- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਸਭਾ ਸੁਸਾਇਟੀਆਂ ਨੂੰ ਤਾਂ ਉਨ੍ਹਾਂ ਦੇ ਕੰਮ ਦੀ ਮਹੱਤਤਾ ਬਹੁਤ ਦੇਰ ਬਾਅਦ ਪਤਾ ਲੱਗੀ ਜਦ 1929 ਵਿਚ ਅਕਾਲ ਤਖ਼ਤ ਵਿਖੇ ਹੋਈ ਇਕੱਤਰਤਾ ਵਿਚ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਇਨ੍ਹਾਂ ਨੂੰ ਸੰਸਥਾਪਕ ਸਕੱਤਰ ਐਲਾਨਿਆ ਗਿਆ। ਫੁਲਵਾੜੀ ਦੇ ਸੰਪਾਦਕ ਹੀਰਾ ਸਿੰਘ ਦਰਦ ਨੇ ਉਨ੍ਹਾਂ ਦੀ ਛਪੀ ਕਿਤਾਬ ‘ਬੰਦਾ ਬਹਾਦਰ’ ਪੜ੍ਹ ਕੇ ਕਦਰ ਕਰਨੀ ਸ਼ੁਰੂ ਕੀਤੀ ਤੇ ਫੁਲਵਾੜੀ ਵਿਚ ਇਨ੍ਹਾਂ ਦੇ ਅਨੇਕਾਂ ਲੇਖ ਛਾਪੇ।

ਪੰਜਾਬੀ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਜਨਮ 22 ਮਾਰਚ 1883 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ (ਹੁਣ ਤਰਨ ਤਾਰਨ) ਵਿਖੇ ਦਫ਼ੇਦਾਰ ਝੰਡਾ ਸਿੰਘ ਢਿੱਲੋਂ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਹੋਇਆ ਸੀ। ਕਰਮ ਸਿੰਘ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕਰ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਚਲੇ ਗਏ। ਦਸਵੀਂ ਪਾਸ ਕਰਨ ਉਪਰੰਤ ਉਨ੍ਹਾਂ ਨੇ ਏਥੇ ਹੀ ਐੱਫਐੱਸਸੀ ਦੀ ਪੜ੍ਹਾਈ ਲਈ 1902 ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਦਾਖ਼ਲਾ ਲੈ ਲਿਆ। ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਦਿਲਚਸਪੀ ਸਿੱਖ ਇਤਿਹਾਸਕ ਪੁਸਤਕਾਂ ਵਿਚ ਸੀ।
ਉਹ ਬਹੁਤਾ ਸਮਾਂ ਲਾਇਬ੍ਰੇਰੀ ਵਿਚ ਹੀ ਗੁਜ਼ਾਰਦੇ। ਖ਼ਾਲਸਾ ਕਾਲਜ ’ਚ ਪੜ੍ਹਦਿਆਂ ਉਨ੍ਹਾਂ ਨੇ ਆਪਣੇ ਸਹਿਪਾਠੀਆਂ ਅਮਰ ਸਿੰਘ ਵਾਸੂ, ਮਾਸਟਰ ਈਸ਼ਰ ਸਿੰਘ ਢੋਟੀਆਂ ਤੇ ਗੁਰਮੁਖ ਸਿੰਘ ਨਾਲ ਮਿਲ ਕੇ ਪ੍ਰਣ ਕੀਤਾ ਕਿ ਅਸੀਂ ਸਿੱਖਿਆ, ਪੱਤਰਕਾਰੀ, ਧਰਮ ਸ਼ਾਸਤਰ ਤੇ ਇਤਿਹਾਸ ਦੀ ਖੋਜ ਨੂੰ ਜੀਵਨ ਦਾਨ ਦੇਵਾਂਗੇ। ਅਮਰ ਸਿੰਘ ਵਾਸੂ ਖ਼ਾਲਸਾ ਐਡਵੋਕੇਟ ਦੇ ਸੰਪਾਦਕ ਬਣੇ, ਈਸ਼ਰ ਸਿੰਘ ਢੋਟੀਆਂ ਅਧਿਆਪਕ ਬਣੇ। ਪਰ ਕਰਮ ਸਿੰਘ ਹਿਸਟੋਰੀਅਨ ਨੇ ਵਿਗਿਆਨਕ ਢੰਗ ਨਾਲ ਸਿੱਖ ਇਤਿਹਾਸ ਦੀ ਖੋਜ ਲਈ ਜੀਵਨ ਅਰਪਣ ਕਰਨ ਦਾ ਪ੍ਰਣ ਪੱਤਰ ਭਰ ਕੇ ਭਾਈ ਵੀਰ ਸਿੰਘ ਨੂੰ ਸੌਂਪਿਆ। ਕਰਮ ਸਿੰਘ ਦਾ ਇਤਿਹਾਸ ਖੋਜਣ ਦਾ ਢੰਗ ਮੌਲਿਕ, ਵਿਗਿਆਨਕ ਤੇ ਨਿਵੇਕਲਾ ਸੀ।
ਉਨ੍ਹਾਂ ਨੇ ਆਪਣੇ ਨੋਟਾਂ ਰਾਹੀਂ ਇਸ ਸ਼ੈਲੀ ਦੀ ਵਿਆਖਿਆ ਆਪਣੇ ਲੇਖ ਗਿਆਨੀ ਹੀਰਾ ਸਿੰਘ ਦਰਦ ਦੇ ਮੈਗਜ਼ੀਨ ਮਾਸਕ ਪੱਤਰ ‘ਫੁਲਵਾੜੀ’ ਵਿਚ ਛਪਵਾਏ। ਕਾਲਜ ਦੀ ਪੜ੍ਹਾਈ ਛੱਡਣ ਮਗਰੋਂ ਉਨ੍ਹਾਂ ਨੂੰ ਆਪਣੇ ਜਨੂੰਨ ਕਾਰਨ ਬਹੁਤ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿਚ ਮਿੱਤਰ ਈਸ਼ਰ ਸਿੰਘ ਢੋਟੀਆਂ ਤੋਂ ਇਲਾਵਾ ਕੁਝ ਕੁ ਵਿਅਕਤੀਆਂ ਨੇ ਹੀ ਸਾਥ ਦਿੱਤਾ। ਉਨ੍ਹਾਂ ਦੇ ਇਕ ਮਿੱਤਰ ਮਾਸਟਰ ਈਸ਼ਰ ਸਿੰਘ ਢੋਟੀਆਂ ਨੇ ਆਪਣੀ ਅੱਧੀ ਤਨਖ਼ਾਹ ਹਰ ਮਹੀਨੇ ਦੇ ਕੇ ਆਪਣਾ ਯੋਗਦਾਨ ਪਾਇਆ। ਭਾਈ ਤਖਤ ਸਿੰਘ ਫ਼ਿਰੋਜ਼ਪੁਰ ਵਾਲੇ ਤੇ ਭਾਈ ਮੋਹਨ ਸਿੰਘ ਵੈਦ ਨੇ ਵੀ ਹੌਸਲਾ ਅਫਜ਼ਾਈ ਕੀਤੀ।
ਸਿੱਖ ਸਭਾ ਸੁਸਾਇਟੀਆਂ ਨੂੰ ਤਾਂ ਉਨ੍ਹਾਂ ਦੇ ਕੰਮ ਦੀ ਮਹੱਤਤਾ ਬਹੁਤ ਦੇਰ ਬਾਅਦ ਪਤਾ ਲੱਗੀ ਜਦ 1929 ਵਿਚ ਅਕਾਲ ਤਖ਼ਤ ਵਿਖੇ ਹੋਈ ਇਕੱਤਰਤਾ ਵਿਚ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਇਨ੍ਹਾਂ ਨੂੰ ਸੰਸਥਾਪਕ ਸਕੱਤਰ ਐਲਾਨਿਆ ਗਿਆ। ਫੁਲਵਾੜੀ ਦੇ ਸੰਪਾਦਕ ਹੀਰਾ ਸਿੰਘ ਦਰਦ ਨੇ ਉਨ੍ਹਾਂ ਦੀ ਛਪੀ ਕਿਤਾਬ ‘ਬੰਦਾ ਬਹਾਦਰ’ ਪੜ੍ਹ ਕੇ ਕਦਰ ਕਰਨੀ ਸ਼ੁਰੂ ਕੀਤੀ ਤੇ ਫੁਲਵਾੜੀ ਵਿਚ ਇਨ੍ਹਾਂ ਦੇ ਅਨੇਕਾਂ ਲੇਖ ਛਾਪੇ।
ਕਰਮ ਸਿੰਘ ਨੇ 1905 ਵਿਚ ਬੀਐੱਸਸੀ ਦੇ ਚੌਥੇ ਸਾਲ ਦੀ ਪੜ੍ਹਾਈ ਇਮਤਿਹਾਨ ਤੋਂ ਤਿੰਨ ਮਹੀਨੇ ਪਹਿਲਾਂ ਇਸ ਕਾਰਨ ਛੱਡ ਦਿੱਤੀ ਕਿ ਪਲੇਗ ਫੈਲਣ ਕਾਰਨ ਸਿੱਖ ਰਾਜ ਦੀ ਚੜ੍ਹਦੀ ਤੇ ਢਹਿੰਦੀ ਕਲਾ ਅੱਖੀਂ ਵੇਖ ਚੁੱਕੇ ਅੱਸੀ-ਨੱਬੇ ਸਾਲਾ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਸਨ। ਉਨ੍ਹਾਂ ਦੇ ਨਾਲ ਹੀ ਵੱਡਮੁੱਲਾ ਅੱਖੀਂ ਵੇਖਿਆ ਤੇ ਹੰਢਾਇਆ ਇਤਿਹਾਸ ਵੀ ਲੋਪ ਹੋ ਰਿਹਾ ਸੀ। ਇਨ੍ਹਾਂ ਬਜ਼ੁਰਗ ਇਤਿਹਾਸਕ ਪਾਤਰਾਂ ਦੇ ਬਿਆਨ ਕਲਮਬੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸੀ। ਉਦੋਂ 21-22 ਸਾਲ ਦੇ ਇਸ ਨੌਜਵਾਨ ਨੂੰ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਮੰਨਣ ਲਈ ਵੀ ਤਿਆਰ ਨਹੀਂ ਸੀ।
ਕਰਮ ਸਿੰਘ ਨੇ ਆਪਣੀ ਖੋਜ ਨੂੰ ਸਿਰਫ਼ ਖ਼ਾਲਸਾ ਰਾਜ ਦੀਆਂ ਘਟਨਾਵਾਂ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਵਿਸ਼ਿਆਂ ’ਤੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ ਰਾਹੀਂ ਵੀ ਇਤਿਹਾਸਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦਾ ਉੱਦਮ ਕੀਤਾ। ਕਰਮ ਸਿੰਘ ਨੇ ਲਾਹੌਰ ਦਰਬਾਰ ਦੇ ਗੁਪਤ ਇਤਿਹਾਸ ਦੀ ਪੜਚੋਲ ਦਾ ਵੀ ਕੰਮ ਕੀਤਾ। ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਡੋਗਰਿਆਂ ਵੱਲੋਂ ਖ਼ਾਲਸਾ ਰਾਜ ਖ਼ਿਲਾਫ਼ ਰਚੀਆਂ ਸਾਜ਼ਿਸ਼ਾਂ ਅਤੇ ਕਤਲਾਂ ਬਾਰੇ ਵੀ ਚਾਨਣਾ ਪਾਇਆ।
ਸਰਦਾਰ ਚੇਤ ਸਿੰਘ ਦੇ ਧਿਆਨ ਸਿੰਘ ਵੱਲੋਂ ਕਤਲ ਦਾ ਹਾਲ ਵੀ ਉਜਾਗਰ ਕੀਤਾ। ਇਹ ਵੀ ਪਤਾ ਲਾਇਆ ਕਿ ਕਿਵੇਂ ਕੁੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਵਿਰੁੱਧ ਉਕਸਾਇਆ ਅਤੇ ਚੇਤ ਸਿੰਘ ਦੇ ਕਤਲ ਵਿਚ ਸਾਜ਼ਿਸ਼ਕਾਰ ਬਣਾਇਆ ਗਿਆ। ਕਰਮ ਸਿੰਘ ਨੇ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਵੀ ਇਕੱਤਰ ਕਰਨ ਦਾ ਯਤਨ ਕੀਤਾ ਕਿਉਂਕਿ ਪਿਛਲੇ ਸਮਿਆਂ ਵਿਚ ਸਾਡੇ ਦੇਸ਼ ’ਚ ਵਾਰਾਂ ਸੁਣਨ ਦਾ ਬੜਾ ਰਿਵਾਜ ਸੀ। ਢਾਡੀਆਂ ਦੀ ਬੜੀ ਕਦਰ ਸੀ। ਉਨ੍ਹਾਂ ਨੇ ਗੁਜਰਾਂਵਾਲਾ ਜ਼ਿਲ੍ਹੇ ਵਿਚ ਇਕ ਰੁਪਿਆ ਦੇ ਕੇ ਇਕ ਵਾਰ ਸੁਣੀ ਤੇ ਪੰਜ ਰੁਪਏ ਦੇ ਕੇ ਇਕ ਵਾਰ ਲਿਖ ਲਈ ਜਿਸ ਨੂੰ ਨਾਦਰ ਸ਼ਾਹ ਦੀ ਪੌੜੀ ਆਖਦੇ ਸੀ। ਕਰਮ ਸਿੰਘ ਨੇ ਖਾਨ ਬਹਾਦਰ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਵੀ ਸੁੰਦਰ ਦਾਸ ਜੀ ਆਗਮ ਕਪੂਰਥਲੇ ਦੀਆਂ ਕਵਿਤਾਵਾਂ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ।
ਉਨ੍ਹਾਂ ਨੇ 1764 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਸੱਤਵੇਂ ਹਮਲੇ ਸਮੇਂ ਉਸ ਦੇ ਸਾਥੀ ਕਾਜ਼ੀ ਨੂਰ ਮੁਹੰਮਦ ਵਾਸੀ ਗੰਜਾਬੇ ਬਲੋਚਿਸਤਾਨ ਵੱਲੋਂ ਰਚਿਤ ਜੰਗਨਾਮਾ ਵੀ ਲੱਭਿਆ ਅਤੇ ਇਸ ਦਾ ਤਰਜਮਾ ਕਰ ਕੇ ਪਾਠਕਾਂ ਲਈ ਪੇਸ਼ ਕੀਤਾ। ਇਹ ਲਿਖਤ ਵੈਰੀਆਂ ਵੱਲੋਂ ਸਿੱਖਾਂ ਦੇ ਉੱਚ ਆਚਰਣ ਤੇ ਬਹਾਦਰੀ ਦੀ ਬੇਮਿਸਾਲ ਦਾਸਤਾਨ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ-ਮਦੀਨਾ ਤੋਂ ਬਗਦਾਦ ਯਾਤਰਾ ਬਾਰੇ ਖੋਜ ਕਰਨ ਦਾ ਉੱਦਮ ਵੀ ਕੀਤਾ। ਉਹ ਕਰਾਚੀ ਤੋਂ ਬਗਦਾਦ ਪਹੁੰਚਣ ਵਿਚ ਵੀ ਕਾਮਯਾਬ ਹੋ ਗਏ।
ਇਸ ਤਰ੍ਹਾਂ ਕਰਮ ਸਿੰਘ ਨੇ ਆਪਣਾ ਜੀਵਨ ਖੋਜ ਦੇ ਲੇਖੇ ਲਾਇਆ। ਉਨ੍ਹਾਂ ਨੇ ਅਨੇਕ ਪੁਸਤਕਾਂ ਪੰਜਾਬੀਆਂ ਦੀ ਝੋਲੀ ਪਾਈਆਂ। ਉਹ ਛੋਟੀ ਉਮਰੇ ਹੀ ਉਹ 10 ਸਤੰਬਰ 1930 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਪੋਤਰੇ-ਪੋਤਰੀਆਂ ਅੱਜ ਦੇ ਦਿਨ ਉਨ੍ਹਾਂ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦੇ ਹਨ।
-ਗੁਰਜੀਤ ਸਿੰਘ ਢਿੱਲੋਂ, ਰਾਜਪੁਰਾ
ਮੋਬਾਈਲ : 94175-02254