ਸਮਾਜਿਕ, ਆਰਥਿਕ ਤੇ ਰਾਜਨੀਤਿਕ ਤਬਦੀਲੀਆਂ ਦਾ ਹਾਮੀ ਸੀ ਸ਼ਹੀਦ ਊਧਮ ਸਿੰਘ ਸ਼ਹੀਦ ਊਧਮ ਸਿੰਘ ਦਾ ਨਾਮ ਆਉਂਦਿਆਂ ਹੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਦੀ ਤਸਵੀਰ ਮਨ ਵਿੱਚ ਉਭਰਦੀ ਹੈ। 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਇਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਉਸ ਨੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਦਾ ਇਤਿਹਾਸਕ ਯਤਨ ਕੀਤਾ। ਪਰ ਊਧਮ ਸਿੰਘ ਦੇ ਜੀਵਨ ਨੂੰ ਕੇਵਲ ਇਸ ਘਟਨਾ ਤੱਕ ਸੀਮਤ ਕਰਨਾ ਉਸ ਦੀ ਵਿਚਾਰਧਾਰਾ ਅਤੇ ਸੰਘਰਸ਼ ਨਾਲ ਇਨਸਾਫ਼ ਨਹੀਂ ਹੋਵੇਗਾ। ਉਹ ਸਿਰਫ਼ ਬਦਲੇ ਦਾ ਪ੍ਰਤੀਕ ਨਹੀਂ, ਸਗੋਂ ਸਮਾਜਿਕ ਨਿਆਂ, ਧਰਮ ਨਿਰਪੱਖਤਾ ਅਤੇ ਦੁਨੀਆ ਭਰ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਏਕਤਾ ਦਾ ਵੀ ਹਮਾਇਤੀ ਸੀ।
Publish Date: Fri, 31 Jul 2026 09:48 AM (IST)
Updated Date: Fri, 31 Jul 2026 09:50 AM (IST)
ਸ਼ਹੀਦ ਊਧਮ ਸਿੰਘ ਦਾ ਨਾਮ ਆਉਂਦਿਆਂ ਹੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਦੀ ਤਸਵੀਰ ਮਨ ਵਿੱਚ ਉਭਰਦੀ ਹੈ। 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਇਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਉਸ ਨੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਦਾ ਇਤਿਹਾਸਕ ਯਤਨ ਕੀਤਾ। ਪਰ ਊਧਮ ਸਿੰਘ ਦੇ ਜੀਵਨ ਨੂੰ ਕੇਵਲ ਇਸ ਘਟਨਾ ਤੱਕ ਸੀਮਤ ਕਰਨਾ ਉਸ ਦੀ ਵਿਚਾਰਧਾਰਾ ਅਤੇ ਸੰਘਰਸ਼ ਨਾਲ ਇਨਸਾਫ਼ ਨਹੀਂ ਹੋਵੇਗਾ। ਉਹ ਸਿਰਫ਼ ਬਦਲੇ ਦਾ ਪ੍ਰਤੀਕ ਨਹੀਂ, ਸਗੋਂ ਸਮਾਜਿਕ ਨਿਆਂ, ਧਰਮ ਨਿਰਪੱਖਤਾ ਅਤੇ ਦੁਨੀਆ ਭਰ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਏਕਤਾ ਦਾ ਵੀ ਹਮਾਇਤੀ ਸੀ।
26 ਦਸੰਬਰ 1899 ਨੂੰ ਸੁਨਾਮ ਵਿੱਚ ਜਨਮੇ ਊਧਮ ਸਿੰਘ ਦਾ ਬਚਪਨ ਬੇਹੱਦ ਸੰਘਰਸ਼ ਭਰਿਆ ਰਿਹਾ। ਸੱਤ ਸਾਲ ਦੀ ਉਮਰ ਵਿੱਚ ਮਾਪਿਆਂ ਦੇ ਦਿਹਾਂਤ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਖ਼ਾਲਸਾ ਯਤੀਮਖਾਨੇ ਵਿੱਚ ਪਲੇ, ਜਿੱਥੇ ਉਨ੍ਹਾਂ ਦਾ ਨਾਮ ਸ਼ੇਰ ਸਿੰਘ ਤੋਂ ਊਧਮ ਸਿੰਘ ਰੱਖਿਆ ਗਿਆ। ਇੱਥੇ ਹੀ ਉਨ੍ਹਾਂ ਵਿੱਚ ਦੇਸ਼ਭਗਤੀ, ਮਨੁੱਖਤਾ ਅਤੇ ਧਾਰਮਿਕ ਸਾਂਝ ਦੀ ਭਾਵਨਾ ਮਜ਼ਬੂਤ ਹੋਈ। ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਸਾਕਾ ਉਨ੍ਹਾਂ ਦੇ ਜੀਵਨ ਦਾ ਨਿਰਣਾਇਕ ਮੋੜ ਬਣਿਆ ਅਤੇ ਉਨ੍ਹਾਂ ਨੇ ਇਸ ਜ਼ੁਲਮ ਦਾ ਹਿਸਾਬ ਲੈਣ ਦਾ ਸੰਕਲਪ ਕਰ ਲਿਆ।
ਸ਼ਹੀਦ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਲ ਜੁੜੇ। ਉਹ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਰਹੇ ਅਤੇ ਵਿਦੇਸ਼ਾਂ ਵਿੱਚ ਭਾਰਤੀ ਆਜ਼ਾਦੀ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਿਰਤੀ ਲੋਕਾਂ ਦੀ ਏਕਤਾ ਲਈ ਵੀ ਸਰਗਰਮ ਰਹੇ। ਇਟਲੀ, ਫਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਇੰਗਲੈਂਡ ਸਮੇਤ ਕਈ ਦੇਸ਼ਾਂ ਵਿੱਚ ਉਨ੍ਹਾਂ ਨੇ ਮਜ਼ਦੂਰਾਂ ਅਤੇ ਪਰਵਾਸੀ ਭਾਰਤੀਆਂ ਨੂੰ ਇਕੱਠਾ ਕਰਨ ਦਾ ਯਤਨ ਕੀਤਾ। ਲੰਡਨ ਵਿੱਚ ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜੇ ਅਤੇ ਕਿਰਤੀ ਵਰਗ ਦੇ ਹੱਕਾਂ ਦੀ ਆਵਾਜ਼ ਬਣੇ।
ਮਾਇਕਲ ਓਡਵਾਇਰ ਨੂੰ ਮਾਰਨ ਦੇ ਮੌਕੇ ਊਧਮ ਸਿੰਘ ਨੂੰ ਪਹਿਲਾਂ ਵੀ ਮਿਲੇ, ਪਰ ਉਨ੍ਹਾਂ ਨੇ ਨਿੱਜੀ ਬਦਲੇ ਦੀ ਬਜਾਏ ਆਪਣੇ ਸੰਘਰਸ਼ ਦੇ ਰਾਜਨੀਤਕ ਸੰਦੇਸ਼ ਨੂੰ ਵੱਧ ਮਹੱਤਵ ਦਿੱਤਾ। ਉਹ ਚਾਹੁੰਦੇ ਸਨ ਕਿ ਦੁਨੀਆ ਦੇ ਸਾਹਮਣੇ ਇਹ ਸਪੱਸ਼ਟ ਹੋਵੇ ਕਿ ਇਹ ਕਾਰਵਾਈ ਕਿਸੇ ਵਿਅਕਤੀ ਵਿਰੁੱਧ ਨਹੀਂ, ਸਗੋਂ ਜ਼ਾਲਮ ਸਾਮਰਾਜਵਾਦ ਵਿਰੁੱਧ ਹੈ। ਇਸੇ ਲਈ ਉਨ੍ਹਾਂ ਨੇ ਕੈਕਸਟਨ ਹਾਲ ਵਿੱਚ ਜਨਤਕ ਤੌਰ 'ਤੇ ਇਹ ਕਾਰਵਾਈ ਕੀਤੀ ਅਤੇ ਗ੍ਰਿਫ਼ਤਾਰੀ ਤੋਂ ਵੀ ਨਹੀਂ ਭੱਜੇ।
ਅਦਾਲਤ ਵਿੱਚ ਵੀ ਊਧਮ ਸਿੰਘ ਨੇ ਸਾਫ਼ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਅੰਗਰੇਜ਼ ਲੋਕਾਂ ਨਾਲ ਨਹੀਂ, ਸਗੋਂ ਉਸ ਸਾਮਰਾਜੀ ਪ੍ਰਣਾਲੀ ਨਾਲ ਹੈ ਜੋ ਲੋਕਾਂ ਦਾ ਸ਼ੋਸ਼ਣ ਕਰਦੀ ਹੈ। ਜੇਲ੍ਹ ਵਿੱਚ ਰਹਿੰਦਿਆਂ ਵੀ ਉਹ ਆਪਣੀ ਸਜ਼ਾ ਨਾਲੋਂ ਵੱਧ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਭਵਿੱਖ ਲਈ ਚਿੰਤਤ ਰਹੇ। ਆਪਣੇ ਪੱਤਰਾਂ ਵਿੱਚ ਉਨ੍ਹਾਂ ਨੇ ਇੱਕ ਅਜਿਹੇ ਭਾਰਤ ਦੀ ਕਲਪਨਾ ਕੀਤੀ, ਜਿੱਥੇ ਹਰ ਨਾਗਰਿਕ ਨੂੰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਸਮਾਜਿਕ ਨਿਆਂ ਮਿਲੇ।
31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲੇ ਇਸ ਮਹਾਨ ਕ੍ਰਾਂਤੀਕਾਰੀ ਦੀ ਵਿਰਾਸਤ ਅੱਜ ਵੀ ਉਨੀ ਹੀ ਪ੍ਰਸੰਗਿਕ ਹੈ। ਜਦੋਂ ਕਿਸਾਨ, ਮਜ਼ਦੂਰ ਅਤੇ ਨੌਜਵਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਤਾਂ ਊਧਮ ਸਿੰਘ ਦੇ ਵਿਚਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸਲ ਆਜ਼ਾਦੀ ਸਿਰਫ਼ ਵਿਦੇਸ਼ੀ ਹਕੂਮਤ ਤੋਂ ਮੁਕਤੀ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਬਰਾਬਰੀ ਵੀ ਹੈ। ਇਸ ਲਈ ਲੋੜ ਹੈ ਕਿ ਅਸੀਂ ਉਨ੍ਹਾਂ ਨੂੰ ਸਿਰਫ਼ ਬਦਲੇ ਦੇ ਨਾਇਕ ਵਜੋਂ ਨਹੀਂ, ਸਗੋਂ ਮਨੁੱਖੀ ਬਰਾਬਰੀ, ਧਰਮ ਨਿਰਪੱਖਤਾ ਅਤੇ ਕਿਰਤੀ ਵਰਗ ਦੇ ਹੱਕਾਂ ਲਈ ਲੜਨ ਵਾਲੇ ਮਹਾਨ ਕ੍ਰਾਂਤੀਕਾਰੀ ਵਜੋਂ ਵੀ ਯਾਦ ਰੱਖੀਏ। ਲੋਕਾਂ ਦੀ ਪੂਰਨ ਮੰਗ ਹੈ ਕਿ ਸੂਬਾ ਅਤੇ ਕੇਂਦਰ ਦੀ ਸਰਕਾਰ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਵੇ।
-ਹਰਮੇਸ਼ ਸਿੰਘ ਮੇਸ਼ੀ ਦਿੜ੍ਹਬਾ ਫੋਨ- 98720-05183