- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੀਆਂ ਸਰਕਾਰਾਂ ਦਾ ਉਦੇਸ਼ ਆਪਣੇ ਦੇਸ਼ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਘੱਟ ਹੁੰਦਾ ਹੈ, ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨਾ ਜ਼ਿਆਦਾ ਹੁੰਦਾ ਹੈ। ਚੰਗੇ ਤੇ ਪੂਰੇ ਅਧਿਆਪਕਾਂ ਤੋਂ ਬਿਨਾਂ ਮਿਆਰੀ ਸਿੱਖਿਆ ਤੇ ਵਧੀਆ ਸਕੂਲਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਦੁਨੀਆ ਦੇ ਨਾਮਵਰ ਸਿੱਖਿਆ ਮਾਹਿਰ ਨਿਕੋਲਾ ਓਸ ਸਿਡਰਸ ਮਿਆਰੀ ਸਿੱਖਿਆ ਸਬੰਧੀ ਲਿਖੇ ਗਏ ਆਪਣੇ ਲੇਖ ’ਚ ਲਿਖਦਾ ਹੈ ਕਿ ਜਿਹੜੀਆਂ ਸਰਕਾਰਾਂ ਸ਼ਾਨਦਾਰ ਇਮਾਰਤਾਂ ਤੇ ਹੋਰ ਸਾਜ਼ੋ-ਸਾਮਾਨ ਨੂੰ ਚੰਗੇ ਸਕੂਲ ਸਮਝਦੀਆਂ ਹਨ, ਉਹ ਸਰਕਾਰਾਂ ਸਿੱਖਿਆ ਦੇ ਅਰਥਾਂ ਅਤੇ ਉਦੇਸ਼ਾਂ ਤੋਂ ਅਣਜਾਣ ਹੁੰਦੀਆਂ ਹਨ।
ਅਜਿਹੀਆਂ ਸਰਕਾਰਾਂ ਦਾ ਉਦੇਸ਼ ਆਪਣੇ ਦੇਸ਼ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਘੱਟ ਹੁੰਦਾ ਹੈ, ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਨਾ ਜ਼ਿਆਦਾ ਹੁੰਦਾ ਹੈ। ਚੰਗੇ ਤੇ ਪੂਰੇ ਅਧਿਆਪਕਾਂ ਤੋਂ ਬਿਨਾਂ ਮਿਆਰੀ ਸਿੱਖਿਆ ਤੇ ਵਧੀਆ ਸਕੂਲਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਾਡੇ ਦੇਸ਼ ਦੇ ਲਗਪਗ ਸਾਰੇ ਸੂਬਿਆਂ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਸਾਬਕਾ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਸਿੱਖਿਆ ਦੇ ਡਿੱਗ ਰਹੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਦੀ ਭਰਤੀ ਤੁਰੰਤ ਕਰਨ ਲਈ ਪੱਤਰ ਵੀ ਲਿਖਿਆ ਸੀ।
ਇਸ ਲੇਖ ਨੂੰ ਲਿਖਣ ਦਾ ਮੇਰਾ ਉਦੇਸ਼ ਕਿਸੇ ਇਕ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਨਹੀਂ ਸਗੋਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਿਆ ਵਿਵਸਥਾ ਨੂੰ ਸੁਧਾਰਨ ਦੀ ਬਜਾਏ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੇ ਯਤਨਾਂ ਦੀ ਚਰਚਾ ਕਰਨਾ ਹੈ। ਸੂਬੇ ਦੇ ਸਿੱਖਿਆ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਸਦਨ ਨੂੰ ਸੂਬੇ ’ਚ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਖ਼ਾਲੀ ਤੇ ਭਰੀਆਂ ਹੋਈਆਂ ਅਸਾਮੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਇਮਰੀ ਕਾਡਰ ਦੀਆਂ 39201 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 34,574 ਭਰੀਆਂ ਹੋਈਆਂ ਅਤੇ 4627 ਖ਼ਾਲੀ ਹਨ। 88% ਅਸਾਮੀਆਂ ਭਰੀਆਂ ਹੋਈਆਂ ਅਤੇ 12% ਖ਼ਾਲੀ ਹਨ। ਹੈੱਡ ਟੀਚਰ ਦੀਆਂ 6201 ਅਸਾਮੀਆਂ ਵਿੱਚੋਂ 5544 ਭਰੀਆਂ ਹੋਈਆਂ ਅਤੇ 657 ਖ਼ਾਲੀ ਹਨ। ਇਹ 89.4% ਭਰੀਆਂ ਹੋਈਆਂ ਅਤੇ 10.06% ਖ਼ਾਲੀ ਹਨ।
ਸੈਂਟਰ ਹੈੱਡ ਟੀਚਰ ਦੀਆਂ 1495 ’ਚੋਂ 1274 ਭਰੀਆਂ ਹੋਈਆਂ ਤੇ 211 ਖ਼ਾਲੀ ਹਨ। ਇਹ 85.02% ਬਣਦੀਆਂ ਹਨ। ਸਪੈਸ਼ਲ ਐਜੂਕੇਟਰ ਦੀਆਂ 1950 ਅਸਾਮੀਆਂ ’ਚੋਂ 1754 ਖ਼ਾਲੀ ਤੇ 196 ਭਰੀਆਂ ਹੋਈਆਂ ਹਨ। ਇਹ 14.08% ਬਣਦੀਆਂ ਹਨ। ਮਾਸਟਰ ਕੇਡਰ ਦੀਆਂ 59513 ਅਸਾਮੀਆਂ ’ਚੋਂ 39135 ਭਰੀਆਂ ਹੋਈਆਂ ਤੇ 20378 ਖ਼ਾਲੀ ਹਨ। ਇਹ 52% ਬਣਦੀਆਂ ਹਨ। ਪੰਜਾਹ ਪ੍ਰਤੀਸ਼ਤ ਪ੍ਰਿੰਸੀਪਲਾਂ ਦੀਆਂ, 810 ਮੁੱਖ ਅਧਿਆਪਕਾਂ ਤੇ 93 ਅਸਾਮੀਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਖ਼ਾਲੀ ਹਨ। ਸਿੱਖਿਆ ਵਿਭਾਗ ਦੇ ਵੇਰਵਿਆਂ ਮੁਤਾਬਕ 2023’ਚ ਪ੍ਰਾਇਮਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ 10,16,427 ਸੀ। ਮਿਡਲ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 6,38,459, ਹਾਈ ਸਕੂਲਾਂ ’ਚ 3,95,200 ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ 3,99,151 ਸੀ। ਸੰਨ 2025 ਵਿਚ ਪ੍ਰਾਇਮਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਘਟ ਕੇ 9,23,806 ਰਹਿ ਗਈ ਯਾਨੀ ਕਿ 92621 ਬੱਚੇ ਘਟ ਗਏ। ਮਿਡਲ ਸਕੂਲਾਂ ਵਿਚ 5,74,755 ਬੱਚੇ ਸਨ ਅਰਥਾਤ 63,704 ਬੱਚੇ ਘਟ ਗਏ। ਹਾਈ ਸਕੂਲਾਂ ’ਚ ਬੱਚਿਆਂ ਦੀ ਗਿਣਤੀ 3,85,116 ਸੀ ਯਾਨੀ ਬੱਚਿਆਂ ਦੀ ਗਿਣਤੀ 10,084 ਘਟ ਗਈ। ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 3,52,078 ਸੀ ਯਾਨੀ 47073 ਬੱਚਿਆਂ ਦੀ ਗਿਣਤੀ ਘਟ ਗਈ। ਸੰਨ 2025 ਵਿਚ ਸਰਕਾਰੀ ਸਕੂਲਾਂ ਵਿਚ ਕੁੱਲ 2,13,482 ਬੱਚਿਆਂ ਦੀ ਗਿਣਤੀ ਘਟ ਗਈ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦੇ ਘਟਣ ਦੇ ਕਾਰਨਾਂ ’ਚ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਨੂੰ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਬਿਨਾਂ ਅਧਿਆਪਕਾਂ ਤੋਂ ਪ੍ਰਾਈਵੇਟ ਮਾਡਲ ਸਕੂਲਾਂ ਨਾਲ ਸਰਕਾਰੀ ਸਕੂਲਾਂ ਦਾ ਮੁਕਾਬਲਾ ਕਿਵੇਂ ਹੋ ਸਕਦਾ ਹੈ? ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਦੀ ਸੂਰਤ ’ਚ ਦੂਜੇ ਅਧਿਆਪਕਾਂ ਨੂੰ ਜਮਾਤਾਂ ਦੇਣ ਨਾਲ ਨਾ ਤਾਂ ਉਹ ਅਧਿਆਪਕ ਆਪਣੀ ਜਮਾਤ ਨੂੰ ਚੰਗੀ ਤਰ੍ਹਾਂ ਪੜ੍ਹਾ ਸਕਦੇ ਹਨ ਤੇ ਨਾ ਦੂਜੀ ਜਮਾਤ ਨੂੰ।
ਦੋ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਕਿਸੇ ਵੀ ਅਧਿਆਪਕ ਲਈ ਔਖਾ ਹੋ ਜਾਂਦਾ ਹੈ। ਪੀਟੀਏ ਫੰਡ ਵਿੱਚੋਂ ਰੱਖੇ ਅਧਿਆਪਕ ਵੀ ਬੱਚਿਆਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਾ ਪਾਉਂਦੇ। ਇਕ ਸਕੂਲ ਮੁਖੀ ਹੋਣ ਦੇ ਨਾਤੇ ਮੇਰਾ ਨਿੱਜੀ ਅਨੁਭਵ ਇਹ ਕਹਿੰਦਾ ਹੈ ਕਿ ਜਿਸ ਦਿਨ ਕਿਸੇ ਸਕੂਲ ਵਿਚ ਇਕ-ਦੋ ਅਧਿਆਪਕ ਛੁੱਟੀ ਉੱਤੇ ਹੁੰਦੇ ਹਨ, ਉਸ ਦਿਨ ਉਨ੍ਹਾਂ ਵਿਸ਼ਿਆਂ ਦੀ ਸਕੂਲ ’ਚ ਪੜ੍ਹਾਈ ਨਹੀਂ ਹੁੰਦੀ। ਸਕੂਲ ਦਾ ਅਕਾਦਮਿਕ ਮਾਹੌਲ ਵਿਗੜਿਆ ਰਹਿੰਦਾ ਹੈ। ਸਕੂਲ ਮੁਖੀ ਸਾਰਾ ਦਿਨ ਪਰੇਸ਼ਾਨ ਰਹਿੰਦਾ ਹੈ। ਸਕੂਲ ’ਚ ਅਨੁਸ਼ਾਸਨਹੀਣਤਾ ਬਣੀ ਰਹਿੰਦੀ ਹੈ।
ਕਈ ਵਾਰ ਤਾਂ ਅਧਿਆਪਕਾਂ ਦੇ ਵਾਧੂ ਪੀਰੀਅਡ ਲੱਗਣ ਨਾਲ ਅਧਿਆਪਕਾਂ ਅਤੇ ਸਕੂਲ ਮੁਖੀ ਵਿਚਕਾਰ ਤਕਰਾਰ ਦੀ ਨੌਬਤ ਆ ਜਾਂਦੀ ਹੈ। ਕਾਰਜਕਾਰੀ ਸਕੂਲ ਮੁਖੀ ਨੂੰ ਤਾਂ ਸਕੂਲ ਚਲਾਉਣਾ ਹੋਰ ਵੀ ਔਖਾ ਹੋ ਜਾਂਦਾ ਹੈ। ਜ਼ਰਾ ਇਸ ਗੱਲ ਦਾ ਅੰਦਾਜ਼ਾ ਲਗਾਓ ਕਿ ਜਿਨ੍ਹਾਂ ਸਕੂਲਾਂ ਵਿਚ ਲੰਬੇ ਸਮੇਂ ਤੱਕ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹੁੰਦੀਆਂ ਹਨ, ਉਨ੍ਹਾਂ ਵਿਚ ਬੱਚਿਆਂ ਦੀ ਪੜ੍ਹਾਈ ਦੀ ਸਥਿਤੀ ਕੀ ਹੁੰਦੀ ਹੋਵੇਗੀ? ਸਕੂਲਾਂ ’ਚ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਨਾਲ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਕਿਸੇ ਨਾ ਕਿਸੇ ਢੰਗ ਨਾਲ ਚੰਗੇ ਨਤੀਜੇ ਤਾਂ ਵਿਖਾ ਸਕਦੇ ਹਨ ਪਰ ਬੱਚਿਆਂ ਨੂੰ ਉਹ ਗਿਆਨ ਨਹੀਂ ਦੇ ਸਕਦੇ ਜਿਸ ਦੇ ਸਹਾਰੇ ਬੱਚਿਆਂ ਨੇ ਉੱਚ ਸਿੱਖਿਆ ਤੇ ਨੌਕਰੀਆਂ ਲਈ ਟੈਸਟ ਪਾਸ ਕਰਨੇ ਹੁੰਦੇ ਹਨ। ਅਨੁਸ਼ਾਸਨਹੀਣਤਾ ਤੇ ਪੜ੍ਹਾਈ ਦਾ ਮਾਹੌਲ ਨਾ ਹੋਣ ਕਾਰਨ ਸਕੂਲਾਂ ਦਾ ਚੰਗਾ ਪ੍ਰਭਾਵ ਨਹੀਂ ਬਣਦਾ। ਜਿਨ੍ਹਾਂ ਸਕੂਲਾਂ ਵਿਚ ਅਧਿਆਪਕ ਪੂਰੇ ਹਨ, ਸਾਰੀਆਂ ਸਹੂਲਤਾਂ ਮੌਜੂਦ ਹਨ, ਫਿਰ ਵੀ ਜੇ ਉਨ੍ਹਾਂ ਦਾ ਅਕਾਦਮਿਕ ਪੱਧਰ ਚੰਗਾ ਨਹੀਂ ਤਾਂ ਉਨ੍ਹਾਂ ਦੇ ਮੁਖੀਆਂ, ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
-ਮੋਬਾਈਲ : 98726-27136