- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਸਭਾ ਦੀ ਕਾਰਵਾਈ ਦੌਰਾਨ ਬੜੀ ਨਿਧੜਕੀ ਨਾਲ ਸਿੱਖਾਂ ਪ੍ਰਤੀ ਹਰ ਖੇਤਰ ਵਿਚ ਹੋ ਰਹੇ ਵਿਤਕਰੇ ਦੇ ਕੱਚੇ ਚਿੱਠੇ ਬਾਖ਼ੂਬੀ ਪੇਸ਼ ਕੀਤੇ ਜੋ ਅੱਜ ਵੀ ਲੋਕ ਸਭਾ ਦੇ ਸਰਕਾਰੀ ਰਿਕਾਰਡ ਵਿਚ ਵੇਖੇ ਜਾ ਸਕਦੇ ਹਨ। ਸਿਰਦਾਰ ਕਪੂਰ ਸਿੰਘ ਨੇ ਸਾਹਿਤਕ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ। ਸਪੱਸ਼ਟਵਾਦੀ ਤੇ ਨਿਧੜਕ ਲੇਖਕ ਵਜੋਂ 1952 ਵਿਚ ਬਹੁ-ਵਿਸਥਾਰ ਅਤੇ ਪੁੰਦਰੀਕ ਨਾਂ ਦੇ ਲੇਖ ਸੰਗ੍ਰਹਿ ਪ੍ਰਕਾਸ਼ਤ ਕੀਤੇ।

ਜਦੋਂ ਕਦੇ ਕਿਸੇ ਉੱਘੇ ਸਿੱਖ ਬੁੱਧੀਜੀਵੀ, ਸਿੱਖ ਕੌਮ ਦੀ ਪ੍ਰਭੂਸੱਤਾ ਲਈ ਤਾਉਮਰ ਸੰਘਰਸ਼ਸ਼ੀਲ ਰਹਿਣ ਵਾਲੇ, ਯੋਗ ਪ੍ਰਬੰਧਕ ਤੇ ਸੰਸਦ ਮੈਂਬਰ ਦੀ ਗੱਲ ਚੱਲਦੀ ਹੈ ਤਾਂ ਸਿਰਦਾਰ ਕਪੂਰ ਸਿੰਘ ਆਈਸੀਐੱਸ ਦਾ ਚਿਹਰਾ-ਮੁਹਰਾ ਆਪ-ਮੁਹਾਰੇ ਅੱਖਾਂ ਸਾਹਵੇਂ ਆ ਜਾਂਦਾ ਹੈ। ਇਸ ਮਹਾਨ ਬੁੱਧੀਜੀਵੀ ਦਾ ਜਨਮ ਜਗਰਾਓਂ (ਲੁਧਿਆਣਾ) ਦੇ ਇਕ ਨੇੜਲੇ ਪਿੰਡ ਵਿਚ 2 ਮਾਰਚ 1909 ਨੂੰ ਸ. ਦੀਦਾਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਜਨਮ ਤੋਂ ਥੋੜ੍ਹੇ ਸਮੇਂ ਪਿੱਛੋਂ ਇਹ ਪਰਿਵਾਰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿਚ ਜਾ ਵਸਿਆ।
ਬਚਪਨ ਤੋਂ ਤੇਜ਼-ਤਰਾਰ ਬੁੱਧੀ ਦੇ ਮਾਲਕ ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਸਿੱਖਿਆ ਖ਼ਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਆਪ ਨੇ ਲਾਹੌਰ ਤੋਂ ਪ੍ਰਾਪਤ ਕੀਤੀ। ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵੱਲੋਂ 10 ਅਕਤੂਬਰ, 1947 ਨੂੰ ਦੇਸ਼ ਦੇ ਬਟਵਾਰੇ ਤੋਂ ਚੰਦ ਕੁ ਦਿਨਾਂ ਬਾਅਦ ਇਕ ਗਸ਼ਤੀ ਚਿੱਠੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ। ਇਸ ਚਿੱਠੀ ਵਿੱਚ ਸਮੁੱਚੀ ਸਿੱਖ ਕੌਮ ਦੀਆਂ ਗਤੀਵਿਧੀਆਂ ਨੂੰ ਵਾਚਣ ਲਈ ਕਿਹਾ ਗਿਆ।
ਇਸ ਗਸ਼ਤੀ ਪੱਤਰ ਨੇ ਇਨ੍ਹਾਂ ਦੇ ਹਿਰਦੇ ’ਤੇ ਡੂੰਘੀ ਸੱਟ ਮਾਰੀ। ਬਤੌਰ ਡਿਪਟੀ ਕਮਿਸ਼ਨਰ ਇਨ੍ਹਾਂ ਵੱਲੋਂ ਇਸ ਪੱਤਰ ਦੇ ਉੱਤਰ ਵਜੋਂ ਭਾਰਤ ਸਰਕਾਰ ਪ੍ਰਤੀ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਚਿੱਠੀ ਦੇ ਸਖ਼ਤ ਉੱਤਰ ਪਿੱਛੋਂ ਸਿਰਦਾਰ ਕਪੂਰ ਸਿੰਘ ’ਤੇ ਨਿਗੂਣੇ ਜਿਹੇ ਦੋਸ਼ ਆਇਦ ਕਰ ਕੇ ਮੁਕੱਦਮਾ ਚਲਾਇਆ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਉਸ ਸਮੇਂ ਦੇਸ਼ ਨਵਾਂ-ਨਵਾਂ ਅੰਗਰੇਜ਼ ਹਕੂਮਤ ਤੋਂ ਆਜ਼ਾਦ ਹੋਇਆ ਸੀ। ਸਮੁੱਚੇ ਦੇਸ਼ ਵਿਚ ਆਈਸੀਐੱਸ ਵਜੋਂ ਸੇਵਾ ਨਿਭਾਉਣ ਵਾਲੇ ਬਹੁਤ ਥੋੜ੍ਹੇ ਸਿੱਖ ਅਫ਼ਸਰ ਸਨ।
ਸਰਕਾਰੀ ਨੌਕਰੀ ਤੋਂ ਬਰਖ਼ਾਸਤ ਹੋਣ ਪਿੱਛੋਂ ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਪੂਰਨ ਰੂਪ ਵਿਚ ਖ਼ੁਦ ਨੂੰ ਸਮਰਪਿਤ ਕਰ ਕੇ ਕਾਰਜ ਕਰਨਾ ਆਰੰਭ ਕਰ ਦਿੱਤਾ। ਉਨ੍ਹਾਂ ਨੇ ਜ਼ਿੰਦਗੀ ਭਰ ਸਿੱਖਾਂ ਵਿਰੁੱਧ ਚੱਲ ਰਹੀਆਂ ਕੂਟਨੀਤਕ ਚਾਲਾਂ ਵਿਰੁੱਧ ਲੜਨ ਦਾ ਮਨ ਬਣਾ ਲਿਆ।
ਉਨ੍ਹਾਂ ਨੇ ਇਕ ਉੱਘੇ ਸਿੱਖ ਬੁੱਧੀਜੀਵੀ ਵਾਲੀ ਭੂਮਿਕਾ ਨਿਭਾਉਂਦਿਆਂ ਸੰਘਰਸ਼ਸ਼ੀਲ ਤਾਕਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦਾ ਬੀੜਾ ਚੁੱਕ ਲਿਆ। ਸੰਨ 1973 ਵਿਚ ਸਿਰਦਾਰ ਕਪੂਰ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ। ਉਨ੍ਹਾਂ ਨੇ ਬਤੌਰ ਡਿਪਟੀ ਕਮਿਸ਼ਨਰ ਕਾਰਜਸ਼ੀਲ ਰਹਿੰਦਿਆਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਸੀ ਕਿ ਸਿਆਸੀ ਵਿਤਕਰੇ ਕਰਕੇ ਸਿੱਖ ਜੀਵਨ ਦੇ ਹਰ ਖੇਤਰ ਵਿਚ ਮਾਰ ਖਾ ਰਹੇ ਹਨ। ਇਸੇ ਸਿਆਸੀ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਨੇ 1962 ਵਿਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ।
ਲੋਕ ਸਭਾ ਦੀ ਕਾਰਵਾਈ ਦੌਰਾਨ ਬੜੀ ਨਿਧੜਕੀ ਨਾਲ ਸਿੱਖਾਂ ਪ੍ਰਤੀ ਹਰ ਖੇਤਰ ਵਿਚ ਹੋ ਰਹੇ ਵਿਤਕਰੇ ਦੇ ਕੱਚੇ ਚਿੱਠੇ ਬਾਖ਼ੂਬੀ ਪੇਸ਼ ਕੀਤੇ ਜੋ ਅੱਜ ਵੀ ਲੋਕ ਸਭਾ ਦੇ ਸਰਕਾਰੀ ਰਿਕਾਰਡ ਵਿਚ ਵੇਖੇ ਜਾ ਸਕਦੇ ਹਨ। ਸਿਰਦਾਰ ਕਪੂਰ ਸਿੰਘ ਨੇ ਸਾਹਿਤਕ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ। ਸਪੱਸ਼ਟਵਾਦੀ ਤੇ ਨਿਧੜਕ ਲੇਖਕ ਵਜੋਂ 1952 ਵਿਚ ਬਹੁ-ਵਿਸਥਾਰ ਅਤੇ ਪੁੰਦਰੀਕ ਨਾਂ ਦੇ ਲੇਖ ਸੰਗ੍ਰਹਿ ਪ੍ਰਕਾਸ਼ਤ ਕੀਤੇ। ਸਪਤਸ੍ਰਿੰਗ ਪੁਸਤਕ ਵਿਚ ਉਨ੍ਹਾਂ ਵੱਲੋਂ ਸੱਤ ਉੱਚ ਹਸਤੀਆਂ ਦੀਆਂ ਜੀਵਨੀਆਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਗਈਆਂ।
ਅੰਗਰੇਜ਼ੀ ਪੁਸਤਕ ਪਰਾਸ਼ਰ ਪ੍ਰਸਨਾ-ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਸਿੱਖ ਫ਼ਿਲਾਸਫ਼ੀ ਦੀ ਸ਼ਾਹਕਾਰ ਰਚਨਾ ਹੈ। ਸਾਚੀ ਸਾਖੀ ਪੁਸਤਕ ਸਿੱਖ ਕੌਮ ਨਾਲ ਹੋ ਰਹੇ ਸਿਆਸੀ ਪੱਖਪਾਤ ਦੇ ਸੱਚ ਨੂੰ ਪ੍ਰਗਟ ਕਰਦੀ ਹੈ। ਇਸ ਪੁਸਤਕ ਦੇ ਪਾਠਕਾਂ ਦੇ ਸਨਮੁੱਖ ਆਉਣ ਸਮੇਂ ਸਰਕਾਰ ਵੱਲੋਂ ਇਸ ਉੱਪਰ ਪਾਬੰਦੀ ਲਾ ਦਿੱਤੀ ਗਈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਡਾ. ਪਿਆਰ ਸਿੰਘ ਤੇ ਡਾ. ਮਦਨਜੀਤ ਕੌਰ ਨੇ ਸੰਪਾਦਿਤ ਕੀਤੀਆਂ। ਸਿੱਖ ਬੁੱਧੀਜੀਵੀਆਂ ਵਿੱਚੋਂ ਉਹ ਬਹੁ-ਭਾਸ਼ਾਈ ਵਿਦਵਾਨ ਵਜੋਂ ਰਹਿੰਦੀ ਦੁਨੀਆ ਤੱਕ ਸਤਿਕਾਰ ਪ੍ਰਾਪਤ ਕਰਦੇ ਰਹਿਣਗੇ। ਉਹ 13 ਅਗਸਤ, 1986 ਨੂੰ ਜਗਰਾਓਂ (ਲੁਧਿਆਣਾ) ਵਿਖੇ ਆਪਣੇ ਸਨੇਹੀਆਂ ਤੇ ਪ੍ਰਸ਼ੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਈ।]
-ਭਗਵਾਨ ਸਿੰਘ ਜੌਹਲ
-ਈਮੇਲ : bhagwansinghjohal@gmail.com