- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਬਜ਼ੁਰਗ ਸਾਡੀ ਅਸਲੀ ਵਿਰਾਸਤ, ਸਭ ਤੋਂ ਵੱਡਾ ਧਨ ਤੇ ਸਭ ਤੋਂ ਪਵਿੱਤਰ ਤੇ ਪੂਜਣਯੋਗ ਮਨੁੱਖ ਹਨ। ਉਨ੍ਹਾਂ ਦੀ ਸੇਵਾ, ਸਤਿਕਾਰ ਕਰਨਾ ਹੀ ਆਪਣਾ ਪਹਿਲਾ ਫ਼ਰਜ਼ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਵੀ ਸੋਚਣਾ-ਸਮਝਣਾ ਚਾਹੀਦਾ ਹੈ ਕਿ ਮਾਂ-ਬਾਪ ਨੇ ਉਨ੍ਹਾਂ ਨੂੰ ਕਿੰਨੇ ਲਾਡਾਂ ਨਾਲ ਪਾਲਿਆ-ਪੋਸਿਆ ਹੈ। ਉਹ ਜਵਾਨੀ ਵਿਚ ਅਜਿਹੀ ਕੋਈ ਗੱਲ ਨਾ ਕਰਨ ਕਿ ਮਾਂ-ਬਾਪ ਦੀਆਂ ਅੱਖਾਂ ਵਿਚ ਰੋਣਾ ਆ ਜਾਵੇ।

ਬਜ਼ੁਰਗ ਸਾਡੇ ਸਮਾਜ ਦਾ ਬਹੁਮੁੱਲਾ ਅੰਗ ਹਨ। ਉਨ੍ਹਾਂ ਨੂੰ ਮਾਣ-ਸਨਮਾਨ ਦੇਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਅੱਜ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਜਦੋਂ ਵਿਅਕਤੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਜਾਂਦਾ ਹੈ ਤਾਂ ਉਸ ਦੇ ਮਿੱਤਰ ਅਤੇ ਰਿਸ਼ਤੇਦਾਰ ਉਸ ਨੂੰ ਬੋਝ ਸਮਝਣਾ ਸ਼ੁਰੂ ਕਰ ਦਿੰਦੇ ਹਨ। ਇੱਥੋਂ ਤੱਕ ਕਿ ਕਈ ਵਾਰ ਪਰਿਵਾਰਾਂ ਦੇ ਜੀਅ ਵੀ ਬਜ਼ੁਰਗਾਂ ਦਾ ਮਾਣ-ਸਨਮਾਨ ਕਰਨਾ ਛੱਡ ਦਿੰਦੇ ਹਨ। ਕਈ ਵਾਰ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਪਰਿਵਾਰ ਦੇ ਜੀਅ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਜਾਂ ਬਿਰਧ ਆਸ਼ਰਮ ਵਿਚ ਛੱਡ ਦਿੰਦੇ ਹਨ। ਕਈ ਤਾਂ ਆਪਣੇ ਬਜ਼ੁਰਗਾਂ ਤੋਂ ਘਰੇਲੂ ਨੌਕਰਾਂ ਦੀ ਤਰ੍ਹਾਂ ਕੰਮ ਲੈਂਦੇ ਹਨ। ਬੁਢਾਪੇ ਵੇਲੇ ਬਜ਼ੁਰਗ ਖ਼ੁਦ ਨੂੰ ਡੁੱਬਦਾ ਸੂਰਜ ਮਹਿਸੂਸ ਕਰਦੇ ਹਨ। ਕਈਆਂ ਦਾ ਕੇਵਲ ਸਰੀਰ ਹੀ ਬੁੱਢਾ ਹੁੰਦਾ ਹੈ ਜਦਕਿ ਉਨ੍ਹਾਂ ਦੇ ਇਰਾਦੇ ਤੇ ਸੋਚਾਂ ਜਵਾਨ ਹੁੰਦੀਆਂ ਹਨ। ਬਜ਼ੁਰਗਾਂ ਲਈ 80 ਤੋਂ 90 ਸਾਲਾਂ ਦੇ ਵਿਚਕਾਰ ਦੀ ਉਮਰ ਕਈ ਵਾਰ ਜ਼ਿਆਦਾ ਔਖੀ ਹੁੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਆਰਾਮ ਭਰੀ ਜ਼ਿੰਦਗੀ ਵਿਚ ਬਜ਼ੁਰਗਾਂ ਦੇ ਯੋਗਦਾਨ ਤੋਂ ਇਨਕਾਰ ਕਰ ਕੇ ਉਨ੍ਹਾਂ ਨੂੰ ਦੁਰਕਾਰ ਰਹੇ ਹਨ। ਅੱਜ ਬਜ਼ੁਰਗਾਂ ਨੂੰ ਇਸੇ ਲਈ ਬਿਰਧ ਤੇ ਅਨਾਥ-ਆਸ਼ਰਮਾਂ ਵਿਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਜਦਕਿ ਬਜ਼ੁਰਗ ਆਪਣੀ ਔਲਾਦ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਅੱਜ-ਕੱਲ੍ਹ ਦੇਖਣ ਵਿਚ ਆਇਆ ਹੈ ਕਿ ਨੌਜਵਾਨ ਵਿਆਹ ਤੋਂ ਬਾਅਦ ਮਾਂ-ਬਾਪ ਨੂੰ ਛੱਡ ਕੇ ਅਲੱਗ ਰਹਿਣ ਲੱਗ ਪੈਂਦੇ ਹਨ ਜਾਂ ਬਜ਼ੁਰਗਾਂ ਨੂੰ ਦੋ-ਤਿੰਨ ਪੁੱਤਰਾਂ ਵਿੱਚੋਂ ਕੋਈ ਵੀ ਆਪਣੇ ਨਾਲ ਰੱਖਣ ਨੂੰ ਤਿਆਰ ਨਹੀਂ ਹੁੰਦਾ। ਬਜ਼ੁਰਗ ਜਾਣ ਤਾਂ ਜਾਣ ਕਿੱਥੇ? ਕਈ ਵਾਰ ਬਜ਼ੁਰਗਾਂ ਦਾ ਆਪਣੇ ਘਰ ਵਿਚ ਚਾਹੇ ਸਤਿਕਾਰ ਨਾ ਹੋਵੇ ਪਰ ਦੁਨੀਆਦਾਰੀ ਵਿਚ ਉਨ੍ਹਾਂ ਦੀ ਇੱਜ਼ਤ ਕਾਇਮ ਰਹਿੰਦੀ ਹੈ।
ਇਹ ਬਜ਼ੁਰਗ ਸਾਡੀ ਅਸਲੀ ਵਿਰਾਸਤ, ਸਭ ਤੋਂ ਵੱਡਾ ਧਨ ਤੇ ਸਭ ਤੋਂ ਪਵਿੱਤਰ ਤੇ ਪੂਜਣਯੋਗ ਮਨੁੱਖ ਹਨ। ਉਨ੍ਹਾਂ ਦੀ ਸੇਵਾ, ਸਤਿਕਾਰ ਕਰਨਾ ਹੀ ਆਪਣਾ ਪਹਿਲਾ ਫ਼ਰਜ਼ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਵੀ ਸੋਚਣਾ-ਸਮਝਣਾ ਚਾਹੀਦਾ ਹੈ ਕਿ ਮਾਂ-ਬਾਪ ਨੇ ਉਨ੍ਹਾਂ ਨੂੰ ਕਿੰਨੇ ਲਾਡਾਂ ਨਾਲ ਪਾਲਿਆ-ਪੋਸਿਆ ਹੈ। ਉਹ ਜਵਾਨੀ ਵਿਚ ਅਜਿਹੀ ਕੋਈ ਗੱਲ ਨਾ ਕਰਨ ਕਿ ਮਾਂ-ਬਾਪ ਦੀਆਂ ਅੱਖਾਂ ਵਿਚ ਰੋਣਾ ਆ ਜਾਵੇ। ਜਿਸ ਮਾਂ-ਬਾਪ ਨੇ ਬਚਪਨ ਵਿਚ ਤੁਹਾਡੇ ਪਾਲਣ-ਪੋਸਣ ਵਿਚ ਕੋਈ ਧੋਖਾ ਨਹੀਂ ਕੀਤਾ, ਅੱਜ ਬਿਰਧ ਅਵਸਥਾ ਵਿਚ ਤੁਸੀਂ ਵੀ ਉਨ੍ਹਾਂ ਨੂੰ ਕਦੇ ਧੋਖਾ ਨਾ ਦਿਉ। ਬਜ਼ੁਰਗਾਂ ਦੇ ਸਤਿਕਾਰ, ਅਸੀਸਾਂ ਨਾਲ ਹੀ ਬੱਚਿਆਂ ਦੀ ਤਕਦੀਰ ਬਦਲਦੀ ਹੈ। ਬਜ਼ੁਰਗਾਂ ਨੂੰ ਕਦੇ ਵੀ ਅਣਗੌਲਿਆ ਨਾ ਕਰੋ, ਸਗੋਂ ਅਕਸਰ ਉਨ੍ਹਾਂ ਨੂੰ ਬਾਹਰ ਘੁਮਾਉਣ-ਫਿਰਾਉਣ ਲਈ ਲੈ ਕੇ ਜਾਓ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਕਰਵਾਓ। ਬਜ਼ੁਰਗਾਂ ਨਾਲ ਹੀ ਘਰ ਦੀ ਰੌਣਕ ਹੁੰਦੀ ਹੈ। ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ ਬਜ਼ੁਰਗਾਂ ਦੀ ਗੋਦ ਦਾ ਨਿੱਘ ਮਾਣਦੇ ਹਨ। ਪੁਰਾਣੇ ਜ਼ਮਾਨੇ ਵਿਚ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਕਾਰ-ਵਿਹਾਰ ਵਿਚ ਬਜ਼ੁਰਗਾਂ ਦਾ ਉਚੇਚਾ ਥਾਂ ਹੋਇਆ ਕਰਦਾ ਸੀ। ਅੱਜ ਵੀ ਕਈ ਨੌਜਵਾਨ ਆਪਣੇ ਮਾਂ-ਬਾਪ ਤੋਂ ਪੁੱਛੇ ਬਗ਼ੈਰ ਕੋਈ ਕੰਮ ਨਹੀਂ ਕਰਦੇ। ਜੇ ਸਾਰੇ ਹੀ ਲੋਕ ਬਜ਼ੁਰਗਾਂ ਨੂੰ ਸਤਿਕਾਰ ਦੇਣ ਤਾਂ ਕੋਈ ਕਾਰਨ ਨਹੀਂ ਕਿ ਉਨ੍ਹਾਂ ਨੂੰ ਅਨਾਥ ਜਾਂ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪਵੇ। ਬਜ਼ੁਰਗਾਂ ਵੱਲੋਂ ਦੱਸੀਆਂ ਗੱਲਾਂ ਭਵਿੱਖ ਵਿਚ ਪਰਿਵਾਰ ਲਈ ਮਾਰਗਦਰਸ਼ਨ ਕਰਦੀਆਂ ਹਨ। ਆਓ! ਪ੍ਰਣ ਕਰੀਏ ਕਿ ਬਜ਼ੁਰਗਾਂ ਨੂੰ ਪੂਰਾ ਸਤਿਕਾਰ ਦੇਵਾਂਗੇ, ਉਨ੍ਹਾਂ ਦੀ ਕਹੀ ਗੱਲ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਾਂਗੇ।
-ਕਰਨੈਲ ਸਿੰਘ ਐੱਮਏ, ਲੁਧਿਆਣਾ
- karnailsinghma@gmail.com