ਵੈਸੇ ਤਾਂ ਬਹੁਤੇ ਘਰਾਂ ਵਿਚ ਵੱਡੇ ਵੀ ਸਾਫ਼-ਸਫ਼ਾਈ ਲਈ ਕੰਮ ਵਾਲੀਆਂ ਬੀਬੀਆਂ ’ਤੇ ਨਿਰਭਰ ਹਨ ਪਰ ਇਹ ਪਤਾ ਨਹੀਂ ਹੁੰਦਾ ਕਿ ਜੀਵਨ ਦੇ ਵਿਚ ਕਦੋਂ ਕਿਹੜਾ ਕੰਮ ਤੁਹਾਨੂੰ ਹੱਥੀਂ ਕਰਨਾ ਪੈ ਜਾਵੇ। ਇਸ ਲਈ ਜ਼ਰੂਰੀ ਹੈ ਕਿ ਜਿੰਨੇ ਘਰੇਲੂ ਕੰਮ ਸਿੱਖ ਲਏ ਜਾਣ ਵਧੀਆ ਹੈ।

ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਇਕ ਸਮਾਂ ਸੀ ਜਦੋਂ ਇਨ੍ਹਾਂ ਛੁੱਟੀਆਂ ਨੂੰ ਬਿਤਾਉਣ ਲਈ ਪਹਿਲਾਂ ਹੀ ਕਿਤਾਬਾਂ ਲਿਆਂਦੀਆਂ ਜਾਂਦੀਆਂ ਸਨ, ਰਸਾਲੇ ਰੱਖੇ ਜਾਂਦੇ, ਪਿੰਡਾਂ ਵਿਚ ਕੁੜੀਆਂ ਨੂੰ ਸਿਲਾਈ-ਕਢਾਈ ਸਿੱਖਣ ਲਗਾਇਆ ਜਾਂਦਾ, ਦਰੀਆਂ ਬੁਣਨ ਲਈ ਦਰੱਖ਼ਤਾਂ ਥੱਲੇ ਅੱਡੇ (ਦਰੀਆਂ ਬੁਣਨ ਲਈ ਲੋਹੇ ਦਾ ਬੇਸ ਜਿਸ ’ਤੇ ਸੂਤ (ਧਾਗਾ) ਬੰਨਿਆ ਜਾਂਦਾ) ਬਣਾਏ ਜਾਂਦੇ, ਕੁੜੀਆਂ ਬੱਚਿਆਂ ਸਮੇਤ ਕਰੀਬ ਸਾਲ ਭਰ ਬਾਅਦ ਪੇਕੇ ਜਾਂਦੀਆਂ। ਸਮੇਂ ਦੀ ਚਾਲ ਨੇ ਸਾਰਾ ਕੁਝ ਬਦਲ ਦਿੱਤਾ ਹੈ। ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਨੂੰ ਮੋਬਾਈਲ ਖਾ ਗਿਆ।
ਦਰੀਆਂ, ਸਿਲਾਈ-ਕਢਾਈ, ਬੰਬਲ ਬੱਟਣੇ ਹੁਣ ਦੀ ਪੀੜ੍ਹੀ ਨੂੰ ਸਮਾਂ ਖ਼ਰਾਬ ਕਰਨਾ ਲੱਗਦਾ ਹੈ ਤੇ ਪੇਕੇ ਜਾਣਾ ਹੁਣ ਸਵੇਰ ਸ਼ਾਮ ਦੀ ਗੱਲ ਹੋ ਗਈ। ਇਹ ਬਦਲਾਅ ਤਾਂ ਸਮੇਂ ਦੇ ਅੱਗੇ ਵਧਣ ਨਾਲ ਸੁਭਾਵਿਕ ਹਨ, ਪਰ ਸਾਨੂੰ ਆਪਣੇ ਸੱਭਿਆਚਾਰ, ਆਪਣੇ ਵਿਰਸੇ ਤੋਂ ਦੂਰ ਨਹੀਂ ਹੋਣਾ ਚਾਹੀਦਾ ਅਤੇ ਜਿਹੜੀਆਂ ਚੀਜ਼ਾਂ ਦਾ ਸਰੀਰਕ ਤੇ ਸਮਾਜਿਕ ਨੁਕਸਾਨ ਹੈ, ਉਨ੍ਹਾਂ ਨੂੰ ਤਿਆਗ ਦੇਣਾ ਹੀ ਸਮਝਦਾਰੀ ਹੁੰਦਾ ਹੈ।
ਅੱਜ ਆਪਾਂ ਗੱਲ ਕਰਦੇ ਹਾਂ ਬੱਚਿਆਂ ਲਈ ਕਿ ਉਨ੍ਹਾਂ ਦੀਆਂ ਇਹ ਛੁੱਟੀਆਂ ਕਿਵੇਂ ਬਿਤਾਈਆਂ ਜਾਣ? ਕਈ ਮਾਪਿਆਂ ਦਾ ਇਹ ਵੀ ਤਰਕ ਹੁੰਦਾ ਹੈ ਕਿ ਸਕੂਲਾਂ ਤੋਂ ਕੰਮ ਹੀ ਬਹੁਤ ਮਿਲਦਾ ਹੈ, ਅਸੀਂ ਉਸ ਕੰਮ ਤੋਂ ਬਾਅਦ ਦੇ ਸਮੇਂ ਦੀ ਗੱਲ ਕਰਾਂਗੇ। ਉਸ ਵਾਧੂ ਸਮੇਂ ਦੀ ਗੱਲ ਕਰਾਂਗੇ ਜਿਹੜਾ ਬੱਚੇ ਨੇ ਟੀਵੀ ਜਾਂ ਮੋਬਾਈਲ ’ਤੇ ਲੰਘਾਉਣਾ ਹੈ। ਬੱਚਿਆਂ ਨੂੰ ਰਸੋਈ ਦਾ ਕੰਮ ਸਿਖਾਓ । ਬੱਚਾ ਭਾਂਵੇ ਲੜਕਾ ਹੈ ਜਾਂ ਲੜਕੀ ਦੋਵਾਂ ਨੂੰ ਰਸੋਈ ਵਿਚ ਖਾਣਾ ਬਣਾਉਣਾ, ਬਰਤਨ ਸਾਂਭਣਾ, ਬਰਤਨ ਸਾਫ਼ ਕਰਨਾ, ਗੈਸ ਦੀ ਵਰਤੋਂ ਕਰਨਾ ਜ਼ਰੂਰ ਸਿਖਾਓ।
ਹੋ ਸਕਦਾ ਹੈ ਇਹ ਬਹੁਤੇ ਬੱਚਿਆਂ ਨੂੰ ਦਿਲਚਸਪ ਲੱਗੇ ਤੇ ਬਹੁਤਿਆਂ ਨੂੰ ਬੁਰਾ, ਪਰ ਉਨ੍ਹਾਂ ਨੂੰ ਇਕ ਗੱਲ ਸਮਝਾਓ ਕਿ ਖਾਣਾ ਪਕਾਉਣਾ, ਸੰਭਾਲਣਾ ਤੇ ਵਰਤਾਉਣਾ ਹਰ ਇਕ ਇਨਸਾਨ ਨੂੰ ਆਉਣਾ ਚਾਹੀਦਾ ਹੈ ਅਤੇ ਇਹ ਗੁਣ ਬੱਚਿਆਂ ਦੀ ਉਮਰ ਭਰ ਮਦਦ ਕਰੇਗਾ। ਬੱਚਿਆਂ ਨੂੰ ਇਹ ਸਮਝਾਉਣਾ ਨਾ ਭੁੱਲਿਓ ਕਿ ਰਸੋਈ ਕੇਵਲ ਲੜਕੀਆਂ ਲਈ ਹੀ ਨਹੀਂ ਬਣੀ ਬਲਕਿ ਇਹ ਸਾਰਿਆਂ ਲਈ ਬਣੀ ਹੈ। ਭਾਵ ਲੜਕੇ ਨੂੰ ਵੀ ਪੂਰੀ ਰਸੋਈ ਆਉਣੀ ਚਾਹੀਦੀ ਹੈ। ਕੱਪੜੇ ਸਾਫ਼ ਕਰਨੇ ਤੇ ਉਨ੍ਹਾਂ ਨੂੰ ਪ੍ਰੈੱਸ ਕਰਨਾ, ਉਨ੍ਹਾਂ ਨੂੰ ਅਲਮਾਰੀ ਦੇ ਵਿਚ ਕਿਸ ਤਰਤੀਬ ਨਾਲ ਰੱਖਣਾ ਹੈ, ਇਹ ਵੀ ਕੁਝ ਦਿਨਾਂ ਦਾ ਟਾਸਕ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਇਸ ਬਾਰੇ ਵੀ ਚੰਗੀ ਤਰ੍ਹਾਂ ਸਿੱਖਿਅਤ ਕਰਨਾ ਚਾਹੀਦਾ ਹੈ।
ਵੈਸੇ ਤਾਂ ਬਹੁਤੇ ਘਰਾਂ ਵਿਚ ਵੱਡੇ ਵੀ ਸਾਫ਼-ਸਫ਼ਾਈ ਲਈ ਕੰਮ ਵਾਲੀਆਂ ਬੀਬੀਆਂ ’ਤੇ ਨਿਰਭਰ ਹਨ ਪਰ ਇਹ ਪਤਾ ਨਹੀਂ ਹੁੰਦਾ ਕਿ ਜੀਵਨ ਦੇ ਵਿਚ ਕਦੋਂ ਕਿਹੜਾ ਕੰਮ ਤੁਹਾਨੂੰ ਹੱਥੀਂ ਕਰਨਾ ਪੈ ਜਾਵੇ। ਇਸ ਲਈ ਜ਼ਰੂਰੀ ਹੈ ਕਿ ਜਿੰਨੇ ਘਰੇਲੂ ਕੰਮ ਸਿੱਖ ਲਏ ਜਾਣ ਵਧੀਆ ਹੈ। ਬੱਚਿਆਂ ਨੂੰ ਘਰ ਦੀ ਸਫ਼ਾਈ ਕਰਨ ਦੀ ਆਦਤ ਤੇ ਖਾਸ ਤੌਰ ’ਤੇ ਆਪਣੇ ਕਮਰੇ ਦੀ ਸਫ਼ਾਈ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
ਇਸ ਲਈ ਇਹ ਵੀ ਕੀਤਾ ਜਾ ਸਕਦਾ ਹੈ ਕਿ ਕੁਝ ਦਿਨ ਉਸ ਨੂੰ ਆਪਣੇ ਨਾਲ ਲਗਾ ਕਿ ਸਾਫ਼-ਸਫ਼ਾਈ ਕਰਨ ਦੀ ਆਦਤ ਪਾਈ ਜਾਵੇ। ਪੌਦਿਆਂ, ਬਗੀਚੀ ਦੀ ਸੰਭਾਲ ਦੇ ਕੰਮ ਵੀ ਸਿੱਖਣੇ ਚਾਹੀਦੇ ਹਨ। ਬਹੁਤੇ ਘਰਾਂ ਵਿਚ ਪੌਦੇ, ਕਿਚਨ ਗਾਰਡਨ, ਬਾਗ ਬਗੀਚੀ ਹੁੰਦੀ ਹੀ ਹੈ। ਬੱਚਿਆਂ ਨੂੰ ਪੌਦੇ ਪਾਲਣੇ, ਉਨ੍ਹਾਂ ਨੂੰ ਪਾਣੀ ਦੇਣਾ ਆਦਿ ਦੀ ਆਦਤ ਵੀ ਪਾਉਣੀ ਚਾਹੀਦੀ ਹੈ। ਕਿਹੜਾ ਪੌਦਾ, ਸਬਜ਼ੀ ਕਦੋਂ ਬੀਜਿਆ ਜਾਂਦਾ ਹੈ ਤੇ ਕਦੋਂ ਫ਼ਲ ਦਿੰਦਾ, ਇਹ ਵੀ ਸਿਖਾਉਣਾ ਚਾਹੀਦਾ ਹੈ। ਬੱਚਿਆਂ ਨੂੰ ਵਿਰਾਸਤ ਨਾਲ ਵੀ ਜੋੜਨਾ ਚਾਹੀਦਾ ਹੈ। ਉਨ੍ਹਾਂ ਨੂੰ ਪੰਜਾਬ ਦੀ ਵਿਰਾਸਤ, ਅਮੀਰ ਸੱਭਿਆਚਾਰਕ, ਰੀਤੀ-ਰਿਵਾਜਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਕਿਸਮਤ ਵਾਲੇ ਹਨ ਉਹ ਬੱਚੇ ਜਿਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਸਾਥ ਉਨ੍ਹਾਂ ਨਾਲ ਹੈ। ਇਹ ਕੰਮ ਬਜ਼ੁਰਗ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਨ।
ਇਹ ਚਿੰਤਾ ਦਾ ਵਿਸ਼ਾ ਹੈ ਕਿ ਬੱਚੇ ਆਪਣੇ ਸੱਭਿਆਚਾਰ ਤੇ ਰੀਤੀ-ਰਿਵਾਜਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਬੱਚਿਆਂ ਨੂੰ ਰਚਨਾਤਮਕਤਾ ਵੱਲ ਵੀ ਤੋਰਨਾ ਚਾਹੀਦਾ ਹੈ। ਜਿਵੇਂ-ਜਿਵੇਂ ਟੈਕਨਾਲੋਜੀ ਵਧ ਰਹੀ ਹੈ, ਬੱਚਿਆਂ ਤੇ ਵੱਡਿਆਂ ਵਿਚ ਕ੍ਰਿਏਟੀਵਿਟੀ ਘਟ ਰਹੀ ਹੈ। ਆਸਾਨ ਜਿਹੇ ਜੋੜ-ਗੁਣਾਂ ਲਈ ਵੀ ਅਸੀਂ ਕੈਲਕੂਲੇਟਰ ਕੱਢਦੇ ਹਾਂ। ਸਾਨੂੰ ਨੇੜੇ ਦੇ ਲੋਕਾਂ ਦੇ ਮੋਬਾਈਲ ਨੰਬਰ ਤੱਕ ਯਾਦ ਨਹੀਂ ਰਹਿੰਦੇ। ਇਸੇ ਤਰ੍ਹਾਂ ਬੱਚਿਆਂ ਵਿਚ ਵੀ ਰਚਨਾਤਮਕਤਾ ਘਟ ਰਹੀ ਹੈ।
ਉਨ੍ਹਾਂ ਨੂੰ ਪੇਂਟਿੰਗ, ਦਿਮਾਗ਼ੀ ਕਸਰਤਾਂ ਵਾਲੀਆਂ ਖੇਡਾਂ ਆਦਿ ਵੱਲ ਜੋੜਨਾ ਚਾਹੀਦਾ ਹੈ। ਰੋਜ਼ਾਨਾ ਜੀਵਨ ਵਿਚ ਆਉਣ ਵਾਲੇ ਕੰਮ ਸਿਖਾਉਣ ਦੇ ਨਾਲ ਹੀ ਇਨ੍ਹਾਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਜਿਵੇਂ-ਜਿਵੇਂ ਤੁਹਾਡੀਆਂ ਬਾਹਰਲੀਆਂ-ਅੰਦਰਲੀਆਂ ਪਰਿਵਾਰਕ ਯੋਜਨਾਵਾਂ ਹਨ, ਉਨ੍ਹਾਂ ਨੂੰ ਵੀ ਪੂਰਾ ਕਰਨਾ ਹੈ। ਖਾਸਕਰ ਇਹ ਧਿਆਨ ਰਹੇ ਕਿ ਬੱਚੇ ਸਾਰਾ ਮਹੀਨਾ ਮੋਬਾਈਲ ’ਤੇ ਰੀਲਾਂ ਵੇਖ ਕੇ ਜਾਂ ਟੀਵੀ ਮੂਹਰੇ ਹੀ ਨਾ ਲੰਘਾ ਦੇਣ। ਇਨ੍ਹਾਂ ਛੁੱਟੀਆਂ ਨੂੰ ਹੋਰ ਵੀ ਖਾਸ ਬਣਾਉਣ ਲਈ ਤੁਸੀਂ ਕੁਝ ਹੋਰ ਵੀ ਵੱਖਰਾ ਤੇ ਵਧੀਆ ਸੋਚ ਸਕਦੇ ਹੋ।
-ਮਾ. ਰਾਜੇਸ਼ ਰਿਖੀ ਪੰਜਗਰਾਈਆਂ
94644-42300