
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੇਪਾਲ ਵਿਚ ਆਏ ਹਾਲੀਆ ਹੜ੍ਹਾਂ ਅਤੇ ਇਨ੍ਹਾਂ ਨਾਲ ਹੋਈ ਤਬਾਹੀ ਨੇ ਇਕ ਵਾਰ ਫਿਰ ਸਾਰੀ ਦੁਨੀਆ ਨੂੰ ਕੁਦਰਤ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਕੁਦਰਤੀ ਆਫ਼ਤਾਂ ਨੂੰ ਪੂਰੀ ਤਰ੍ਹਾਂ ਮਨੁੱਖੀ ਗ਼ਲਤੀਆਂ ਦਾ ਨਤੀਜਾ ਕਹਿਣਾ ਠੀਕ ਨਹੀਂ ਹੋਵੇਗਾ ਪਰ ਇਹ ਵੀ ਸੱਚ ਹੈ ਕਿ ਮਨੁੱਖੀ ਗਤੀਵਿਧੀਆਂ ਵਾਤਾਵਰਨ ਸੰਤੁਲਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਕਈ ਕੁਦਰਤੀ ਖ਼ਤਰਿਆਂ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ।

ਨੇਪਾਲ ਵਿਚ ਆਏ ਹਾਲੀਆ ਹੜ੍ਹਾਂ ਅਤੇ ਇਨ੍ਹਾਂ ਨਾਲ ਹੋਈ ਤਬਾਹੀ ਨੇ ਇਕ ਵਾਰ ਫਿਰ ਸਾਰੀ ਦੁਨੀਆ ਨੂੰ ਕੁਦਰਤ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਕੁਦਰਤੀ ਆਫ਼ਤਾਂ ਨੂੰ ਪੂਰੀ ਤਰ੍ਹਾਂ ਮਨੁੱਖੀ ਗ਼ਲਤੀਆਂ ਦਾ ਨਤੀਜਾ ਕਹਿਣਾ ਠੀਕ ਨਹੀਂ ਹੋਵੇਗਾ ਪਰ ਇਹ ਵੀ ਸੱਚ ਹੈ ਕਿ ਮਨੁੱਖੀ ਗਤੀਵਿਧੀਆਂ ਵਾਤਾਵਰਨ ਸੰਤੁਲਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਕਈ ਕੁਦਰਤੀ ਖ਼ਤਰਿਆਂ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ। ਮਨੁੱਖ ਨੂੰ ਸੜਕਾਂ ਚਾਹੀਦੀਆਂ ਹਨ, ਪੁਲ ਚਾਹੀਦੇ ਹਨ, ਸੁਰੰਗਾਂ ਚਾਹੀਦੀਆਂ ਹਨ, ਘਰ ਤੇ ਸ਼ਹਿਰ ਚਾਹੀਦੇ ਹਨ। ਵਿਕਾਸ ਤੋਂ ਪਿੱਛੇ ਹਟਣਾ ਕੋਈ ਹੱਲ ਨਹੀਂ ਪਰ ਵਿਕਾਸ ਅਤੇ ਵਿਨਾਸ਼ ਵਿਚਕਾਰ ਇਕ ਬਹੁਤ ਪਤਲੀ ਲਕੀਰ ਹੁੰਦੀ ਹੈ। ਜਦੋਂ ਕਿਸੇ ਪਹਾੜ ਦੀ ਭੂਗੋਲਿਕ ਬਣਤਰ, ਮਿੱਟੀ ਅਤੇ ਕੁਦਰਤੀ ਪਾਣੀ ਦੇ ਵਹਾਅ ਨੂੰ ਸਮਝੇ ਬਿਨਾਂ ਉਸ ਨੂੰ ਕੱਟ ਕੇ ਸੜਕਾਂ ਅਤੇ ਸੁਰੰਗਾਂ ਬਣਾਈਆਂ ਜਾਂਦੀਆਂ ਹਨ ਤਾਂ ਇਹ ਸਿਰਫ਼ ਪੱਥਰ ਹਟਾਉਣ ਦਾ ਕੰਮ ਨਹੀਂ ਹੁੰਦਾ। ਇਸ ਨਾਲ ਪਹਾੜੀ ਢਲਾਣਾਂ ਦੀ ਸਥਿਰਤਾ, ਪਾਣੀ ਦੇ ਕੁਦਰਤੀ ਰਸਤੇ ਅਤੇ ਵਾਤਾਵਰਨ ’ਤੇ ਵੀ ਅਸਰ ਪੈ ਸਕਦਾ ਹੈ। ਸਵਾਲ ਸੜਕਾਂ ਬਣਾਉਣ ਦਾ ਨਹੀਂ, ਸਵਾਲ ਇਹ ਹੈ ਕਿ ਉਹ ਕਿਵੇਂ ਬਣਾਈਆਂ ਜਾ ਰਹੀਆਂ ਹਨ। ਹਿਮਾਲਿਆ ਵਰਗੇ ਸੰਵੇਦਨਸ਼ੀਲ ਪਹਾੜੀ ਖੇਤਰਾਂ ਵਿਚ ਮਨੁੱਖੀ ਦਖ਼ਲਅੰਦਾਜ਼ੀ ਬਹੁਤ ਸੋਚ-ਸਮਝ ਕੇ ਹੋਣੀ ਚਾਹੀਦੀ ਹੈ। ਪਹਾੜਾਂ ਨੂੰ ਬੇਤਰਤੀਬ ਢੰਗ ਨਾਲ ਕੱਟਣਾ, ਢਲਾਣਾਂ ’ਤੇ ਭਾਰੀ ਨਿਰਮਾਣ ਕਰਨਾ ਅਤੇ ਨਿਰਮਾਣ ਤੋਂ ਨਿਕਲਣ ਵਾਲੇ ਮਲਬੇ ਨੂੰ ਕੁਦਰਤੀ ਜਲ-ਧਾਰਾਵਾਂ ਵਿਚ ਸੁੱਟਣਾ ਭਵਿੱਖ ਵਿਚ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਅਸੀਂ ਅਕਸਰ ਨਵੀਂ ਸੜਕ ਜਾਂ ਸੁਰੰਗ ਨੂੰ ਵਿਕਾਸ ਦੀ ਜਿੱਤ ਸਮਝ ਲੈਂਦੇ ਹਾਂ ਪਰ ਅਸਲ ਵਿਕਾਸ ਉਹ ਹੈ ਜੋ ਮਨੁੱਖ ਦੀ ਸਹੂਲਤ ਦੇ ਨਾਲ-ਨਾਲ ਕੁਦਰਤ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਏ। ਰੁੱਖ ਸਿਰਫ਼ ਸਾਨੂੰ ਛਾਂ ਅਤੇ ਆਕਸੀਜਨ ਨਹੀਂ ਦਿੰਦੇ। ਜੰਗਲ ਮਿੱਟੀ ਨੂੰ ਸੰਭਾਲਦੇ ਹਨ, ਪਾਣੀ ਦੇ ਕੁਦਰਤੀ ਚੱਕਰ ਨੂੰ ਕਾਇਮ ਰੱਖਣ ਵਿਚ ਮਦਦ ਕਰਦੇ ਹਨ ਅਤੇ ਮਿੱਟੀ ਦੇ ਕਟਾਅ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ ਅਸੀਂ ਇਕ ਪਾਸੇ ਵਾਤਾਵਰਨ ਬਚਾਉਣ ਦੀਆਂ ਮੁਹਿੰਮਾਂ ਚਲਾਉਂਦੇ ਹਾਂ ਅਤੇ ਦੂਜੇ ਪਾਸੇ ਸੜਕਾਂ, ਇਮਾਰਤਾਂ ਅਤੇ ਹੋਰ ਨਿਰਮਾਣਾਂ ਲਈ ਰੁੱਖਾਂ ਦੀ ਕਟਾਈ ਕਰਦੇ ਹਾਂ। ਇਕ ਰੁੱਖ ਕੱਟਣ ਵਿਚ ਕੁਝ ਮਿੰਟ ਲੱਗ ਸਕਦੇ ਹਨ ਪਰ ਉਸ ਨੂੰ ਵੱਡਾ ਹੋਣ ਵਿਚ ਕਈ ਸਾਲ ਲੱਗ ਜਾਂਦੇ ਹਨ। ਕੁਦਰਤ ਨੇ ਸਾਨੂੰ ਦਰਿਆ ਦਿੱਤੇ, ਅਸੀਂ ਉਨ੍ਹਾਂ ਵਿਚ ਕੂੜਾ ਸੁੱਟ ਦਿੱਤਾ। ਕੁਦਰਤ ਨੇ ਸਾਨੂੰ ਝੀਲਾਂ ਦਿੱਤੀਆਂ, ਅਸੀਂ ਉਨ੍ਹਾਂ ਦੇ ਕੰਢਿਆਂ ਨੂੰ ਕੰਕਰੀਟ ਨਾਲ ਭਰ ਦਿੱਤਾ। ਕੁਦਰਤ ਨੇ ਪਾਣੀ ਦੇ ਰਸਤੇ ਬਣਾਏ, ਅਸੀਂ ਉਨ੍ਹਾਂ ’ਤੇ ਕਬਜ਼ੇ ਕਰ ਕੇ ਨਿਰਮਾਣ ਖੜ੍ਹੇ ਕਰ ਦਿੱਤੇ। ਪਲਾਸਟਿਕ, ਘਰੇਲੂ ਕੂੜਾ, ਸੀਵਰੇਜ ਅਤੇ ਹੋਰ ਪ੍ਰਦੂਸ਼ਣ ਨੇ ਪਾਣੀ ਦੇ ਸਰੋਤਾਂ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ। ਮੀਂਹ ਪੈਂਦਾ ਹੈ ਤਾਂ ਪਾਣੀ ਆਪਣਾ ਕੁਦਰਤੀ ਰਸਤਾ ਲੱਭਦਾ ਹੈ। ਜੇ ਉਸ ਰਸਤੇ ਵਿਚ ਅਸੀਂ ਘਰ, ਸੜਕਾਂ ਜਾਂ ਹੋਰ ਨਿਰਮਾਣ ਖੜ੍ਹੇ ਕਰ ਦਿੱਤੇ ਹਨ ਤਾਂ ਦੋਸ਼ ਸਿਰਫ਼ ਪਾਣੀ ਦਾ ਨਹੀਂ ਹੋ ਸਕਦਾ। ਪਹਾੜੀ ਇਲਾਕਿਆਂ ਦੀ ਖ਼ੂਬਸੂਰਤੀ ਨੇ ਸੈਲਾਨੀਆਂ ਨੂੰ ਹਮੇਸ਼ਾ ਆਪਣੇ ਵੱਲ ਖਿੱਚਿਆ ਹੈ। ਸੈਰ-ਸਪਾਟਾ ਆਰਥਿਕਤਾ ਲਈ ਮਹੱਤਵਪੂਰਨ ਹੈ ਪਰ ਬੇਤਰਤੀਬ ਸੈਰ-ਸਪਾਟਾ ਪਹਾੜਾਂ ਲਈ ਬੋਝ ਵੀ ਬਣ ਸਕਦਾ ਹੈ।
ਕੁਦਰਤੀ ਆਫ਼ਤਾਂ ਨੂੰ ਰੋਕਣਾ ਹਮੇਸ਼ਾ ਮਨੁੱਖ ਦੇ ਹੱਥ ਵਿਚ ਨਹੀਂ ਹੁੰਦਾ ਪਰ ਉਨ੍ਹਾਂ ਕਾਰਨ ਹੁੰਦੇ ਨੁਕਸਾਨ ਨੂੰ ਘਟਾਉਣ ਲਈ ਤਿਆਰੀ ਕਰਨਾ ਅਤੇ ਵਾਤਾਵਰਨ ਦੀ ਰੱਖਿਆ ਲਈ ਸਹੀ ਨੀਤੀਆਂ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪਹਾੜੀ ਖੇਤਰਾਂ ਵਿਚ ਨਿਰਮਾਣ ਤੋਂ ਪਹਿਲਾਂ ਵਿਗਿਆਨਕ ਜਾਂਚ, ਵਾਤਾਵਰਨ ’ਤੇ ਪ੍ਰਭਾਵਾਂ ਦਾ ਮੁਲਾਂਕਣ, ਦਰਿਆਵਾਂ ਅਤੇ ਨਾਲਿਆਂ ਦੇ ਕੁਦਰਤੀ ਰਸਤਿਆਂ ਦੀ ਸੁਰੱਖਿਆ, ਜੰਗਲਾਂ ਦੀ ਰੱਖਿਆ ਅਤੇ ਗ਼ੈਰ-ਕਾਨੂੰਨੀ ਨਿਰਮਾਣਾਂ ’ਤੇ ਸਖ਼ਤੀ-ਇਹ ਸਾਰੇ ਕਦਮ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹਿਣੇ ਚਾਹੀਦੇ। ਮਨੁੱਖ ਨੂੰ ਕੁਦਰਤ ਨੂੰ ਜਿੱਤਣਾ ਨਹੀਂ, ਕੁਦਰਤ ਨਾਲ ਜੀਣਾ ਸਿੱਖਣਾ ਪਵੇਗਾ।
ਨੇਪਾਲ ਦੀ ਤ੍ਰਾਸਦੀ ਨੂੰ ਸਿਰਫ਼ ਇਕ ਦੇਸ਼ ਦੀ ਆਫ਼ਤ ਸਮਝ ਕੇ ਭੁੱਲ ਜਾਣਾ ਸਾਡੀ ਸਭ ਤੋਂ ਵੱਡੀ ਗ਼ਲਤੀ ਹੋਵੇਗੀ। ਇਹ ਸਾਨੂੰ ਆਪਣੇ ਪਹਾੜਾਂ, ਦਰਿਆਵਾਂ, ਜੰਗਲਾਂ ਅਤੇ ਸ਼ਹਿਰਾਂ ਬਾਰੇ ਦੁਬਾਰਾ ਸੋਚਣ ਦਾ ਮੌਕਾ ਦਿੰਦੀ ਹੈ। ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਵਿਕਾਸ ਕੁਦਰਤ ਦੀ ਕੀਮਤ ’ਤੇ ਨਹੀਂ ਹੋਵੇਗਾ। ਸਾਨੂੰ ਪਹਾੜਾਂ ਨੂੰ ਸਿਰਫ਼ ਸੜਕਾਂ ਅਤੇ ਨਿਰਮਾਣ ਦੇ ਸਥਾਨ ਨਹੀਂ, ਜੀਵਨ ਦੇ ਸਰੋਤ ਸਮਝਣਾ ਪਵੇਗਾ। ਸਾਨੂੰ ਦਰਿਆਵਾਂ ਨੂੰ ਸਿਰਫ਼ ਪਾਣੀ ਦਾ ਵਹਾਅ ਨਹੀਂ, ਸਗੋਂ ਇਕ ਜੀਵੰਤ ਕੁਦਰਤੀ ਪ੍ਰਣਾਲੀ ਸਮਝਣਾ ਪਵੇਗਾ। ਸਾਨੂੰ ਰੁੱਖਾਂ ਨੂੰ ਸਿਰਫ਼ ਲੱਕੜ ਨਹੀਂ, ਭਵਿੱਖ ਸਮਝਣਾ ਹੋਵੇਗਾ। ਸਾਨੂੰ ਇਹ ਸਮਝਣਾ ਪਵੇਗਾ ਕਿ ਧਰਤੀ ਸਾਡੇ ਪੁਰਖਿਆਂ ਦੀ ਜਾਗੀਰ ਨਹੀਂ ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਖ਼ਤਮ ਕਰ ਦੇਈਏ; ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਅਮਾਨਤ ਹੈ। ਨੇਪਾਲ ਦੇ ਪਹਾੜਾਂ ਤੋਂ ਆਈ ਇਹ ਤਬਾਹੀ ਦੀ ਆਵਾਜ਼ ਸ਼ਾਇਦ ਸਾਡੇ ਲਈ ਵੀ ਇਕ ਚੇਤਾਵਨੀ ਹੈ। ਕੁਦਰਤ ਨੂੰ ਚੁਣੌਤੀ ਦੇਣ ਦੀ ਬਜਾਏ ਉਸ ਦੇ ਨਿਯਮਾਂ ਨੂੰ ਸਮਝਣ ਦਾ ਵੇਲਾ ਆ ਗਿਆ ਹੈ।
-ਦੀਪਾ ਬੰਡਾਲਾ।