ਇਹ ਮੇਰੀ ਇਕ ਅਜੀਬੋ-ਗ਼ਰੀਬ ਮਾਨਸਿਕ ਅਵਸਥਾ ਅਤੇ ਨਿਰਲੇਪਤਾ ਹੀ ਸੀ ਕਿ ਮੈਂ ਇਸ ਪ੍ਰਾਪਤੀ ਦਾ ਜ਼ਿਕਰ ਆਪਣੇ ਨੇੜਲੇ ਦੋਸਤਾਂ ਜਾਂ ਆਪਣੇ ਘਰ ਵਾਲਿਆਂ ਕੋਲ ਵੀ ਨਾ ਕੀਤਾ ਤੇ ਨਾ ਹੀ ਮੇਰੇ ਕੋਲੋਂ ਕਦੇ ਉਹ ਤਗਮਾ ਲੈਣ ਲਈ ਯੂਨੀਵਰਸਿਟੀ ਜਾਇਆ ਗਿਆ। ਮੇਰੀ ਰੂਹ ਇਸ ਗੱਲੋਂ ਹੀ ਸਰਸ਼ਾਰ ਸੀ ਕਿ ਮੈਂ ਆਪਣੀ ਲਗਨ ਅਤੇ ਜਨੂੰਨ ਨਾਲ ਮਾਂ-ਬੋਲੀ ਅਤੇ ਸਾਹਿਤ ਦਾ ਅਧਿਐਨ ਕੀਤਾ।

ਮਨੁੱਖੀ ਮਨ ਦੀਆਂ ਬਿਰਤੀਆਂ ਅਤੇ ਇੱਛਾਵਾਂ ਦਾ ਤਾਣਾ-ਬਾਣਾ ਬੜਾ ਗੁੰਝਲਦਾਰ, ਅਥਾਹ ਡੂੰਘਾ ਅਤੇ ਰਹੱਸਮਈ ਹੁੰਦਾ ਹੈ। ਆਮ ਤੌਰ ’ਤੇ ਦੁਨਿਆਵੀ ਫ਼ਿਤਰਤ ਇਹੋ ਹੈ ਕਿ ਜਦੋਂ ਅਸੀਂ ਮਿਹਨਤ ਅਤੇ ਲੰਬੇ ਸੰਘਰਸ਼ ਤੋਂ ਬਾਅਦ ਕੋਈ ਪ੍ਰਾਪਤੀ ਕਰਦੇ ਹਾਂ ਜਾਂ ਕਿਸੇ ਮਿੱਥੀ ਹੋਈ ਮੰਜ਼ਿਲ ਨੂੰ ਸਰ ਕਰਦੇ ਹਾਂ ਤਾਂ ਉਸ ਦੀ ਭੌਤਿਕ ਨਿਸ਼ਾਨੀ-ਭਾਵੇਂ ਉਹ ਕੋਈ ਇਨਾਮ ਹੋਵੇ, ਸਨਮਾਨ-ਪੱਤਰ ਹੋਵੇ ਜਾਂ ਗੋਲਡ ਮੈਡਲ-ਸਾਡੀ ਖ਼ੁਸ਼ੀ, ਮਾਣ ਅਤੇ ਹੋਂਦ ਦਾ ਸਭ ਤੋਂ ਵੱਡਾ ਪ੍ਰਮਾਣ ਬਣ ਜਾਂਦੀ ਹੈ। ਅਸੀਂ ਉਸ ਪ੍ਰਾਪਤੀ ਨੂੰ ਦੁਨੀਆ ਸਾਹਮਣੇ ਪ੍ਰਦਰਸ਼ਿਤ ਕਰ ਕੇ ਇਕ ਅਜੀਬ ਜਿਹਾ ਸਕੂਨ ਤੇ ਮਾਣ ਮਹਿਸੂਸ ਕਰਦੇ ਹਾਂ। ਪਰ ਕਈ ਵਾਰ ਮਨ ਦੀਆਂ ਡੂੰਘਾਈਆਂ ਵਿਚ ਕੁਝ ਅਜਿਹਾ ਅਲੌਕਿਕ ਵਾਪਰਦਾ ਹੈ ਕਿ ਵੱਡੀ ਤੋਂ ਵੱਡੀ ਦੁਨਿਆਵੀ ਪ੍ਰਾਪਤੀ ਵੀ ਇਕ ਡੂੰਘੀ, ਠਹਿਰੀ ਹੋਈ ਸ਼ਾਂਤੀ ਅਤੇ ਅਜੀਬ ਜਿਹੀ ਨਿਰਲੇਪਤਾ ਵਿਚ ਤਬਦੀਲ ਹੋ ਜਾਂਦੀ ਹੈ। ਮੇਰੀ ਜ਼ਿੰਦਗੀ ਦਾ ਇਕ ਅਜਿਹਾ ਹੀ ਸੂਖਮ ਅਤੇ ਚੁੱਪ-ਚਾਪ ਜਿਹਾ ਸਫ਼ਰ ਮੇਰੇ ‘ਗੋਲਡ ਮੈਡਲ’ ਨਾਲ ਜੁੜਿਆ ਹੋਇਆ ਹੈ ਜੋ ਯੂਨੀਵਰਸਿਟੀ ਦੇ ਰਿਕਾਰਡ ਵਿਚ ਤਾਂ ਪੂਰੀ ਤਰ੍ਹਾਂ ਮੇਰਾ ਹੈ ਪਰ ਅਮਲ ਵਿਚ ਉਹ ਕਦੇ ਮੇਰੇ ਹੱਥਾਂ ਦੀ ਨਿੱਘੀ ਛੋਹ ਨਹੀਂ ਮਾਣ ਸਕਿਆ।
ਫਰਵਰੀ 2011 ਵਿਚ ਜਦੋਂ ਮੈਂ ਬਾਕਾਇਦਾ ਆਪਣੇ ਅਧਿਆਪਨ ਸਫ਼ਰ ਦੀ ਸ਼ੁਰੂਆਤ ਕੀਤੀ ਤਾਂ ਉਸ ਸਮੇਂ ਮੈਂ ਐੱਸਡੀ ਕਾਲਜ, ਬਰਨਾਲਾ ਤੋਂ ਐੱਮਐੱਡ ਕਰ ਰਿਹਾ ਸੀ। ਅਧਿਆਪਕ ਹੋਣਾ ਮੇਰੇ ਲਈ ਮਹਿਜ਼ ਇਕ ਨੌਕਰੀ ਨਹੀਂ, ਸਗੋਂ ਇਕ ਅਕੀਦਤ ਸੀ। ਨੌਕਰੀ ਵਿਚ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਗਿਆ ਲੈ ਕੇ ਮੈਂ ਮਈ 2011 ਵਿਚ ਆਪਣੀ ਐੱਮਐੱਡ ਦੀ ਡਿਗਰੀ ਪੂਰੀ ਕਰ ਲਈ। ਮੇਰੀਆਂ ਇਨ੍ਹਾਂ ਡਿਗਰੀਆਂ ਨੇ ਮੈਨੂੰ ਪੇਸ਼ੇਵਰ ਤੌਰ ’ਤੇ ਤਾਂ ਮੁਕੰਮਲ ਕਰ ਦਿੱਤਾ ਸੀ ਪਰ ਅੰਦਰ ਕਿਤੇ ਇਕ ਖਲਾਅ ਬਾਕੀ ਸੀ। ਹੁਣ ਮੇਰਾ ਅਸਲੀ ਸੁਪਨਾ ਆਪਣੀ ਮਾਂ-ਬੋਲੀ ਵਿੱਚ ਮਾਸਟਰ ਡਿਗਰੀ ਭਾਵ ਐੱਮਏ ਪੰਜਾਬੀ ਕਰਨ ਦਾ ਸੀ। ਇਹ ਮਹਿਜ਼ ਮੇਰੀ ਅਕਾਦਮਿਕ ਇੱਛਾ ਨਹੀਂ, ਸਗੋਂ ਇਕ ਇਖ਼ਲਾਕੀ ਫ਼ਰਜ਼ ਵੀ ਸੀ। ਜਿਸ ਭਾਸ਼ਾ ਵਿਚ ਮੇਰੇ ਵੱਡੇ-ਵਡੇਰਿਆਂ ਨੇ ਸੁਪਨੇ ਬੁਣੇ, ਜਿਸ ਦੀਆਂ ਤੁਕਾਂ ਵਿਚ ਗੁਰੂਆਂ-ਪੀਰਾਂ ਨੇ ਜ਼ਿੰਦਗੀ ਦਾ ਫ਼ਲਸਫ਼ਾ ਸਮੋਇਆ-ਉਸ ਭਾਸ਼ਾ ਨੂੰ ਡੂੰਘਾਈ ਨਾਲ ਜਾਣਨਾ ਮੇਰੀ ਰੂਹ ਦੀ ਮੰਗ ਸੀ। ਆਪਣੇ ਇਸੇ ਫ਼ਰਜ਼ ਦੀ ਪੂਰਤੀ ਅਤੇ ਆਪਣੀ ਅਕਾਦਮਿਕ ਪਿਆਸ ਨੂੰ ਬੁਝਾਉਣ ਦੇ ਮਕਸਦ ਨਾਲ ਮੈਂ 2013 ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਿਸਟੈਂਸ ਐਜੂਕੇਸ਼ਨ ਰਾਹੀਂ ਐੱਮਏ ਪੰਜਾਬੀ ਮੁਕੰਮਲ ਕੀਤੀ। ਇਹ ਦੋ ਸਾਲਾਂ ਦਾ ਸਫ਼ਰ ਬੜਾ ਰੌਚਕ ਸੀ। ਨੌਕਰੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕਿਤਾਬਾਂ ਨਾਲ ਸਾਂਝ ਪਾਉਣਾ ਮੇਰੇ ਲਈ ਕਿਸੇ ਤਪੱਸਿਆ ਤੋਂ ਘੱਟ ਨਹੀਂ ਸੀ। ਇਸ ਦੌਰਾਨ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਕਾਵਿ, ਗਲਪ, ਆਲੋਚਨਾ, ਸਾਹਿਤ ਦਾ ਇਤਿਹਾਸ, ਪਰਵਾਸੀ ਪੰਜਾਬੀ ਸਾਹਿਤ, ਨਾਟਕ ਅਤੇ ਇਕਾਂਗੀ, ਵਾਰਤਕ, ਭਾਸ਼ਾ ਵਿਗਿਆਨ ਅਤੇ ਲੋਕਧਾਰਾ ਨੇ ਮੇਰੀ ਸਾਹਿਤਕ ਸੋਚ ਨੂੰ ਤਰਾਸ਼ਿਆ ਅਤੇ ਮੈਨੂੰ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਤੋਂ ਦੇਖਣ ਦੀ ਜਾਚ ਸਿਖਾਈ। ਵਕਤ ਆਪਣੀ ਸੁਭਾਵਿਕ ਤੋਰੇ ਤੁਰਦਾ ਰਿਹਾ। ਫਿਰ 2015 ਦੇ ਆਸ-ਪਾਸ ਇਕ ਦਿਨ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ। ਮੈਂ ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਇਕ ਬੜੀ ਠਰ੍ਹੰਮੇ ਵਾਲੀ ਅਤੇ ਦਫ਼ਤਰੀ ਲਹਿਜ਼ੇ ਵਾਲੀ ਆਵਾਜ਼ ਆਈ, ‘‘ਨਵਦੀਪ ਸਿੰਘ ਜੀ, ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਚੰਦਰਭਾਨ ਬੋਲ ਰਿਹਾ ਹਾਂ... ਤੁਸੀਂ ਆਪਣਾ ਗੋਲਡ ਮੈਡਲ ਲੈਣ ਕਿਉਂ ਨਹੀਂ ਆਏ?’’
ਇਕ ਪਲ ਲਈ ਤਾਂ ਜਿਵੇਂ ਵਕਤ ਉੱਥੇ ਹੀ ਰੁਕ ਗਿਆ ਹੋਵੇ। ਮੈਂ ਬਿਲਕੁਲ ਸੁੰਨ ਰਹਿ ਗਿਆ। ਹੈਰਾਨੀ ਅਤੇ ਉਲਝਣ ਭਰੇ ਲਹਿਜ਼ੇ ਵਿਚ ਮੇਰੇ ਮੂੰਹੋਂ ਨਿਕਲਿਆ, ‘‘ਮੇਰਾ ਗੋਲਡ ਮੈਡਲ? ਕਿਸ ਚੀਜ਼ ਦਾ ਗੋਲਡ ਮੈਡਲ?’’ ਚੰਦਰਭਾਨ ਜੀ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਸਪਸ਼ਟ ਕੀਤਾ, ‘‘ਤੁਸੀਂ ਐੱਮਏ ਪੰਜਾਬੀ ਵਿਚ ਯੂਨੀਵਰਸਿਟੀ ’ਚ ਅੱਵਲ ਰਹੇ ਹੋ। ਤੁਹਾਡੀ ਮਿਹਨਤ ਦਾ ਇਹ ਪ੍ਰਮਾਣ, ਤੁਹਾਡਾ ਗੋਲਡ ਮੈਡਲ ਮੇਰੇ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਪਿਆ ਹੈ। ਕਿਰਪਾ ਕਰ ਕੇ ਸਮਾਂ ਕੱਢ ਕੇ ਕਿਸੇ ਦਿਨ ਯੂਨੀਵਰਸਿਟੀ ਆਓ ਅਤੇ ਇਸ ਨੂੰ ਮੇਰੇ ਕੋਲੋਂ ਆ ਕੇ ਲੈ ਜਾਓ।’’
ਇਹ ਖ਼ਬਰ ਸੁਣਦਿਆਂ ਹੀ ਮੇਰੇ ਅੰਦਰ ਹੈਰਾਨੀ, ਤਸੱਲੀ ਅਤੇ ਖ਼ੁਸ਼ੀ ਦਾ ਇਕ ਰਲਵਾਂ-ਮਿਲਵਾਂ ਝੌਂਕਾ ਆਇਆ। ਕਿਸੇ ਵੀ ਵੱਕਾਰੀ ਯੂਨੀਵਰਸਿਟੀ ਨੂੰ ਟਾਪ ਕਰਨਾ-ਚਾਹੇ ਉਹ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚੋਂ ਹੀ ਕਿਉਂ ਨਾ ਹੋਵੇ, ਮੇਰੇ ਲਈ ਯਕੀਨਨ ਇਕ ਮਾਣਮੱਤੀ ਪ੍ਰਾਪਤੀ ਸੀ। ਪਰ ਮਨੋਵਿਗਿਆਨਕ ਤਲ ’ਤੇ ਉਸ ਵਕਤ ਮੇਰੇ ਅੰਦਰ ਜੋ ਵਾਪਰਿਆ, ਉਹ ਆਮ ਇਨਸਾਨੀ ਫ਼ਿਤਰਤ ਤੋਂ ਬਿਲਕੁਲ ਉਲਟ ਅਤੇ ਹੈਰਾਨਕੁਨ ਸੀ। ਜਿਸ ਤਰ੍ਹਾਂ ਹਰ ਵਿਦਿਆਰਥੀ ਨੂੰ ਆਪਣੇ ‘ਗੋਲਡ ਮੈਡਲਿਸਟ’ ਹੋਣ ਦਾ ਇਕ ਬੇਪਨਾਹ ਚਾਅ ਹੁੰਦਾ ਹੈ, ਉਸ ਤਰ੍ਹਾਂ ਦਾ ਚਾਅ, ਉਹ ਜਸ਼ਨ ਮਨਾਉਣ ਦੀ, ਢੋਲ ਵਜਾਉਣ ਦੀ ਜਾਂ ਦੁਨੀਆ ਨੂੰ ਦੱਸਣ ਦੀ ਤਲਬ ਪੂਰੀ ਤਰ੍ਹਾਂ ਮੇਰੇ ਅੰਦਰੋਂ ਗ਼ੈਰ-ਹਾਜ਼ਰ ਸੀ।
ਉਸ ਪਲ ਮੈਨੂੰ ਜਾਪਿਆ ਜਿਵੇਂ ਗਿਆਨ ਦੀ ਜਿਸ ਮੰਜ਼ਿਲ ਦੀ ਮੈਨੂੰ ਭਾਲ ਸੀ, ਉਹ ਤਾਂ ਮੈਂ ਐੱਮਏ ਦਾ ਸਿਲੇਬਸ ਪੜ੍ਹਦਿਆਂ, ਲੇਖਕਾਂ ਦੀਆਂ ਲਿਖਤਾਂ ਨੂੰ ਮਹਿਸੂਸ ਕਰਦਿਆਂ ਅਤੇ ਕਿਤਾਬਾਂ ਦੇ ਪੀਲੇ ਪੈ ਚੁੱਕੇ ਵਰਕੇ ਫਰੋਲਦਿਆਂ ਹੀ ਹਾਸਲ ਕਰ ਲਈ ਸੀ। ਮੇਰੀ ਅਸਲੀ ਡਿਗਰੀ ਤਾਂ ਉਹ ਬੌਧਿਕ ਵਿਕਾਸ ਸੀ ਜੋ ਮੇਰੀ ਸੋਚ ਦਾ ਹਿੱਸਾ ਬਣ ਚੁੱਕਾ ਸੀ। ਉਹ ਸੁਨਹਿਰੀ ਤਗਮਾ ਤਾਂ ਸਿਰਫ਼ ਉਸ ਅਕਾਦਮਿਕ ਗਿਆਨ ਦਾ ਇਕ ਭੌਤਿਕ ਅਤੇ ਬਾਹਰਲਾ ਪ੍ਰਗਟਾਵਾ ਮਾਤਰ ਸੀ। ਜਿਸ ਦੀ ਮੈਨੂੰ ਹੁਣ ਕੋਈ ਬਹੁਤੀ ਲੋੜ ਜਾਂ ਖਿੱਚ ਮਹਿਸੂਸ ਨਹੀਂ ਹੋ ਰਹੀ ਸੀ।
ਇਹ ਮੇਰੀ ਇਕ ਅਜੀਬੋ-ਗ਼ਰੀਬ ਮਾਨਸਿਕ ਅਵਸਥਾ ਅਤੇ ਨਿਰਲੇਪਤਾ ਹੀ ਸੀ ਕਿ ਮੈਂ ਇਸ ਪ੍ਰਾਪਤੀ ਦਾ ਜ਼ਿਕਰ ਆਪਣੇ ਨੇੜਲੇ ਦੋਸਤਾਂ ਜਾਂ ਆਪਣੇ ਘਰ ਵਾਲਿਆਂ ਕੋਲ ਵੀ ਨਾ ਕੀਤਾ ਤੇ ਨਾ ਹੀ ਮੇਰੇ ਕੋਲੋਂ ਕਦੇ ਉਹ ਤਗਮਾ ਲੈਣ ਲਈ ਯੂਨੀਵਰਸਿਟੀ ਜਾਇਆ ਗਿਆ। ਮੇਰੀ ਰੂਹ ਇਸ ਗੱਲੋਂ ਹੀ ਸਰਸ਼ਾਰ ਸੀ ਕਿ ਮੈਂ ਆਪਣੀ ਲਗਨ ਅਤੇ ਜਨੂੰਨ ਨਾਲ ਮਾਂ-ਬੋਲੀ ਅਤੇ ਸਾਹਿਤ ਦਾ ਅਧਿਐਨ ਕੀਤਾ।
ਅੱਜ ਇਸ ਗੱਲ ਨੂੰ ਇਕ ਲੰਬਾ ਅਰਸਾ ਬੀਤ ਚੁੱਕਿਆ ਹੈ। ਸਮੇਂ ਦੇ ਇਸ ਅਣਥੱਕ ਅਤੇ ਲਗਾਤਾਰ ਵਹਾਅ ਵਿਚ ਬਹੁਤ ਕੁਝ ਬਦਲ ਗਿਆ ਹੈ। ਉਸ ਤੋਂ ਬਾਅਦ ਕਈ ਹੋਰ ਅਕਾਦਮਿਕ ਪ੍ਰਾਪਤੀਆਂ ਮੇਰੇ ਹਿੱਸੇ ਆਈਆਂ। ਜ਼ਿੰਦਗੀ ਨੇ ਵੀ ਕਈ ਨਵੇਂ ਰੰਗ ਦਿਖਾਏ ਹਨ, ਕਈ ਨਵੀਆਂ ਜ਼ਿੰਮੇਵਾਰੀਆਂ ਵੀ ਆਈਆਂ ਪਰ ਇਕ ਚੀਜ਼ ਜੋ ਸ਼ਾਇਦ ਅੱਜ ਵੀ ਆਪਣੀ ਜਗ੍ਹਾ ’ਤੇ ਬਿਲਕੁਲ ਸਥਿਰ ਅਤੇ ਖ਼ਾਮੋਸ਼ ਖੜ੍ਹੀ ਹੈ, ਉਹ ਹੈ ਮੇਰਾ ਉਹ ਅਣਛੋਹਿਆ ਗੋਲਡ ਮੈਡਲ। ਮੈਂ ਅਕਸਰ ਇਕਾਂਤ ਵਿਚ ਬੈਠਾ ਤਸੱਵਰ ਕਰਦਾ ਹਾਂ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉਸ ਪ੍ਰਬੰਧਕੀ ਬਲਾਕ ਵਿਚ, ਅਧਿਕਾਰੀ ਚੰਦਰਭਾਨ ਦੇ ਦਫ਼ਤਰ ਦੀ ਕਿਸੇ ਵੱਡੀ ਲੋਹੇ ਦੀ ਅਲਮਾਰੀ ਦੇ ਕਿਸੇ ਹਨੇਰੇ ਕੋਨੇ ਵਿਚ ਮੇਰਾ ਉਹ ਗੋਲਡ ਮੈਡਲ ਅੱਜ ਵੀ ਸ਼ਾਂਤ ਪਿਆ ਹੋਵੇਗਾ। ਉਹ ਤਗਮਾ, ਜਿਸ ’ਤੇ ਸੁਨਹਿਰੀ ਅੱਖਰਾਂ ਨਾਲ ਮੇਰਾ ਨਾਂ ਤਾਂ ਉੱਕਰਿਆ ਹੋਇਆ ਹੈ ਪਰ ਜਿਸ ਨੂੰ ਅੱਜ ਤੱਕ ਮੇਰੇ ਹੱਥਾਂ ਦੀ ਛੋਹ ਨਸੀਬ ਨਹੀਂ ਹੋਈ। ਸ਼ਾਇਦ ਉਹ ਅੱਜ ਵੀ ਉਸੇ ਹਨੇਰੇ ਵਿਚ ਪਿਆ ਮੈਨੂੰ ਉਡੀਕ ਰਿਹਾ ਹੋਵੇਗਾ।
✍ -ਨਵਦੀਪ ਸਿੰਘ ਝੁਨੀਰ
-ਈਮੇਲ : nav.jhunir@gmail.com