- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲਾਸਟਿਕ ਪ੍ਰਦੂਸ਼ਣ ਵੀ ਅੱਜ ਦੇ ਸਮੇਂ ਦੀ ਇਕ ਵੱਡੀ ਸਮੱਸਿਆ ਹੈ। ਇਹ ਨਾ ਸਿਰਫ਼ ਧਰਤੀ ਅਤੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਸਗੋਂ ਮਨੁੱਖੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਚੁੱਕਾ ਹੈ। ਇਸ ਦੇ ਉਲਟ, ਸਾਫ਼-ਸੁਥਰਾ ਵਾਤਾਵਰਣ ਸਾਡੀ ਸਿਹਤ ਅਤੇ ਖੁਸ਼ਹਾਲੀ ਦਾ ਅਨਮੋਲ ਖਜ਼ਾਨਾ ਹੈ। ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।

ਦੁਨੀਆ 21ਵੀਂ ਸਦੀ ਦੀ ਪਹਿਲੀ ਤਿਮਾਹੀ ਪੂਰੀ ਕਰ ਚੁੱਕੀ ਹੈ। ਅਰਥਾਤ 21ਵੀਂ ਸਦੀ ਦੇ ਪਹਿਲੇ 25 ਸਾਲ ਬੀਤ ਚੁੱਕੇ ਹਨ। ਇਨ੍ਹਾਂ 25 ਸਾਲਾਂ ਦੌਰਾਨ ਵਾਤਾਵਰਣ ’ਚ ਆਈਆਂ ਤਬਦੀਲੀਆਂ ਨੇ ਮਨੁੱਖੀ ਜੀਵਨ ਅਤੇ ਧਰਤੀ ਦੇ ਭਵਿੱਖ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਅੱਜ ਇਹ ਵਿਚਾਰਨ ਦੀ ਲੋੜ ਹੈ ਕਿ ਬਦਲ ਰਹੇ ਵਾਤਾਵਰਣ ਦਾ ਸਾਡੇ ਆਲੇ-ਦੁਆਲੇ ਅਤੇ ਆਉਣ ਵਾਲੀਆਂ ਪੀੜ੍ਹੀਆਂ ’ਤੇ ਕੀ ਅਸਰ ਪੈ ਰਿਹਾ ਹੈ ਅਤੇ ਭਵਿੱਖ ’ਚ ਸਾਡੇ ਸਾਹਮਣੇ ਕਿਹੜੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ।
21ਵੀਂ ਸਦੀ ਦੀ ਪਹਿਲੀ ਤਿਮਾਹੀ ਦੌਰਾਨ ਆਲਮੀ ਤਪਸ਼ ’ਚ ਲਗਾਤਾਰ ਵਾਧਾ, ਹੀਟ ਵੇਵਜ਼ ਦੀ ਤੀਬਰਤਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਦੇ ਪੱਧਰ ਦਾ ਵਧਣਾ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਜੰਗਲ ਨੂੰ ਅੱਗਾਂ, ਧਰਤੀ ਹੇਠਲੇ ਪਾਣੀ ਦਾ ਡੂੰਘਾ ਹੁੰਦਾ ਪੱਧਰ ਅਤੇ ਨਦੀਆਂ-ਦਰਿਆਵਾਂ ਦਾ ਪ੍ਰਦੂਸ਼ਿਤ ਹੋਣ ਵਰਗੀਆਂ ਸਮੱਸਿਆਵਾਂ ਨੇ ਮਨੁੱਖਤਾ ਲਈ ਚਿੰਤਾ ਪੈਦਾ ਕੀਤੀ ਹੈ। ਇਹ ਸਾਰੀਆਂ ਚੁਣੌਤੀਆਂ ਸਾਡੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੋਈਆਂ ਹਨ।
ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਗਲੋਬਲ ਵਾਰਮਿੰਗ ਦੇ ਪ੍ਰਭਾਵ ਕਾਰਨ ਧਰਤੀ ਇਕ ਤਪਦੀ ਭੱਠੀ ਦਾ ਰੂਪ ਧਾਰਦੀ ਜਾ ਰਹੀ ਹੈ। ਹਾਲ ਹੀ ’ਚ ਆਏ ਸਰਵੇਖਣਾਂ ਅਨੁਸਾਰ ਦੁਨੀਆ ਦੇ ਸਭ ਤੋਂ ਗਰਮ ਸ਼ਹਿਰਾਂ ’ਚੋਂ ਬਹੁਤੇ ਭਾਰਤ ’ਚ ਸਥਿਤ ਹਨ। ਇਹ ਸਥਿਤੀ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਵਾਤਾਵਰਣ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦੀ ਹੈ। ਵਧਦੇ ਤਾਪਮਾਨ ਕਾਰਨ ਦੁਨੀਆ ਭਰ ਦੇ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਨ੍ਹਾਂ ਅੱਗਾਂ ਦੀ ਲਪੇਟ ’ਚ ਆ ਕੇ ਅਣਗਿਣਤ ਜੰਗਲੀ ਜੀਵ ਆਪਣੀ ਜਾਨ ਗੁਆ ਰਹੇ ਹਨ। ਜੰਗਲਾਂ ਦੀ ਲਗਾਤਾਰ ਕਟਾਈ ਨਾਲ ਜਲਵਾਯੂ ਸੰਤੁਲਨ ਵਿਗੜ ਰਿਹਾ ਹੈ ਅਤੇ ਕੁਦਰਤੀ ਪ੍ਰਣਾਲੀਆਂ ’ਤੇ ਨਕਾਰਾਤਮਕ ਅਸਰ ਪੈ ਰਿਹਾ ਹੈ।
ਹੀਟ ਵੇਵਜ਼ ਅਤੇ ਮੌਸਮੀ ਤਬਦੀਲੀਆਂ ਕਾਰਨ ਧਰਤੀ ਦਾ ਵੱਡਾ ਹਿੱਸਾ ਸੋਕੇ ਦੀ ਮਾਰ ਹੇਠ ਆ ਰਿਹਾ ਹੈ। ਇਸ ਦਾ ਸਿੱਧਾ ਅਸਰ ਅਨਾਜ ਦੀ ਪੈਦਾਵਾਰ ’ਤੇ ਪੈ ਰਿਹਾ ਹੈ। ਗਰਮ ਹਵਾਵਾਂ ਦੇ ਕਾਰਨ ਜਲਗਾਹਾਂ ਸੁੱਕ ਰਹੀਆਂ ਹਨ ਅਤੇ ਜੈਵਿਕ ਵਿਭਿੰਨਤਾ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਹੈ। ਐਮਾਜ਼ੋਨ ਦੇ ਜੰਗਲਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ। ਇਹ ਜੰਗਲ ਦੁਨੀਆ ਦੀ ਲਗਭਗ 20 ਫੀਸਦੀ ਆਕਸੀਜਨ ਪੈਦਾ ਕਰਦੇ ਹਨ। ਭਾਰਤ ’ਚ ਅਬਾਦੀ ਦੇ ਮੁਕਾਬਲੇ ਜੰਗਲਾਂ ਹੇਠਲਾ ਰਕਬਾ ਬਹੁਤ ਘੱਟ ਹੈ। ਇਕ ਮਨੁੱਖ ਨੂੰ ਸਿਹਤਮੰਦ ਜੀਵਨ ਲਈ ਘੱਟੋ-ਘੱਟ 35 ਰੁੱਖਾਂ ਦੀ ਲੋੜ ਹੁੰਦੀ ਹੈ। ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਨੇ ਰੁੱਖਾਂ ਦੀ ਅਹਿਮੀਅਤ ਨੂੰ ਸਪੱਸ਼ਟ ਤੌਰ ’ਤੇ ਦੁਨੀਆ ਸਾਹਮਣੇ ਰੱਖ ਦਿੱਤਾ ਸੀ।
ਰੁੱਖ ਧਰਤੀ ’ਤੇ ਜੀਵਨ ਨੂੰ ਸੁਰੱਖਿਅਤ ਰੱਖਣ ’ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਗਲੋਬਲ ਵਾਰਮਿੰਗ ਨੂੰ ਕਾਬੂ ਕਰਨ, ਸੋਕੇ ਤੋਂ ਨਿਜਾਤ ਪਾਉਣ ਤੇ ਮੀਂਹ ਲਿਆਉਣ ’ਚ ਰੁੱਖਾਂ ਦੀ ਭੂਮਿਕਾ ਬੇਮਿਸਾਲ ਹੈ। ਜਿਹੜੀ ਜਲਵਾਯੂ ਤਬਦੀਲੀ ਨੇ ਸੰਸਾਰ ਦੇ ਸਾਹ ਸੁੱਕਣੇ ਪਾਏ ਹੋਏ ਹਨ, ਉਨ੍ਹਾਂ ਸਾਹਾਂ ਨੂੰ ਰੁੱਖਾਂ ਦੀਆਂ ਕੋਮਲ ਪੱਤੀਆਂ ਹੀ ਮੁੜ ਤਾਜ਼ਗੀ ਦੇ ਸਕਦੀਆਂ ਹਨ।
ਗੁਰਬਾਣੀ ’ਚ ਵੀ ਰੁੱਖਾਂ ਦੇ ਸਬਰ, ਸੰਤੋਖ ਅਤੇ ਮਨੁੱਖਤਾ ਲਈ ਉਨ੍ਹਾਂ ਦੀ ਮਹਾਨ ਸੇਵਾ ਦਾ ਜ਼ਿਕਰ ਮਿਲਦਾ ਹੈ:
‘ਦਰਵੇਸਾਂ ਨੋ ਲੋੜੀਏ ਰੁਖਾ ਦੀ ਜੀਰਾਂਦ’
ਰੁੱਖ ਅਤੇ ਮਨੁੱਖ ਦਾ ਰਿਸ਼ਤਾ ਯੁੱਗਾਂ-ਯੁੱਗਾਂ ਤੋਂ ਚੱਲਿਆ ਆ ਰਿਹਾ ਹੈ। ਇਹ ਸਾਂਝ ਹੀ ਮਨੁੱਖੀ ਜੀਵਨ ਨੂੰ ਸੁਰੱਖਿਅਤ ਰੱਖਣ ’ਚ ਸਹਾਈ ਬਣਦੀ ਹੈ। ਅੱਜ ਧਰਤੀ ਨੂੰ ਬਚਾਉਣ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਦਾ ਰਾਹ ਜੰਗਲਾਂ ਦੇ ’ਚੋਂ ਦੀ ਹੋ ਕੇ ਲੰਘਦਾ ਹੈ।
ਧਰਤੀ ਅਤੇ ਮਨੁੱਖਤਾ ਲਈ ਇਕ ਰੁੱਖ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ, ਇਸ ਦੀ ਇਕ ਬਹੁਤ ਹੀ ਪ੍ਰੇਰਨਾਦਾਇਕ ਮਿਸਾਲ ਸਾਲ 2014 ’ਚ ਇਟਲੀ ਦੇ ਦੌਰੇ ਦੌਰਾਨ ਸਾਡੇ ਸਾਹਮਣੇ ਆਈ। ਉੱਥੇ ਇਕ ਪਿੰਡ ਦੇ ਸਰਪੰਚ ਨਾਲ ਸਾਡੀ ਮੁਲਾਕਾਤ ਹੋਈ। ਉਸ ਨੇ ਆਪਣੀ ਇਟਾਲੀਅਨ ਭਾਸ਼ਾ ’ਚ ਜੋ ਗੱਲ ਕਹੀ, ਉਸ ਦਾ ਤਰਜ਼ਮਾ ਸਾਡੇ ਇੱਕ ਸੇਵਾਦਾਰ ਨੇ ਕੀਤਾ। ਸਰਪੰਚ ਨੇ ਕਿਹਾ, ‘ਬਾਬਾ ਜੀ, ਜਿਹੜੇ ਰੁੱਖ ਤੁਸੀਂ ਪੰਜਾਬ ਦੀ ਧਰਤੀ ’ਤੇ ਲਾ ਰਹੇ ਹੋ, ਉਨ੍ਹਾਂ ਦਾ ਲਾਭ ਸਾਨੂੰ ਇਟਲੀ ’ਚ ਵੀ ਮਿਲ ਰਿਹਾ ਹੈ, ਕਿਉਂਕਿ ਰੁੱਖ ਹਵਾ ਨੂੰ ਸ਼ੁੱਧ ਕਰਦੇ ਹਨ ਅਤੇ ਹਵਾਵਾਂ ਨੂੰ ਕਿਸੇ ਹੱਦਾਂ-ਸਰਹੱਦ ’ਚ ਨਹੀਂ ਬੰਨ੍ਹਿਆ ਜਾ ਸਕਦਾ। ਧਰਤੀ ਦੇ ਕਿਸੇ ਵੀ ਕੋਨੇ ’ਚ ਲਗਾਇਆ ਗਿਆ ਰੁੱਖ ਸਮੁੱਚੀ ਮਨੁੱਖਤਾ ਨੂੰ ਫਾਇਦਾ ਪਹੁੰਚਾਉਂਦਾ ਹੈ।’
ਇਹ ਧਾਰਨਾ ਸਾਨੂੰ ਵਾਤਾਵਰਣ ਦੀ ਸਮੱਸਿਆ ਕਿਸੇ ਇੱਕ ਖਿੱਤੇ ਜਾਂ ਦੇਸ਼ ਦੀ ਨਹੀ ਸਗੋਂ ਸਮੁੱਚੀ ਦੁਨੀਆ ਦੀ ਹੈ ਤੇ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਬਣਦਾ ਹੈ ਕਿ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਰਲ ਕੇ ਪ੍ਰਣ ਕਰੀਏ।
ਪੰਜਾਬ ਸਮੇਤ ਦੇਸ਼ ਦੇ ਅਨੇਕਾਂ ਹਿੱਸਿਆਂ ’ਚ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਵਿਦੇਸ਼ੀ ਧਰਤੀ ’ਤੇ ਪਹਿਲੀ ਵਾਰ ਮਾਰਚ 2009 ’ਚ ਫਿਲੀਪੀਨਜ਼ ’ਚ ਬੂਟੇ ਲਗਾਉਣ ਦਾ ਮੌਕਾ ਮਿਲਿਆ। ਇਹ ਯਤਨ ਅੱਜ ਵੀ ਜਾਰੀ ਹਨ। ਜਦੋਂ ਵੀ ਫਿਲੀਪੀਨਜ਼ ਜਾਂ ਦੇਸ਼ ਦੇ ਹੋਰ ਕਿਸੇ ਮੁਲਕ ’ਚ ਜਾਣ ਦਾ ਮੌਕਾ ਮਿਲਦਾ ਹੈ, ਉੱਥੇ ਵੱਡੀ ਗਿਣਤੀ ’ਚ ਬੂਟੇ ਵੰਡੇ ਅਤੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਕੈਨੇਡਾ, ਫ਼ਰਾਂਸ, ਇਟਲੀ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਵੀ ਰੁੱਖ ਲਗਾ ਕੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ।
ਵਿਦੇਸ਼ਾਂ ’ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੀ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਕਿ ਗਲੋਬਲ ਵਾਰਮਿੰਗ ਸਾਡੀ ਧਰਤੀ ਦਾ ਸਾਂਝਾ ਮੁੱਦਾ ਹੈ ਅਤੇ ਇਸ ਦਾ ਮੁਕਾਬਲਾ ਵੀ ਸਾਂਝੇ ਯਤਨਾਂ ਨਾਲ ਹੀ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਅੱਜ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਵਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਗਲੋਬਲ ਵਾਰਮਿੰਗ ਦੀ ਸਮੱਸਿਆ ਦਾ ਸੌਖਾ ਅਤੇ ਸਦੀਵੀ ਹੱਲ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਮਿਲਦਾ ਹੈ:
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’
ਇਨ੍ਹਾਂ ਸੱਤ ਸ਼ਬਦਾਂ ’ਚ ਸਮੁੱਚੇ ਵਾਤਾਵਰਣ ਦਾ ਦਰਸ਼ਨ ਸਮਾਇਆ ਹੋਇਆ ਹੈ। ਗੁਰੂ ਸਾਹਿਬ ਸਾਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਉਸ ਦੀ ਸੰਭਾਲ ਕਰਨ ਦਾ ਸੰਦੇਸ਼ ਦਿੰਦੇ ਹਨ। ਗੁਰਬਾਣੀ ਵਿੱਚ ਕੁਦਰਤ ਦੀ ਮਹਾਨਤਾ ਦਾ ਵਰਣਨ ਕਰਦਿਆਂ ਫਰਮਾਇਆ ਗਿਆ ਹੈ:
‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ॥’
ਕੁਦਰਤ ਬੇਅੰਤ ਹੈ ਪਰ ਮਨੁੱਖ ਦੀਆਂ ਗਲਤੀਆਂ ਨੇ ਇਸ ਦੇ ਸੰਤੁਲਨ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਉਦਯੋਗੀਕਰਨ, ਜੰਗਲਾਂ ਦੀ ਕਟਾਈ, ਪਲਾਸਟਿਕ ਦੀ ਹਦੋਂ ਵੱਧ ਵਰਤੋਂ ਨੇ ਧਰਤੀ ਨੂੰ ਵੱਡੇ ਸੰਕਟ ਵੱਲ ਧੱਕ ਦਿੱਤਾ ਹੈ। ਇਸ ਧਰਤੀ ’ਤੇ ਪਲਾਸਟਿਕ ਦੇ ਪ੍ਰਦੂਸ਼ਣ ਨਾਲ 300 ਅਰਬ ਤੋਂ ਲੈ 600 ਅਰਬ ਤੱਕ ਦਾ ਸਲਾਨਾ ਨੁਕਸਾਨ ਹੋ ਰਿਹਾ ਹੈ। ਇਹ ਪਲਾਸਟਿਕ ਹੀ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਬਣਦਾ ਹੈ। ਧਰਤੀ ਦੇ ਵਾਤਾਵਰਣ ’ਚ ਵਧ ਰਹੀ ਕਾਰਬਨ ਡਾਈਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਨੂੰ ਸੋਖਣ ਲਈ ਵੱਧ ਤੋਂ ਵੱਧ ਰੁੱਖਾਂ ਦੀ ਲੋੜ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆ ਭਰ ’ਚ ਲੱਖਾਂ ਲੋਕ ਅਕਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਹ ਅੰਕੜੇ ਸਾਨੂੰ ਚੇਤਾਵਨੀ ਦਿੰਦੇ ਹਨ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ।
ਪਲਾਸਟਿਕ ਪ੍ਰਦੂਸ਼ਣ ਵੀ ਅੱਜ ਦੇ ਸਮੇਂ ਦੀ ਇਕ ਵੱਡੀ ਸਮੱਸਿਆ ਹੈ। ਇਹ ਨਾ ਸਿਰਫ਼ ਧਰਤੀ ਅਤੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਸਗੋਂ ਮਨੁੱਖੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਚੁੱਕਾ ਹੈ। ਇਸ ਦੇ ਉਲਟ, ਸਾਫ਼-ਸੁਥਰਾ ਵਾਤਾਵਰਣ ਸਾਡੀ ਸਿਹਤ ਅਤੇ ਖੁਸ਼ਹਾਲੀ ਦਾ ਅਨਮੋਲ ਖਜ਼ਾਨਾ ਹੈ। ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਤਾਂ ਇਸ ਦੇ ਨਤੀਜੇ ਬਹੁਤ ਵਿਨਾਸ਼ਕਾਰੀ ਹੋ ਸਕਦੇ ਹਨ। ਇਸ ਲਈ ਵਿਸ਼ਵ ਭਾਈਚਾਰਾ ਇਸ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ ਯਤਨਸ਼ੀਲ ਹੈ। ਵਿਸ਼ਵ ਵਾਤਾਵਰਣ ਦਿਵਸ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਸਮਝੀਏ ਅਤੇ ਕੁਦਰਤ ਦੀ ਰੱਖਿਆ ਲਈ ਅੱਗੇ ਆਈਏ। ਆਓ, ਅਸੀਂ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਕਲਪ ਕਰੀਏ, ਪਲਾਸਟਿਕ ਦੀ ਵਰਤੋਂ ਘਟਾਈਏ, ਪਾਣੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰੀਏ ਅਤੇ ਧਰਤੀ ਨੂੰਆਉਣ ਵਾਲੀਆਂ ਪੀੜ੍ਹੀਆਂ ਲਈ ਰਹਿਣਯੋਗ ਬਣਾਈਏ। ਸਾਲ 2026 ਦੇ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ‘ਕੁਦਰਤ ਤੋਂ ਪ੍ਰੇਰਿਤ ਜਲਵਾਯੂ ਲਈ, ਸਾਡੇ ਭਵਿੱਖ ਲਈ’ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਕੁਦਰਤ ਨਾਲ ਤਾਲਮੇਲ ਬਣਾ ਕੇ ਹੀ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਰੁੱਖਾਂ ਨਾਲ ਹੀ ਇਹ ਧਰਤੀ ਸੋਹਣੀ ਲੱਗਦੀ ਹੈ, ਰੁੱਖਾਂ ਨਾਲ ਹੀ ਜੀਵਨ ਮਹਿਕਦਾ ਹੈ ਅਤੇ ਰੁੱਖਾਂ ਨਾਲ ਹੀ ਸਾਡਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਆਓ, ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਵੱਧ ਤੋਂ ਵੱਧ ਰੁੱਖ ਲਾਈਏ।
- ਸੰਤ ਬਲਬੀਰ ਸਿੰਘ ਸੀਚੇਵਾਲ
- ਲੇਖਕ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਹਨ।