
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

‘ਨੀਟ’ ਅਤੇ ‘ਜੀਟ’ ਪੇਪਰ ਲੀਕ ਸਕੈਂਡਲ ਤੋਂ ਭਲਿਆਂ ਸਮਿਆਂ ਦੀ ਯਾਦ ਆ ਗਈ। ਦਸਵੀਂ ਤੋਂ ਅੱਗੇ ਕੋਈ ਕੀ ਪੜ੍ਹ ਰਿਹਾ ਹੈ? ਉਸ ਦੀਆਂ ਕਿਤਾਬਾਂ ਤੋਂ ਦੂਰੋਂ ਹੀ ਪਤਾ ਲੱਗ ਜਾਂਦਾ ਸੀ। ਨਾਨ ਮੈਡੀਕਲ ਲੜਕੇ/ਲੜਕੀਆਂ ਕੋਲ ਇਕ ਵੇਟ-ਬਾਕਸ ਹੁੰਦਾ ਸੀ ਜਿਸ ਵਿਚ ਮਿਲੀ-ਗ੍ਰਾਮ ਤੋਂ ਲੈ ਕੇ ਸੌ ਗ੍ਰਾਮ ਤੱਕ ਦੇ ਵੱਟੇ ਹੁੰਦੇ ਸਨ ਕੈਮੀਕਲ ਬੈਲੇਂਸ ਵਰਤਣ ਲਈ। ਮੈਡੀਕਲ ਲਾਈਨ ਦੇ ਵਿਦਿਆਰਥੀਆਂ ਕੋਲ ਡਿਸੈਕਸ਼ਨ-ਬਾਕਸ ਹੁੰਦਾ ਸੀ।

-ਪ੍ਰੋ. ਮੋਹਣ ਸਿੰਘ
‘ਨੀਟ’ ਅਤੇ ‘ਜੀਟ’ ਪੇਪਰ ਲੀਕ ਸਕੈਂਡਲ ਤੋਂ ਭਲਿਆਂ ਸਮਿਆਂ ਦੀ ਯਾਦ ਆ ਗਈ। ਦਸਵੀਂ ਤੋਂ ਅੱਗੇ ਕੋਈ ਕੀ ਪੜ੍ਹ ਰਿਹਾ ਹੈ? ਉਸ ਦੀਆਂ ਕਿਤਾਬਾਂ ਤੋਂ ਦੂਰੋਂ ਹੀ ਪਤਾ ਲੱਗ ਜਾਂਦਾ ਸੀ। ਨਾਨ ਮੈਡੀਕਲ ਲੜਕੇ/ਲੜਕੀਆਂ ਕੋਲ ਇਕ ਵੇਟ-ਬਾਕਸ ਹੁੰਦਾ ਸੀ ਜਿਸ ਵਿਚ ਮਿਲੀ-ਗ੍ਰਾਮ ਤੋਂ ਲੈ ਕੇ ਸੌ ਗ੍ਰਾਮ ਤੱਕ ਦੇ ਵੱਟੇ ਹੁੰਦੇ ਸਨ ਕੈਮੀਕਲ ਬੈਲੇਂਸ ਵਰਤਣ ਲਈ। ਮੈਡੀਕਲ ਲਾਈਨ ਦੇ ਵਿਦਿਆਰਥੀਆਂ ਕੋਲ ਡਿਸੈਕਸ਼ਨ-ਬਾਕਸ ਹੁੰਦਾ ਸੀ। ਕਾਕਰੋਚਾਂ ਅਤੇ ਡੱਡੂਆਂ ਦੀ ਚੀਰ-ਫਾੜ ਉਨ੍ਹਾਂ ਦੇ ਸਿਲੇਬਸ ’ਚ ਸੀ। ਹਰ ਸਕੂਲ ਦੀ ਫਿਜ਼ਿਕਸ-ਲੈਬ ਸਕੂਲ ਦੀ ਸ਼ਾਨ ਹੁੰਦੀ ਸੀ। ਹਰ ਵਿਸ਼ੇ ਦਾ ਪ੍ਰੈਕੀਟਲ ਹੁੰਦਾ ਸੀ ਪੰਜਾਹ-ਪੰਜਾਹ ਨੰਬਰਾਂ ਦਾ ਅਤੇ ਕਦੇ ਕੋਈ ਫੇਲ੍ਹ ਤਾਂ ਨਹੀਂ ਸੀ ਹੁੰਦਾ ਪਰ ਜੇ ਪ੍ਰੈਕਟੀਕਲ ’ਚ ਫੇਲ੍ਹ ਹੋ ਗਿਆ ਤਾਂ ਸਾਰੇ ਇਮਤਿਹਾਨ ’ਚੋਂ ਫੇਲ੍ਹ ਹੁੰਦਾ ਸੀ ਯਾਨੀ ਸਾਲ ਬਰਬਾਦ। ਸਾਇੰਸ ਬੜੇ ਚਾਅ ਤੇ ਉਤਸ਼ਾਹ ਨਾਲ ਪੜ੍ਹੀ ਅਤੇ ਪੜ੍ਹਾਈ ਜਾਂਦੀ ਸੀ। ਸਕੂਲ ਬੈਗ ਨਹੀਂ ਸਨ ਹੁੰਦੇ। ਗਿਆਰਵੀਂ ਜਮਾਤ ਸਕੂਲਾਂ ਵਿਚ ਤਾਂ ਸੀ ਹੀ, ਕਾਲਜਾਂ ਵਿਚ ਵੀ ਹੁੰਦੀ ਸੀ। ਕਿਤਾਬਾਂ ਵੀ ਇਕ-ਦੋ ਹੀ ਲੈ ਕੇ ਜਾਂਦੇ ਸਨ। ਇਮਤਿਹਾਨ ਪੰਜਾਬ ਯੂਨੀਵਰਸਿਟੀ ਲੈਂਦੀ ਸੀ ਅਤੇ ਟੀਚਰ ਦੀ ਕੁਆਲੀਫਿਕੇਸ਼ਨ ਅਤੇ ਤਜਰਬੇ ਦੀ ਬਿਨਾ ’ਤੇ ਉਸ ਦੀ ਨਿਯੁਕਤੀ ਹੁੰਦੀ ਸੀ ਅਤੇ ਇਮਤਿਹਾਨ ਤੋਂ ਪਹਿਲਾਂ ਉਸ ਤੋਂ ਪ੍ਰਵਾਨਗੀ ਲਈ ਜਾਂਦੀ ਸੀ। ਬਾਅਦ ’ਚ ਉਸ ਨੂੰ ਲੋੜੀਂਦੀ ਸਟੇਸ਼ਨਰੀ ਦੀ ਫਾਈਲ ਭੇਜੀ ਜਾਂਦੀ ਸੀ।
ਭਾਵੇਂ ਮੈਂ ਕਾਲਜ ’ਚ ਲੱਗ ਗਿਆ ਸਾਂ ਪਰ ਮੇਰੀ ਸਕੂਲ ਦੇ ਸਮੇਂ ਤੋਂ ਚਲੀ ਆ ਰਹੀ ਪ੍ਰੈਕਟੀਕਲ ਇਗਜ਼ਾਮੀਨਰਸ਼ਿਪ ਜਾਰੀ ਸੀ। ਮੈਂ ਗੱਲ ਕਰ ਰਿਹਾ ਹਾਂ 1960ਵਿਆਂ ਦੀ। ਸਤੰਬਰ ਦੇ ਇਮਤਿਹਾਨਾਂ ’ਚ ਮੇਰੀ ਨਿਯੁਕਤੀ ਹੋ ਗਈ, ਗੁਰਦਾਸਪੁਰ, ਪਠਾਨਕੋਟ, ਡਲਹੌਜ਼ੀ ਅਤੇ ਚੰਬਾ। ਪਤਾ ਨਹੀਂ ਕਿਉਂ ਪਰ ਛਪੀ ਹੋਈ ਡੇਟ-ਸ਼ੀਟ ਦੇ ਬਾਵਜੂਦ ਮੈਂ ਗੁਰਦਾਸਪੁਰ ਵਾਲੀ ਤਰੀਕ ’ਚ ਭੁਲੇਖਾ ਖਾ ਗਿਆ। ਯਾਨੀ ਸਮਝੋ ਪੇਪਰ ਬੁੱਧਵਾਰ ਲੈਣਾ ਹੈ ਪਰ ਮੈਂ ਵੀਰਵਾਰ ਦੇ ਹਿਸਾਬ ਨਾਲ ਬੇਫ਼ਿਕਰੀ ’ਚ ਛੱਤ ’ਤੇ ਬੈਠਾ ਸਾਂ। ਕਾਲਜ ਸਤੰਬਰ ਦੀਆਂ ਛੁੱਟੀਆਂ ਕਾਰਨ ਬੰਦ ਸਨ। ਅਚਾਨਕ ਮੈਨੂੰ ਖ਼ਿਆਲ ਆਇਆ ਕਿ ਡੇਟ-ਸ਼ੀਟ ਚੈੱਕ ਕਰਾਂ ਅਤੇ ਵੀਰਵਾਰ ਨੂੰ ਜਾਣ ਦਾ ਪ੍ਰੋਗਰਾਮ ਬਣਾਵਾਂ ਪਰ ਉਦੋਂ ਨੌ ਕੁ ਵਜੇ ਪਤਾ ਲੱਗਾ ਕਿ ਪੇਪਰ ਤਾਂ ਉਸੇ ਦਿਨ, ਯਾਨੀ ਬੁੱਧਵਾਰ ਨੂੰ ਲੈਣਾ ਹੈ। ਪਤਾ ਨਾ ਲੱਗੇ ਕੀ ਕਰਾਂ। ਮੈਂ ਇਮਤਿਹਾਨ ਲੈਣ ਦੀ ਪ੍ਰਵਾਨਗੀ ਵੀ ਦਿੱਤੀ ਹੋਈ ਸੀ। ਤਾਂ ਵੀ ਕੁਝ ਕਰਨਾ ਤਾਂ ਪੈਣਾ ਸੀ। ਉਦੋਂ ਟੈਲੀਫੋਨ/ਮੋਬਾਈਲ ਨਹੀਂ ਸਨ ਹੁੰਦੇ। ਸਕੂਟਰ ਵੀ ਸ਼ੁਰੂ ਨਹੀਂ ਸਨ ਹੋਏ। ਜਾਣਾ ਤਾਂ ਬੱਸ ਵਿਚ ਹੀ ਸੀ। ਮੇਰੇ ਇਕ ਦੋਸਤ ਸਵਰਨ ਕੋਲ ਬੁਲਟ ਮੋਟਰਸਾਈਕਲ ਸੀ ਅਤੇ ਮੈਂ ਸੋਚਿਆ ਕਿ ਉਸ ਦੇ ਪਿੱਛੇ ਬੈਠ ਕੇ ਗੁਰਦਾਸਪੁਰ ਜਾਇਆ ਜਾਵੇ। ਉਹ ਇਕ ਬੜਾ ਸਫਲ ਉੱਦਮੀ ਸੀ ਅਤੇ ਉਸ ਨੇ ਸਕੇਟ (ਪਹੀਆਂ ਵਾਲੇ ਬੂਟ) ਬਣਾਉਣ ਦੀ ਫੈਕਟਰੀ ਲਾਈ ਹੋਈ ਸੀ। ਮੰਗ ਬਹੁਤ ਸੀ ਅਤੇ ਉਹ ਹਮੇਸ਼ਾ ਰੁੱਝਾ ਰਹਿੰਦਾ ਸੀ ਪਰ ਮੇਰੀ ਸਥਿਤੀ ਦੀ ਗੰਭੀਰਤਾ ਦਾ ਉਸ ਨੇ ਅੰਦਾਜ਼ਾ ਲਾ ਲਿਆ ਅਤੇ ਸਾਰੇ ਕੰਮ ਛੱਡ ਕੇ ਮੇਰੇ ਨਾਲ ਆ ਗਿਆ। ਇਹੋ ਜਿਹੇ ਪ੍ਰਤੀਕਰਮ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਂ ਆਪਣੀ ਫਾਈਲ ਲੈ ਕੇ ਉਸ ਦੇ ਨਵੇਂ ਮੋਟਰਸਾਈਕਲ ’ਤੇ ਬੈਠ ਗਿਆ। ਮੋਟਰਸਾਈਕਲ ਨੂੰ ਕੋਈ ਸਾਈਡ ਬਾਕਸ ਜਾਂ ਟੋਕਰੀ ਨਹੀਂ ਸੀ। ਉਦੋਂ ਸ਼ਰੀਫ਼ਪੁਰੇ ਵਾਲਾ ਪੁਲ ਨਹੀਂ ਸੀ ਹੁੰਦਾ। ਵੇਖਿਆ ਫਾਟਕ ਬੰਦ ਹੈ। ਜਦੋਂ ਕਾਹਲੀ ਹੋਵੇ, ਰੁਕਾਵਟਾਂ ਵੀ ਉਦੋਂ ਹੀ ਪੈਂਦੀਆਂ ਹਨ। ਖ਼ੈਰ! …ਫਾਟਕ ਛੇਤੀ ਖੁੱਲ੍ਹ ਗਿਆ। ਟਰੈਫਿਕ ਬਹੁਤੀ ਨਹੀਂ ਸੀ ਹੁੰਦੀ ਪਰ ਸੜਕਾਂ ਦਾ ਹਾਲ ਮਾੜਾ ਸੀ। ਸਵਰਨ ਸਪੀਡ ਵਧਾਈ ਜਾਵੇ। ਮੇਰਾ ਇਕ ਹੱਥ ਓਹਦੇ ਲੱਕ ਨੂੰ ਅਤੇ ਦੂਜਾ ਫਾਈਲ ਸਮੇਤ ਆਪਣੀ ਪੱਗ ਨੂੰ ਸੀ। ਪਤਾ ਨਹੀਂ ਕਿਹੜੇ ਵੇਲੇ ਬਟਾਲਾ ਆ ਗਿਆ। ਉਦੋਂ ਕੋਈ ਬਟਾਲਾ-ਬਾਈਪਾਸ ਵਰਗੀ ਸੜਕ ਨਹੀਂ ਸੀ ਹੁੰਦੀ। ਸ਼ਹਿਰ ਵਿੱਚੋਂ ਹੀ ਲੰਘਣਾ ਪੈਂਦਾ ਸੀ। ਐਨੀ ਭੀੜ, ਪਤਾ ਲੱਗਾ ਕਿ ‘ਬਾਬੇ-ਦਾ-ਵਿਆਹ’ ਗੁਰਪੁਰਬ ਹੈ। ਕਿਸੇ ਤਰ੍ਹਾਂ ਬਟਾਲਾ ਲੰਘਿਆ ਅਤੇ ਅਸੀਂ ਸਰਕਾਰੀ ਸਕੂਲ ਗੁਰਦਾਸਪੁਰ ਪਹੁੰਚ ਗਏ। ਸਵਰਨ ਤਾਂ ਬਾਹਰੋਂ ਹੀ ਵਾਪਸ ਚਲਾ ਗਿਆ ਅਤੇ ਮੇਰੀ ਹੈਰਾਨੀ ਅਤੇ ਖ਼ੁਸ਼ੀ ਦੀ ਹੱਦ ਨਾ ਰਹੀ ਜਦੋਂ ਓਥੋਂ ਦੇ ਸਾਇੰਸ ਮਾਸਟਰ ਨੇ ਮੇਰਾ ਸਵਾਗਤ ਕੀਤਾ। ਅਸੀਂ ਇਕ-ਦੂਜੇ ਨੂੰ ਜਾਣਦੇ ਸਾਂ, ਚੰਡੀਗੜ੍ਹ ਇਕ ਸਮਰ ਇੰਸਟੀਚਿਊਟ ਅਸੀਂ ਇਕੱਠਿਆਂ ਲਾਇਆ ਸੀ। ਉਸ ਨੇ ਆਪਣੇ ਆਪ ਹੀ ਹੈੱਡ-ਮਾਸਟਰ ਕੋਲੋਂ ਪ੍ਰੈਕਟੀਕਲ ਦਾ ਪ੍ਰਸ਼ਨ-ਪੱਤਰ ਵਾਲਾ ਲਿਫ਼ਾਫ਼ਾ ਲੈ ਲਿਆ, ਬਲੇਡ ਨਾਲ ਖੋਲ੍ਹਿਆ ਤੇ ਪ੍ਰੈਕਟੀਕਲ ਸ਼ੁਰੂ ਕਰਵਾ ਦਿੱਤਾ। ਵਿਦਿਆਰਥੀ ਤਾਂ ਉਸ ਦੇ ਆਪਣੇ ਹੀ ਸਨ। ਉਸ ਨੇ ਦੋਵੇਂ ਪ੍ਰੈਕਟੀਕਲ ਕਰਵਾ ਕੇ ਐਵਾਰਡ ਲਿਸਟ ਵੀ ਬਣਵਾਈ ਹੋਈ ਸੀ। ਹਾਜ਼ਰ ਵਿਦਿਆਰਥੀਆਂ ਦੇ ਦਸਤਖ਼ਤ ਵੀ ਕਰਵਾਏ ਹੋਏ ਸਨ। ਮੈਂ ਕੇਵਲ ਲਿਸਟਾਂ ’ਤੇ ਦਸਤਖ਼ਤ ਕੀਤੇ, ਕਾਪੀਆਂ ਇਕੱਠੀਆਂ ਕੀਤੀਆਂ ਤੇ ਸਾਰਿਆਂ ਦਾ ਧੰਨਵਾਦ ਕੀਤਾ। ਹੈੱਡ-ਮਾਸਟਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਅੱਗੋਂ ਪਠਾਨਕੋਟ ਨੂੰ ਚਾਲੇ ਪਾਏ।
ਅਗਲੇ ਦਿਨ, ਅਰਥਾਤ ਵੀਰਵਾਰ ਨੂੰ ਪੇਪਰ ਲੈ ਕੇ ਡਲਹੌਜ਼ੀ ਪਹੁੰਚ ਗਏ ਤੇ ਏਸੇ ਤਰ੍ਹਾਂ ਚੰਬੇ ਵੀ। ਓਥੇ ਚੌਗ਼ਾਨ ਦੇ ਸਾਹਮਣੇ ਹੀ ਸਕੂਲ ਸੀ। ਪਰ ਕਿਸੇ ਨੂੰ ਕੋਈ ਫ਼ਿਕਰ ਜਾਂ ਉਤਸ਼ਾਹ ਨਹੀਂ ਸੀ। ਉਦੋਂ ਪਠਾਨਕੋਟ ਤੋਂ ਡਲਹੌਜ਼ੀ ਜਾਣ ਵਾਲੀ ਸੜਕ ਮਸਾਂ ਇਕ ਬੱਸ ਲੰਘਣ ਜਿੰਨੀ ਚੌੜੀ ਸੀ ਪਰ ਤਾਂ ਟਰੈਫਿਕ ਨਿਯਮਤ ਸੀ। ਅੱਧ ਵਿਚ ਪੈਂਦੇ ਦੁਨੇਰਾ ਵਿਖੇ ਉੱਪਰੋਂ ਆਉਣ ਵਾਲੀਆਂ ਅਤੇ ਹੇਠੋਂ ਜਾਣ ਵਾਲੀਆਂ ਬੱਸਾਂ ਰੋਕੀਆਂ ਜਾਂਦੀਆਂ ਸਨ। ਫਿਰ ਇਕ ਪਾਸੇ ਦੀਆਂ ਗੱਡੀਆਂ ਲੰਘਾ ਕੇ ਦੂਜੇ ਪਾਸੇ ਦੀਆਂ ਗੱਡੀਆਂ ਨੂੰ ਹੌਲੀ ਹੌਲੀ ਲੰਘਾਇਆ ਜਾਂਦਾ ਸੀ। ਬੱਸਾਂ ਵੀ ਛੋਟੀਆਂ ਹੁੰਦੀਆਂ ਸਨ ਅਤੇ ਸਾਰੇ ਦਿਨ ’ਚ ਕੇਵਲ ਅੱਠ-ਦੱਸ ਬੱਸਾਂ ਹੀ ਇਕ ਪਾਸਿਓਂ ਚੱਲਦੀਆਂ ਸਨ। ਕਦੇ ਕੋਈ ਮਾੜੀ ਘਟਨਾ ਨਹੀਂ ਵਾਪਰੀ। ਇਸ ਤੋਂ ਪਹਿਲਾਂ, 1958 ਵਿਚ ਜਦੋਂ ਮੈਂ ਬੀਟੀ ਵਿਚ ਪੜ੍ਹਦਾ ਸੀ, ਇਕ ਸਕਾਊਟ ਕੈਂਪ ਲੱਗਾ ਸੀ ਡਲਹੌਜ਼ੀ। ਉਦੋਂ ਖਜਿਆਰ ਵਾਲੀ ਸੜਕ ਹੁੰਦੀ ਹੀ ਨਹੀਂ ਸੀ ਅਤੇ ਸਾਰੇ ਲੜਕੇ-ਲੜਕੀਆਂ ਡਲਹੌਜ਼ੀ ਤੋਂ ਚਾਰ ਘੰਟੇ ਪੈਦਲ ਚੱਲ ਕੇ ਖਜਿਆਰ ਗਏ ਸਨ। ਸਾਰਾ ਪਹਾੜ ਉਤਰ ਕੇ ਪਗਡੰਡੀ ਵੀ ਨਹੀਂ ਸੀ ਹੁੰਦੀ। ਉਸੇ ਰਾਹ ਵਾਪਸ ਵੀ, ਰਾਤ ਗਿਆਰਾਂ-ਬਾਰਾਂ ਵਜੇ ਪੁੱਜੇ ਸਾਂ। ਜਿਨ੍ਹਾਂ ਦੇ ਸੈਂਡਲ/ਚੱਪਲਾਂ ਮਾੜੀਆਂ ਸਨ, ਸਭ ਨੰਗੇ ਪੈਰੀਂ ਆਏ। ਕੈਨਵਸ ਦੇ ਬੂਟ ਕੰਮ ਆਏ ਸਨ। ਉਦੋਂ ਖਜਿਆਰ ਦੇ ਵਿਚਕਾਰ ਇਕ ਛੋਟਾ ਜਿਹਾ ਛੱਪੜ ਹੁੰਦਾ ਸੀ ਜਿਸ ਵਿਚ ਇਕ ਕਿਸ਼ਤੀ ਰੱਖੀ ਹੋਈ ਸੀ। ਖ਼ੈਰ, ਡਲਹੌਜ਼ੀ ਵਾਲਾ ਸਾਇੰਸ-ਮਾਸਟਰ ਆਪਣੀ ਤਬੀਅਤ ਦਾ ਮਾਲਕ ਸੀ। ਉਹ ਆਪਣੀ ਰੋਟੀ ਆਪ ਹੀ ਪਕਾਉਂਦਾ ਸੀ। ਮੈਂ ਉਸ ਨੂੰ ਖੇਚਲ ਨਹੀਂ ਦਿੱਤੀ ਪਰ ਰਾਤ ਜ਼ਰੂਰ ਉਸ ਦੇ ਕਮਰੇ ’ਚ ਕੱਟੀ। ਉਦੋਂ ਫੋਲਡਿੰਗ ਬੈੱਡ ਨਹੀਂ ਸਨ ਹੁੰਦੇ। ਮੰਜੀ ਤਾਂ ਮਿਲ ਗਈ ਪਰ ਠੰਢ ਕਾਰਨ ਚੰਗੀ ਤਰ੍ਹਾਂ ਸੌਂ ਨਹੀਂ ਸੀ ਸਕਿਆ। ਡਲਹੌਜ਼ੀ ਵਿਚ ਸਵੇਰੇ-ਸਵੇਰੇ ਠੰਢੇ ਪਾਣੀ ਨਾਲ ਕੀਤਾ ਇਸ਼ਨਾਨ ਮੈਂ ਕਦੇ ਭੁੱਲ ਨਹੀਂ ਸਕਦਾ। ਗੁਰਦਾਸਪੁਰ ਵਾਲੀ ਮੌਜ ਹਰ ਥਾਂ ਨਹੀਂ ਹੁੰਦੀ।
ਅੱਜ-ਕੱਲ੍ਹ ਦੇ ਇਮਤਿਹਾਨ ’ਚ ਕੈਂਡੀਡੇਟ ਨੂੰ ਇਗਜ਼ਾਮੀਨਰ ਤਾਂ ਦਿੱਸਦਾ ਹੀ ਨਹੀਂ। ਅਨਸਰ-ਬੁੱਕ ਤਾਂ ਗ਼ਾਇਬ ਹੀ ਹੋ ਗਈ ਹੈ। ਅਬਜੈਕਟਿਵ ਟਾਈਪ ਪ੍ਰਸ਼ਨ ਆਉਂਦੇ ਹਨ। ਏ, ਬੀ ਸੀ ਤੇ ਡੀ ਵਿੱਚੋਂ ਕੋਈ ਇਕ ਕਰਨਾ ਹੈ। ਅਨਸਰ ਸ਼ੀਟ ਜਿਸ ’ਤੇ ਟਿੱਕ ਮਾਰਕ ਕਰਨੀ ਹੈ ਉਹੀ ਤੁਹਾਡੀ ਕਾਰਵਾਈ ਹੈ। ਕਿਹੜੀ ਟਿੱਕ ਦਾ ਪ੍ਰਸ਼ਨ ਕੀ ਸੀ, ਕਿਸੇ ਨੂੰ ਕੀ? ਹਰ ਪਾਸੇ ਅੰਕੜੇ ਹੀ ਸੁਣੀਦੇ ਹਨ, ਹਰ ਸਕੂਲ ਦਾ ਨਤੀਜਾ 100% ਜਾਂ ਇਸ ਤੋਂ ਕੁਝ ਹੀ ਘੱਟ। ਫੇਲ੍ਹ ਕੋਈ ਹੁੰਦਾ ਹੀ ਨਹੀਂ। ਫਿਰ ਵੀ 90% ਵਾਲਾ, ਜੇ ਕੋਈ ਹੋਵੇ, ਰੋਂਦਾ ਹੈ। ਅੰਕੜਿਆਂ ਦਾ ਬੋਲਬਾਲਾ ਹੈ।
ਅਜੋਕੇ ਸਿਸਟਮ ਦਾ ਮਕਸਦ ਕਿਸੇ ‘ਯੋਗਤਾ’ ਨੂੰ ਲੱਭਣਾ ਜਾਂ ਮਾਪਣਾ ਨਹੀਂ ਹੈ। ਏਥੇ ਤਾਂ ਮਕਸਦ ਤੁਹਾਨੂੰ ਕਿਸੇ ਤਰ੍ਹਾਂ ਲਾਈਨ ’ਚੋਂ ਕੱਢਣਾ ਹੈ। ਕੋਚਿੰਗ ਮੁਫ਼ਤ ਕਰਨ ਨਾਲ ਵੀ ਮਸਲਾ ਹੱਲ ਨਹੀਂ ਹੋ ਸਕਦਾ। ਸੀਟਾਂ ਤਾਂ ਓਨੀਆਂ ਹੀ ਰਹਿਣੀਆਂ ਹਨ ਅਤੇ ਕਿਸੇ ਹੱਦ ਤੋਂ ਜ਼ਿਆਦਾ ਵਧਾਈਆਂ ਵੀ ਨਹੀਂ ਜਾ ਸਕਦੀਆਂ। ਅਸਲ ਮਸਲਾ ਇਹ ਹੈ ਕਿ ਜਿਨ੍ਹਾਂ ਲੱਖਾਂ ਵਿਦਿਆਰਥੀਆਂ ਨੂੰ ਸੀਟਾਂ ਨਹੀਂ ਮਿਲੀਆਂ ਉਨ੍ਹਾਂ ਨੂੰ ਕਿਵੇਂ ਨਜਿੱਠਣਾ ਹੈ। ਉਨ੍ਹਾਂ ਲਈ ਕੀ ਪ੍ਰੋਗਰਾਮ ਹੈ ਤੇ ਉਨ੍ਹਾਂ ਦੀ ਗਿਣਤੀ ਹਰ ਸਾਲ ਵਧਦੀ ਰਹਿਣੀ ਹੈ।
-ਮੋਬਾਈਲ : 80545-97595