ਪਾਕਿਸਤਾਨ ਨੂੰ ਸ਼ਾਇਦ ਇਸ ਵੇਲੇ ਲੱਗ ਰਿਹਾ ਹੈ ਕਿ ਉਸ ਨੇ ਅਫ਼ਗਾਨਿਸਤਾਨ ’ਚ ਅਮਰੀਕਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ ਹੈ। ਦਰਅਸਲ, ਇਸ ਵੇਲੇ ਗੁਆਂਢੀ ਮੁਲਕ ਦੀ ਸਿਆਸੀ ਤੇ ਆਰਥਿਕ ਹਾਲਤ ਬਹੁਤ ਜ਼ਿਆਦਾ ਗੁੰਝਲਦਾਰ ਹੋ ਚੁੱਕੀ ਹੈ। ਬਲੋਚਿਸਤਾਨ ਦਾ ਮੁੱਦਾ ਵੀ ਉਸ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ।

ਡੋਨਾਲਡ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਹੀ ਅਮਰੀਕਾ ਦੇ ਹੋਰ ਮੁਲਕਾਂ ਨਾਲ ਸਬੰਧ ਬਹੁਤੇ ਸੁਖਾਵੇਂ ਨਹੀਂ ਹਨ। ਟਰੰਪ ਨੇ ਆਪਣੀਆਂ ਨਵੀਆਂ ਟੈਰਿਫ ਤੇ ਵੀਜ਼ਾ ਨੀਤੀਆਂ ਕਾਰਨ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਦਬਾਅ ਝੱਲਣ ਵਾਲਿਆਂ ’ਚ ਭਾਰਤ ਵੀ ਹੈ।
ਹਾਲਾਂਕਿ ਪੀਐੱਮ ਮੋਦੀ ਜ਼ਰੂਰ ਟਰੰਪ ਨੂੰ ਆਪਣਾ ‘ਪੱਕਾ ਦੋਸਤ’ ਕਹਿੰਦੇ ਆ ਰਹੇ ਹਨ। ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਨੇ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ‘ਟਾਇਲਟ ਪੇਪਰ’ ਵਾਂਗ ਵਰਤ ਕੇ ਸੁੱਟ ਦਿੱਤਾ ਹੈ। ਇਸ ਬਿਆਨ ਤੋਂ ਇੰਜ ਲੱਗ ਰਿਹਾ ਹੈ ਜਿਵੇਂ ਪਾਕਿਸਤਾਨ ਨੂੰ ਲੰਘੇ ਸਮੇਂ ’ਚ ਅਮਰੀਕਾ ਨਾਲ ਨਿਭਾਏ ਮਿੱਤਰਚਾਰੇ ਤੇ ਕੀਤੀਆਂ ਗ਼ਲਤੀਆਂ ਨੂੰ ਲੈ ਕੇ ਪਛਤਾਵਾ ਹੈ।
ਪਾਕਿਸਤਾਨ ਨੂੰ ਸ਼ਾਇਦ ਇਸ ਵੇਲੇ ਲੱਗ ਰਿਹਾ ਹੈ ਕਿ ਉਸ ਨੇ ਅਫ਼ਗਾਨਿਸਤਾਨ ’ਚ ਅਮਰੀਕਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ ਹੈ। ਦਰਅਸਲ, ਇਸ ਵੇਲੇ ਗੁਆਂਢੀ ਮੁਲਕ ਦੀ ਸਿਆਸੀ ਤੇ ਆਰਥਿਕ ਹਾਲਤ ਬਹੁਤ ਜ਼ਿਆਦਾ ਗੁੰਝਲਦਾਰ ਹੋ ਚੁੱਕੀ ਹੈ। ਬਲੋਚਿਸਤਾਨ ਦਾ ਮੁੱਦਾ ਵੀ ਉਸ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ। ਅੱਤਵਾਦ ਨੂੰ ਸ਼ਹਿ ਦੇਣ ਵਾਲਾ ਅਤੇ ਖ਼ਾਸ ਤੌਰ ’ਤੇ ਭਾਰਤ ਨਾਲ ਕਿਸੇ ਨਾ ਕਿਸੇ ਤਰੀਕੇ ਆਢਾ ਲਾ ਕੇ ਰੱਖਣ ਵਾਲਾ ਇਹ ਮੁਲਕ ਵੱਡੇ ਕਰਜ਼ਿਆਂ ਦੇ ਭਾਰ ਹੇਠਾਂ ਦੱਬ ਚੁੱਕਾ ਹੈ। ਹਾਲਾਂਕਿ ਉਹ ਇਸ ਗੱਲ ਤੋਂ ਇਨਕਾਰੀ ਹੈ ਕਿ ਉਸ ਨੇ ਧਾਰਮਿਕ ਕੱਟੜਤਾ ਕਰਕੇ ਅਮਰੀਕਾ ਦਾ ਅਫ਼ਗਾਨਿਸਤਾਨ ’ਚ ਸਾਥ ਦਿੱਤਾ ਸੀ।
ਉਸ ਦੇ ਰੱਖਿਆ ਮੰਤਰੀ ਮੰਨ ਰਹੇ ਹਨ ਕਿ ਇਸ ਵੇਲੇ ਉਨ੍ਹਾਂ ਨੂੰ ਇਕ ਮਹਾਸ਼ਕਤੀ ਨੂੰ ਖ਼ੁਸ਼ ਕਰਨ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਦਰਅਸਲ, ਅਫ਼ਗਾਨਿਸਤਾਨ ’ਚ 2001 ਤੋਂ 2021 ਤੱਕ ਅਮਰੀਕਾ ਨੇ ਲੰਬੀ ਫ਼ੌਜੀ ਮੁਹਿੰਮ ਵਿੱਢ ਰੱਖੀ ਸੀ। ਇਹ 9/11 ਦੇ ਹਮਲਿਆਂ ਤੋਂ ਬਾਅਦ ਅਲਕਾਇਦਾ ਨੂੰ ਖ਼ਤਮ ਕਰਨ ਅਤੇ ਤਾਲਿਬਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਛੇੜੀ ਗਈ ਸੀ। ਉਸ ਵੇਲੇ ਹਾਲਾਂਕਿ ਪਾਕਿਸਤਾਨ ਦਾ ਅਮਰੀਕਾ ਨੂੰ ਸਾਥ ਦੇਣਾ ਮਜਬੂਰੀ ਸੀ ਕਿਉਂਕਿ ਅਮਰੀਕਾ ਨੇ ਸਪਸ਼ਟ ਕਿਹਾ ਸੀ ਕਿ ਜਾਂ ਅੱਤਵਾਦ ਦੇ ਮੁੱਦੇ ’ਤੇ ਸਾਥ ਦਿਉ ਤੇ ਜਾਂ ਨਤੀਜੇ ਭੁਗਤੋ। ਉਸ ਵੇਲੇ ਪਾਕਿਸਤਾਨ ਨੂੰ ਅਮਰੀਕਾ ਤੋਂ ਮੋਟੀ ਰਕਮ ਸਹਾਇਤਾ ਵਜੋਂ ਮਿਲੀ ਸੀ ਪਰ ਇਸ ਵੇਲੇ ਹਾਲਾਤ ਬਦਲ ਚੁੱਕੇ ਹਨ।
ਅਮਰੀਕਾ ਦਾ ਇਤਿਹਾਸ ਰਿਹਾ ਹੈ ਕਿ ਉਹ ਪਹਿਲਾਂ ਆਪਣੇ ਫ਼ਾਇਦੇ ਲਈ ਤਾਕਤਾਂ ਖੜ੍ਹੀਆਂ ਕਰਦਾ ਹੈ ਤੇ ਫਿਰ ਵਰਤ ਕੇ ਆਪ ਹੀ ਉਨ੍ਹਾਂ ਨੂੰ ਨਸ਼ਟ ਕਰਦਾ ਹੈ। ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧ ਇਤਿਹਾਸਕ ਤੌਰ ’ਤੇ ਵੀ ਗੁੰਝਲਦਾਰ ਹਨ। ਉਹ ਭਾਰਤ ਅਤੇ ਪਾਕਿਸਤਾਨ ਨਾਲ ਆਪਣੇ ਸਬੰਧਾਂ ਬਾਰੇ ਅਕਸਰ ‘ਮਿੱਠੀ ਗੋਲ਼ੀ’ ਵਰਗੇ ਬਿਆਨ ਦਿੰਦਾ ਹੈ। ਹਾਲ ਹੀ ’ਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਭਾਰਤ ਤੇ ਪਾਕਿਸਤਾਨ, ਦੋਵਾਂ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ‘ਚੰਗੇ’ ਦੱਸਿਆ ਹੈ।
ਪਹਿਲਗਾਮ ਦੀ ਅੱਤਵਾਦੀ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਸ਼ੁਰੂ ਹੋਈ ਜੰਗ ਨੂੰ ਖ਼ਤਮ ਕਰਵਾਉਣ ਦਾ ਦਾਅਵਾ ਟਰੰਪ ਲਗਾਤਾਰ ਕਰਦੇ ਆ ਰਹੇ ਹਨ। ਦੂਜੇ ਪਾਸੇ ਪਾਕਿ ਦੇ ਸਿਆਸੀ ਅਤੇ ਸੁਰੱਖਿਆ ਢਾਂਚੇ ’ਚ ਅਮਰੀਕੀ ਦਖ਼ਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਚੀਨ ਪਿਛਲੇ ਦਿਨੀਂ ਅਮਰੀਕਾ ਦਾ ਨਾਂ ਲਏ ਬਗ਼ੈਰ ਇਹ ਕਹਿ ਚੁੱਕਾ ਹੈ ਕਿ ਕਿਸੇ ਇਕ ਮੁਲਕ ਨੂੰ ਸਾਰੀ ਦੁਨੀਆ ਦਾ ‘ਜੱਜ’ ਨਹੀਂ ਬਣਨ ਦਿੱਤਾ ਜਾ ਸਕਦਾ ਹੈ।
ਹੁਣ ਜੇਕਰ ਪਾਕਿਸਤਾਨ ਆਪਣੀਆਂ ਭੁੱਲਾਂ ਮੰਨਣ ਦੇ ਰਾਹ ’ਤੇ ਆ ਰਿਹਾ ਹੈ ਤਾਂ ਉਸ ਨੂੰ ਆਪਣੀ ਆਰਥਿਕ ਸਥਿਤੀ ਦਾ ਜ਼ਰੂਰ ਖ਼ਿਆਲ ਰੱਖ ਲੈਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਧਾਰਮਿਕ ਕੱਟੜਤਾ, ਅੱਤਵਾਦ ਦੇ ਮੋਢੇ ’ਤੇ ਬੰਦੂਕ ਧਰ ਕੇ ਅਤੇ ਵੱਡੇ ਰੁੱਖਾਂ ਦੀ ਛਾਂ ਹੇਠ ਕੇ ਬਹਿ ਕੇ ਵਧਣ-ਫੁੱਲਣ ਦੀ ਆਸ ਨਹੀਂ ਕੀਤੀ ਜਾ ਸਕਦੀ।