ਟਰੰਪ ਦੇ ਦਾਅਵੇ ਦੇ ਉਲਟ ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਨਾ ਤਾਂ ਕੋਈ ਸਿੱਧੀ ਗੱਲ ਹੋਈ ਹੈ ਅਤੇ ਨਾ ਹੀ ਅਸਿੱਧੀ। ਇਸ ਦੀ ਵੀ ਅਣਦੇਖੀ ਨਾ ਕਰੀਏ ਕਿ ਚੰਦ ਦਿਨ ਪਹਿਲਾਂ ਹੀ ਈਰਾਨੀ ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਸੀ ਕਿ ਅਮਰੀਕਾ ਨਾਲ ਵਾਰਤਾ ਵਾਸਤੇ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਉਸ ਨੇ ਧੋਖਾ ਦਿੱਤਾ ਹੈ।

ਈਰਾਨ ’ਤੇ ਭਿਆਨਕ ਹਮਲੇ ਕਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਅਚਾਨਕ ਪੰਜ ਦਿਨਾਂ ਤੱਕ ਈਰਾਨ ਦੇ ਬਿਜਲੀ ਪਲਾਂਟਾਂ ’ਤੇ ਹਮਲੇ ਰੋਕਣ ਦੀ ਗੱਲ ਕਹੀ, ਉਹ ਉਨ੍ਹਾਂ ਦੇ ਆਪਾ-ਵਿਰੋਧੀ ਰਵੱਈਏ ਦਾ ਨਵਾਂ ਸਬੂਤ ਹੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਹੀ ਇਹ ਧਮਕੀ ਦਿੱਤੀ ਸੀ ਕਿ ਜੇ ਈਰਾਨ ਨੇ ਹੋਰਮੁਜ਼ ਸਮੁੰਦਰੀ ਮਾਰਗ ਨਹੀਂ ਖੋਲ੍ਹਿਆ ਤਾਂ ਉਸ ਦੇ ਬਿਜਲੀ ਪਲਾਂਟਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਇਸ ’ਤੇ ਈਰਾਨ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਅਜਿਹਾ ਹੋਇਆ ਤਾਂ ਉਕਤ ਜਲ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਬਿਜਲੀ ਪਲਾਂਟਾਂ ਦੀ ਮੁਰੰਮਤ ਹੋਣ ਤੱਕ ਉਸ ਨੂੰ ਖੋਲ੍ਹਿਆ ਵੀ ਨਹੀਂ ਜਾਵੇਗਾ। ਇਸ ਤੋਂ ਬਾਅਦ ਟਰੰਪ ਨੇ ਈਰਾਨ ਨਾਲ ਉਸਾਰੂ ਗੱਲ ਹੋਣ ਅਤੇ ਇਸ ਦੇ ਨਤੀਜੇ ਵਿਚ ਉਸ ਦੇ ਬਿਜਲੀ ਪਲਾਂਟਾਂ ਅਤੇ ਤੇਲ ਤੇ ਗੈਸ ਟਿਕਾਣਿਆਂ ’ਤੇ ਅਮਰੀਕੀ ਹਮਲੇ ਮੁਕੰਮਲ ਤੌਰ ’ਤੇ ਰੋਕਣ ਦਾ ਐਲਾਨ ਕੀਤਾ। ਬੇਸ਼ੱਕ ਇਹ ਰਾਹਤ ਵਾਲੀ ਗੱਲ ਹੁੰਦੀ ਜੇ ਈਰਾਨ ਨੇ ਉਨ੍ਹਾਂ ਦੇ ਇਸ ਦਾਅਵੇ ’ਤੇ ਸਹਿਮਤੀ ਜ਼ਾਹਰ ਕੀਤੀ ਹੁੰਦੀ।
ਟਰੰਪ ਦੇ ਦਾਅਵੇ ਦੇ ਉਲਟ ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਨਾ ਤਾਂ ਕੋਈ ਸਿੱਧੀ ਗੱਲ ਹੋਈ ਹੈ ਅਤੇ ਨਾ ਹੀ ਅਸਿੱਧੀ। ਇਸ ਦੀ ਵੀ ਅਣਦੇਖੀ ਨਾ ਕਰੀਏ ਕਿ ਚੰਦ ਦਿਨ ਪਹਿਲਾਂ ਹੀ ਈਰਾਨੀ ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਸੀ ਕਿ ਅਮਰੀਕਾ ਨਾਲ ਵਾਰਤਾ ਵਾਸਤੇ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਉਸ ਨੇ ਧੋਖਾ ਦਿੱਤਾ ਹੈ। ਉਨ੍ਹਾਂ ਦਾ ਮਤਲਬ ਅਮਰੀਕੀ ਪ੍ਰਤੀਨਿਧੀਆਂ ਨਾਲ ਗੱਲਬਾਤ ਦੌਰਾਨ ਇਜ਼ਰਾਈਲ ਤੇ ਅਮਰੀਕਾ ਦੇ ਉਨ੍ਹਾਂ ਹਮਲਿਆਂ ਤੋਂ ਸੀ ਜੋ 28 ਫਰਵਰੀ ਨੂੰ ਸ਼ੁਰੂ ਹੋਏ ਸਨ।
ਮੰਨਿਆ ਜਾਂਦਾ ਸੀ ਕਿ ਪਿਛਲੇ ਸਾਲ ਜੂਨ ਦੀ ਤਰ੍ਹਾਂ ਇਸ ਵਾਰ ਵੀ ਈਰਾਨ ਇਜ਼ਰਾਈਲ ਅਤੇ ਅਮਰੀਕਾ ਦੇ ਸਾਂਝੇ ਹਮਲਿਆਂ ਦਾ ਜ਼ਿਆਦਾ ਦਿਨਾਂ ਤੱਕ ਸਾਹਮਣਾ ਨਹੀਂ ਕਰ ਸਕੇਗਾ ਪਰ ਇਨ੍ਹਾਂ ਹਮਲਿਆਂ ਵਿਚ ਆਪਣੇ ਸਰਬਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਸਮੇਤ ਹੋਰ ਸੀਨੀਅਰ ਨੇਤਾਵਾਂ ਅਤੇ ਫ਼ੌਜੀ ਅਫ਼ਸਰਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਈਰਾਨ ਜਵਾਬੀ ਕਾਰਵਾਈ ਕਰਨ ਵਿਚ ਸਮਰੱਥ ਬਣਿਆ ਹੋਇਆ ਹੈ।
ਉਸ ਨੇ ਇਜ਼ਰਾਈਲ ਦੇ ਨਾਲ ਹੀ ਖਾੜੀ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਜੰਗ ਨੂੰ ਇਕ ਨਵਾਂ ਵਿਸਥਾਰ ਤਾਂ ਦਿੱਤਾ ਹੀ, ਹੋਰਮੁਜ਼ ਜਲ ਮਾਰਗ ਬੰਦ ਕਰ ਕੇ ਦੁਨੀਆ ਭਰ ’ਚ ਤੇਲ ਅਤੇ ਗੈਸ ਦਾ ਸੰਕਟ ਵੀ ਖੜ੍ਹਾ ਕਰ ਦਿੱਤਾ। ਇਹ ਕਿਸੇ ਤੋਂ ਲੁਕਿਆ ਨਹੀਂ ਕਿ ਅਮਰੀਕੀ ਰਾਸ਼ਟਰਪਤੀ ਈਰਾਨ ਦੀ ਇਸ ਹਮਲਾਵਰ ਯੁੱਧ ਰਣਨੀਤੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸਨ। ਲੱਗਦਾ ਹੈ ਕਿ ਈਰਾਨ ਦੀ ਚੌਤਰਫਾ ਜਵਾਬੀ ਕਾਰਵਾਈ ਅਤੇ ਉਸ ਦੀ ਵਧਦੀ ਹੋਈ ਮਾਰੂ ਸਮਰੱਥਾ ਨੂੰ ਦੇਖ ਕੇ ਟਰੰਪ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰਨ?
ਕਿਤੇ ਉਹ ਇਸ ਜੰਗ ਤੋਂ ਨਿਕਲਣ ਦਾ ਸਨਮਾਨਯੋਗ ਰਾਹ ਤਾਂ ਨਹੀਂ ਤਿਆਰ ਕਰ ਰਹੇ ਹਨ? ਜੋ ਵੀ ਹੋਵੇ, ਉਨ੍ਹਾਂ ਦੀ ਸਮੱਸਿਆ ਇਸ ਲਈ ਵਧ ਗਈ ਹੈ ਕਿਉਂਕਿ ਇਕ ਪਾਸੇ ਜਿੱਥੇ ਊਰਜਾ ਸੰਕਟ ਦੀ ਅੱਗ ਦਾ ਸੇਕ ਅਮਰੀਕਾ ਵਿਚ ਵੀ ਮਹਿਸੂਸ ਹੋਣ ਲੱਗਾ ਹੈ, ਓਥੇ ਹੀ ਦੂਜੇ ਪਾਸੇ ਮਿੱਤਰ ਦੇਸ਼ ਇਸ ਜੰਗ ਵਿਚ ਦਖ਼ਲ ਦੇਣ ਨੂੰ ਤਿਆਰ ਨਹੀਂ ਹਨ। ਟਰੰਪ ਜੋ ਕੁਝ ਕਰ ਰਹੇ ਹਨ, ਉਸ ’ਤੇ ਭਰੋਸਾ ਕਰਨਾ ਕਠਿਨ ਹੈ।
ਈਰਾਨ ਨਾਲ ਕਥਿਤ ਵਾਰਤਾ ਉਸ ਨੂੰ ਧੋਖਾ ਦੇਣ ਦੀ ਉਨ੍ਹਾਂ ਦੀ ਚਾਲ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਤਾਂ ਜਗ ਜ਼ਾਹਰ ਹੀ ਹੈ ਕਿ ਉਹ ਆਪਣੇ ਕਹੇ ਤੋਂ ਪਲਟਣ ਦੇ ਮਾਹਰ ਹਨ। ਉਨ੍ਹਾਂ ਦਾ ਆਪਾ-ਵਿਰੋਧੀ ਸੁਭਾਅ ਉਨ੍ਹਾਂ ਨੂੰ ਗ਼ੈਰ-ਭਰੋਸੇਯੋਗ ਬਣਾਉਣ ਦੇ ਨਾਲ ਹੀ ਉਨ੍ਹਾਂ ਦੀ ਫਜ਼ੀਹਤ ਹੀ ਕਰਵਾਉਂਦਾ ਹੈ।