾਂ।
ਇਨ੍ਹਾਂ ਕਿਰਦਾਰਾਂ ਨੂੰ ਤਾਂ ਲਗਪਗ ਹਰ ਕੋਈ ਆਪਣੀ ਹੈਸੀਅਤ ਮੁਤਾਬਕ ਨਿਭਾ ਹੀ ਰਿਹਾ ਹੈ ਪਰ ਜਦੋਂ ਕਿਸੇ ਪ੍ਰਤੀ ਮੇਰੇ ਵਿਚਾਰ ਬਦਲ ਜਾਂਦੇ ਹਨ ਜਾਂ ਕਿਸੇ ਤੋਂ ਮੇਰੀ ਸਵਰਾਥ ਪੂਰਤੀ ਨਹੀਂ ਹੁੰਦੀ ਜਾਂ ਕੋਈ ਕੀਤੇ ਵਾਅਦੇ ਤੋਂ ਮੁੱਕਰ ਜਾਂਦਾ ਹੈ ਜਾਂ ਆਪਣਾ ਸਵਾਰਥ ਕੱਢ ਕੇ ‘ਤੂੰ ਕੌਣ ਤੇ ਮੈਂ ਕੌਣ’ ਵਾਲਾ ਰੂਪ ਅਖ਼ਤਿਆਰ ਕਰ ਲੈਂਦਾ ਹੈ ਜਾਂ ਉਸ ਵਿਅਕਤੀ ਤੋਂ ਮੈਨੂੰ ਭਵਿੱਖ ਵਿਚ ਹੋਣ ਵਾਲੇ ਨਫ਼ੇ-ਨੁਕਸਾਨ ਬਾਰੇ ਅੰਦਾਜ਼ਾ ਹੋ ਜਾਂਦਾ ਹੈ ਤਾਂ ਮੇਰੇ ਅੰਦਰਲਾ ਕਲਾਕਾਰ ਨਕਾਰਾਤਮਕ ਭੂਮਿਕਾ ਵਿਚ ਆ ਜਾਂਦਾ ਹੈ। ਪਰ ਉਸ ਦੀ ਖ਼ੂਬੀ ਇਹ ਹੈ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਨਕਾਰਾਤਮਕ ਹੁੰਦਿਆਂ ਹੋਇਆਂ ਵੀ ਉਸ ਵਿਅਕਤੀ ਨਾਲ ਪੂਰਾ ਰਸਮੀਪੁਣਾ ਨਿਭਾਉਂਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਉਸ ਵਿਅਕਤੀ ਨੂੰ ਇਸ ਗੱਲ ਦਾ ਭੋਰਾ ਵੀ ਅਹਿਸਾਸ ਨਾ ਹੋਵੇ। ਜਦੋਂ ਮੈਂ ਆਪਣੇ ਵਾਕਿਫਕਾਰਾਂ ਨੂੰ ਮਿਲਦਾ ਹਾਂ, ਉਦੋਂ ਮੇਰੇ ਮਨ ਵਿਚ ਉਨ੍ਹਾਂ ਪ੍ਰਤੀ ਪਹਿਲਾਂ ਹੀ ਬਣੀ ਸੋਚ ਮੁਤਾਬਕ ਅਦਾਕਾਰੀ ਕਰਦਾ ਹਾਂ। ਨੌਕਰੀ ਦੌਰਾਨ ਆਪਣੇ ਬੌਸ ਦੇ ਅਧੀਨ ਹੁੰਦਿਆਂ ਜਾਂ ਫਿਰ ਆਪ ਪ੍ਰਬੰਧਕ ਹੋਣ ’ਤੇ ਆਪਣੇ ਅਧੀਨ ਕਰਮਚਾਰੀਆਂ ਨਾਲ ਚਾਹੁੰਦਿਆਂ ਤੇ ਨਾ ਚਾਹੁੰਦਿਆਂ ਵੀ ਕੰਮ ਚਲਾਉਣ ਲਈ ਆਪਣੇ ਅੰਦਰਲੇ ਅਦਾਕਾਰ ਰਾਹੀਂ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦਾ ਰਿਹਾ ਹਾਂ। ਮਹਿਲਾ ਕਰਮਚਾਰੀਆਂ ਪ੍ਰਤੀ ਮੇਰੇ ਅੰਦਰਲਾ ਅਦਾਕਾਰ ਬੇਹੱਦ ਨਿਮਰ, ਮਿੱਠ ਬੋਲੜਾ ਤੇ ਮਦਦਗਾਰ ਪਰ ਮਰਦ ਕਰਮਚਾਰੀਆਂ ਪ੍ਰਤੀ ਰੁੱਖਾ, ਅਫ਼ਸਰੀ ਰੋਹਬ ਤੇ ਹੈਂਕੜਬਾਜ਼ ਬਣ ਜਾਂਦਾ ਰਿਹਾ ਹੈ। ਪਰ ਜਦੋਂ ਮੈਂ ਅਚਾਨਕ ਅਣਜਾਣ ਲੋਕਾਂ ਨੂੰ ਬਿਨਾਂ ਕਿਸੇ ਪਿਛਲੀ ਜਾਣ-ਪਛਾਣ ਦੇ ਮਿਲਦਾ ਹਾਂ, ਉਸ ਸਮੇਂ ਮੈਂ ਉਨ੍ਹਾਂ ਨਾਲ ਕਿਹੜੀ ਭੂਮਿਕਾ ਕਿਸ ਢੰਗ ਨਾਲ ਨਿਭਾਉਂਦਾ ਹਾਂ, ਇਹ ਮੇਰੇ ਅੰਦਰਲੇ ਕਲਾਕਾਰ ਦੀ ਮੁਹਾਰਤ ’ਤੇ ਨਿਰਭਰ ਕਰਦਾ ਹੈ।
ਇਸ ਤੋਂ ਇਲਾਵਾ ਵੀ ਕਈ ਵਾਰ ਜਦੋਂ ਮੈਂ ਕਿਸੇ ਦੀ ਤਰੱਕੀ, ਉਪਲਬਧੀ ਜਾਂ ਹੋਰ ਪ੍ਰਾਪਤੀ ’ਤੇ ਵਧਾਈ ਦੇਣ ਜਾਂ ਉਨ੍ਹਾਂ ਵੱਲੋਂ ਆਯੋਜਿਤ ਕਿਸੇ ਜਸ਼ਨ ਵਿਚ ਸ਼ਾਮਲ ਹੁੰਦਾ ਹਾਂ, ਉਦੋਂ ਮੇਰੇ ਅੰਦਰਲਾ ਕਲਾਕਾਰ ਉਸ ਵਿਅਕਤੀ ਦੀ ਇਸ ਉਪਲਬਧੀ ਤੋਂ ਖ਼ੁਸ਼ ਨਾ ਹੁੰਦਿਆਂ ਹੋਇਆਂ ਵੀ ਇਸ ਤਰ੍ਹਾਂ ਗਰਮਜੋਸ਼ੀ ਨਾਲ ਮਿਲਦਾ ਹੈ ਜਿਵੇਂ ਉਸ ਦੀ ਪ੍ਰਾਪਤੀ ’ਤੇ ਜੇ ਕਿਸੇ ਨੂੰ ਸਭ ਤੋਂ ਵੱਧ ਖ਼ੁਸ਼ੀ ਹੋਈ ਹੈ ਤਾਂ ਉਹ ਮੈਨੂੰ ਹੀ ਹੋਈ ਹੈ। ਇੰਜ ਹੀ ਕਿਸੇ ਦੀ ਮੌਤ ’ਤੇ ਅਫ਼ਸੋਸ ਲਈ ਮੇਰੇ ਅੰਦਰਲਾ ਕਲਾਕਾਰ ਸਭ ਤੋਂ ਮੂਹਰੇ ਹੋ ਕੇ ਅਜਿਹਾ ਰੁਦਨ ਕਰਦਾ ਹੈ ਕਿ ਜਿਵੇਂ ਉਸ ਦੇ ਜਾਣ ਦਾ ਸਭ ਤੋਂ ਵੱਧ ਦੁੱਖ ਮੈਨੂੰ ਹੀ ਹੋਇਆ ਹੋਵੇ। ਜਦਕਿ ਮੈਂ ਉਸ ਵਿਅਕਤੀ ਨੂੰ ਜੀਵਨ ’ਚ ਸਭ ਤੋਂ ਵੱਧ ਈਰਖਾ ਕਰਦਾ ਰਿਹਾ ਹੋਵਾਂ ਤੇ ਉਸ ਦੀ ਸ਼ਕਲ ਦੇਖਣੀ ਵੀ ਮੈਨੂੰ ਗਵਾਰਾ ਨਹੀਂ ਸੀ। ਉਸ ਦੀ ਅੰਤਿਮ ਅਰਦਾਸ ’ਤੇ ਉਸ ਦੇ ਅਜਿਹੇ ਸੋਹਲੇ ਗਾਉਣ ਲੱਗਦਾ ਹੈ ਜਿਵੇਂ ਉਹ ਸੰਸਾਰ ਦਾ ਸਭ ਤੋਂ ਚੰਗਾ ਮਨੁੱਖ ਸੀ ਤੇ ਉਸ ਦੇ ਜਾਣ ਨਾਲ ਸਭ ਤੋਂ ਵੱਧ ਘਾਟਾ ਮੈਨੂੰ ਹੀ ਪਿਆ ਹੈ। ਜਾਣੇ-ਪਛਾਣੇ ਤੇ ਅਣਪਛਾਤੇ ਲੋਕਾਂ ਨਾਲ ਤਾਂ ਮੇਰੇ ਅੰਦਰਲੇ ਅਦਾਕਾਰ ਨੇ ਜਿਹੜੀ ਅਦਾਕਾਰੀ ਕੀਤੀ ਸੋ ਕੀਤੀ, ਉਹ ਤਾਂ ਇਸ ਸ੍ਰਿਸ਼ਟੀ ਦੇ ਸੰਚਾਲਕ ਪਰਮੇਸ਼ਵਰ ਨਾਲ ਵੀ ਅਦਾਕਾਰੀ ਕਰਨੋਂ ਨਹੀਂ ਟਲਦਾ। ਖ਼ੁਸ਼ੀ, ਸੁੱਖ ਅਤੇ ਕੋਈ ਉਪਲਬਧੀ ਹੋਣ ’ਤੇ ਇਹ ਕਲਾਕਾਰ ਸਭ ਕੁਝ ਨੂੰ ਆਪਣੀ ਮਿਹਨਤ ਤੇ ਕਿਸਮਤ ਦਾ ਫ਼ਲ ਦੱਸਦਾ ਹੈ ਤੇ ਕੁਝ ਮਾੜਾ ਹੋਣ ’ਤੇ ਸਾਰਾ ਦੋਸ਼ ਰੱਬ ਦੇ ਸਿਰ ਮੜ੍ਹਨ ’ਚ ਦੇਰ ਨਹੀਂ ਲਾਉਂਦਾ। ਕਿੰਨਾ ਸਵਾਰਥੀ ਹੈ ਮੇਰੇ ਅੰਦਰਲਾ ਇਹ ਅਦਾਕਾਰ।
-ਡਾ. ਧਰਮਪਾਲ ਸਾਹਿਲ
-ਮੋਬਾਈਲ : 98761-56964