ਮਾਂ-ਬਾਪ ਦੀ ਸੇਵਾ ਹੀ ਪਰਮਾਤਮਾ ਦੀ ਪੂਜਾ ਹੈ। ਜਿਹੜੇ ਲੋਕ ਆਪਣੇ ਮਾਂ-ਬਾਪ ਦਾ ਦਿਲ ਦੁਖਾਉਂਦੇ ਹਨ, ਉਹ ਕਦੇ ਵੀ ਜ਼ਿੰਦਗੀ ਵਿਚ ਅਸਲ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ। ਸਾਨੂੰ ਹਮੇਸ਼ਾ ਆਪਣੇ ਮਾਪਿਆਂ ਦੀਆਂ ਖ਼ੁਸ਼ੀਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਜਦ ਮਾਤਾ-ਪਿਤਾ ਸਾਨੂੰ ਬੜੀਆਂ ਮੁਸ਼ਕਲਾਂ ਸਹਿ ਕੇ ਪਾਲਦੇ ਹਨ ਤੇ ਸਾਡੀ ਹਰ ਖ਼ੁਸ਼ੀ ਦਾ ਧਿਆਨ ਰੱਖਦੇ ਹਨ ਤਾਂ ਫਿਰ ਅਸੀਂ ਕਿਉਂ ਨਾ ਉਨ੍ਹਾਂ ਨੂੰ ਖ਼ੁਸ਼ ਰੱਖੀਏ। ਚੇਤੇ ਰੱਖੋ, ਔਲਾਦ ਕਦੇ ਵੀ ਮਾਪਿਆਂ ਦਾ ਦੇਣਾ ਨਹੀਂ ਦੇ ਸਕਦੀ।

-ਰਾਜਵਿੰਦਰ ਲਹਿਲ
ਹੁਣ ਜਦੋਂ ਮੈਂ ਆਪਣੇ 10 ਸਾਲਾਂ ਦੇ ਬੇਟੇ ਵੱਲੋਂ ਕੀਤੀਆਂ ਜਾਂਦੀਆਂ ਛੋਟੀਆਂ-ਵੱਡੀਆਂ ਮੰਗਾਂ ਕਰਕੇ ਕਦੇ ਉਸ ਨੂੰ ਘੂਰਦਾ ਹਾਂ ਜਾਂ ਕਿਸੇ ਚੀਜ਼ ਨੂੰ ਲੈਣ ਤੋਂ ਨਾਂਹ ਕਰਦਾ ਹਾਂ ਤਾਂ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ਨੌਕਰੀ ਤੋਂ ਥੱਕੇ-ਟੁੱਟੇ ਘਰ ਆਏ ਆਪਣੇ ਪਾਪਾ ਅੱਗੇ ਮੈਂ ਵੀ ਬਹੁਤ ਸਾਰੀਆਂ ਮੰਗਾਂ ਰੱਖ ਦਿੰਦਾ ਹੁੰਦਾ ਸੀ। ਹੁਣ ਜਦੋਂ ਖ਼ੁਦ ਮਾਪਿਆਂ ਵਾਲੀ ਜ਼ਿੰਮੇਵਾਰੀ ਆਣ ਪਈ ਹੈ ਤਾਂ ਆਪਣੇ ਮਾਪਿਆਂ ਪ੍ਰਤੀ ਸਤਿਕਾਰ ਹੋਰ ਜ਼ਿਆਦਾ ਵਧ ਗਿਆ ਹੈ। ਇਹ ਸੌਲਾਂ ਆਨੇ ਸੱਚ ਹੈ ਕਿ ਮਾਂ-ਬਾਪ ਬੱਚੇ ਦੇ ਪਹਿਲੇ ਅਧਿਆਪਕ, ਮਾਰਗਦਰਸ਼ਕ ਅਤੇ ਸਭ ਤੋਂ ਵੱਡੇ ਸ਼ੁਭ-ਚਿੰਤਕ ਹੁੰਦੇ ਹਨ। ਉਨ੍ਹਾਂ ਦੀ ਹੋਂਦ ਤੋਂ ਬਿਨਾਂ ਘਰ ਸਿਰਫ਼ ਇੱਟਾਂ-ਪੱਥਰਾਂ ਦੀ ਇਮਾਰਤ ਹੁੰਦਾ ਹੈ। ਮਾਂ ਦੀ ਮਮਤਾ ਅਤੇ ਪਿਓ ਦੀ ਪਰਵਰਿਸ਼ ਮਿਲ ਕੇ ਬੱਚੇ ਦਾ ਭਵਿੱਖ ਸੰਵਾਰਦੇ ਹਨ। ਮਾਂ-ਬਾਪ ਦਾ ਪਿਆਰ ਨਿਰਸਵਾਰਥ ਹੁੰਦਾ ਹੈ। ਉਹ ਆਪਣੀਆਂ ਖ਼ੁਸ਼ੀਆਂ ਅਤੇ ਲੋੜਾਂ ਨੂੰ ਪਿੱਛੇ ਛੱਡ ਕੇ ਬੱਚਿਆਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਜਿਸ ਘਰ ਵਿਚ ਮਾਂ-ਬਾਪ ਦਾ ਸਤਿਕਾਰ ਹੁੰਦਾ ਹੈ, ਉੱਥੇ ਹਮੇਸ਼ਾ ਖ਼ੁਸ਼ਹਾਲੀ ਤੇ ਬਰਕਤ ਬਣੀ ਰਹਿੰਦੀ ਹੈ। ਇਕ ਚੰਗੇ ਸਮਾਜ ਅਤੇ ਚੰਗੇ ਮਨੁੱਖ ਦੀ ਨੀਂਹ ਬਚਪਨ ਵਿਚ ਹੀ ਰੱਖੀ ਜਾਂਦੀ ਹੈ। ਮਾਂ-ਬਾਪ ਔਖੇ ਹਾਲਾਤ ਵਿਚ ਵੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਉਚੇਰੀ ਸਿੱਖਿਆ ਦਿੰਦੇ ਹਨ ਤਾਂ ਜੋ ਉਹ ਭਵਿੱਖ ਵਿਚ ਸਫਲ ਹੋ ਸਕਣ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਫ਼ਰਜ਼ ਆਪਣੇ ਬੁੱਢੇ ਮਾਂ-ਬਾਪ ਦਾ ਸਹਾਰਾ ਬਣਨਾ ਹੁੰਦਾ ਹੈ। ਜਿਵੇਂ ਮਾਂ-ਬਾਪ ਬਚਪਨ ਵਿਚ ਸਾਡਾ ਪਾਲਣ-ਪੋਸ਼ਣ ਕਰਦੇ ਹਨ, ਉਵੇਂ ਹੀ ਬੁਢਾਪੇ ਵਿਚ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਧਰਮ ਹੈ। ਮਾਂ-ਬਾਪ ਨੂੰ ਸਿਰਫ਼ ਰੋਟੀ-ਪਾਣੀ ਦੀ ਹੀ ਲੋੜ ਨਹੀਂ ਹੁੰਦੀ, ਸਗੋਂ ਉਨ੍ਹਾਂ ਨੂੰ ਬੱਚਿਆਂ ਦੇ ਸਮੇਂ ਅਤੇ ਪਿਆਰ ਦੀ ਵੀ ਸਭ ਤੋਂ ਵੱਧ ਲੋੜ ਹੁੰਦੀ ਹੈ। ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖੋ। ਇਹ ਗੱਲਾਂ ਹੌਲੀ-ਹੌਲੀ ਸਮਝ ਆਉਂਦੀਆਂ ਹਨ। ਜਦੋਂ ਉਮਰ ਵਧਦੀ ਹੈ ਤਾਂ ਆਪਣੇ ਮਾਪਿਆਂ ਦਾ ਤਿਆਗ ਬੜੀ ਸ਼ਿੱਦਤ ਨਾਲ ਯਾਦ ਆਉਂਦਾ ਹੈ। ਅੱਜ ਦੇ ਦੌਰ ਵਿਚ ਹਰ ਕੋਈ ਆਪੋ-ਆਪਣੇ ਕੰਮਾਂਕਾਰਾਂ ਵਿਚ ਰੁੱਝਿਆ ਹੋਇਆ ਹੈ। ਸਭ ਲੋਕ ਇਕ-ਦੂਜੇ ਤੋਂ ਜ਼ਿਆਦਾ ਪੈਸਾ ਕਮਾਉਣ ਵਿਚ ਲੱਗੇ ਹੋਏ ਹਨ ਜਿਸ ਦੇ ਮੱਦੇਨਜ਼ਰ ਬੱਚਿਆਂ ਦੇ ਚੰਗੇ ਭਵਿੱਖ ਲਈ ਕਈ ਵਾਰ ਮਾਂ-ਬਾਪ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ ਜਿਸ ਕਾਰਨ ਘਰ ਵਿਚ ਲੜਾਈ-ਝਗੜੇ ਹੋਣ ਲੱਗਦੇ ਹਨ। ਬੱਚੇ ਪਰੇਸ਼ਾਨ ਹੋ ਕੇ ਆਪਣੇ ਕਮਰੇ ਵਿਚ ਮੋਬਾਈਲ ਵਿਚ ਵੜੇ ਰਹਿੰਦੇ ਹਨ ਜਾਂ ਨਸ਼ੇ ਦੇ ਆਦੀ ਹੋ ਜਾਂਦੇ ਹਨ। ਇਹ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਜੇਕਰ ਮਾਂ-ਬਾਪ ਬਿਮਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਬੱਚੇ ਉਨ੍ਹਾਂ ਨੂੰ ਸਮਾਂ ਦੇਣ ਦੀ ਥਾਂ ਉਨ੍ਹਾਂ ਨੂੰ ਆਪਣੇ ’ਤੇ ਬੋਝ ਸਮਝਣ ਲੱਗ ਪੈਂਦੇ ਹਨ। ਬੱਚੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਇਸ ਮੁਕਾਮ ’ਤੇ ਪਹੁੰਚਾਉਣ ਵਾਲੇ ਮਾਪੇ ਹੀ ਹਨ। ਜੇਕਰ ਮਾਂ-ਬਾਪ ਮਿਹਨਤ ਨਾ ਕਰਦੇ ਤਾਂ ਸ਼ਾਇਦ ਅੱਜ ਉਨ੍ਹਾਂ ਨੂੰ ਚੰਗੀ ਨੌਕਰੀ, ਚੰਗਾ ਭਵਿੱਖ ਨਾ ਮਿਲਦਾ। ਜੇ ਅਸੀਂ ਆਪਣੇ ਮਾਪਿਆਂ ਦਾ ਸਤਿਕਾਰ ਅਤੇ ਦੇਖਭਾਲ ਨਹੀਂ ਕਰਦੇ ਤਾਂ ਕੱਲ੍ਹ ਨੂੰ ਸਾਡੇ ਬੱਚੇ ਵੀ ਸਾਡੇ ਨਾਲ ਏਦਾਂ ਦਾ ਹੀ ਵਰਤਾਅ ਕਰਨਗੇ। ਇਸੇ ਨੂੰ ਕਰਮਾਂ ਦਾ ਗੇੜ ਕਹਿੰਦੇ ਹਨ। ਜਿਹੋ ਜਿਹਾ ਬੀਜਦੇ ਹਾਂ, ਉਹੋ ਵੱਢਣਾ ਪੈਂਦਾ ਹੈ। ਇਕ ਗੱਲ ਚੇਤੇ ਆ ਗਈ। ਰਸਤੇ ਵਿਚ ਇਕ ਮਾਤਾ ਸੜਕ ’ਤੇ ਬੈਠੀ ਪਤਾ ਨਹੀਂ ਕੀ ਆਪਣੇ ਥੈਲੇ ਵਿਚ ਪਾਈ ਜਾਂਦੀ ਸੀ ਅਤੇ ਰਸਤੇ ਵਿਚ ਜਾਂਦੇ ਹਰ ਕਿਸੇ ਨੂੰ ਗਾਲ੍ਹਾਂ ਕੱਢ ਰਹੀ ਸੀ। ਕਈ ਲੋਕ ਉਸ ਨੂੰ ਬੁਰਾ-ਭਲਾ ਵੀ ਆਖਦੇ ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਸ ਦੀ ਇਹ ਹਾਲਤ ਕਿਉਂ ਹੋਈ? ਕਿਉਂ ਵਿਚਾਰੀ ਇਸ ਤਰ੍ਹਾਂ ਰੋਡ ’ਤੇ ਭੁੱਖੀ-ਭਾਣੀ ਭਟਕਦੀ ਫਿਰ ਰਹੀ ਹੈ? ਕਿਸੇ ਨੇ ਦੱਸਿਆ ਕਿ ਇਹ ਆਪਣੇ ਸਮੇਂ ਵਿਚ ਬਹੁਤ ਇਮਾਨਦਾਰ ਅਧਿਆਪਕਾ ਸੀ। ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਉਸ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਮਾਨਸਿਕ ਤੌਰ ’ਤੇ ਬਿਮਾਰ ਹੋ ਗਈ। ਜਦੋਂ ਪਿੰਡ ਵਾਲਿਆਂ ਨੇ ਇਸ ਦੇ ਬੱਚਿਆਂ ਨੂੰ ਦੱਸਿਆ ਤਾਂ ਬੱਚੇ ਕਹਿੰਦੇ ਕਿ ਸਾਡੇ ਕੋਲ ਟਾਈਮ ਨਹੀਂ ਆਉਣ ਦਾ ਤਾਂ ਵਿਚਾਰੀ ਉਨ੍ਹਾਂ ਦੀ ਉਡੀਕ ਵਿਚ ਪਾਗਲ ਹੋ ਗਈ ਹੈ। ਕਈ ਵਾਰ ਸੜਕਾਂ ’ਤੇ ਜਦੋਂ ਬਜ਼ੁਰਗ ਮੰਗਤਿਆਂ ਵਾਂਗ ਕਿਸੇ ਤੋਂ ਪੈਸੇ ਜਾਂ ਕੁਝ ਖਾਣ ਲਈ ਮੰਗਦੇ ਹਨ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਹੈ ਕਿ ਪਤਾ ਨਹੀਂ ਇਨ੍ਹਾਂ ਬਜ਼ੁਰਗਾਂ ਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲੀ ਹੈ। ਉਨ੍ਹਾਂ ਦੇ ਬੱਚੇ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਸੜਕਾਂ ’ਤੇ ਰੁਲਣ ਲਈ ਛੱਡ ਦਿੰਦੇ ਹਨ? ਵਿਚਾਰੇ ਸੜਕਾਂ ’ਤੇ ਬੈਠ ਕੇ ਰਾਤਾਂ ਕੱਟਦੇ ਹਨ। ਨਾ ਠੰਢ ਵਿਚ ਉੱਪਰ ਲੈਣ ਲਈ ਕੋਈ ਕੱਪੜਾ ਹੁੰਦਾ ਹੈ ਅਤੇ ਨਾ ਹੀ ਪਹਿਨਣ ਲਈ ਢੰਗ ਦੇ ਲੀੜੇ। ਪਤਾ ਨਹੀਂ ਕਿਹੜਿਆਂ ਕਰਮਾਂ ਦਾ ਗੇੜ ਹੈ ਜੋ ਇਹ ਬੁਜ਼ਰਗ ਸੜਕਾਂ ’ਤੇ ਰੁਲਦੇ ਫਿਰਦੇ ਹਨ। ਕਈ ਪਰਿਵਾਰ ਆਪਣੇ ਮਾਂ-ਬਾਪ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਜਾਂਦੇ ਹਨ। ਉਨ੍ਹਾਂ ਦੀ ਸਾਰ ਨਹੀਂ ਲੈਦੇ। ਏਦਾਂ ਦੇ ਬੱਚਿਆਂ ਦਾ ਖ਼ੁਦ ਦਾ ਬੁਢਾਪਾ ਵੀ ਤ੍ਰਾਸਦੀ ਭਰਪੂਰ ਹੁੰਦਾ ਹੋਵੇਗਾ। ਮਾਪੇ ਆਪਣੇ ਚਾਰ ਬੱਚਿਆਂ ਨੂੰ ਪਾਲ ਸਕਦੇ ਹਨ ਪਰ ਜਦੋਂ ਬੱਚੇ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਚਾਰਾਂ ਨੂੰ ਆਪਣੇ ਮਾਪਿਆਂ ਨੂੰ ਸੰਭਾਲਣਾ ਭਾਰ ਲੱਗਣ ਲੱਗ ਜਾਂਦਾ ਹੈ। ਨਿੱਤ ਹੀ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਜਾਇਦਾਦ ਦੇ ਝਗੜੇ ਕਰਕੇ ਬੱਚਿਆਂ ਨੇ ਆਪਣੇ ਮਾਂ-ਬਾਪ ਦਾ ਕਤਲ ਕਰ ਦਿੱਤਾ ਜਾਂ ਬੁੱਢੇ ਮਾਂ-ਬਾਪ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਗਏ। ਬਜ਼ੁਰਗ ਮਾਂ-ਬਾਪ ਹਰ ਘਰ ਵਿਚ ਬੋਹੜ ਦੀ ਤਰ੍ਹਾਂ ਹੁੰਦੇ ਨੇ ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਇਕ ਸਮਾਂ ਸੀ ਜਦੋਂ ਬਜ਼ੁਰਗਾਂ ਨੂੰ ਘਰਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ ਪਰ ਹੁਣ ਇਸ ਸਵਾਰਥੀ ਯੁੱਗ ’ਚ ਉਨ੍ਹਾਂ ਨੂੰ ਬਸ ਇਕ ਬੋਝ ਸਮਝਿਆ ਜਾਂਦਾ ਹੈ। ਇਹ ਸਾਡੇ ਸਮਾਜ ਦਾ ਇਕ ਭੈੜਾ ਸੱਚ ਹੈ। ਬੇਸ਼ੱਕ ਲੱਖ ਤਰੱਕੀਆਂ ਕਰ ਲਓ ਪਰ ਇਸ ਦੇ ਨਾਲ-ਨਾਲ ਬਜ਼ੁਰਗ ਮਾਪਿਆਂ ਨੂੰ ਵੀ ਸਮਾਂ ਦੇਣਾ ਜ਼ਰੂਰੀ ਹੈ। ਕਿਸੇ ਨੇ ਸੱਚ ਕਿਹਾ ਹੈ ਕਿ ਬਜ਼ੁਰਗ ਮਾਪੇ ਘਰ ਦਾ ਜਿੰਦਰਾ ਹੁੰਦੇ ਹਨ। ਮਾਂ-ਬਾਪ ਨੂੰ ਬੱਚਿਆਂ ਤੋਂ ਕੁਝ ਨਹੀਂ ਚਾਹੀਦਾ। ਉਹ ਸਿਰਫ਼ ਇਹੀ ਮੰਗਦੇ ਹਨ ਕਿ ਉਨ੍ਹਾਂ ਦੇ ਬੱਚੇ ਬੁਢਾਪੇ ਸਮੇਂ ਉਨ੍ਹਾਂ ਦੇ ਨਾਲ ਰਹਿਣ, ਉਨ੍ਹਾਂ ਨੂੰ ਸਮਾਂ ਦੇਣ। ਇਸ ਲਈ ਮਾਂ-ਬਾਪ ਲਈ ਵੀ ਸਮਾਂ ਜ਼ਰੂਰ ਕੱਢੋ, ਉਨ੍ਹਾਂ ਨਾਲ ਘਰ ਵਿਚ ਸਮਾਂ ਬਤੀਤ ਕਰੋ, ਉਨ੍ਹਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰੋ ਤਾਂ ਪਰਮਾਤਮਾ ਤੁਹਾਨੂੰ ਆਪੇ ਹੀ ਤਰੱਕੀਆਂ ਬਖ਼ਸ਼ੇਗਾ।
ਮਾਂ-ਬਾਪ ਦੀ ਸੇਵਾ ਹੀ ਪਰਮਾਤਮਾ ਦੀ ਪੂਜਾ ਹੈ। ਜਿਹੜੇ ਲੋਕ ਆਪਣੇ ਮਾਂ-ਬਾਪ ਦਾ ਦਿਲ ਦੁਖਾਉਂਦੇ ਹਨ, ਉਹ ਕਦੇ ਵੀ ਜ਼ਿੰਦਗੀ ਵਿਚ ਅਸਲ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ। ਸਾਨੂੰ ਹਮੇਸ਼ਾ ਆਪਣੇ ਮਾਪਿਆਂ ਦੀਆਂ ਖ਼ੁਸ਼ੀਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਜਦ ਮਾਤਾ-ਪਿਤਾ ਸਾਨੂੰ ਬੜੀਆਂ ਮੁਸ਼ਕਲਾਂ ਸਹਿ ਕੇ ਪਾਲਦੇ ਹਨ ਤੇ ਸਾਡੀ ਹਰ ਖ਼ੁਸ਼ੀ ਦਾ ਧਿਆਨ ਰੱਖਦੇ ਹਨ ਤਾਂ ਫਿਰ ਅਸੀਂ ਕਿਉਂ ਨਾ ਉਨ੍ਹਾਂ ਨੂੰ ਖ਼ੁਸ਼ ਰੱਖੀਏ। ਚੇਤੇ ਰੱਖੋ, ਔਲਾਦ ਕਦੇ ਵੀ ਮਾਪਿਆਂ ਦਾ ਦੇਣਾ ਨਹੀਂ ਦੇ ਸਕਦੀ।
-ਮੋਬਾਈਲ : 98728-00635