ਪਹਿਲੀ ਭਵਿੱਖਬਾਣੀ ਅਨੁਸਾਰ ਪਰਮੇਸ਼ਵਰ ਦਾ ਪੁੱਤਰ ਅਪਰਾਧੀਆਂ ਸੰਗ ਗਿਣਿਆ ਗਿਆ। ਸੰਤ ਮਰਕੁਸ 15:27-28 ਆਇਤ-ਉਨ੍ਹਾਂ ਨੇ ਉਸ ਨਾਲ ਦੋ ਬਦਰੂਹਾਂ ਨੂੰ, ਇਕ ਨੂੰ ਪ੍ਰਭੂ ਯਿਸ਼ੂ ਦੇ ਸੱਜੇ ਅਤੇ ਦੂਜਾ ਪ੍ਰਭੂ ਦੇ ਖੱਬੇ ਸਲੀਬ ’ਤੇ ਚੜ੍ਹਾਇਆ ਸੀ ਤਾਂ ਜੋ ਲਿਖਤਾਂ ਪੂਰੀਆਂ ਹੋਣ।

ਗੁੱਡ ਫਰਾਈਡੇ ਮਸੀਹੀ ਭਾਈਚਾਰੇ ਲਈ ਬਹੁਤ ਅਹਿਮ ਦਿਨ ਹੈ। ਇਹ ਦਿਨ ਪ੍ਰਭੂ ਯਿਸ਼ੂ ਮਸੀਹ ਦੀ ਕੁਰਬਾਨੀ ਅਤੇ ਉਨ੍ਹਾਂ ਦੇ ਮਨੁੱਖਤਾ ਪ੍ਰਤੀ ਸਮਰਪਣ ਨੂੰ ਯਾਦ ਕਰਨ ਦਾ ਦਿਨ ਹੈ। ਪੁਰਾਣੇ ਨੇਮ ਦੀਆਂ ਅੱਠ ਭਵਿੱਖਬਾਣੀਆਂ ਜੋ ਸਲੀਬ ’ਤੇ ਰਹਿੰਦੇ ਸਮੇਂ ਪ੍ਰਭੂ ਯਿਸ਼ੂ ’ਤੇ ਪੂਰੀਆਂ ਹੋਈਆਂ ਸਨ। ਉਂਜ ਤਾਂ ਪਰਮ ਪਿਤਾ ਪ੍ਰਭੂ ਯਿਸ਼ੂ ਮਸੀਹ ਨੂੰ ਸਮਰਪਿਤ ਪ੍ਰਾਚੀਨ ਕਾਲ ਤੋਂ ਨਬੀਆਂ, ਸੰਤਾਂ ਦੁਆਰਾ ਕੀਤੀਆਂ ਨਬੂਵਤਾਂ ਪ੍ਰਭੂ ਦੇ ਜਨਮ ਤੋਂ ਲੈ ਕੇ ਸਵਰਗ ਵੱਲ ਜਿਉਂਦਾ ਉਠਾਏ ਜਾਣ ਤੱਕ ਇਕ-ਇਕ (ਅਗੰਮਵਾਕ) ਨਬੂਵਤ ਪੂਰੀ ਹੁੰਦੀ ਹੈ। ਅੱਜ ਅਸੀਂ ਉਨ੍ਹਾਂ ਅੱਠ ਭਵਿੱਖਬਾਣੀਆਂ ਦੀ ਗੱਲ ਕਰਾਂਗੇ ਜੋ ਪ੍ਰਭੂ ਯਿਸ਼ੂ ਮਸੀਹ ਦੇ ਸਲੀਬ ਉੱਤੇ ਰਹਿੰਦੇ ਸਮੇਂ ਪੂਰੀਆਂ ਹੋਈਆਂ। ਪਹਿਲੀ ਭਵਿੱਖਬਾਣੀ ਅਨੁਸਾਰ ਪਰਮੇਸ਼ਵਰ ਦਾ ਪੁੱਤਰ ਅਪਰਾਧੀਆਂ ਸੰਗ ਗਿਣਿਆ ਗਿਆ। ਸੰਤ ਮਰਕੁਸ 15:27-28 ਆਇਤ-ਉਨ੍ਹਾਂ ਨੇ ਉਸ ਨਾਲ ਦੋ ਬਦਰੂਹਾਂ ਨੂੰ, ਇਕ ਨੂੰ ਪ੍ਰਭੂ ਯਿਸ਼ੂ ਦੇ ਸੱਜੇ ਅਤੇ ਦੂਜਾ ਪ੍ਰਭੂ ਦੇ ਖੱਬੇ ਸਲੀਬ ’ਤੇ ਚੜ੍ਹਾਇਆ ਸੀ ਤਾਂ ਜੋ ਲਿਖਤਾਂ ਪੂਰੀਆਂ ਹੋਣ। ਯਸਾਯਾਹ 53:12 ਅਨੁਸਾਰ ਕਿਉਂ ਜੋ ਉਸ ਨੇ ਆਪਣੀ ਜਾਨ ਦਿੱਤੀ ਅਤੇ ਅਪਰਾਧੀਆਂ ਨਾਲ ਗਿਣਿਆ ਗਿਆ। ਇਸ ਤੋਂ ਉਪਰੰਤ ਦੂਜੀ ਭਵਿੱਖਬਾਣੀ, ਪ੍ਰਭੂ ਯਿਸ਼ੂ ਮਸੀਹ ਨੂੰ ਇਕ ਭੀੜ ਦੁਆਰਾ ਠੱਠਾ (ਮਖੌਲ) ਕੀਤਾ ਗਿਆ (ਸੰਤ ਮੱਤੀ 27:41-42)। ਇਸ ਤਰ੍ਹਾਂ ਪ੍ਰਧਾਨ-ਪੁਰੋਹਿਤਾਂ ਅਤੇ ਨੇਤਾਵਾਂ ਦੇ ਨਾਲ ਰਲ ਕੇ ਇਹ ਕਹਿੰਦੇ ਹੋਏ ਪ੍ਰਭੂ ਯਿਸ਼ੂ ਦਾ ਮਖੌਲ ਉਡਾਇਆ ਕਿ ਇਸ ਨੇ ਦੂਜਿਆਂ ਨੂੰ ਬਚਾਇਆ, ਇਹ ਆਪਣੇ-ਆਪ ਨੂੰ ਨਹੀਂ ਬਚਾ ਸਕਦਾ? ਜ਼ਬੂਰਾਂ ਦੀ ਪੋਥੀ 22 :7 ਜਿੰਨੇ ਮੈਨੂੰ ਵੇਖਦੇ ਹਨ, ਉਹ ਮਖੌਲ ਉਡਾਉਂਦੇ ਹਨ। ਇਹ ਭਵਿੱਖ ਬਾਣੀ ਦਾਉਦ ਪਾਤਸ਼ਾਹ ਵੱਲੋਂ 900 ਬੀਸੀ ਵਿਚ ਕੀਤੀ ਗਈ ਕਿਉਂ ਜੋ ਪਰਮੇਸ਼ਵਰ ਦੇ ਵਚਨ ਨੇ ਪੂਰਾ ਹੋਣਾ ਸੀ। ਭਵਿੱਖਬਾਣੀ ਤੀਸਰੀ, ਪ੍ਰਭੂ ਯਿਸ਼ੂ ਦੇ ਕੱਪੜਿਆਂ ਲਈ ਪਰਚੀਆਂ ਪਾਉਣੀਆਂ, ਸੰਤ ਮਰਕੁਸ 15:24 ਆਇਤ : ਉਨ੍ਹਾਂ ਨੇ ਪ੍ਰਭੂ ਦੇ ਕੱਪੜਿਆਂ ਉੱਤੇ ਗੁਣਾ ਪਾ ਕੇ ਇਹ ਫ਼ੈਸਲਾ ਕੀਤਾ ਕਿ ਹਰ ਇਕ ਨੂੰ ਕੀ ਮਿਲੇਗਾ ਤੇ ਉਸ ਦੇ ਕੱਪੜੇ ਆਪਸ ਵਿਚ ਵੰਡ ਲਏ ਜ਼ਬੂਰਾਂ ਦੀ ਪੋਥੀ 22 ਬਾਬ 18 ਆਇਤ ਅਨੁਸਾਰ ਉਹ ਮੇਰੇ ਕੱਪੜੇ ਆਪੋ ਵਿਚ ਵੰਡ ਲੈਂਦੇ ਹਨ ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ। ਰੋਮੀ ਸਿਪਾਹੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਇਸ ਆਇਤ ਵਿਚ ਨਬੀ ਦੁਆਰਾ ਭਵਿੱਖਬਾਣੀ ਕੀਤੀ ਗਈ ਸੀ। ਚੌਥੀ ਭਵਿੱਖਬਾਣੀ, ਮਸੀਹ ਨੂੰ ਪਿਆਸ ਦੇ ਵੇਲੇ ਸਿਰਕਾ ਦੇਣਾ (ਸੰਤ ਯੂਹੰਨਾ 19 :29)। ਉੱਥੇ ਇਕ ਭਾਂਡਾ ਸਿਰਕੇ ਦਾ ਭਰਿਆ ਹੋਇਆ ਧਰਿਆ ਸੀ ਸੋ ਉਨ੍ਹਾਂ ਨੇ ਇਕ ਸਪੰਜ ਸਿਰਕੇ ਨਾਲ ਭਰਿਆ ਹੋਇਆ ਜੂਫੇ ਦੀ ਛਿੱਟੀ ’ਤੇ ਬੰਨ੍ਹ ਕੇ ਉਸ ਦੇ ਮੂੰਹ ਤਾਈਂ ਪਹੁੰਚਾਇਆ (ਜ਼ਬੂਰਾਂ ਦੀ ਪੋਥੀ 69 :21)। ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ। ਪੰਜਵੀਂ ਭਵਿੱਖਬਾਣੀ (ਨਬੂਵਤ) ਪ੍ਰਭੂ ਯਿਸ਼ੂ ਮਸੀਹ ਆਪਣੀ ਆਤਮਾ ਬਾਪ ਦੇ ਹੱਥ ਵਿਚ ਸੌਂਪਦਾ ਹੈ। ਸੰਤ ਲੂਕਾ 23:46 ਅਨੁਸਾਰ ਤਦ ਯਿਸ਼ੂ ਨੇ ਉੱਚੀ ਆਵਾਜ਼ ’ਚ ਪੁਕਾਰ ਕੇ ਕਿਹਾ , ‘ਐ ਬਾਪ, ਮੈਂ ਆਪਣੀ ਰੂਹ ਨੂੰ ਤੁਹਾਡੇ ਹੱਥਾਂ ਵਿਚ ਸੌਂਪਦਾ ਹਾਂ। ਇਹ ਆਖ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ। ਜ਼ਬੂਰਾਂ ਦੀ ਪੋਥੀ 31:5 ਮੈਂ ਆਪਣੀ ਆਤਮਾ ਤੇਰੇ ਹੱਥ ਸੌਂਪਦਾ ਹਾਂ! ਇਨ੍ਹਾਂ ਸ਼ਬਦਾਂ ਦਾ ਉਚਾਰਨ ਪ੍ਰਭੂ ਯਿਸ਼ੂ ਆਪਣੇ ਸ਼ਗਿਰਦਾਂ ਨਾਲ ਪਹਿਲਾਂ ਹੀ ਕਰ ਚੁੱਕੇ ਸਨ। ਸੰਤ ਯੂਹੰਨਾ 10:17-18 ਵਿਚ ਦਰਜ ਹੈ ਕਿ ਇਸੇ ਕਾਰਨ ਬਾਪ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਕੁਰਬਾਨ ਕਰਦਾ ਹਾਂ ਕਿ ਮੈਂ ਉਸ ਨੂੰ ਫਿਰ ਲੈ ਲਵਾਂ (18 ਆਇਤ)-ਇਸ ਨੂੰ ਮੇਰੇ ਤੋਂ ਕੋਈ ਲੈ ਨਹੀਂ ਲੈਂਦਾ, ਸਗੋਂ ਮੈਂ ਆਪਣੀ ਮਰਜ਼ੀ ਨਾਲ ਕੁਰਬਾਨ ਕਰਦਾ ਹਾਂ। ਮੈਨੂੰ ਉਸ ਨੂੰ ਕੁਰਬਾਨ ਕਰਨ ਦਾ ਅਧਿਕਾਰ ਹੈ ਤੇ ਮੈਨੂੰ ਇਸ ਨੂੰ ਫਿਰ ਲੈ ਲੈਣ ਦਾ ਵੀ ਅਧਿਕਾਰ ਹੈ। ਇਹ ਆਗਿਆ ਮੈਨੂੰ ਆਪਣੇ ਬਾਪ ਵੱਲੋਂ ਮਿਲੀ ਹੈ। ਛੇਵੀਂ ਭਵਿੱਖਬਾਣੀ ਅਨੁਸਾਰ ਪ੍ਰਭੂ ਯਿਸ਼ੂ ਮਸੀਹ ਦੀਆਂ ਹੱਡੀਆਂ ਨਹੀਂ ਤੋੜੀਆਂ ਜਾਣੀਆਂ, ਸੰਤ ਯੂਹੰਨਾ 19:32 ਅਨੁਸਾਰ ਇਸ ਲਈ ਸਿਪਾਹੀਆਂ ਨੇ ਆ ਕੇ ਉਸ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਅਤੇ ਫਿਰ ਦੂਜੇ ਦੀਆਂ। ਤੇਤੀ ਆਇਤ ਪਰ ਜਦੋਂ ਉਹ ਯਿਸ਼ੂ ਕੋਲ ਆਏ ਅਤੇ ਵੇਖਿਆ ਜੋ ਉਹ ਮਰ ਚੁੱਕਿਆ ਹੈ, ਤਾਂ ਉਨਾਂ ਉਸ ਦੀਆਂ ਲੱਤਾਂ ਨਾ ਤੋੜੀਆਂ ਕਿਉਂਕਿ ਇਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਪੂਰੀ ਹੋਵੇ। ਜ਼ਬੂਰਾਂ ਦੀ ਪੋਥੀ 34:20 ਭਈ ਉਸ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ। ਸੱਤਵੀਂ ਭਵਿੱਖਬਾਣੀ ‘ਮਸੀਹ ਦਾ ਬਰਛੀ ਨਾਲ ਵਿੰਨ੍ਹੇ ਜਾਣਾ’, ਸੰਤ ਯੂਹੰਨਾ 19:34 ਪਰ ਸਿਪਾਹੀਆਂ ਵਿੱਚੋਂ ਇਕ ਨੇ ਬਰਛੀ ਨਾਲ ਉਸ ਦੀ ਵੱਖੀ ਵਿੰਨ੍ਹੀ। ਜ਼ਕਰਯਾਹ 12:10 ਅਤੇ ਉਹ ਮੇਰੇ ਵੱਲ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ, ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਤਾਂ ਇਸ ਤਰ੍ਹਾਂ ਇਹ ਭਵਿੱਖਬਾਣੀਆਂ ਪ੍ਰਭੂ ਯਿਸ਼ੂ ਨੇ ਪੂਰੀਆਂ ਕੀਤੀਆਂ ਕਿਉਂ ਜੋ ਪਰਮੇਸ਼ਵਰ ਵੱਲੋਂ ਇਹ ਕੰਮ ਉਸ ਨੂੰ ਦਿੱਤਾ ਗਿਆ ਸੀ। ਜਿਵੇਂ ਪ੍ਰਭੂ ਨੇ ਕਿਹਾ ਸੰਤ ਯੂਹੰਨਾ 17:4 ਆਇਤ, ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਕਿਹਾ ਸੀ, ਉਹ ਪੂਰਾ ਕਰ ਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ। ‘ਪੂਰਾ ਹੋਇਆ’, ਸੰਤ ਯੂਹੰਨਾ 19:29 ਇਹ ਸ਼ਬਦ ਮਸੀਹ ਨੇ ਸਲੀਬ ਉੱਤੇ ਆਖ਼ਰੀ ਸਮੇਂ ਬੋਲੇ ਸਨ। ਇਹ ਸ਼ਬਦ ਜਿੱਤ ਦਾ ਜੈਕਾਰਾ ਸਨ ਕਿਉਂ ਜੋ ਪਿਤਾ ਵੱਲੋਂ ਦਿੱਤੇ ਕੰਮ ਨੂੰ ਪੂਰਾ ਕਰ ਲਿਆ ਗਿਆ ਸੀ। ਅੱਠਵੀਂ ਭਵਿੱਖਬਾਣੀ ਸੰਤ ਮਰਕੁਸ 15:34 ਆਇਤ ਤੀਜੇ ਪਹਿਰ ਯਿਸ਼ੂ ਉੱਚੀ ਆਵਾਜ਼ ਨਾਲ ਬੋਲਿਆ, ਏਲ੍ਹੋਈ ਏਲ੍ਹੋਈ ਲੰਮਾ ਸਬਕਤਾਨੀ ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ ਤੈਂ ਮੈਨੂੰ ਕਿਉਂ ਛੱਡ ਦਿੱਤਾ। ਜ਼ਬੂਰਾਂ ਦੀ ਪੋਥੀ 22:1 ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ ਤੈਂ ਮੈਨੂੰ ਕਿਉਂ ਛੱਡ ਦਿੱਤਾ? ਇਹ ਜ਼ਬੂਰ 22 ਜਿਸ ਨੂੰ ‘ਸਲੀਬ ਦਾ ਜ਼ਬੂਰ’ ਕਿਹਾ ਜਾਂਦਾ ਹੈ ਕਿਉਂਕਿ ਇਹ ਜ਼ਬੂਰ ਪ੍ਰਭੂ ਦੇ ਸਲੀਬ ਦੇ ਦੁੱਖ ਦਾ ਹਵਾਲਾ ਦਿੰਦਾ ਹੈ। ਪ੍ਰਭੂ ਜੀ ਨੇ ਜਿੱਥੇ ਨਬੀਆਂ ਦੁਆਰਾ ਕੀਤੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ ਉੱਥੇ ਨਾਲ ਹੀ ਆਪਣੇ ਮੁੱਖ ਦੇ ਉਚਾਰੇ ਸ਼ਬਦ ਵੀ ਪੂਰੇ ਕੀਤੇ। ਮੱਤੀ ਦੀ ਇੰਜੀਲ 5 ਬਾਬ 17-18 ਆਇਤ ਇਹ ਨਾ ਸਮਝੋ ਭਾਈ ਮੈਂ ਤੁਰੇਤ ਯਾ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਆਇਆ ਹਾਂ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਆਕਾਸ਼ ਅਤੇ ਧਰਤੀ ਟਲ ਨਾ ਜਾਣ, ਇਕ ਅੱਖਰ ਜਾਂ ਇਕ ਬਿੰਦੀ ਵੀ ਤੁਰੇਤ ਦੀ ਨਾ ਟਲੇਗੀ ਜਦ ਤੱਕ ਸਭ ਕੁਝ ਪੂਰਾ ਨਾ ਹੋਵੇ। ਪਿਆਰ ਤੇ ਜਿੱਤ ਦਾ ਪ੍ਰਤੀਕ ਹੈ ‘ਗੁੱਡ ਫਰਾਈਡੇ’। ਇਸ ਉਪਰੰਤ ਤੀਜੇ ਦਿਨ ਐਤਵਾਰ ਨੂੰ ਮੌਤ ’ਤੇ ਜਿੱਤ ਪਾਉਂਦਿਆਂ ਮੁਰਦਿਆਂ ਵਿੱਚੋਂ ਪ੍ਰਭੂ ਯਿਸ਼ੂ ਮੁੜ ਜੀਅ ਉੱਠੇ ਸਨ। ਉਸ ਐਤਵਾਰ ਨੂੰ ਸੰਸਾਰ ਭਰ ਵਿਚ ‘ਈਸਟਰ ਸੰਡੇ’ ਜਾਂ ਈਸਟਰ ਮੇਲੇ ਵਜੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸੁੱਖ ਭੰਡਾਰ ਚਰਚ ਦੀਆਂ ਸੰਗਤਾਂ ਅਤੇ ਮਸੀਹ ਕਲੀਸੀਆ ਵੱਲੋਂ 16 ਫਰਵਰੀ ਤੋਂ ਰੱਖੇ ਰੋਜ਼ੇ ਖੋਲ੍ਹ ਕੇ ‘ਗੁੱਡ ਫਰਾਈਡੇ’ ਮਨਾਇਆ ਜਾ ਰਿਹਾ ਹੈ। ਇਸ ਉਪਰੰਤ ਈਸਟਰ ਸੰਡੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਦੁਨੀਆ ਭਰ ਦੇ ਗਿਰਜਾਘਰਾਂ ਵਿਚ ਮਨਾਉਣ ਤੋਂ ਇਲਾਵਾ ਸਮੂਹ ਸੁੱਖ ਭੰਡਾਰ ਚਰਚ ਵਿਚ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਮੀਨ।
-ਬਿਸ਼ਪ ਰਿਆਜ਼ ਮਸੀਹ ਤੇਜਾ
-(ਚਰਚ ਆਫ ਸੁੱਖ ਭੰਡਾਰ ਚੈਰੀਟੇਬਲ ਟਰੱਸਟ ਹੈੱਡ ਆਫਿਸ ਵਡਾਲਾ, ਬਾਂਗਰ ਜ਼ਿਲ੍ਹਾ : ਗੁਰਦਾਸਪੁਰ (ਪੰਜਾਬ)।-ਮੋਬਾਈਲ : 98722-69554