- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਡਿਜੀਟਲ ਇਨਕਲਾਬ ਦੇ ਸਫ਼ਰ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਯੋਗਦਾਨ ਖ਼ਾਸ ਮਹੱਤਵ ਰੱਖਦਾ ਹੈ। ਭਾਸ਼ਾ ਦੇ ਨਾਂ ’ਤੇ ਸਥਾਪਤ ਇਸ ਯੂਨੀਵਰਸਿਟੀ ਨੇ ਪੰਜਾਬੀ ਨੂੰ ਕੇਵਲ ਸਾਹਿਤਕ ਅਤੇ ਅਕਾਦਮਿਕ ਵਿਸ਼ੇ ਵਜੋਂ ਹੀ ਨਹੀਂ ਸਗੋਂ ਕੰਪਿਊਟਰ ਤੇ ਆਧੁਨਿਕ ਤਕਨਾਲੋਜੀ ਦੀ ਭਾਸ਼ਾ ਬਣਾਉਣ ਲਈ ਵੀ ਲਗਾਤਾਰ ਯਤਨ ਕੀਤੇ ਹਨ।

ਪੰਜਾਬ ਨੇ ਇਤਿਹਾਸ ਦੇ ਅਨੇਕ ਦੌਰ ਵੇਖੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ (1799–1849) ਦੌਰਾਨ ਇਸ ਨੇ ਆਪਣੀ ਰਾਜਨੀਤਕ, ਸੱਭਿਆਚਾਰਕ ਅਤੇ ਸਮਾਜਿਕ ਪਛਾਣ ਨੂੰ ਨਵੀਆਂ ਉੱਚਾਈਆਂ ਦਿੱਤੀਆਂ। ਇਹ ਉਹ ਦੌਰ ਸੀ ਜਦੋਂ ਪੰਜਾਬ ਦੀਆਂ ਸੱਥਾਂ, ਮੇਲਿਆਂ ਤੇ ਲੋਕ-ਮਹਿਫਲਾਂ ਵਿਚ ਪੰਜਾਬ ਦੀਆਂ ਗੱਲਾਂ ਹੁੰਦੀਆਂ ਸਨ। ਸਮੇਂ ਦੇ ਨਾਲ ਸੱਥਾਂ ਦੀਆਂ ਗੱਲਾਂ ਨੇ ਰੇਡੀਓ, ਅਖ਼ਬਾਰਾਂ, ਟੈਲੀਵਿਜ਼ਨ ਅਤੇ ਫਿਰ ਇੰਟਰਨੈੱਟ ਦਾ ਸਫ਼ਰ ਤੈਅ ਕੀਤਾ। ਅੱਜ ਉਹੀ ਪੰਜਾਬੀ ਮਹਿਫਲਾਂ ਡਿਜੀਟਲ ਅਤੇ ਸਾਈਬਰ ਸੱਥਾਂ ਦੇ ਰੂਪ ਵਿਚ ਦੁਨੀਆ ਭਰ ਵਿਚ ਫੈਲ ਚੁੱਕੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ 1849 ਵਿਚ ਬਰਤਾਨਵੀ ਕਬਜ਼ੇ ਤੱਕ ਦਾ ਇਤਿਹਾਸ ਇਸ ਤਬਦੀਲੀ ਦੀ ਇਤਿਹਾਸਕ ਪਿੱਠਭੂਮੀ ਨੂੰ ਸਮਝਣ ਵਿਚ ਸਹਾਇਕ ਹੈ।
ਅੱਜ ਪੰਜਾਬੀ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਆਦਿ ਦੇ ਭਾਵੇਂ ਕਿਸੇ ਪਿੰਡ ਵਿਚ ਬੈਠਾ ਹੋਵੇ, ਉਹ ਮੋਬਾਈਲ ਦੀ ਇਕ ਛੋਹ ਨਾਲ ਆਪਣੀ ਮਾਂ-ਬੋਲੀ, ਸਾਹਿਤ, ਸੰਗੀਤ ਅਤੇ ਸੱਭਿਆਚਾਰ ਨਾਲ ਜੁੜ ਸਕਦਾ ਹੈ। ਇਹ ਤਬਦੀਲੀ ਕੇਵਲ ਸੰਚਾਰ ਦੇ ਸਾਧਨਾਂ ਦੀ ਤਬਦੀਲੀ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀ ਹੋਂਦ, ਪਹੁੰਚ ਅਤੇ ਭਵਿੱਖ ਨਾਲ ਜੁੜਿਆ ਇਕ ਵੱਡਾ ਭਾਸ਼ਾਈ ਇਨਕਲਾਬ ਹੈ।
ਇਸ ਡਿਜੀਟਲ ਇਨਕਲਾਬ ਦੇ ਸਫ਼ਰ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਯੋਗਦਾਨ ਖ਼ਾਸ ਮਹੱਤਵ ਰੱਖਦਾ ਹੈ। ਭਾਸ਼ਾ ਦੇ ਨਾਂ ’ਤੇ ਸਥਾਪਤ ਇਸ ਯੂਨੀਵਰਸਿਟੀ ਨੇ ਪੰਜਾਬੀ ਨੂੰ ਕੇਵਲ ਸਾਹਿਤਕ ਅਤੇ ਅਕਾਦਮਿਕ ਵਿਸ਼ੇ ਵਜੋਂ ਹੀ ਨਹੀਂ ਸਗੋਂ ਕੰਪਿਊਟਰ ਤੇ ਆਧੁਨਿਕ ਤਕਨਾਲੋਜੀ ਦੀ ਭਾਸ਼ਾ ਬਣਾਉਣ ਲਈ ਵੀ ਲਗਾਤਾਰ ਯਤਨ ਕੀਤੇ ਹਨ। ਫਰਵਰੀ 2004 ਵਿਚ ਸਥਾਪਤ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਨੇ ਇਸ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ। ਇਸ ਕੇਂਦਰ ਨੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚਕਾਰ ਲਿਪੀਅੰਤਰਨ, ਪੰਜਾਬੀ ਅਤੇ ਹਿੰਦੀ ਵਿਚਕਾਰ ਮਸ਼ੀਨੀ ਅਨੁਵਾਦ, ਗੁਰਮੁਖੀ ਓਸੀਆਰ, ਪੰਜਾਬੀ ਵਿਆਕਰਨ ਜਾਂਚ, ਸ਼ਬਦ-ਜੋੜ ਸੋਧ ਤੇ ਭਾਸ਼ਾਈ ਖੋਜ ਦੇ ਕਈ ਪ੍ਰੋਜੈਕਟ ਕੀਤੇ। ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਹੋਏ ਖੋਜ ਕਾਰਜਾਂ ਨੇ ਪੰਜਾਬੀ ਭਾਸ਼ਾ ਨੂੰ ਕੰਪਿਊਟਰੀਕਰਨ ਦੇ ਅੰਤਰਰਾਸ਼ਟਰੀ ਨਕਸ਼ੇ ’ਤੇ ਪਛਾਣ ਦਿਵਾਈ।
ਇਸ ਖੋਜ ਦੀ ਇਕ ਵੱਡੀ ਪ੍ਰਾਪਤੀ ਗੁਰਮੁਖੀ ਓਸੀਆਰ ਤਕਨਾਲੋਜੀ ਹੈ ਜਿਸ ਰਾਹੀਂ ਛਪੀ ਹੋਈ ਪੰਜਾਬੀ ਲਿਖਤ ਨੂੰ ਡਿਜੀਟਲ ਟੈਕਸਟ ਵਿਚ ਬਦਲਿਆ ਜਾ ਸਕਦਾ ਹੈ। ਪੁਰਾਣੀਆਂ ਪੁਸਤਕਾਂ, ਅਖ਼ਬਾਰਾਂ ਤੇ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ’ਚ ਸੰਭਾਲਣ ਲਈ ਇਹ ਤਕਨਾਲੋਜੀ ਬੇਹੱਦ ਲਾਹੇਵੰਦ ਹੈ। ਇਸੇ ਤਰ੍ਹਾਂ ਪੰਜਾਬੀ ਟੈਕਸਟ-ਟੂ-ਸਪੀਚ ਨੇ ਲਿਖਤ ਨੂੰ ਆਵਾਜ਼ ਵਿਚ ਬਦਲਣ ਦੀ ਦਿਸ਼ਾ ਵਿਚ ਕੰਮ ਕੀਤਾ। ਇੱਥੇ ਗੁਰਮੁਖੀ ਲਿਖਤ ਤੋਂ ਬਰੇਲ ਲਿਪੀ ਵਿਚ ਤਬਦੀਲੀ ਲਈ ਤਕਨਾਲੋਜੀ ਵੀ ਈਜਾਦ ਕੀਤੀ ਗਈ। ਇਹ ਸਹੂਲਤਾਂ ਖ਼ਾਸ ਤੌਰ ’ਤੇ ਨੇਤਰਹੀਣ ਅਤੇ ਪੜ੍ਹਨ ’ਚ ਔਖ ਮਹਿਸੂਸ ਕਰਨ ਵਾਲਿਆਂ ਲਈ ਮਹੱਤਵਪੂਰਨ ਹੈ। ਪੰਜਾਬੀ ਵਿਆਕਰਨ ਜਾਂਚਕ, ਲਿਖਤ ਸੰਖੇਪਣ, ਪੰਜਾਬੀ ਖੋਜ ਇੰਜਣ ਤੇ ਮਸ਼ੀਨੀ ਅਨੁਵਾਦ ਵਰਗੇ ਟੂਲਜ਼ ਨੇ ਭਾਸ਼ਾ ਦੀ ਵਰਤੋਂ ਨੂੰ ਹੋਰ ਸੁਖਾਲਾ ਬਣਾਇਆ। ਡਾ. ਲਹਿਲ ਦੀ ਅਗਵਾਈ ਹੇਠ ਤਿਆਰ ਕੀਤੇ ਪੰਜਾਬੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਵਰਡ ਪ੍ਰੋਸੈਸਰ ‘ਅੱਖਰ-2021’ ਦਾ ਪੂਰੀ ਦੁਨੀਆ ਲਾਹਾ ਲੈ ਰਹੀ ਹੈ। www.akhariwp.com ’ਤੇ ਉਪਲਬਧ ਇਸ ਸਾਫਟਵੇਅਰ ਵਿਚ ਪੰਜਾਬੀ ਗੁਰਮੁਖੀ ਨੂੰ ਮਿਆਰੀ ਯੂਨੀਕੋਡ ਵਿਚ ਵੱਖ-ਵੱਖ ਕੀਬੋਰਡ ਲੇਆਊਟਾਂ ਰਾਹੀਂ ਟਾਈਪ ਕਰਨ ਦੀ ਸਹੂਲਤ ਹੈ। ਇਸ ਵਿਚ ਫੌਂਟ ਕਨਵਰਟਰ, ਸਪੈੱਲ ਚੈੱਕਰ, ਗਰਾਮਰ ਚੈੱਕਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਅੰਗਰੇਜ਼ੀ-ਪੰਜਾਬੀ ਕੋਸ਼, ਸਮਆਰਥਕ ਕੋਸ਼ ਅਤੇ ਅਗੇਤਰ-ਪਿਛੇਤਰ ਸਰਚ ਟੂਲ ਸਮੇਤ ਕਈ ਵਿਸ਼ੇਸ਼ਤਾਵਾਂ ਸ਼ੁਮਾਰ ਹਨ।
ਪੰਜਾਬੀ ਕੰਪਿਊਟਰਕਾਰੀ ਦਾ ਇਕ ਹੋਰ ਅਹਿਮ ਪੱਖ ਫੌਂਟ ਤਕਨਾਲੋਜੀ ਹੈ। ਅਨਮੋਲ ਲਿਪੀ, ਅਸੀਸ ਤੇ ਸਤਲੁਜ ਵਰਗੇ ਪੁਰਾਣੇ ਫੌਂਟਾਂ ਵਿਚ ਤਿਆਰ ਸਮੱਗਰੀ ਨੂੰ ਯੂਨੀਕੋਡ ਵਿਚ ਤਬਦੀਲ ਕਰਨ ਲਈ ਫੌਂਟ ਕਨਵਰਟਰ ਵਿਕਸਤ ਕੀਤੇ ਗਏ। ਇਸ ਨਾਲ ਪੁਰਾਣੇ ਸਾਹਿਤਕ ਅਤੇ ਦਫ਼ਤਰੀ ਰਿਕਾਰਡ ਨੂੰ ਨਵੇਂ ਕੰਪਿਊਟਰਾਂ, ਮੋਬਾਈਲਾਂ ਅਤੇ ਇੰਟਰਨੈੱਟ ’ਤੇ ਪੜ੍ਹਨਾ ਸੰਭਵ ਹੋਇਆ। ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਉਪਲਬਧ ‘ਗੁਰਮੁਖੀ ਫੌਂਟ ਕਨਵਰਟਰ’ ਇਸ ਦਿਸ਼ਾ ਵਿਚ ਇਕ ਜਾਣਿਆ-ਪਛਾਣਿਆ ਸਾਧਨ ਹੈ। ਇਸ ਤੋਂ ਇਲਾਵਾ, ਰੈਮਿੰਗਟਨ, ਫੋਨੈਟਿਕ, ਇਨਸਕ੍ਰਿਪਟ ਅਤੇ ਹੋਰ ਕੀਬੋਰਡ ਲੇਆਊਟਾਂ ਨੇ ਵੱਖ-ਵੱਖ ਪਿਛੋਕੜ ਵਾਲੇ ਵਰਤੋਂਕਾਰਾਂ ਲਈ ਪੰਜਾਬੀ ਟਾਈਪਿੰਗ ਨੂੰ ਸੌਖਾ ਬਣਾਇਆ।
ਇਸੇ ਲੜੀ ਵਿਚ ਲੇਖਕ ਵੱਲੋਂ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿਚ ਕੀਤੇ ਕਾਰਜ ਜ਼ਿਕਰ ਦੇ ਹੱਕਦਾਰ ਹਨ। ਪੰਦਰਾਂ ਕੁ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਸਥਾਪਨਾ ਕੀਤੀ ਗਈ ਜੋ ਪੰਜਾਬੀ ਵਰਤੋਂਕਾਰਾਂ ਨੂੰ ਕੰਪਿਊਟਰ ਤੇ ਸਮਾਰਟਫੋਨ ਦੀ ਵਰਤੋਂ ਸਬੰਧੀ ਤਕਨੀਕੀ ਸਹਾਇਤਾ ਦੇ ਰਿਹਾ ਹੈ। ਇਸ ਕੇਂਦਰ ਨੇ ਸਿਖਲਾਈ, ਤਕਨੀਕੀ ਜਾਣਕਾਰੀ, ਪੰਜਾਬੀ ਟਾਈਪਿੰਗ ਅਤੇ ਸਾਫਟਵੇਅਰਾਂ ਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਵਿਕਸਤ ਕੀਤੇ ਟੂਲਜ਼ ਵਿਚ ਪਲਟਾਵਾ ਫੌਂਟ ਕਨਵਰਟਰ ਐੱਪ, ਪੀ-ਬੋਰਡ ਪੰਜਾਬੀ ਕੀਬੋਰਡ ਐਪ, ਅੰਗਰੇਜ਼ੀ-ਪੰਜਾਬੀ ਕੋਸ਼ ਐਪ ਅਤੇ ਲਿਖਦਾ ਪੰਜਾਬ ਟਾਈਪਿੰਗ ਟਿਊਟਰ ਐਪ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਲੇਖਕ ਤੇ ਹੋਰ ਮਾਹਿਰਾਂ ਵੱਲੋਂ ਪੰਜਾਬੀ ਫੌਂਟਾਂ ਦੇ ਵਿਕਾਸ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਨਾਨਕ ਲਿਪੀ ਫੌਂਟ ਪਰਿਵਾਰ ਇਸ ਦੀ ਉੱਘੜਵੀਂ ਮਿਸਾਲ ਹੈ। ਇਸ ਪਰਿਵਾਰ ਵਿਚ ਨਾਨਕ ਲਿਪੀ, ਨਾਨਕ ਲਿਪੀ ਉਭਾਰੀ, ਨਾਨਕ ਦਰਬਾਰੀ, ਨਾਨਕ ਪੱਟੀ ਅਤੇ ਨਾਨਕ ਨਾਦ ਵਰਗੇ ਪੰਜ ਫੌਂਟ ਸ਼ਾਮਲ ਹਨ। ਇਨ੍ਹਾਂ ਵਿਚ ਛਪਾਈ, ਹੱਥ-ਲਿਖਤ ਅਤੇ ਗੁਰਬਾਣੀ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖ ਕੇ ਤਕਨੀਕੀ ਪ੍ਰਬੰਧ ਕੀਤੇ ਗਏ ਹਨ।
ਇਸ ਖੇਤਰ ਵਿਚ ਉਨ੍ਹਾਂ ਦੀਆਂ ਪੰਜਾਬੀ ਵਿਚ ਲਿਖੀਆਂ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਸਬੰਧੀ ਪੁਸਤਕਾਂ ਤੇ ਅਖ਼ਬਾਰਾਂ ਵਿਚ ਛਪਦੇ ਲੇਖਾਂ ਨੇ ਵੀ ਆਮ ਪਾਠਕ ਨੂੰ ਤਕਨਾਲੋਜੀ ਨਾਲ ਜੋੜਿਆ ਹੈ। ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦਾ ਪੋਰਟਲ ਅਤੇ punjabicomputer.com ਵਰਗੇ ਸਰੋਤ ਪੰਜਾਬੀ ’ਚ ਕੰਪਿਊਟਰ ਸਿੱਖਣ ਵਾਲਿਆਂ ਲਈ ਲਾਭਕਾਰੀ ਹਨ।
ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਪੀਡੀਆ ਪ੍ਰੋਜੈਕਟ ਇਸ ਡਿਜੀਟਲ ਸਫ਼ਰ ਦਾ ਇਕ ਮੀਲ ਪੱਥਰ ਹੈ। 26 ਫਰਵਰੀ 2014 ਨੂੰ ਸ਼ੁਰੂ ਹੋਏ ਇਸ ਆਨਲਾਈਨ ਗਿਆਨ-ਕੋਸ਼ ਦਾ ਉਦੇਸ਼ ਪੰਜਾਬੀ ਭਾਸ਼ਾ, ਇਤਿਹਾਸ, ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਜਾਣਕਾਰੀ ਨੂੰ ਇਕ ਸਾਂਝੇ ਡਿਜੀਟਲ ਮੰਚ ’ਤੇ ਉਪਲਬਧ ਕਰਵਾਉਣਾ ਹੈ। ਅੱਜ ਵੱਖ-ਵੱਖ ਮੋਬਾਈਲ ਐਪਸ, ਗੂਗਲ ਲੈਨਜ਼, ਅਨੁਵਾਦ ਟੂਲ, ਪੰਜਾਬੀ ਡਿਕਸ਼ਨਰੀਆਂ, ਵੁਆਇਸ ਟਾਈਪਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸਾਧਨ ਪੰਜਾਬੀ ਵਰਤੋਂਕਾਰਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਨ। ਇਸ ਦੇ ਨਾਲ ਹੀ ਲਿਖਤ ਤੋਂ ਬੋਲ ਤੇ ਬੋਲ ਤੋਂ ਲਿਖਤ ਵਿਚ ਤਬਦੀਲੀ, ਅਨੁਵਾਦ, ਸਪੈੱਲ ਚੈੱਕਰ ਅਤੇ ਗਰਾਮਰ ਚੈੱਕਰ ਵਰਗੇ ਟੂਲਜ਼ ਦਾ ਹੋਰ ਵਿਕਾਸ ਪੰਜਾਬੀ ਕੰਪਿਊਟਰਕਾਰੀ ਦੀ ਅਗਲੀ ਵੱਡੀ ਲੋੜ ਹੈ। ਡਾ. ਵਿਸ਼ਾਲ ਗੋਇਲ ਤੇ ਡਾ. ਗੁਰਪ੍ਰੀਤ ਸਿੰਘ ਜੋਸਨ ਦੇ ਯਤਨਾਂ ਕਾਰਨ ਪੰਜਾਬੀ-ਹਿੰਦੀ ਅਨੁਵਾਦ ਅਤੇ ਗੁਰਮੁਖੀ-ਦੇਵਨਾਗਰੀ ਲਿਪੀਅੰਤਰਨ ਤਕਨਾਲੋਜੀ ਹੋਂਦ ’ਚ ਆਈ। ਡਾ. ਲਹਿਲ ਦੀ ਅਗਵਾਈ ਹੇਠ ਡਾ. ਤੇਜਿੰਦਰ ਸਿੰਘ ਅਤੇ ਡਾ. ਅੰਕੁਰ ਰਾਣਾ ਦੀ ਅਗਵਾਈ ਹੇਠ ਤਿਆਰ ਕੀਤੇ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਸਾਫਟਵੇਅਰ ‘ਸੰਗਮ’, ਓਸੀਆਰ ਪ੍ਰਣਾਲੀ, ਆਨਲਾਈਨ ਟਾਈਪਿੰਗ ਸੁਵਿਧਾ, ਆਨਲਾਈਨ ਸਪੈੱਲ ਚੈੱਕਰ ‘ਸੋਧਕ’, www.elearnpunjabi.com ’ਤੇ ਪੰਜਾਬੀ ਸਿੱਖਣ ਲਈ ਵੀਡੀਓ ਪਾਠ ਆਦਿ ਸਰੋਤ ਪੰਜਾਬੀ ਪਿਆਰਿਆਂ ਲਈ ਮਦਦਗਾਰ ਸਾਬਿਤ ਹੋ ਰਹੇ ਹਨ।
ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਡਿਜੀਟਲ ਸਫ਼ਰ ਦੀਆਂ ਕੁਝ ਵੰਗਾਰਾਂ ਵੀ ਹਨ। ਪੰਜਾਬੀ ਵਿਚ ਉੱਚ-ਗੁਣਵੱਤਾ ਵਾਲੀ ਡਿਜੀਟਲ ਸਮੱਗਰੀ ਦੀ ਘਾਟ, ਸੋਹਣੀ ਦਿੱਖ ਵਾਲੇ ਯੂਨੀਕੋਡ ਫੌਂਟਾਂ ਦੀ ਤੋਟ, ਪੁਰਾਣੇ ਸਾਹਿਤ ਦੀ ਅਧੂਰੀ ਡਿਜੀਟਲਾਈਜ਼ੇਸ਼ਨ ਅਤੇ ਆਧੁਨਿਕ ਏਆਈ ਮਾਡਲਾਂ ਵਿਚ ਪੰਜਾਬੀ ਦੀ ਸੀਮਤ ਨੁਮਾਇੰਦਗੀ ਗੰਭੀਰ ਮਸਲੇ ਹਨ। ਸੋਸ਼ਲ ਮੀਡੀਆ ’ਤੇ ਗ਼ਲਤ ਜਾਣਕਾਰੀ, ਭਾਸ਼ਾਈ ਅਸ਼ੁੱਧਤਾ, ਅੰਗਰੇਜ਼ੀ ਦੀ ਬੇਲੋੜੀ ਮਿਲਾਵਟ ਤੇ ਪੰਜਾਬੀ ਲਿਖਣ ਦੀ ਥਾਂ ਰੋਮਨ ਲਿਪੀ ਦੀ ਵਧਦੀ ਵਰਤੋਂ ਵੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਡਿਜੀਟਲ ਸਾਖ਼ਰਤਾ ਦੀ ਘਾਟ, ਸਾਈਬਰ ਧੋਖਾਧੜੀ, ਨਿੱਜਤਾ ਦੀ ਉਲੰਘਣਾ ਅਤੇ ਤਕਨਾਲੋਜੀ ਤੱਕ ਪਹੁੰਚ ਨਾ ਹੋਣਾ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ। ਡਿਜੀਟਲ ਸੱਥਾਂ ਨੇ ਜਿੱਥੇ ਸੰਵਾਦ ਦੇ ਮੌਕੇ ਵਧਾਏ ਹਨ ਉੱਥੇ ਆਹਮੋ-ਸਾਹਮਣੇ ਬੈਠ ਕੇ ਵਿਚਾਰ-ਵਟਾਂਦਰਾ ਕਰਨ, ਸੁਣਨ ਤੇ ਸਾਂਝ ਪਾਉਣ ਵਾਲੀ ਰਵਾਇਤੀ ਸੱਥ ਦੀ ਪਿਰਤ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਇਸ ਸੰਦਰਭ ਵਿਚ ਨਵੰਬਰ ਮਹੀਨੇ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਪਹਿਲੀ ਨਵੰਬਰ 1966 ਨੂੰ ਭਾਸ਼ਾਈ ਆਧਾਰ ’ਤੇ ਮੌਜੂਦਾ ਪੰਜਾਬੀ ਸੂਬੇ ਦਾ ਪੁਨਰਗਠਨ ਹੋਇਆ। ਭਾਸ਼ਾ ਵਿਭਾਗ, ਪੰਜਾਬ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਪਹਿਲੀ ਤੋਂ ਤੀਹ ਨਵੰਬਰ ਤੱਕ ਪੰਜਾਬੀ ਮਾਂ-ਬੋਲੀ ਮਹੀਨਾ ਮਨਾਇਆ ਜਾਂਦਾ ਹੈ। ਇਸ ਮੌਕੇ ਸਾਹਿਤਕ ਸਮਾਗਮਾਂ ਦੇ ਨਾਲ-ਨਾਲ ਪੰਜਾਬੀ ਨੂੰ ਤਕਨਾਲੋਜੀ, ਸਿੱਖਿਆ, ਪ੍ਰਸ਼ਾਸਨ, ਵਿਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ ਬਾਰੇ ਵੀ ਗੰਭੀਰ ਵਿਚਾਰ-ਚਰਚਾ ਤੇ ਅਮਲ ਹੋਣਾ ਚਾਹੀਦਾ ਹੈ।
ਅੱਜ ਲੋੜ ਹੈ ਕਿ ਪੰਜਾਬੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਲਈ ਖੋਜ, ਨਵੀਆਂ ਐਪਲੀਕੇਸ਼ਨਾਂ, ਭਾਸ਼ਾਈ ਡਾਟਾਬੇਸ, ਏਆਈ ਮਾਡਲਾਂ ਅਤੇ ਨਵੀਂ ਪੀੜ੍ਹੀ ਦੀ ਸਿਖਲਾਈ ਨੂੰ ਹੋਰ ਮਜ਼ਬੂਤ ਕਰਨ। ਸਰਕਾਰ, ਯੂਨੀਵਰਸਿਟੀਆਂ, ਤਕਨੀਕੀ ਮਾਹਿਰਾਂ, ਲੇਖਕਾਂ ਅਤੇ ਪਰਵਾਸੀ ਪੰਜਾਬੀਆਂ ਨੂੰ ਇਸ ਕਾਰਜ ਵਿਚ ਸਾਂਝੀ ਭੂਮਿਕਾ ਨਿਭਾਉਣੀ ਪਵੇਗੀ। ਪੰਜਾਬੀ ਨੂੰ ਸਿਰਫ਼ ਸੋਸ਼ਲ ਮੀਡੀਆ ’ਤੇ ਸੁਨੇਹੇ ਭੇਜਣ ਦੀ ਭਾਸ਼ਾ ਨਹੀਂ, ਸਗੋਂ ਗਿਆਨ, ਖੋਜ, ਨਵੀਨਤਾ ਅਤੇ ਆਰਥਿਕ ਵਿਕਾਸ ਦੀ ਭਾਸ਼ਾ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ। ਦਰਅਸਲ, ਪੰਜਾਬ ਦੀ ਸੱਥ ਅੱਜ ਸਾਈਬਰ ਸੱਥ ਬਣ ਗਈ ਹੈ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤਕਨਾਲੋਜੀ ਦੀ ਤੇਜ਼ ਰਫ਼ਤਾਰ ਵਿਚ ਪੰਜਾਬੀ ਦੀ ਮੌਲਿਕਤਾ, ਮਿਠਾਸ ਤੇ ਸੱਭਿਆਚਾਰਕ ਪਛਾਣ ਕਾਇਮ ਰਹੇ। ਪੰਜਾਬ ਦੀਆਂ ਇਹ ਡਿਜੀਟਲ ਪੈੜਾਂ ਕੇਵਲ ਤਕਨੀਕੀ ਤਰੱਕੀ ਦਾ ਪ੍ਰਤੀਕ ਨਾ ਬਣਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬੀ ਭਾਸ਼ਾ ਦੇ ਸੁਨਹਿਰੀ ਭਵਿੱਖ ਦਾ ਰਾਹ ਵੀ ਪੱਧਰਾ ਕਰਨ। ਸੱਥ ਤੋਂ ਸਾਈਬਰ ਸੱਥ ਅਤੇ ਹੁਣ ਏਆਈ ਤੱਕ ਦਾ ਇਹ ਸਫ਼ਰ ਪੰਜਾਬੀਅਤ ਦੀ ਨਵੀਂ ਇਬਾਰਤ ਲਿਖਣ ਦੀ ਸਮਰੱਥਾ ਰੱਖਦਾ ਹੈ।
-ਡਾ. ਸੀ.ਪੀ. ਕੰਬੋਜ
-(ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ)।
-ਸੰਪਰਕ : 0175-3046566