- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਿਧਾਨ ਦੀ ਤਾਕਤ ਨਾਲ ਆਮ ਮਨੁੱਖ ਨੂੰ ਸਮਰੱਥ ਬਣਾਉਣ ਦੀਆਂ ਅਜਿਹੀਆਂ ਹੋਰ ਵੀ ਕਈ ਮਿਸਾਲਾਂ ਹਨ। ਸਾਡੀ ਸਰਕਾਰ ਵੱਲੋਂ ਕੀਤੀਆਂ ਗਈਆਂ ਸੰਵਿਧਾਨਕ ਸੋਧਾਂ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ। 101ਵੀਂ ਸੰਵਿਧਾਨਕ ਸੋਧ ਨਾਲ ਜੀਐੱਸਟੀ ਵਰਗੇ ਵੱਡੇ ਸੁਧਾਰ ਦਾ ਰਾਹ ਖੁੱਲ੍ਹਿਆ, ਜਿਸ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।

26 ਨਵੰਬਰ 1949 ਨੂੰ ਅੱਜ ਦੇ ਹੀ ਦਿਨ ਸੰਵਿਧਾਨ ਸਭਾ ਨੇ ਸਾਡਾ ਸੰਵਿਧਾਨ ਅਪਣਾਇਆ ਸੀ। ਅੱਜ ਅਸੀਂ ਡਾ. ਰਾਜਿੰਦਰ ਪ੍ਰਸਾਦ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਤੇ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਮਹਾਨਤਾ ਇਸ ਗੱਲ ਵਿਚ ਸੀ ਕਿ ਉਨ੍ਹਾਂ ਨੇ ਆਧੁਨਿਕ ਸੰਵਿਧਾਨ ਦੀ ਸਿਰਜਣਾ ਕਰਦਿਆਂ ਭਾਰਤ ਦੀਆਂ ਅਮੀਰ ਰਵਾਇਤਾਂ ਅਤੇ ਸਾਡੀ ਸੱਭਿਅਤਾ ਦੇ ਤਜਰਬਿਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ।
ਭਾਰਤ ਵਰਗੇ ਵੰਨ-ਸੁਵੰਨਤਾ ਭਰੇ ਦੇਸ਼ ਵਿਚ, ਜਿੱਥੇ ਕਈ ਧਰਮ, ਬੋਲੀਆਂ, ਰੀਤੀ-ਰਿਵਾਜ ਅਤੇ ਵਿਚਾਰਧਾਰਾਵਾਂ ਮੌਜੂਦ ਹਨ, ਉੱਥੇ ਇਹ ਬਹੁਤ ਜ਼ਰੂਰੀ ਹੈ ਕਿ ਸੰਵਿਧਾਨ ਦੀ ਗੂੰਜ ਸੰਸਦ ਤੇ ਅਦਾਲਤਾਂ ਦੀਆਂ ਚਾਰਦੀਵਾਰੀਆਂ ਤੋਂ ਕਿਤੇ ਅੱਗੇ ਤੱਕ ਪਹੁੰਚੇ। ਸਾਡੀ ਕੋਸ਼ਿਸ਼ ਰਹੀ ਹੈ ਕਿ ਸੰਵਿਧਾਨ ਨਾਲ ਆਮ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨਾਲ ਸਾਂਝ ਮਜ਼ਬੂਤ ਹੋਵੇ। ਇਸ ਨਾਲ ਕੌਮੀ ਏਕਤਾ ਦੀ ਉਹ ਭਾਵਨਾ ਹੋਰ ਪੱਕੀ ਹੋਵੇਗੀ, ਜੋ ਭਾਰਤ ਦੇ ਰੋਸ਼ਨ ਭਵਿੱਖ ਲਈ ਬੇਹੱਦ ਜ਼ਰੂਰੀ ਹੈ। ਇਸੇ ਸੋਚ ਨਾਲ ਇਕ ਦਹਾਕਾ ਪਹਿਲਾਂ ਸਾਡੀ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਸੀ।
ਸਾਡਾ ਸੰਵਿਧਾਨ ਮੇਰੇ ਸਮੇਤ ਕਰੋੜਾਂ ਭਾਰਤੀਆਂ ਦੇ ਜੀਵਨ-ਸਫ਼ਰ ਦਾ ਅਨਿੱਖੜਵਾਂ ਅੰਗ ਹੈ। ਜਦੋਂ ਵੀ ਮੈਂ ਆਪਣੇ ਬਚਪਨ ਦੇ ਸਾਧਾਰਨ ਹਾਲਾਤ ਅਤੇ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਚੇਤੇ ਕਰਦਾ ਹਾਂ ਤਾਂ ਸੰਵਿਧਾਨ ਪ੍ਰਤੀ ਮੇਰਾ ਹਿਰਦਾ ਅਥਾਹ ਸ਼ੁਕਰਾਨੇ ਨਾਲ ਭਰ ਜਾਂਦਾ ਹੈ। ਸਾਧਾਰਨ ਪਰਿਵਾਰ ਵਿਚ ਜਨਮ ਲੈਣ ਵਾਲਾ ਬੱਚਾ, ਜਿਸ ਨੂੰ ਵਿਰਾਸਤ ਵਿਚ ਕੋਈ ਵਿਸ਼ੇਸ਼ ਅਧਿਕਾਰ ਜਾਂ ਸਹੂਲਤ ਨਹੀਂ ਮਿਲੀ, ਇਕ ਦਿਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੇਵਾ ਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ। ਇਹ ਸਾਡੇ ਸੰਵਿਧਾਨ ਦੀ ਅਸਾਧਾਰਨ ਤਾਕਤ ਦਾ ਸਬੂਤ ਹੈ। ਇਹ ਸਾਡੇ ਸੰਵਿਧਾਨ ਦੀ ਹੀ ਦੇਣ ਹੈ ਕਿ ਅੱਜ ਕਿਸੇ ਵਿਅਕਤੀ ਦੇ ਜਨਮ ਸਮੇਂ ਦੇ ਹਾਲਾਤ ਉਸ ਦੇ ਭਵਿੱਖ ਦੀਆਂ ਹੱਦਾਂ ਤੈਅ ਨਹੀਂ ਕਰਦੇ। ਅਸੀਂ ਆਪਣੀਆਂ ਨਿਮਾਣੀਆਂ ਕੋਸ਼ਿਸ਼ਾਂ ਰਾਹੀਂ ਸੰਵਿਧਾਨ ਹੋਰ ਮਜ਼ਬੂਤ ਬਣਾ ਕੇ ਇਸ ਸ਼ੁਕਰਾਨੇ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਉੱਘੇ ਸੰਵਿਧਾਨਕ ਮਾਹਿਰ ਗ੍ਰੈਨਵਿਲ ਆਸਟਿਨ ਨੇ ਸਾਡੇ ਸੰਵਿਧਾਨ ਨੂੰ ‘ਸਭ ਤੋਂ ਪਹਿਲਾ ਅਤੇ ਸਭ ਤੋਂ ਅਹਿਮ ਸਮਾਜਿਕ ਦਸਤਾਵੇਜ਼’ (first and foremost a social document) ਦੱਸਿਆ ਸੀ। ਸਮਾਜਿਕ ਤੇ ਆਰਥਿਕ ਨਿਆਂ ਦੀ ਭਾਵਨਾ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਵਿਚ ਸਮਾਈ ਹੋਈ ਹੈ। ਅਜਿਹੇ ਵਿਚ ਸੰਵਿਧਾਨ ਦੇ ਨਿਰਮਾਤਾਵਾਂ ਦੇ ਇਸ ਅਨਮੋਲ ਸੁਪਨੇ ਨੂੰ ਸਾਕਾਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਵੱਧ ਤਸੱਲੀਬਖ਼ਸ਼ ਹੋਰ ਕੀ ਹੋ ਸਕਦਾ ਹੈ?
ਵਿਸ਼ਵ ਬੈਂਕ ਦੀ ਹਾਲ ਹੀ ਵਿਚ ਆਈ ਇਕ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਕਰੀਬ 50 ਕਰੋੜ ਲੋਕ ਅਤਿ ਦੀ ਗ਼ਰੀਬੀ ਵਿੱਚੋਂ ਬਾਹਰ ਆਏ ਹਨ। ਪੀੜ੍ਹੀਆਂ ਤੋਂ ਚੱਲੀ ਆ ਰਹੀ ਤੰਗੀ ਅਤੇ ਥੁੜ੍ਹ ਤੋਂ ਖਹਿੜਾ ਛੁਡਾ ਕੇ ਅੱਜ ਕਰੋੜਾਂ ਮਾਪੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੇ ਸੁਪਨੇ ਦੇਖ ਸਕਦੇ ਹਨ।
ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਕਿਸੇ ਪਰਿਵਾਰ ਨੂੰ ਝੁੱਗੀ-ਝੌਂਪੜੀ ਵਿੱਚੋਂ ਨਿਕਲ ਕੇ ਪੱਕੇ ਮਕਾਨ ਵਿਚ ਗ੍ਰਹਿ ਪ੍ਰਵੇਸ਼ ਕਰਨ ਦਾ ਮੌਕਾ ਮਿਲਦਾ ਹੈ ਤਾਂ ਇੱਜ਼ਤ-ਮਾਣ ਨਾਲ ਜੀਵਨ ਜਿਊਣ ਦਾ ਸੰਵਿਧਾਨਕ ਸੰਕਲਪ ਸਹੀ ਮਾਅਨਿਆਂ ਵਿਚ ਸਾਕਾਰ ਹੁੰਦਾ ਹੈ।
ਜਦੋਂ ਉਜਵਲਾ ਯੋਜਨਾ ਕਿਸੇ ਮਾਂ ਨੂੰ ਧੂੰਏਂ ਨਾਲ ਭਰੇ ਰਸੋਈਘਰ ਦੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਤਾਂ ਅਸੀਂ ਬਰਾਬਰੀ ਅਤੇ ਲੋਕ-ਭਲਾਈ ਦੇ ਆਦਰਸ਼ਾਂ ਨੂੰ ਅੱਗੇ ਤੋਰਦੇ ਹਾਂ। ਜਦੋਂ ਆਯੁਸ਼ਮਾਨ ਭਾਰਤ ਯੋਜਨਾ ਸਦਕਾ ਕਿਸੇ ਗ਼ਰੀਬ ਪਰਿਵਾਰ ਨੂੰ ਕਰਜ਼ੇ ਦੀ ਚਿੰਤਾ ਕੀਤੇ ਬਿਨਾਂ ਚੰਗਾ ਇਲਾਜ ਮਿਲਦਾ ਹੈ ਤਾਂ ਉਸ ਦੇ ਜੀਵਨ ਵਿਚ ਸਮਾਜਿਕ ਨਿਆਂ ਦਾ ਸੰਕਲਪ ਸਾਕਾਰ ਹੁੰਦਾ ਹੈ।
ਜਦੋਂ ਮੁਦਰਾ ਯੋਜਨਾ ਅਤੇ ਪੀਐੱਮ ਸਵਨਿਧੀ ਯੋਜਨਾ ਤਹਿਤ ਛੋਟੇ ਕਾਰੋਬਾਰੀਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਰਜ਼ਾ ਮਿਲਦਾ ਹੈ ਤਾਂ ਆਰਥਿਕ ਨਿਆਂ ਦੀ ਸੰਵਿਧਾਨਕ ਭਾਵਨਾ ਅਮਲੀ ਰੂਪ ਧਾਰਦੀ ਹੈ। ਜਦੋਂ ਹਰ ਨਾਗਰਿਕ ਦੀ ਪਹੁੰਚ ਡਿਜੀਟਲ ਤਕਨਾਲੋਜੀ, ਰੁਪੇ ਕਾਰਡ ਅਤੇ ਯੂਪੀਆਈ ਵਰਗੇ ਮੰਚਾਂ ਤੱਕ ਹੁੰਦੀ ਹੈ ਤਾਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਸੰਵਿਧਾਨਕ ਆਦਰਸ਼ ਸਾਕਾਰ ਹੁੰਦਾ ਹੈ। ਪਹਿਲਾਂ ਇਹ ਸਹੂਲਤਾਂ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਤੱਕ ਹੀ ਸੀਮਤ ਕਰ ਦਿੱਤੀਆਂ ਗਈਆਂ ਸਨ।
ਸੰਵਿਧਾਨ ਦੀ ਤਾਕਤ ਨਾਲ ਆਮ ਮਨੁੱਖ ਨੂੰ ਸਮਰੱਥ ਬਣਾਉਣ ਦੀਆਂ ਅਜਿਹੀਆਂ ਹੋਰ ਵੀ ਕਈ ਮਿਸਾਲਾਂ ਹਨ। ਸਾਡੀ ਸਰਕਾਰ ਵੱਲੋਂ ਕੀਤੀਆਂ ਗਈਆਂ ਸੰਵਿਧਾਨਕ ਸੋਧਾਂ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ। 101ਵੀਂ ਸੰਵਿਧਾਨਕ ਸੋਧ ਨਾਲ ਜੀਐੱਸਟੀ ਵਰਗੇ ਵੱਡੇ ਸੁਧਾਰ ਦਾ ਰਾਹ ਖੁੱਲ੍ਹਿਆ, ਜਿਸ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। 102ਵੀਂ ਸੰਵਿਧਾਨਕ ਸੋਧ ਰਾਹੀਂ ਕੌਮੀ ਪੱਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਮਿਲਿਆ। ਇਸ ਨਾਲ ਸਮਾਜ ਦੇ ਲਤਾੜੇ ਵਰਗਾਂ ਦਾ ਵਰ੍ਹਿਆਂ ਪੁਰਾਣਾ ਸੁਪਨਾ ਪੂਰਾ ਹੋਇਆ।
ਸਾਡੀ ਸਰਕਾਰ ਵੱਲੋਂ ਕੀਤੀ ਗਈ 103ਵੀਂ ਸੰਵਿਧਾਨਕ ਸੋਧ ਨੂੰ ਵਿਆਪਕ ਸਮਾਜਿਕ ਸਵੀਕਾਰਤਾ ਮਿਲੀ। ਇਸ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਲਈ 10 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ। ਇਸ ਦਾ ਲਾਭ ਉਨ੍ਹਾਂ ਭਾਈਚਾਰਿਆਂ ਨੂੰ ਮਿਲਿਆ, ਜੋ ਲੰਬੇ ਸਮੇਂ ਤੋਂ ਰਾਖਵਾਂਕਰਨ ਦੇ ਘੇਰੇ ਤੋਂ ਬਾਹਰ ਸਨ। ਆਰਥਿਕ ਤੌਰ ’ਤੇ ਪੱਛੜੇ ਪਰਿਵਾਰਾਂ ਦੀਆਂ ਆਸਾਂ-ਉਮੀਦਾਂ ਪੂਰੀਆਂ ਕਰਨ ਵੱਲ ਇਹ ਅਹਿਮ ਕਦਮ ਸੀ।
1950 ਤੋਂ ਬਾਅਦ ਪਹਿਲੀ ਵਾਰ ਅੱਜ ਸਾਡੇ ਸੰਵਿਧਾਨ ਦਾ ਸੋਧਿਆ ਗਿਆ ਰੂਪ ਅੱਠਵੀਂ ਅਨੁਸੂਚੀ ਵਿਚ ਸ਼ਾਮਲ ਸਾਰੀਆਂ 22 ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਨਾਲ ਸਾਡਾ ਸੰਵਿਧਾਨ ਆਮ ਲੋਕਾਂ ਦੇ ਹੋਰ ਨੇੜੇ ਆਇਆ ਹੈ। 1950 ਵਿਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੀ ਸਾਡੇ ਦੇਸ਼ ਵਿਚ 1860 ਦੇ ਦਹਾਕੇ ਵਿਚ, ਗ਼ੁਲਾਮੀ ਦੇ ਦੌਰ ਦੌਰਾਨ ਬਣਾਈ ਗਈ ਦੰਡ ਸੰਹਿਤਾ ਹੀ ਲਾਗੂ ਰਹੀ। ਭਾਰਤੀ ਨਿਆਂ ਸੰਹਿਤਾ ਰਾਹੀਂ ਅਸੀਂ ਆਪਣੀ ਫ਼ੌਜਦਾਰੀ ਨਿਆਂ ਪ੍ਰਣਾਲੀ ਵਿਚ ਬੁਨਿਆਦੀ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਗ਼ੁਲਾਮੀ ਦੇ ਦੌਰ ਦੀ ਵਿਵਸਥਾ ਵਿਚ ਸਜ਼ਾ ਦੇਣ ’ਤੇ ਜ਼ੋਰ ਸੀ, ਜਦਕਿ ਭਾਰਤੀ ਨਿਆਂ ਸੰਹਿਤਾ ਦਾ ਜ਼ੋਰ ਨਾਗਰਿਕ-ਕੇਂਦਰਿਤ ਵਿਵਸਥਾ ਅਤੇ ਨਿਆਂ ’ਤੇ ਹੈ। ਪਿਛਲੇ ਦਹਾਕੇ ਦੌਰਾਨ ਅਸੀਂ ਨਾਗਰਿਕਾਂ ਦੇ ਫ਼ਰਜ਼ਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਸਾਡੀ ਸੱਭਿਅਤਾ ਵਿਚ ਸਮਾਜ ਦੇ ਹਰ ਜੀਅ ਨੂੰ ਉਸ ਦੀ ਭੂਮਿਕਾ ਨਾਲ ਜੁੜੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਦੀ ਰਵਾਇਤ ਰਹੀ ਹੈ। ਸਵੱਛ ਭਾਰਤ ਤੋਂ ਲੈ ਕੇ ਜਲ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਤੱਕ, ਲੋਕਾਂ ਦੀ ਸ਼ਮੂਲੀਅਤ ਵਾਲੀਆਂ ਕਈ ਮੁਹਿੰਮਾਂ ਵਿਚ ਸਾਨੂੰ ਇਸੇ ਫ਼ਰਜ਼ ਦੀ ਭਾਵਨਾ ਦੇਖਣ ਨੂੰ ਮਿਲੀ ਹੈ।
ਇੱਥੇ ਮੈਂ ਦੇਸ਼ ਵਾਸੀਆਂ ਨਾਲ ਇਕ ਹੋਰ ਸੱਚਾਈ ਸਾਂਝੀ ਕਰਨੀ ਚਾਹੁੰਦਾ ਹਾਂ। ਸਾਡੇ ਇਤਿਹਾਸ ਵਿਚ ਅਜਿਹੇ ਮੌਕੇ ਵੀ ਆਏ ਹਨ, ਜਦੋਂ ਉਨ੍ਹਾਂ ਲੋਕਾਂ ਨੇ ਹੀ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਰਾਹ ਚੁਣਿਆ, ਜਿਨ੍ਹਾਂ ’ਤੇ ਇਸ ਦੀ ਰਾਖੀ ਦੀ ਜ਼ਿੰਮੇਵਾਰੀ ਸੀ। ਤ੍ਰਾਸਦੀ ਦੇਖੋ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੂੰ ਪੰਜ ਦਹਾਕਿਆਂ ਤੱਕ ਦੇਸ਼ ਦੀ ਵਾਗਡੋਰ ਸੰਭਾਲਣ ਦਾ ਮੌਕਾ ਮਿਲਿਆ।
ਇਸ ਸਾਲ, 1951 ਵਿਚ ਹੋਈ ਪਹਿਲੀ ਸੰਵਿਧਾਨਕ ਸੋਧ ਦੇ 75 ਸਾਲ ਪੂਰੇ ਹੋ ਚੁੱਕੇ ਹਨ। ਉਸ ਵੇਲੇ ਦੇਸ਼ ਵਿਚ ਅਜਿਹੀ ਸਰਕਾਰ ਸੀ, ਜਿਸ ਨੂੰ ਲੋਕਾਂ ਨੇ ਚੁਣ ਕੇ ਨਹੀਂ ਭੇਜਿਆ ਸੀ। ਉਸ ਸਰਕਾਰ ਨੇ ਅੰਤਰਿਮ ਸੰਸਦ ਵਿਚ ਆਪਣੇ ਬਹੁਮਤ ਦੀ ਵਰਤੋਂ ਕਰਦਿਆਂ ਨਾਗਰਿਕਾਂ ਦੀਆਂ ਬੁਨਿਆਦੀ ਆਜ਼ਾਦੀਆਂ ਖੋਹ ਲਈਆਂ ਸਨ। ਇਹ ਸੋਧ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਕੀਤੀ ਗਈ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਦਾ ਮਕਸਦ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਅਤੇ ਲੋਕਾਂ ਦੀ ਵਿਰੋਧੀ ਸੁਰ ਨੂੰ ਦਬਾਉਣਾ ਸੀ।
ਇਸੇ ਤਰ੍ਹਾਂ ਐਮਰਜੈਂਸੀ ਦੌਰਾਨ ਕੀਤੀ ਗਈ 42ਵੀਂ ਸੰਵਿਧਾਨਕ ਸੋਧ ਦੇ ਵੀ 50 ਸਾਲ ਪੂਰੇ ਹੋ ਰਹੇ ਹਨ। ਇਸ ਸੋਧ ਨੇ ਨਿਆਇਕ ਸਮੀਖਿਆ ਕਰਨ ਦੀ ਤਾਕਤ ਨੂੰ ਸੀਮਤ ਕਰ ਦਿੱਤਾ ਤੇ ਦੇਸ਼ ਦੀਆਂ ਸੰਸਥਾਵਾਂ ਦਰਮਿਆਨ ਤਾਕਤਾਂ ਦੇ ਤਵਾਜ਼ਨ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੱਤਾ। ਮੈਂ ਨੌਜਵਾਨਾਂ ਨੂੰ ਇਹ ਵੀ ਅਪੀਲ ਕਰਾਂਗਾ ਕਿ ਉਹ 38ਵੀਂ ਤੇ 39ਵੀਂ ਸੰਵਿਧਾਨਕ ਸੋਧਾਂ ਦਾ ਵੀ ਅਧਿਐਨ ਕਰਨ। ਇਸ ਨਾਲ ਉਹ ਸਮਝ ਸਕਣਗੇ ਕਿ ਸੱਤਾ ਦੀ ਲਾਲਸਾ ਰੱਖਣ ਵਾਲੀ ਅਤੇ ਸੰਵਿਧਾਨ ਵਿਰੋਧੀ ਸੋਚ ਵਾਲੀ ਸਰਕਾਰ ਕਿਸ ਹੱਦ ਤੱਕ ਜਾ ਸਕਦੀ ਹੈ।
ਚੁਣੀਆਂ ਹੋਈਆਂ ਸੂਬਾ ਸਰਕਾਰਾਂ ਨੂੰ ਬਰਖ਼ਾਸਤ ਕਰਨ ਲਈ ਧਾਰਾ 356 ਦੀ ਵਾਰ-ਵਾਰ ਦੁਰਵਰਤੋਂ ਕਰਨਾ ਵੀ ਸਾਡੇ ਇਤਿਹਾਸ ਦਾ ਚਿੰਤਾਜਨਕ ਅਧਿਆਇ ਹੈ। ਇਕ ਸਿਆਸੀ ਪਾਰਟੀ ਦੇ ਨਾਂ ’ਤੇ ਕਰੀਬ ਸੌ ਵਾਰ ਧਾਰਾ 356 ਦੀ ਵਰਤੋਂ ਕਰਨ ਦਾ ਰਿਕਾਰਡ ਦਰਜ ਹੈ। ਇਕ ਸਾਬਕਾ ਪ੍ਰਧਾਨ ਮੰਤਰੀ ਨੇ ਤਾਂ ਇਸ ਮਾਮਲੇ ਵਿਚ ਅਰਧ ਸੈਂਕੜਾ ਵੀ ਲਾਇਆ ਹੈ। ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਦੀ ਉਮੀਦ ਸੀ ਕਿ ਪੂਰੇ ਭਾਰਤ ਵਿਚ ਸੰਵਿਧਾਨ ਆਪਣੇ ਅਸਲ ਸਰੂਪ ਅਤੇ ਮੂਲ ਭਾਵਨਾ ਨਾਲ ਲਾਗੂ ਹੋਵੇ। ਪਰ 70 ਸਾਲ ਤੋਂ ਵੀ ਵੱਧ ਸਮੇਂ ਤੱਕ ਧਾਰਾ 370 ਅਤੇ 35-ਏ ਕਾਰਨ ਜੰਮੂ-ਕਸ਼ਮੀਰ ਵਿਚ ਸਾਡਾ ਪੂਰਾ ਸੰਵਿਧਾਨ ਲਾਗੂ ਨਹੀਂ ਹੋ ਸਕਿਆ। ਉੱਥੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੇ ਵਰਗਾਂ ਅਤੇ ਔਰਤਾਂ ਦੇ ਹੱਕਾਂ ਦਾ ਘਾਣ ਹੁੰਦਾ ਰਿਹਾ। 2019 ਵਿਚ ਜਾ ਕੇ ਇਸ ਇਤਿਹਾਸਕ ਬੇਇਨਸਾਫ਼ੀ ਦਾ ਅੰਤ ਹੋਇਆ।
ਦਹਾਕਿਆਂ ਤੱਕ ਦੇਸ਼ ਦੇ ਕਈ ਹਿੱਸਿਆਂ ਵਿਚ, ਖ਼ਾਸ ਕਰਕੇ ਕਬਾਇਲੀ ਇਲਾਕਿਆਂ ਵਿਚ ਨਕਸਲੀਆਂ ਨੇ ਬੰਦੂਕ ਦੇ ਜ਼ੋਰ ’ਤੇ ਬੇਹੱਦ ਗ਼ਰੀਬ ਲੋਕਾਂ ਨੂੰ ਉਨ੍ਹਾਂ ਹੱਕਾਂ ਤੋਂ ਵਾਂਝੇ ਰੱਖਿਆ, ਜਿਹੜੇ ਉਨ੍ਹਾਂ ਨੂੰ ਸਾਡੇ ਸੰਵਿਧਾਨ ਨੇ ਦਿੱਤੇ ਹਨ। ਇਸ ਸਾਲ ਨਕਸਲਵਾਦ ਦੇ ਖ਼ਾਤਮੇ ਨਾਲ ਮੈਨੂੰ ਵਿਸ਼ੇਸ਼ ਤਸੱਲੀ ਮਿਲੀ ਹੈ। ਹੁਣ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕਰ ਸਕਦਾ ਹੈ। ਹਥਿਆਰਬੰਦ ਨਕਸਲੀਆਂ ਦੇ ਖ਼ਾਤਮੇ ਤੋਂ ਬਾਅਦ ਹੁਣ ਸਿਰਫ਼ ਦਿਮਾਗੀ ਨਕਸਲੀ ਹੀ ਬਚੇ ਹਨ। ਉਹ ਅੱਜ ਦੇ ਸਮੇਂ ਦੀਆਂ ਹਕੀਕਤਾਂ ਤੋਂ ਕੋਹਾਂ ਦੂਰ ਹਨ ਤੇ ਦੇਸ਼ ਦੇ ਵਿਕਾਸ ਦੇ ਪਹੀਏ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਵਿਚ ਲਗਾਤਾਰ ਜੁਟੇ ਹੋਏ ਹਨ।
ਵਿਧਾਨਕ ਸੰਸਥਾਵਾਂ ਵਿਚ ਨਾਰੀ ਸ਼ਕਤੀ ਨੂੰ ਢੁੱਕਵੀਂ ਨੁਮਾਇੰਦਗੀ ਦੇਣ ਦੇ ਮਕਸਦ ਨਾਲ ਲਿਆਂਦੇ ਗਏ ਬਿੱਲ ਨੂੰ ਵਿਰੋਧੀ ਧਿਰ ਦੀ ਇਕ ਪ੍ਰਮੁੱਖ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ। ਇਸ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਉਸ ਦੇ ਮਨ ਵਿਚ ਕਿੰਨਾ ਘੱਟ ਸਤਿਕਾਰ ਹੈ। ਮੈਂ ਦੇਸ਼ ਦੀ ਨਾਰੀ ਸ਼ਕਤੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਸਾਡੇ ਸੰਕਲਪ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਅੱਜ ਭਾਰਤ ਬੇਹੱਦ ਅਹਿਮ ਮੋੜ ’ਤੇ ਖੜ੍ਹਾ ਹੈ। ਇਸ ਨੂੰ ਸਾਲ 2047 ਤੱਕ ਵਿਕਸਤ ਭਾਰਤ ਬਣਾਉਣ ਲਈ ਅਸੀਂ ਸਭ ਯਤਨਸ਼ੀਲ ਹਾਂ।
-ਨਰਿੰਦਰ ਮੋਦੀ
-(ਲੇਖਕ ਭਾਰਤ ਦੇ ਪ੍ਰਧਾਨ ਮੰਤਰੀ ਹਨ)।