
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਵੀ ਉਨ੍ਹਾਂ ਮੁਲਕਾਂ ਵਿੱਚੋਂ ਇਕ ਹੈ ਜਿਨ੍ਹਾਂ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ ਦੇ ਵਿਕਾਸ ਨੂੰ ਬਣਦੀ ਤਰਜੀਹ ਨਹੀਂ ਦਿੱਤੀ। ਕੇਂਦਰ ਤੇ ਸੂਬਾ ਸਰਕਾਰਾਂ ਸਿੱਖਿਆ ਦੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਨੀਤੀਆਂ ਅਤੇ ਯੋਜਨਾਵਾਂ ਤਾਂ ਘੜਦੀਆਂ ਰਹੀਆਂ ਪਰ ਮੁਲਕ ਨੂੰ ਮਜ਼ਬੂਤ ਸਿੱਖਿਆ ਪ੍ਰਣਾਲੀ ਹਾਸਲ ਨਾ ਹੋ ਸਕੀ। ਇਸ ਦਾ ਕਾਰਨ ਸਰਕਾਰਾਂ ਦੀ ਨੀਤੀ ਅਤੇ ਨੀਅਤ ਵਿਚ ਖੋਟ ਹੋਣਾ ਹੈ।

ਮਜ਼ਬੂਤ ਸਿੱਖਿਆ ਪ੍ਰਣਾਲੀ ਹਰ ਮੁਲਕ ਦੇ ਵਿਕਾਸ ਦਾ ਆਧਾਰ ਹੁੰਦੀ ਹੈ। ਜਿਹੜੇ ਮੁਲਕ ਇਸ ਵਿਚਾਰਧਾਰਾ ਉੱਤੇ ਅਮਲ ਕਰਦੇ ਹਨ, ਉਨ੍ਹਾਂ ਦੀ ਤਰੱਕੀ ਦੇ ਰਾਹ ਸਦਾ ਖੁੱਲ੍ਹੇ ਰਹਿੰਦੇ ਹਨ। ਜਰਮਨੀ, ਜਾਪਾਨ, ਆਸਟ੍ਰੇਲੀਆ, ਅਮਰੀਕਾ, ਚੀਨ ਅਤੇ ਹੋਰ ਬਹੁਤ ਸਾਰੇ ਮੁਲਕਾਂ ਦੀ ਤਰੱਕੀ ਦਾ ਮੁੱਖ ਕਾਰਨ ਉਨ੍ਹਾਂ ਦੀ ਮਜ਼ਬੂਤ ਸਿੱਖਿਆ ਪ੍ਰਣਾਲੀ ਹੀ ਹੈ। ਜਿਨ੍ਹਾਂ ਮੁਲਕਾਂ ਨੇ ਮਜ਼ਬੂਤ ਸਿੱਖਿਆ ਪ੍ਰਣਾਲੀ ਨੂੰ ਤਰਜੀਹ ਨਹੀਂ ਦਿੱਤੀ ਉਹ ਸਦਾ ਵਿਕਾਸ ਨੂੰ ਲੈ ਕੇ ਪੱਛੜਦੇ ਰਹੇ ਹਨ।
ਭਾਰਤ ਵੀ ਉਨ੍ਹਾਂ ਮੁਲਕਾਂ ਵਿੱਚੋਂ ਇਕ ਹੈ ਜਿਨ੍ਹਾਂ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ ਦੇ ਵਿਕਾਸ ਨੂੰ ਬਣਦੀ ਤਰਜੀਹ ਨਹੀਂ ਦਿੱਤੀ। ਕੇਂਦਰ ਤੇ ਸੂਬਾ ਸਰਕਾਰਾਂ ਸਿੱਖਿਆ ਦੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਨੀਤੀਆਂ ਅਤੇ ਯੋਜਨਾਵਾਂ ਤਾਂ ਘੜਦੀਆਂ ਰਹੀਆਂ ਪਰ ਮੁਲਕ ਨੂੰ ਮਜ਼ਬੂਤ ਸਿੱਖਿਆ ਪ੍ਰਣਾਲੀ ਹਾਸਲ ਨਾ ਹੋ ਸਕੀ। ਇਸ ਦਾ ਕਾਰਨ ਸਰਕਾਰਾਂ ਦੀ ਨੀਤੀ ਅਤੇ ਨੀਅਤ ਵਿਚ ਖੋਟ ਹੋਣਾ ਹੈ।
ਜੇਕਰ ਆਪਣੇ ਸੂਬੇ ਦੀ ਸਿੱਖਿਆ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਿਆ ਵਿਚ ਸੁਧਾਰ ਲਿਆਉਣ ਲਈ ‘ਪੜ੍ਹੋ ਪੰਜਾਬ’ ਅਤੇ ‘ਮਿਸ਼ਨ ਸਮਰੱਥ’ ਵਰਗੀਆਂ ਮੁਹਿੰਮਾਂ ਲਿਆ ਕੇ ਸੂਬੇ ਦੇ ਲੋਕਾਂ ਸਾਹਮਣੇ ਇਹ ਦਾਅਵੇ ਕੀਤੇ ਕਿ ਉਨ੍ਹਾਂ ਨੇ ਸਿੱਖਿਆ ਦੀ ਬੇਹੱਦ ਤਰੱਕੀ ਕੀਤੀ ਹੈ ਪਰ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਕੀ ਹੈ, ਇਹ ਸਾਡੇ ਸਾਹਮਣੇ ਹੈ। ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਲਈ ਫਿਨਲੈਂਡ ਦੀ ਸਰਕਾਰ ਨਾਲ ਮਿਲ ਕੇ ‘ਟ੍ਰੇਂਡ ਦਿ ਟ੍ਰੇਨਰ’ ਤਹਿਤ ਇਕ ਯੋਜਨਾ ਵਿੱਢੀ ਗਈ ਹੈ ਜਿਸ ਤਹਿਤ ਸੂਬੇ ਦੇ ਪ੍ਰਾਇਮਰੀ ਸਕੂਲਾਂ ਦੇ 300 ਅਧਿਆਪਕਾਂ ਨੂੰ ਫਿਨਲੈਂਡ ਦੀ ਟੁਕਰੂ ਯੂਨੀਵਰਸਿਟੀ ਅਧੀਨ ਪੈਂਦੇ ਸ਼ਹਿਰਾਂ ਟੁਕਰੂ ਅਤੇ ਗੁਉਨਾ ਵਿਚ ਇਕ ਨਵੇਂ ਢੰਗ ਦੀ ਸਿਖਲਾਈ ਦਿੱਤੀ ਗਈ ਹੈ। ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ’ਚ ਦਿੱਤੀ ਜਾਣ ਵਾਲੀ ਇਸ ਸਿਖਲਾਈ ਪਿੱਛੇ ਇਹ ਉਦੇਸ਼ ਮਿੱਥਿਆ ਗਿਆ ਹੈ ਕਿ ਸੂਬੇ ਦੀ ਸਕੂਲੀ ਸਿੱਖਿਆ ਆਨੰਦਮਈ ਤੇ ਵਿਵਹਾਰਕ ਬਣ ਜਾਵੇਗੀ।
ਵਿਦਿਆਰਥੀਆਂ ਲਈ ਸਿੱਖਣ ਦਾ ਮਾਹੌਲ ਪ੍ਰਭਾਵਸ਼ਾਲੀ ਬਣ ਜਾਵੇਗਾ। ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਟੁਕਰੂ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸਿਖਲਾਈ ਨੂੰ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਲਿਆਂਦੀ ਜਾ ਰਹੀ ਕ੍ਰਾਂਤੀ ਦਾ ਹਿੱਸਾ ਬਣਾ ਕੇ ਕਲਾਸਰੂਮਜ਼ ਦੀ ਪੜ੍ਹਾਈ ਵਿਚ ਇਸ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਨੂੰ ਕੇਂਦਰ ਬਣਾਇਆ ਜਾਵੇਗਾ।
ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀਆਂ ਰੱਟਾ ਲਗਾਉਣ ਦੀਆਂ ਪੁਰਾਣੀਆਂ ਵਿਧੀਆਂ ਨੂੰ ਛੱਡ ਕੇ ਉਨ੍ਹਾਂ ਨੂੰ ਖੇਡਾਂ ਉੱਤੇ ਆਧਾਰਤ ਨਵੀਆਂ ਵਿਧੀਆਂ ਰਾਹੀਂ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੀ ਭੂਮਿਕਾ ਨੂੰ ਬਿਹਤਰ ਬਣਾਉਣ ਲਈ ਇਸ ਯੋਜਨਾ ਨੂੰ ਉਲੀਕਿਆ ਗਿਆ ਸੀ। ਕੁਕਲੋ ਮੋਈਕੋਇਨੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਦੀ ਤਰਜ ’ਤੇ ਇਹ ਪ੍ਰੋਗਰਾਮ ਸਟੇਟ ਕਾਲਜ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੇ ਮਾਧਿਅਮ ਰਾਹੀਂ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ। ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਬਾਲ ਕੇਂਦਰਿਤ ਤੇ ਖੇਡ ਆਧਾਰਤ ਸਿੱਖਿਆ ਨੂੰ ਲਾਗੂ ਕਰਨ ਲਈ ਲੰਬੇ ਸਮੇਂ ਲਈ ਸੰਸਥਾਗਤ ਯਤਨਾਂ ਦੇ ਰੂਪ ’ਚ ਖਾਕਾ ਤਿਆਰ ਕੀਤਾ ਗਿਆ ਹੈ।
ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਖੋਜ ਆਧਾਰਤ ਢੰਗ ਨਾਲ ਪੜ੍ਹਾਉਣ ਦਾ ਅਧਿਆਪਕਾਂ ਲਈ ਇਕ ਬਿਹਤਰੀਨ ਉਪਰਾਲਾ ਮੰਨਿਆ ਗਿਆ ਹੈ। ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੀਆਂ ਨਵੀਆਂ ਵਿਧੀਆਂ ਤੋਂ ਜਾਣੂ ਕਰਵਾਉਣਾ ਇਕ ਚੰਗਾ ਉਪਰਾਲਾ ਹੈ ਪਰ ਪਿਛਲਾ ਅਨੁਭਵ ਇਹ ਕਹਿੰਦਾ ਹੈ ਕਿ ਸਰਕਾਰੀ ਸਕੂਲਾਂ ’ਚ ਪੁਰਾਣੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ‘ਪੜ੍ਹੋ ਪੰਜਾਬ’, ‘ਮਿਸ਼ਨ ਸਮਰੱਥ’ ਮੁਹਿੰਮਾਂ ਨਾਲ ਸਿੱਖਿਆ ਵਿਚ ਸੁਧਾਰ ਆਉਣ ਦੀ ਬਜਾਏ ਸਿੱਖਿਆ ਦਾ ਮਿਆਰ ਹੋਰ ਨੀਵਾਂ ਹੋਇਆ ਹੈ ਕਿਉਂਕਿ ਉਨ੍ਹਾਂ ਨਾਲ ਅਧਿਆਪਕ ਜਮਾਤਾਂ ਵਿਚ ਪੜ੍ਹਾਉਣ ਦੀ ਬਜਾਏ ਕਾਗਜ਼ੀ ਕਾਰਵਾਈ ਵਿਚ ਉਲਝੇ ਰਹੇ।
ਹੁਣ ਜੇਕਰ ਸਿੱਖਿਆ ’ਚ ਸੁਧਾਰ ਲਈ ਅਧਿਆਪਕਾਂ ਨੂੰ ਫਿਨਲੈਂਡ ਦੇ ਟੁਕਰੂ ਅਤੇ ਗੁਉਨਾ ਸ਼ਹਿਰਾਂ ’ਚ ਭੇਜਿਆ ਜਾ ਰਿਹਾ ਹੈ ਤਾਂ ਸਿੱਖਿਆ ਮਾਹਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੂਬਾ ਸਰਕਾਰ ਨੂੰ ਆਪਣੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਫਿਨਲੈਂਡ ਭੇਜਣ ਦੇ ਨਾਲ-ਨਾਲ ਆਪਣੇ ਸਕੂਲਾਂ ਵਿਚ ਉਸ ਦੇਸ਼ ਦੇ ਸਕੂਲਾਂ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਫਿਨਲੈਂਡ ਦੇ ਸਕੂਲਾਂ ਵਿਚ 20 ਬੱਚਿਆਂ ਲਈ ਇਕ ਅਧਿਆਪਕ ਹੈ। ਸਾਡੇ ਸੂਬੇ ਵਿਚ ਪੰਜ ਜਮਾਤਾਂ ਲਈ ਇਕ ਜਾਂ ਦੋ ਅਧਿਆਪਕ ਹਨ। ਬਹੁਤ ਸਾਰੇ ਸਕੂਲ ਤਾਂ ਇਕ ਅਧਿਆਪਕ ਦੇ ਸਹਾਰੇ ਚੱਲ ਰਹੇ ਹਨ।
ਉਨ੍ਹਾਂ ਸਕੂਲਾਂ ਦੀਆਂ ਇਮਾਰਤਾਂ, ਪਖਾਨੇ, ਖੇਡ ਦੇ ਮੈਦਾਨ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਹੋਰ ਸਾਜ਼ੋ- ਸਾਮਾਨ ਇਹ ਦਰਸਾਉਂਦਾ ਹੈ ਕਿ ਉਸ ਮੁਲਕ ਨੂੰ ਆਪਣੇ ਦੇਸ਼ ਦੀ ਸਿੱਖਿਆ ਦਾ ਕਿੰਨਾ ਫ਼ਿਕਰ ਹੈ। ਕੀ ਸਾਡੇ ਸੂਬੇ ਦੇ ਸਕੂਲਾਂ ਵਿਚ ਉਸ ਤਰ੍ਹਾਂ ਦੀਆਂ ਸਹੂਲਤਾਂ ਹਨ? ਕੀ ਉਨ੍ਹਾਂ ਸਹੂਲਤਾਂ ਤੋਂ ਬਿਨਾਂ ਸਾਡੇ ਬੱਚੇ ਉਸ ਪੱਧਰ ਦੀ ਸਿੱਖਿਆ ਹਾਸਲ ਕਰ ਸਕਣਗੇ? ਪ੍ਰਾਈਵੇਟ ਮਾਡਲ ਸਕੂਲ ਆਪਣੇ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਸਿਖਲਾਈ ਦੇਣ ਤੋਂ ਬਿਨਾਂ ਹੀ ਮਿਆਰੀ ਅਤੇ ਆਧੁਨਿਕ ਢੰਗਾਂ ਨਾਲ ਸਿੱਖਿਆ ਪ੍ਰਦਾਨ ਕਰ ਰਹੇ ਹਨ ਕਿਉਂਕਿ ਉਹ ਕੇਵਲ ਯੋਜਨਾਵਾਂ ਹੀ ਨਹੀਂ ਬਣਾਉਂਦੇ ਸਗੋਂ ਆਪਣੇ ਸਕੂਲਾਂ ਵਿਚ ਉਸ ਤਰ੍ਹਾਂ ਦਾ ਮਾਹੌਲ ਵੀ ਪੈਦਾ ਕਰਦੇ ਹਨ।
ਉਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਅਤੇ ਸਾਜ਼ੋ-ਸਾਮਾਨ ਦੀ ਕੋਈ ਕਮੀਂ ਨਹੀਂ ਹੁੰਦੀ। ਜਿਨ੍ਹਾਂ ਸਟੇਟ ਕਾਲਜ ਆਫ ਐਜੂਕੇਸ਼ਨ ਅਤੇ ਇਨ ਸਰਵਿਸ ਟ੍ਰੇਨਿੰਗ ਸੈਟਰਾਂ ਨੇ ਸਕੂਲ ਅਧਿਆਪਕਾਂ ਦੇ ਗਿਆਨ ਨੂੰ ਨਵਿਆਉਣਾ ਹੁੰਦਾ ਹੈ, ਜਿਨ੍ਹਾਂ ਨੇ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ, ਉਹ ਜਾਂ ਤਾਂ ਬੰਦ ਪਏ ਹਨ ਜਾਂ ਫਿਰ ਉਹ ਅਧਿਆਪਕਾਂ ਦੀ ਘਾਟ ਦਾ ਸ਼ਿਕਾਰ ਹਨ। ਅਧਿਆਪਕਾਂ ਨੂੰ ਸਿਖਲਾਈ ਲਈ ਜ਼ਰੂਰ ਭੇਜੋ ਪਰ ਪਹਿਲਾਂ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਭਰੋ। ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕਰੋ। ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਤਰ੍ਹਾਂ ਦਾ ਲੋੜੀਂਦਾ ਸਾਮਾਨ ਜ਼ਰੂਰ ਮੁਹੱਈਆ ਕਰਵਾਓ। ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ ਜਿਸ ਦਿਨ ਸਾਡੇ ਮੁਲਕ ਵਿਚ ਸਿੱਖਿਆ ਦੇ ਖੇਤਰ ਵਿਚ ਸੱਚਮੁੱਚ ਸੁਧਾਰ ਹੋਣਗੇ।
-ਪ੍ਰਿੰਸੀਪਲ ਵਿਜੈ ਕੁਮਾਰ
-ਮੋਬਾਈਲ : 98726-27136