- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਸਮੇਂ ਇੰਜੀਨੀਅਰ ਦੇ ਤੌਰ ’ਤੇ ਕੰਮ ਕੀਤਾ ਸੀ। ਭਾਖੜਾ ਬੰਨ੍ਹ ’ਤੇ ਕੰਮ ਕਰਦਿਆਂ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਨਾਟਕ ਲਿਖੇ। ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ‘ਲੋਹੜੀ ਦੀ ਹੜਤਾਲ‘ ਲਿਖਿਆ ਅਤੇ ਖੇਡਿਆ।

ਇਨਕਲਾਬੀ ਰੰਗਮੰਚ ਦੇ ਸ਼੍ਰੋਮਣੀ ਨਾਟਕਕਾਰ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਵਿਖੇ ਹੋਇਆ ਸੀ। ਉਨ੍ਹਾਂ ਨੇ ਨਿੱਕੇ ਹੁੰਦਿਆਂ ਤੋਂ ਸਮਿਆਂ ਦੀ ਨਬਜ਼ ਪਛਾਣ ਲਈ ਤੇ ਲੋਕਾਈ ਦੀ ਪੀੜ ਨੂੰ ਵੀ ਮਹਿਸੂਸ ਕੀਤਾ।
ਅੱਠ ਸਾਲ ਦੀ ਉਮਰ ’ਚ ਹੀ ਆਪਣੇ ਇਕ ਗ਼ਰੀਬ ਪਰ ਹੁਸ਼ਿਆਰ ਜਮਾਤੀ ਦੇ ਗ਼ਰੀਬੀ ਕਾਰਨ ਸਕੂਲੋਂ ਹਟ ਜਾਣ ਦੀ ਘਟਨਾ ਨੇ ਉਨ੍ਹਾਂ ਦੇ ਮਨ ’ਚ ਸਮਾਜਿਕ, ਆਰਥਿਕ ਅਸਮਾਨਤਾ ਪ੍ਰਤੀ ਰੋਹ ਭਰ ਦਿੱਤਾ ਸੀ ਤੇ ਉਹ ਸਕੂਲੀ ਸਮੇਂ ਤੋਂ ਹੀ ਰੂਸੀ ਸਮਾਜਵਾਦ ਦੇ ਪ੍ਭਾਵ ਹੇਠ ਖੱਬੇ-ਪੱਖੀ ਵਿਚਾਰਧਾਰਾ ਨਾਲ ਜੁੜ ਗਏ ਸਨ। ਉਨ੍ਹਾਂ ਨੇ ਐੱਮਐੱਸਸੀ (ਆਨਰਜ਼) ਟੈਕਨੀਕਲ ਕੈਮਿਸਟਰੀ ਤੱਕ ਵਿੱਦਿਆ ਪ੍ਰਾਪਤ ਕੀਤੀ। ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਬਹੁਤੀ ਵਿੱਦਿਆ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।
ਉਨ੍ਹਾਂ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਸਮੇਂ ਇੰਜੀਨੀਅਰ ਦੇ ਤੌਰ ’ਤੇ ਕੰਮ ਕੀਤਾ ਸੀ। ਭਾਖੜਾ ਬੰਨ੍ਹ ’ਤੇ ਕੰਮ ਕਰਦਿਆਂ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਨਾਟਕ ਲਿਖੇ। ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ‘ਲੋਹੜੀ ਦੀ ਹੜਤਾਲ‘ ਲਿਖਿਆ ਅਤੇ ਖੇਡਿਆ। ਸਰਕਾਰ ਦੀਆਂ ਨਜ਼ਰਾਂ ਵਿਚ ਗੁਰਸ਼ਰਨ ਸਿੰਘ ਵਿਦਰੋਹੀ ਸੁਰ ਰੱਖਣ ਵਾਲਾ ਤੇ ਹੋਰਨਾਂ ਨੂੰ ਵਿਦਰੋਹ ਲਈ ਉਕਸਾਉਣ ਵਾਲਾ ਬਣ ਗਿਆ।
ਅਜਿਹੇ ਹਾਲਾਤ ਵਿਚ ਉਨ੍ਹਾਂ ਲਈ ਨੌਕਰੀ ਕਰਨੀ ਮੁਸ਼ਕਲ ਹੋ ਗਈ। ਸਿੱਟੇ ਵਜੋਂ ਅਸਤੀਫ਼ਾ ਦੇ ਕੇ ਨਾਟਕ ਦੇ ਖੇਤਰ ਵਿਚ ਆ ਡਟੇ। ਪੰਜਾਬੀ ਨਾਟਕ ਲੇਖਕ ਅਤੇ ਨੁੱਕੜ ਨਾਟਕ ਨਿਰਦੇਸ਼ਕ ਨੂੰ ਲੋਕ ‘ਗੁਰਸ਼ਰਨ ਭਾਅ ਜੀ‘ ਦੇ ਨਾਂ ਨਾਲ ਬੁਲਾਉਂਦੇ ਸਨ। ਉਨ੍ਹਾਂ ਦੁਆਰਾ ਰਚਿਆ ਗਿਆ ਕਰੈਕਟਰ ‘ਭਾਈ ਮੰਨਾ ਸਿੰਘ‘ ਬਹੁਤ ਪ੍ਰਸਿੱਧ ਹੋਇਆ ਸੀ। ਲੋਕ-ਪੱਖੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਰੰਗਮੰਚ ਤੋਂ ਇਲਾਵਾ ਉਨ੍ਹਾਂ ਲੰਬਾ ਸਮਾਂ ਇਕ ਮਾਸਿਕ ਪਰਚਾ ‘ਸਮਤਾ’ ਵੀ ਚਲਾਇਆ। ਸੰਨ 1964 ਵਿਚ ਭਾਅ ਜੀ ਨੇ ਅੰਮ੍ਰਿਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ। ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ।
ਅੰਮ੍ਰਿਤਸਰ ਸਕੂਲ ਆਫ ਡਰਾਮਾ ਰਾਹੀਂ ਨਵੇਂ ਮੁੰਡੇ-ਕੁੜੀਆਂ ਨੂੰ ਨਾਟਕ ਨਾਲ ਜੋੜਿਆ। ਇਹ ਮੁੰਡੇ ਖ਼ੁਦ ਵੱਡੇ ਕਲਾਕਾਰ ਅਤੇ ਨਿਰਦੇਸ਼ਕ ਬਣ ਗਏ। ਡਾ. ਸਾਹਿਬ ਸਿੰਘ ਅਤੇ ਕੇਵਲ ਧਾਲੀਵਾਲ ਵਰਗੇ ਨਾਮਵਰ ਕਲਾਕਾਰ ਹੁਣ ਗੁਰਸ਼ਰਨ ਸਿੰਘ ਦੀ ਸੋਚ ਨੂੰ ਹਰ ਆਦਮੀ ਤੱਕ ਲਿਜਾਣ ਲਈ ਪ੍ਰਤੀਬੱਧ ਹਨ। ਪੰਜਾਹ ਸਾਲਾਂ ਦੇ ਰੰਗਮੰਚ ਸਫ਼ਰ ਵਿਚ ਉਨ੍ਹਾਂ ਨੇ 185 ਤੋਂ ਵੱਧ ਨਾਟਕ ਲਿਖੇ, ਉਨ੍ਹਾਂ ਨਾਟਕਾਂ ਦੀਆਂ 12 ਹਜ਼ਾਰ ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿਚ ਕੀਤੀਆਂ। ਭਾਅ ਜੀ ਦੇ ਨਾਟਕ ‘ਟੋਆ’, ‘ਨਵਾਂ ਜਨਮ’, ਬੇਗਮੋ ਦੀ ਧੀ’, ‘ਸਿਉਂਕ’, ‘ਮਿੱਟੀ ਦਾ ਮੁੱਲ’, ‘ਇਹ ਲਹੂ ਕਿਸਦਾ ਹੈ’, ‘ਕਿਵ ਕੂੜੇ ਤੁਟੈ ਪਾਲਿ’, ‘ਕੁਰਸੀ ਵਾਲਾ ਤੇ ਮੰਜੀ ਵਾਲਾ’, ‘ਧਮਕ ਨਗਾਰੇ ਦੀ’, ‘ਬਾਬਾ ਬੋਲਦਾ ਹੈ’, ‘ਜੰਗੀ ਰਾਮ ਦੀ ਹਵੇਲੀ’, ‘ਹਿੱਟ ਲਿਸਟ’ ਤੇ ‘ਇਨਕਲਾਬ ਜ਼ਿੰਦਾਬਾਦ’ ਆਦਿ ਅੱਜ ਵੀ ਲੋਕਾਂ ਦੇ ਚਿੱਤ-ਚੇਤਿਆਂ ’ਚ ਉਤਰੇ ਹੋਏ ਹਨ।
ਉਹ ਰੰਗਮੰਚ ਨੂੰ ਪਿੰਡਾਂ ਦੀਆਂ ਸੱਥਾਂ ’ਚ ਲੈ ਕੇ ਗਏ ਤੇ ਉਨਾਂ ਦੇ ਨਾਟਕਾਂ ’ਚ ਦੁੱਬੇ-ਕੁਚਲੇ ਲੋਕਾਂ ਦੀ ਗੱਲ ਹੁੰਦੀ ਸੀ। ਉਹ ਹਰ ਸਟੇਜ ਤੋਂ ਕਹਿੰਦੇ ਹੁੰਦੇ ਸਨ ਕਿ ਜਦ ਤੱਕ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਹੁੰਦੀ ਰਹੇਗੀ ਉਦੋਂ ਤੱਕ ਬਰਾਬਰੀ ਦਾ ਸਮਾਜ ਨਹੀਂ ਆ ਸਕਦਾ।
ਲੋਕ ਦਿਲਾਂ ਦੀ ਧੜਕਣ ਇਸ ਮਹਾਨ ਸ਼ਖ਼ਸੀਅਤ ਨੂੰ 1993 ਵਿਚ ਸੰਗੀਤ ਨਾਟਕ ਐਵਾਰਡ, 1994 ਵਿਚ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਨਾਟਕਕਾਰ ਐਵਾਰਡ ਤੇ 2004 ’ਚ ਕੌਮੀ ਪ੍ਰਸਿੱਧੀ ਵਾਲਾ ‘ਕਾਲੀਦਾਸ ਸਨਮਾਨ’ ਪੁਰਸਕਾਰ ਤੋਂ ਇਲਾਵਾ ਅਨੇਕ ਸੰਸਥਾਵਾਂ ਤੋਂ ਮਾਣ-ਸਨਮਾਨ ਮਿਲੇ ਪ੍ਰੰਤੂ ਭਾਅ ਜੀ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਜ਼ਿਲ੍ਹਾ ਮੋਗਾ ਦੇ ਪਿੰਡ ਕੁੱਸਾ ਵਿਖੇ 11 ਜਨਵਰੀ 2006 ਨੂੰ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਉਨ੍ਹਾਂ ਨੂੰ ਚਾਹੁਣ ਵਾਲਿਆਂ ਦਿੱਤਾ। ਪੰਜਾਬੀ ਦਾ ਇਹ ਮੰਨਿਆ-ਪ੍ਰਮੰਨਿਆ ਨਾਟਕਕਾਰ ਤੇ ਥੀਏਟਰ ਕਲਾਕਾਰ ਲੰਬੀ ਬਿਮਾਰੀ ਤੋਂ ਬਾਅਦ 27 ਸਤੰਬਰ 2011 ਨੂੰ 82 ਸਾਲ ਦੀ ਉਮਰ ’ਚ ਚੰਡੀਗੜ੍ਹ ਵਿਖੇ ਸਵਰਗ ਸਿਧਾਰ ਗਿਆ।
ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਥੀਏਟਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰੰਤੂ ਉਨਾਂ ਦੇ ਲਾਏ ਬੂਟੇ ਪੰਜਾਬ ਦੇ ਕੋਨੇ-ਕੋਨੇ ’ਚ ਆਪਣੇ ਨਾਟਕਾਂ ਨਾਲ ਰੰਗਮੰਚ ਨੂੰ ਅੱਗੇ ਤੋਰ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬੀ ਰੰਗਮੰਚ ਦੇ ਖੇਤਰ ’ਚ ਪਾਈਆਂ ਵਿਲੱਖਣ ਪੈੜਾਂ ਦੇ ਨਿਸ਼ਾਨ ਸਦੀਆਂ ਤੱਕ ਅਮਿੱਟ ਰਹਿਣਗੇ। ਅੱਜ ਸਵੇਰੇ 11 ਵਜੇ ਸ਼ਕਤੀ ਕਲਾਂ ਮੰਦਰ ਬਰਨਾਲਾ ਵਿਖੇ ਰੰਗਮੰਚ ਦੇ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ ਨੂੰ ਜਿੱਥੇ ਵੱਖ-ਵੱਖ ਜੱਥੇਬੰਦੀਆਂ ਤੇ ਉਨ੍ਹਾਂ ਨੂੰ ਚਾਹੁਣ ਵਾਲੇ ਹਜ਼ਾਰਾਂ ਲੋਕ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉੱਥੇ ਹੀ ਨਾਟਕ, ਕੋਰੀਓਗ੍ਰਾਫੀਆਂ, ਇਨਕਲਾਬੀ ਗੀਤ-ਸੰਗੀਤ ਦਾ ਮੇਲਾ ਵੀ ਚੱਲੇਗਾ।
-ਅਵਤਾਰ ਸਿੰਘ ਚੀਮਾ
ਮੋਬਾਈਲ: 98888-88655