- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾ ਮੁਕਤੀ ਨੂੰ ਅਕਸਰ ਲੋਕ ਜ਼ਿੰਦਗੀ ਦਾ ਅੰਤਲਾ ਪੜਾਅ ਸਮਝ ਲੈਂਦੇ ਹਨ। ਨੌਕਰੀ ਖ਼ਤਮ ਹੋਈ ਤਾਂ ਲੱਗਦਾ ਹੈ ਕਿ ਹੁਣ ਕਰਨ ਲਈ ਕੁਝ ਬਚਿਆ ਹੀ ਨਹੀਂ। ਦਰਅਸਲ, ਰਿਟਾਇਰਮੈਂਟ ਕੰਮ ਤੋਂ ਮੁਕਤੀ ਹੈ, ਜ਼ਿੰਦਗੀ ਤੋਂ ਨਹੀਂ।

ਅੱਜ-ਕੱਲ੍ਹ ਜਦੋਂ ਕਿਸੇ ਵਿਅਕਤੀ ਨੂੰ ਉਸ ਦੇ ਅਹੁਦੇ ਤੋਂ ਰਿਟਾਇਰਮੈਂਟ ਮਿਲਦੀ ਹੈ ਤਾਂ ਉਸ ਨੂੰ ਸਟਾਫ ਵੱਲੋਂ ਵੀ ਨਿੱਘੀ ਵਿਦਾਇਗੀ ਦਿੱਤੀ ਜਾਂਦੀ ਹੈ, ਪਾਰਟੀ ਕੀਤੀ ਜਾਂਦੀ ਹੈ, ਥੋੜ੍ਹਾ ਮਾਹੌਲ ਖ਼ੁਸ਼ਨੁਮਾ ਬਣਾਇਆ ਜਾਂਦਾ ਹੈ ਤੇ ਨਾਲ ਹੀ ਸਬੰਧਤ ਵਿਅਕਤੀ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ।
ਜਿਸ ਵਿਅਕਤੀ ਦੀ ਰਿਟਾਇਰਮੈਂਟ ਹੋ ਰਹੀ ਹੁੰਦੀ ਹੈ, ਉਸ ਦੀ ਮਾਨਸਿਕ ਸਥਿਤੀ ਨੂੰ ਕੋਈ ਹੋਰ ਬਿਲਕੁਲ ਨਹੀਂ ਸਮਝ ਸਕਦਾ ਕਿਉਂਕਿ ਉਸ ਅੰਦਰ ਬਹੁਤ ਤਰ੍ਹਾਂ ਦੇ ਵਲਵਲੇ ਉੱਠ ਰਹੇ ਹੁੰਦੇ ਹਨ। ਜਿੱਥੇ ਇਕੱਠਾ ਪੈਸਾ ਮਿਲਣ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਦਿਮਾਗ ਵਿਚ ਚੱਲ ਰਹੀਆਂ ਹੁੰਦੀਆਂ ਹਨ, ਉੱਥੇ ਹੀ ਉਸ ਨੂੰ ਅੰਦਰੋ-ਅੰਦਰੀ ਇਕ ਝੋਰਾ ਜਿਹਾ ਖਾ ਰਿਹਾ ਹੁੰਦਾ ਹੈ ਕਿ ਜਿਸ ਮਹਿਕਮੇ ’ਚ ਉਸ ਨੇ ਜ਼ਿੰਦਗੀ ਦੇ ਐਨੇ ਵਰ੍ਹੇ ਬਿਤਾਏ ਹੁੰਦੇ ਹਨ, ਉਹ ਉਸ ਤੋਂ ਖੁੱਸ ਰਿਹਾ ਹੁੰਦਾ ਹੈ। ਰਿਟਾਇਰਮੈਂਟ ਵਾਲ਼ੇ ਦਿਨ ਤੋਂ ਅਗਲੀ ਸਵੇਰ ਉਸ ਨੂੰ ਬਹੁਤ ਹੀ ਉਦਾਸ ਤੇ ਖ਼ਾਲੀ ਜਿਹੀ ਲੱਗ ਰਹੀ ਹੁੰਦੀ ਹੈ।
ਸਾਡੇ ਦੇਸ਼ ਵਿਚ ਜੋ ਲੋਕ ਮੁਲਾਜ਼ਮ ਨੂੰ ਬਹੁਤ ਤਾਕਤਵਰ ਤੇ ਹਿੰਮਤ ਵਾਲਾ ਸਮਝ ਰਹੇ ਹੁੰਦੇ ਹਨ, ਰਿਟਾਇਰਮੈਂਟ ਹੁੰਦੇ ਹੀ ਉਸ ਨੂੰ ਵਿਅਰਥ ਸਮਝਣ ਲੱਗ ਜਾਂਦੇ ਹਨ। ਕਈ ਲੋਕ ਤਾਂ ਸੇਵਾ ਮੁਕਤੀ ਤੋਂ ਕੁਝ ਮਹੀਨਿਆਂ ਬਾਅਦ ਹੀ ਖ਼ੁਦ ਨੂੰ ਬਿਮਾਰ ਸਮਝਣ ਲੱਗ ਪੈਂਦੇ ਹਨ। ਅਜਿਹਾ ਜੀਵਨ-ਸ਼ੈਲੀ ਵਿਚ ਆਏ ਬਦਲਾਅ ਕਾਰਨ ਹੁੰਦਾ ਹੈ। ਸੋ, ਆਪਣੇ-ਆਪ ਨੂੰ ਕਾਇਮ ਰੱਖਣ ਲਈ ਹਰ ਵਿਅਕਤੀ ਨੂੰ ਰਿਟਾਇਰਮੈਂਟ ਤੋਂ ਬਾਅਦ ਦੀਆਂ ਯੋਜਨਾਵਾਂ ਪਹਿਲਾਂ ਹੀ ਤਿਆਰ ਕਰ ਲੈਣੀਆਂ ਚਾਹੀਦੀਆਂ ਹਨ।
ਸੇਵਾ ਮੁਕਤੀ ਨੂੰ ਅਕਸਰ ਲੋਕ ਜ਼ਿੰਦਗੀ ਦਾ ਅੰਤਲਾ ਪੜਾਅ ਸਮਝ ਲੈਂਦੇ ਹਨ। ਨੌਕਰੀ ਖ਼ਤਮ ਹੋਈ ਤਾਂ ਲੱਗਦਾ ਹੈ ਕਿ ਹੁਣ ਕਰਨ ਲਈ ਕੁਝ ਬਚਿਆ ਹੀ ਨਹੀਂ। ਦਰਅਸਲ, ਰਿਟਾਇਰਮੈਂਟ ਕੰਮ ਤੋਂ ਮੁਕਤੀ ਹੈ, ਜ਼ਿੰਦਗੀ ਤੋਂ ਨਹੀਂ। ਇਹ ਉਹ ਸਮਾਂ ਹੁੰਦਾ ਹੈ ਜਦੋਂ ਮਨੁੱਖ ਆਪਣੀ ਸਾਰੀ ਉਮਰ ਦੇ ਤਜਰਬੇ, ਹੁਨਰ ਅਤੇ ਰੁਚੀਆਂ ਨੂੰ ਨਵੇਂ ਰੂਪ ਵਿਚ ਵਰਤ ਸਕਦਾ ਹੈ। ਨੌਕਰੀ ਦੌਰਾਨ ਸਵੇਰ ਤੋਂ ਸ਼ਾਮ ਤੱਕ ਦੀ ਜ਼ਿੰਮੇਵਾਰੀ ਹੁੰਦੀ ਹੈ। ਆਪਣੇ ਲਈ ਸਮਾਂ ਘੱਟ ਮਿਲਦਾ ਹੈ। ਰਿਟਾਇਰਮੈਂਟ ਤੋਂ ਬਾਅਦ ਸਮਾਂ ਹੀ ਸਭ ਤੋਂ ਵੱਡੀ ਪੂੰਜੀ ਬਣ ਜਾਂਦਾ ਹੈ। ਇਸ ਸਮੇਂ ਨੂੰ ਖ਼ਾਲੀ ਬੈਠ ਕੇ ਗੁਜ਼ਾਰਨ ਦੀ ਥਾਂ ਪੜ੍ਹਨ, ਲਿਖਣ, ਸਿੱਖਣ, ਸਮਾਜ ਸੇਵਾ, ਖੇਤੀ-ਬਾਗ਼ਬਾਨੀ , ਕਲਾ, ਸੈਰ ਜਾਂ ਆਪਣੇ ਮਨਪਸੰਦ ਦੇ ਕਿਸੇ ਕੰਮ ਨਾਲ ਜੋੜਿਆ ਜਾ ਸਕਦਾ ਹੈ। ਆਪਣੀ ਅਜਿਹੀ ਰੁਟੀਨ ਬਣਾਉਣੀ ਚਾਹੀਦੀ ਹੈ ਜਿਸ ਵਿਚ ਸਰੀਰ ਲਈ ਕਿਰਿਆਸ਼ੀਲਤਾ, ਮਨ ਲਈ ਸਕੂਨ ਅਤੇ ਦਿਲ ਲਈ ਖ਼ੁਸ਼ੀ ਨੂੰ ਥਾਂ ਹੋਵੇ। ਸਾਰਾ ਦਿਨ ਬਿਨਾਂ ਕਿਸੇ ਮਕਸਦ ਦੇ ਘਰ ਬੈਠੇ ਰਹਿਣ ਨਾਲ ਵਿਅਕਤੀ ਉਦਾਸ ਹੋ ਸਕਦਾ ਹੈ।
ਇਸ ਲਈ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਵਾਲੀ ਭੱਜ-ਦੌੜ ਚਾਹੇ ਛੁੱਟ ਜਾਂਦੀ ਹੈ ਪਰ ਆਪਣਾ ਰੁਝੇਵਾਂ ਨਾ ਛੱਡੋ। ਸੱਠ ਸਾਲ ਤੋਂ ਬਾਅਦ ਵੀ ਨਵੀਂ ਸ਼ੁਰੂਆਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਦੁਨੀਆ ਵਿਚ ਕਈ ਅਜਿਹੇ ਕਾਮਯਾਬ ਲੋਕਾਂ ਦੀਆਂ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਨੇ ਉਮਰ ਦੇ ਇਸ ਪੜਾਅ ਵਿਚ ਆਪਣੀ ਨਵੀਂ ਪਛਾਣ ਬਣਾਈ। ਕਰਨਲ ਹਰਲੈਂਡ ਸੈਂਡਰਜ਼ ਇਸ ਦੀ ਇਕ ਉਮਦਾ ਮਿਸਾਲ ਹਨ।
ਉਨ੍ਹਾਂ ਨੇ 60 ਸਾਲ ਦੀ ਉਮਰ ਤੋਂ ਬਾਅਦ ਆਪਣੇ ਤਜਰਬੇ ਨੂੰ ਕਾਰੋਬਾਰ ਵਿਚ ਬਦਲਿਆ ਅਤੇ 66 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਫ੍ਰੈਂਚਾਈਜ਼ੀ ਕਾਰੋਬਾਰ ਸ਼ੁਰੂ ਕੀਤਾ ਜੋ ਅੱਗੇ ਚੱਲ ਕੇ ਕੇਐੱਫਸੀ ਦੇ ਨਾਂ ਨਾਲ ਦੁਨੀਆ ਭਰ ਵਿਚ ਮਸ਼ਹੂਰ ਹੋਇਆ। ਇਸੇ ਤਰ੍ਹਾਂ ਲੌਰਾ ਇੰਗਲਜ਼ ਵਾਇਲਡਰ ਅਮਰੀਕੀ ਲੇਖਿਕਾ ਤੇ ਪੱਤਰਕਾਰ ਸੀ। ਉਹ ਖ਼ਾਸ ਤੌਰ ’ਤੇ ਆਪਣੀ ‘ਲਿਟਲ ਹਾਊਸ’ ਕਿਤਾਬਾਂ ਦੀ ਲੜੀ ਕਰਕੇ ਮਸ਼ਹੂਰ ਹੋਈ। ਉਸ ਨੇ ਵੀ ਵਡੇਰੀ ਉਮਰ ’ਚ ਲੇਖਕ ਵਜੋਂ ਵੱਡੀ ਪਛਾਣ ਬਣਾਈ। ਉਸ ਦੀ ਪਹਿਲੀ ਕਿਤਾਬ 1932 ਵਿਚ ਪ੍ਰਕਾਸ਼ਿਤ ਹੋਈ ਜਦੋਂ ਉਹ 65 ਸਾਲ ਦੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ। ਅਮਰੀਕਾ ਦੀ ਹੀ ਇਕ ਹੋਰ ਔਰਤ ਗ੍ਰੈਂਡਮਾ ਐਨਾ ਮੈਰੀ ਮੋਜ਼ਿਜ਼ ਦੀ ਕਹਾਣੀ ਤਾਂ ਹੋਰ ਵੀ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ 70ਵੇਂ ਦੇ ਅਖ਼ੀਰ ਵਿਚ ਗੰਭੀਰਤਾ ਨਾਲ ਚਿੱਤਰਕਾਰੀ ਸ਼ੁਰੂ ਕੀਤੀ ਅਤੇ 80 ਸਾਲ ਦੀ ਉਮਰ ਵਿਚ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਦੀ ਪਹਿਲੀ ਪ੍ਰਦਰਸ਼ਨੀ ਲੱਗੀ। ਬਾਅਦ ਵਿਚ ਉਹ ਅਮਰੀਕਾ ਦੀ ਮਸ਼ਹੂਰ ਲੋਕ-ਕਲਾਕਾਰ ਬਣ ਗਈ ਅਤੇ 1,500 ਤੋਂ ਵੱਧ ਚਿੱਤਰ ਬਣਾਏ।
ਉਕਤ ਉਦਾਹਰਨਾਂ ਦਾ ਮਤਲਬ ਇਹ ਨਹੀਂ ਕਿ ਹਰ ਵਿਅਕਤੀ ਨੇ ਰਿਟਾਇਰਮੈਂਟ ਤੋਂ ਬਾਅਦ ਕਰੋੜਾਂ ਦਾ ਕਾਰੋਬਾਰ ਜਾਂ ਵਿਸ਼ਵ-ਪ੍ਰਸਿੱਧੀ ਹੀ ਹਾਸਲ ਕਰਨੀ ਹੈ। ਇਨ੍ਹਾਂ ਦੀਆਂ ਉਦਾਹਰਨਾਂ ਵਿੱਚੋਂ ਅਸਲ ਸਿੱਖਿਆ ਇਹ ਮਿਲਦੀ ਹੈ ਕਿ ਵੱਡੀ ਉਮਰ ਕਦੇ ਵੀ ਨਵੀਂ ਸ਼ੁਰੂਆਤ ’ਚ ਰੁਕਾਵਟ ਨਹੀਂ ਬਣ ਸਕਦੀ। ਰਿਟਾਇਰਮੈਂਟ ਤੋਂ ਬਾਅਦ ਕੀ ਕਰੀਏ, ਇਹ ਹਰ ਵਿਅਕਤੀ ਦਾ ਆਪਣੇ-ਆਪ ਨੂੰ ਇਕ ਸਵਾਲ ਹੁੰਦਾ ਹੈ।
ਜੇ ਪਹਿਲਾਂ ਹੀ ਉਹ ਇਹ ਸੋਚ ਕੇ ਰੱਖੇ ਕਿ ਰਿਟਾਇਰਮੈਂਟ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੇ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਇਕ ਸਾਦੀ ਜਿਹੀ ਨਿਯਮਤ ਰੁਟੀਨ ਬਣਾਉਣੀ ਹੈ ਤਾਂ ਉਸ ਉੱਤੇ ਸੇਵਾ ਮੁਕਤੀ ਤੋਂ ਬਾਅਦ ਸਰੀਰਕ ਤੇ ਮਾਨਸਿਕ ਤੌਰ ’ਤੇ ਦਬਾਅ ਨਹੀਂ ਪਵੇਗਾ। ਸਵੇਰ ਦੀ ਸੈਰ, ਕਸਰਤ ਜਾਂ ਯੋਗ, ਪੜ੍ਹਨਾ, ਲਿਖਣਾ, ਦੋਸਤਾਂ-ਰਿਸ਼ਤੇਦਾਰਾਂ ਨਾਲ ਮਿਲਣਾ ਅਤੇ ਆਪਣੀ ਰੁਚੀ ਦਾ ਕੰਮ ਕਰਨਾ ਹਤਾਸ਼-ਨਿਰਾਸ਼ ਨਹੀਂ ਹੋਣ ਦਿੰਦੇ। ਜਿਸ ਵਿਅਕਤੀ ਨੇ ਸਾਰੀ ਉਮਰ ਅਧਿਆਪਕ ਵਜੋਂ ਕੰਮ ਕੀਤਾ ਹੋਵੇ, ਉਹ ਬੱਚਿਆਂ ਨੂੰ ਪੜ੍ਹਾ ਸਕਦਾ ਹੈ।
ਲੇਖਕ ਲਿਖਤਾਂ ਲਿਖ ਸਕਦਾ ਹੈ, ਪ੍ਰਕਿਰਤੀ ਨੂੰ ਪਿਆਰ ਕਰਨ ਵਾਲੇ ਬਾਗ਼ਬਾਨੀ ਕਰ ਸਕਦੇ ਹਨ, ਕਲਾਕਾਰ ਆਪਣੀ ਕਲਾ ਸਿਖਾ ਸਕਦਾ ਹੈ ਅਤੇ ਤਕਨੀਕੀ ਗਿਆਨ ਰੱਖਣ ਵਾਲੇ ਆਪਣਾ ਤਜਰਬਾ ਦੂਜਿਆਂ ਨੂੰ ਦੇ ਸਕਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ-ਆਪ ਨੂੰ ‘ਹੁਣ ਮੇਰੀ ਲੋੜ ਨਹੀਂ’ ਵਾਲੀ ਸੋਚ ਵੱਲ ਨਹੀਂ ਧੱਕਣਾ ਚਾਹੀਦਾ। ਆਪਣੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਪੇਸ਼ ਕਰੋ ਕਿ ਪਰਿਵਾਰ ਅਤੇ ਸਮਾਜ ਨੂੰ ਤੁਹਾਡੇ ਤਜਰਬੇ ਦੀ ਹਮੇਸ਼ਾ ਲੋੜ ਮਹਿਸੂਸ ਹੋਵੇ।
ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਲਈ ਪੈਸੇ ਦੇ ਨਾਲ਼-ਨਾਲ਼ ਮਕਸਦ, ਰੁਝੇਵਾਂ, ਸਿਹਤਮੰਦ ਰਿਸ਼ਤੇ ਅਤੇ ਸਿੱਖਣ ਦੀ ਲਗਨ ਵੀ ਜ਼ਰੂਰੀ ਹੈ। ਕਦੇ ਵੀ ਰਿਟਾਇਰਮੈਂਟ ਨੂੰ ਆਪਣੇ ਕਰੀਅਰ ਦਾ ‘ਅੰਤ’ ਨਾ ਸਮਝੋ ਸਗੋਂ ਇਸ ਨੂੰ ਆਪਣੀ ਜ਼ਿੰਦਗੀ ਦੇ ਉਸ ਅਧਿਆਏ ਦੀ ਸ਼ੁਰੂਆਤ ਸਮਝੋ ਜਿਸ ਵਿਚ ਸਮਾਂ ਤੁਹਾਡਾ ਹੈ ਅਤੇ ਫ਼ੈਸਲਾ ਵੀ ਤੁਹਾਡਾ ਹੈ।
ਆਪਣੇ ਬੱਚਿਆਂ ਦੇ ਬਦਲਦੇ ਰਵੱਈਏ ਨੂੰ ਸਵੀਕਾਰ ਕਰਨਾ ਵੀ ਵੱਡੀ ਚੁਣੌਤੀ ਹੁੰਦੀ ਹੈ। ਜਦੋਂ ਬੱਚੇ ਵੱਡੇ ਹੋ ਕੇ ਆਪਣੇ ਕੰਮ-ਧੰਦੇ ਅਤੇ ਪਰਿਵਾਰ ਵਿਚ ਰੁੱਝ ਜਾਂਦੇ ਹਨ ਤਾਂ ਉਨ੍ਹਾਂ ਕੋਲ ਪਹਿਲਾਂ ਜਿੰਨਾ ਸਮਾਂ ਨਹੀਂ ਰਹਿੰਦਾ। ਕਈ ਵਾਰ ਮਾਪਿਆਂ ਨੂੰ ਲੱਗਦਾ ਹੈ ਕਿ ਬੱਚੇ ਪਹਿਲਾਂ ਵਰਗਾ ਪਿਆਰ ਜਾਂ ਸਤਿਕਾਰ ਨਹੀਂ ਕਰਦੇ। ਅਜਿਹੇ ਸਮੇਂ ਹਰ ਗੱਲ ਨੂੰ ਦਿਲ ’ਤੇ ਲੈਣ ਦੀ ਬਜਾਏ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬੱਚਿਆਂ ਤੋਂ ਪਿਆਰ ਦੀ ਉਮੀਦ ਰੱਖਣਾ ਸੁਭਾਵਕ ਹੈ ਪਰ ਆਪਣੀ ਖ਼ੁਸ਼ੀ ਨੂੰ ਪੂਰੀ ਤਰ੍ਹਾਂ ਉਨ੍ਹਾਂ ਦੇ ਵਿਹਾਰ ਨਾਲ ਜੋੜ ਦੇਣਾ ਠੀਕ ਨਹੀਂ। ਜੇ ਬੱਚਿਆਂ ਦੀ ਕੋਈ ਗੱਲ ਦੁਖੀ ਕਰਦੀ ਹੈ ਤਾਂ ਚੁੱਪ ਰਹਿ ਕੇ ਅੰਦਰ ਹੀ ਅੰਦਰ ਘੁਟਣ ਦੀ ਬਜਾਏ ਸ਼ਾਂਤੀ ਨਾਲ ਆਪਣੀ ਗੱਲ ਰੱਖੋ। ਪਰ ਹਰ ਛੋਟੀ-ਮੋਟੀ ਗੱਲ ’ਤੇ ਟੋਕਣਾ, ਪੁਰਾਣੇ ਉਪਕਾਰ ਗਿਣਾਉਣਾ ਜਾਂ ‘ਅਸੀਂ ਤੁਹਾਡੇ ਲਈ ਇਹ ਕੀਤਾ ਸੀ, ਉਹ ਕੀਤਾ ਸੀ’ ਕਹਿਣਾ ਰਿਸ਼ਤਿਆਂ ਵਿਚ ਹੋਰ ਦੂਰੀ ਪੈਦਾ ਕਰ ਸਕਦਾ ਹੈ।
ਜ਼ਿਆਦਾਤਰ ਮਾਮਲਿਆਂ ’ਚ ਸੇਵਾ ਮੁਕਤ ਹੋਣ ’ਤੇ ਬੱਚਿਆਂ ਅਤੇ ਰਿਸ਼ਤੇਦਾਰਾਂ ਦੀ ਅੱਖ ਫੰਡਾਂ ’ਤੇ ਹੁੰਦੀ ਹੈ। ਕਈ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਉਧਾਰ ਮੰਗਣਾ ਜਾਂ ਬੱਚਿਆਂ ਵੱਲੋਂ ਐਸ਼ੋ-ਇਸ਼ਰਤ ਦੇ ਸਾਮਾਨ ਖ਼ਰੀਦਣ ਦੀਆਂ ਲੋੜਾਂ ਨਾਲ ਆਪਣੇ ਹਿਸਾਬ ਨਾਲ਼ ਨਜਿੱਠਣ ਲਈ ਪਹਿਲਾਂ ਹੀ ਤਿਆਰ ਰਹਿਣਾ ਚਾਹੀਦਾ ਹੈ। ਆਪਣੀ ਆਰਥਿਕ ਤੇ ਨਿੱਜੀ ਖ਼ੁਦਮੁਖਤਾਰੀ ਜਿੰਨੀ ਸੰਭਵ ਹੋਵੇ, ਕਾਇਮ ਰੱਖਣੀ ਚਾਹੀਦੀ ਹੈ। ਆਪਣਾ ਸਮਾਂ, ਪੈਸਾ ਅਤੇ ਫ਼ੈਸਲੇ ਸੰਭਾਲਣ ਦੀ ਸਮਰੱਥਾ ਮਨੁੱਖ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਆਤਮ-ਵਿਸ਼ਵਾਸ ਨਾਲ਼ ਭਰ ਦਿੰਦੀ ਹੈ।
ਦੂਜੇ ਪੱਖ ਤੋਂ ਦੇਖੀਏ ਤਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਆਪਣੀ ਜ਼ਿੰਦਗੀ ਜਿਊਣ ਦਿਉ ਅਤੇ ਖ਼ੁਦ ਵੀ ਖੁੱਲ੍ਹ ਕੇ ਜੀਵਨ ਗੁਜ਼ਾਰੋ। ਇਸ ਤਰ੍ਹਾਂ ਆਪਸੀ ਪਿਆਰ ਵੀ ਬਣਿਆ ਰਹੇਗਾ ਤੇ ਇਕ-ਦੂਜੇ ਤੋਂ ਉਮੀਦਾਂ ਦਾ ਬੋਝ ਵੀ ਘੱਟ ਹੋਵੇਗਾ। ਰਿਟਾਇਰਮੈਂਟ ਤੋਂ ਬਾਅਦ ਜਦੋਂ ਮਨੁੱਖ ਦਾਦਾ-ਦਾਦੀ ਜਾਂ ਨਾਨਾ-ਨਾਨੀ ਬਣਦਾ ਹੈ ਤਾਂ ਇਹ ਜ਼ਿੰਦਗੀ ਦਾ ਬਹੁਤ ਖ਼ੂਬਸੂਰਤ ਪੜਾਅ ਹੁੰਦਾ ਹੈ। ਪਰ ਕਈ ਵਾਰ ਲੋਕ ਉਮਰ ਛੁਪਾਉਣ ਜਾਂ ਆਪਣੇ-ਆਪ ਨੂੰ ਜਵਾਨ ਦਿਖਾਉਣ ਦੀ ਕੋਸ਼ਿਸ਼ ਵਿਚ ਇਹ ਕਹਿਣ ਤੋਂ ਵੀ ਝਿਜਕਦੇ ਹਨ ਕਿ ਉਹ ਗ੍ਰੈਂਡ ਪੇਰੈਂਟਸ ਹਨ।
ਇਸ ਰਿਸ਼ਤੇ ਨੂੰ ਛੁਪਾਉਣ ਦੀ ਨਹੀਂ ਸਗੋਂ ਮਾਣ ਨਾਲ ਸਵੀਕਾਰ ਕਰਨ ਦੀ ਲੋੜ ਹੁੰਦੀ ਹੈ। ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਨਾਲ ਸਮਾਂ ਬਿਤਾਉਣਾ, ਉਨ੍ਹਾਂ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਣਾ, ਪੰਜਾਬੀ ਵਿਰਸੇ ਅਤੇ ਪਰਿਵਾਰ ਦੀਆਂ ਯਾਦਾਂ ਨਾਲ ਜੋੜਨਾ ਵੀ ਅਗਲੀ ਪੀੜ੍ਹੀ ਨੂੰ ਦਿੱਤੀ ਜਾਣ ਵਾਲੀ ਅਨਮੋਲ ਵਿਰਾਸਤ ਹੈ। ਸਾਰੀ ਉਮਰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅਸੀਂ ਅਕਸਰ ਆਪਣੇ ਲਈ ਜੀਣਾ ਭੁੱਲ ਜਾਂਦੇ ਹਾਂ। ‘ਲੋਕ ਕੀ ਕਹਿਣਗੇ’ ਇਸ ਦੀ ਚਿੰਤਾ ਕਰਨੀ ਜਾਂ ਬੱਚਿਆਂ ਦੀ ਹਰ ਗੱਲ ਅਤੇ ਚਿੰਤਾ ਨੂੰ ਆਪਣੇ-ਮਨ ਨਾਲ਼ ਜੋੜਨ ਤੋਂ ਪਹਿਲਾਂ ਆਪਣਾ ਸਕੂਨ ਮੂਹਰੇ ਰੱਖੋ। ਜੋ ਗੱਲ ਤੁਹਾਡੇ ਹੱਥ-ਵੱਸ ਨਹੀਂ, ਉਸ ਨੂੰ ਛੱਡਣਾ ਸਿੱਖੋ। ਸੇਵਾ ਮੁਕਤੀ ਤਾਂ ਫ਼ਿਕਰਾਂ ਤੋਂ ਕੁਝ ਹੱਦ ਤੱਕ ਆਜ਼ਾਦ ਹੋ ਕੇ ਆਪਣੇ ਲਈ ਜੀਣ ਦਾ ਸਮਾਂ ਹੁੰਦਾ ਹੈ।
-ਬਰਜਿੰਦਰ ਕੌਰ ਬਿਸਰਾਓ
-ਮੋਬਾਈਲ : 99889-01324