- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਡੇ ਪੋਲੀਟੈਕਨਿਕ ਦੇ ਮੇਰੇ ਮਿੱਤਰ ਅਤੇ ਹਮ ਜਮਾਤੀ ਰਹੇ ਮੱਖਣ ਸਿੰਘ ਸਿੱਧੂ ਭਗਤੇ ਵਾਲੇ ਨੇ ਮੈਨੂੰ ਸਾਡੇ ਕੋਰਸ ਕਰਦਿਆਂ ਦੇ ਅਖ਼ੀਰਲੇ ਸਾਲ ਦੀ ਵਿਦਾਇਗੀ ਪਾਰਟੀ ਸਮੇਂ ਖਿੱਚੀ ਗਰੁੱਪ ਫੋਟੋ ਦੀ ਤਸਵੀਰ ਭੇਜੀ ਜਿਸ ਨੂੰ ਵੇਖ ਕੇ ਉਸ ਸਮੇਂ ਦੀਆਂ ਅਨੇਕ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਸਮਿਆਂ ਵਿਚ ਰੋਡੇ ਪੋਲੀਟੈਕਨਿਕ ਦੀ ਪੂਰੀ ਚੜ੍ਹਾਈ ਹੁੰਦੀ ਸੀ। ਮੋਗਾ ਅਤੇ ਕੋਟਕਪੂਰਾ, ਦੋਹਾਂ ਸ਼ਹਿਰਾਂ ਦੇ ਐਨ ਅੱਧ ਵਿਚ ਕਈ ਪਿੰਡਾਂ ਦੇ ਵਿਚਕਾਰ ਸਥਿਤ ਇਸ ਪੋਲੀਟੈਕਨਿਕ ਦੇ ਨੇੜੇ ਇਕ ਆਰਟਸ ਕਾਲਜ ਅਤੇ ਇਕ ਸਰਕਾਰੀ ਸਕੂਲ ਹੋਣ ਕਾਰਨ ਇੱਥੋਂ ਦੇ ਬੱਸ ਅੱਡੇ ’ਤੇ ਹਰ ਵਕਤ ਪੂਰੀ ਰੌਣਕ ਰਹਿੰਦੀ ਸੀ

ਰੋਡੇ ਪੋਲੀਟੈਕਨਿਕ ਦੇ ਮੇਰੇ ਮਿੱਤਰ ਅਤੇ ਹਮ ਜਮਾਤੀ ਰਹੇ ਮੱਖਣ ਸਿੰਘ ਸਿੱਧੂ ਭਗਤੇ ਵਾਲੇ ਨੇ ਮੈਨੂੰ ਸਾਡੇ ਕੋਰਸ ਕਰਦਿਆਂ ਦੇ ਅਖ਼ੀਰਲੇ ਸਾਲ ਦੀ ਵਿਦਾਇਗੀ ਪਾਰਟੀ ਸਮੇਂ ਖਿੱਚੀ ਗਰੁੱਪ ਫੋਟੋ ਦੀ ਤਸਵੀਰ ਭੇਜੀ ਜਿਸ ਨੂੰ ਵੇਖ ਕੇ ਉਸ ਸਮੇਂ ਦੀਆਂ ਅਨੇਕ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਸਮਿਆਂ ਵਿਚ ਰੋਡੇ ਪੋਲੀਟੈਕਨਿਕ ਦੀ ਪੂਰੀ ਚੜ੍ਹਾਈ ਹੁੰਦੀ ਸੀ। ਮੋਗਾ ਅਤੇ ਕੋਟਕਪੂਰਾ, ਦੋਹਾਂ ਸ਼ਹਿਰਾਂ ਦੇ ਐਨ ਅੱਧ ਵਿਚ ਕਈ ਪਿੰਡਾਂ ਦੇ ਵਿਚਕਾਰ ਸਥਿਤ ਇਸ ਪੋਲੀਟੈਕਨਿਕ ਦੇ ਨੇੜੇ ਇਕ ਆਰਟਸ ਕਾਲਜ ਅਤੇ ਇਕ ਸਰਕਾਰੀ ਸਕੂਲ ਹੋਣ ਕਾਰਨ ਇੱਥੋਂ ਦੇ ਬੱਸ ਅੱਡੇ ’ਤੇ ਹਰ ਵਕਤ ਪੂਰੀ ਰੌਣਕ ਰਹਿੰਦੀ ਸੀ। ਹੁਣ ਚਾਹੇ ਵਿੱਦਿਆ ਵਪਾਰ ਬਣ ਗਈ ਹੈ, ਥਾਂ-ਥਾਂ ਹਰ ਕਿਸਮ ਦੀ ਪੜ੍ਹਾਈ ਵਾਲੇ ਕਾਲਜ ਖੁੱਲ੍ਹ ਗਏ ਹਨ, ਪਰ ਉਦੋਂ ਸਾਰੇ ਪੰਜਾਬ ਵਿਚ ਦੋ ਹੀ ਇੰਜੀਨੀਅਰਿੰਗ ਕਾਲਜ ਪਟਿਆਲਾ ਅਤੇ ਲੁਧਿਆਣਾ ਅਤੇ ਸਾਰੇ ਪੰਜਾਬ ਵਿਚ ਸਿਰਫ਼ ਅੱਠ ਪੋਲੀਟੈਕਨਿਕ ਹੁੰਦੇ ਸਨ, ਚਾਰ ਸਰਕਾਰੀ ਰੋਡੇ, ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ ਅਤੇ ਚਾਰ ਪ੍ਰਾਈਵੇਟ ਲੁਧਿਆਣਾ, ਪਟਿਆਲਾ, ਜਲੰਧਰ, ਅਤੇ ਫਗਵਾੜਾ। ਮਾਲਵੇ ਦੇ ਹੁਣ ਵਾਲੇ ਅੱਠ-ਨੌਂ ਜ਼ਿਲ੍ਹਿਆਂ ਵਿਚ ਸਿਰਫ ਇਕ ਹੀ ਇਹ ਪੋਲੀਟੈਕਨਿਕ ਕਾਲਜ ਰੋਡੇ ਸੀ। ਉਦੋਂ ਇਲਾਕੇ ਵਿਚ ਇਹ ਗੱਲ ਆਮ ਸੁਣਦੇ ਹੁੰਦੇ ਸਾਂ ਕਿ ਇਸ ਪੋਲੀਟੈਕਨਿਕ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਇੱਥੋਂ ਦੇ ਨੇੜਲੇ ਪਿੰਡ ਦੇ ਆਪਣੇ ਰਿਸ਼ਤੇਦਾਰਾਂ ਦੇ ਕਹਿਣ ’ਤੇ ਬਣਵਾਇਆ ਸੀ।
ਹੁਣ ਪੋਲੀਟੈਕਨਿਕ ਕਾਲਜਾਂ ਵਿਚ ਬਹੁਤ ਕਿਸਮ ਦੇ ਕੋਰਸ ਚੱਲ ਰਹੇ ਹਨ, ਉਦੋਂ ਸਿਰਫ਼ ਤਿੰਨ ਹੀ ਕੋਰਸ ਸਿਵਲ, ਇਲੈਕਟਰੀਕਲ ਅਤੇ ਮਕੈਨੀਕਲ ਇੰਜੀਨੀਅਰਿੰਗ ਹੁੰਦੇ ਸਨ। ਦਾਖ਼ਲੇ ਲਈ ਮੈਰਿਟ ਬਹੁਤ ਉੱਚੀ ਜਾਂਦੀ ਸੀ ਤੇ ਤਕਰੀਬਨ ਉਨ੍ਹਾਂ ਸਮਿਆਂ ਵਿਚ ਦਸਵੀਂ ਵਿੱਚੋਂ ਫਸਟ ਡਵੀਜ਼ਨ ਵਿਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲਦਾ ਸੀ। ਸਰਕਾਰੀ ਕਾਲਜਾਂ ਦੀਆਂ ਫੀਸਾਂ ਵੀ ਬਹੁਤ ਨਿਗੂਣੀਆਂ ਜਿਹੀਆਂ ਹੁੰਦੀਆਂ ਸਨ।
ਤਸਵੀਰ ਵਿਚ ਸ਼ਾਮਲ ਸਾਥੀਆਂ ਦੀਆਂ ਤਸਵੀਰਾਂ ਅਤੇ ਚਿਹਰੇ ਨਿਹਾਰਦਿਆਂ ਮਨ ਵਿਚ ਆਪ-ਮੁਹਾਰੇ ਛਿਆਲੀ- ਸੰਤਾਲੀ ਸਾਲ ਪਹਿਲਾਂ ਦੇ ਰੰਗਲੇ ਦਿਨਾਂ ਦੀਆਂ ਯਾਦਾਂ ਘੁੰਮ ਗਈਆਂ। ਮਨੁੱਖ ਜ਼ਿੰਦਗੀ ਵਿਚ ਪੜ੍ਹਦਿਆਂ, ਨੌਕਰੀ ਤੇ ਕਾਰੋਬਾਰ ਕਰਦਿਆਂ, ਵਿਚਰਦਿਆਂ ਬੜੇ ਲੋਕਾਂ ਨਾਲ ਮਿਲਦਾ ਹੈ। ਕੁਝ ਯਾਦ ਰਹਿ ਜਾਂਦੇ ਹਨ, ਕੁਝ ਭੁੱਲ ਜਾਂਦੇ ਹਨ ਪਰ ਸਕੂਲ ਤੇ ਕਾਲਜ ਵਾਲੇ ਮਿੱਤਰ ਕਦੇ ਮਨ ’ਚੋਂ ਨਹੀਂ ਨਿਕਲਦੇ। ਤਸਵੀਰਾਂ ਵੇਖਦਿਆਂ ਹੀ ਸਾਰਿਆਂ ਦੇ ਨਾਂ, ਪਿੰਡ, ਸੁਭਾਅ, ਯਾਦਾਂ ਅਤੇ ਹੋਰ ਗੱਲਾਂਬਾਤਾਂ ਕੱਲ੍ਹ ਦੀਆਂ ਗੱਲਾਂ ਜਾਪ ਰਹੀਆਂ ਸਨ।
ਉਦੋਂ ਕਾਲਜ ਦੀ ਬਣੀ ਇਮਾਰਤ ਨੂੰ ਥੋੜ੍ਹੇ ਸਾਲ ਹੀ ਹੋਏ ਸਨ, ਬਹੁਤ ਸ਼ਾਨਦਾਰ ਇਮਾਰਤ ਅਤੇ ਸੋਹਣਾ ਤਿੰਨ ਮੰਜ਼ਿਲਾ ਹੋਸਟਲ ਸੀ ਜਿਸ ਦੇ ਦੋ ਵਿੰਗ ਸਨ ਅਤੇ ਸੱਠ ਕਮਰਿਆਂ ਵਿਚ ਇਕ ਸੌ ਅੱਸੀ ਵਿਦਿਆਰਥੀ ਰਹਿ ਸਕਦੇ ਸਨ। ਹੋਸਟਲ ਵਿਚ ਰਹਿਣ ਵਾਲਿਆਂ ਦੀ ਵੱਖਰੀ ਹੀ ਜ਼ਿੰਦਗੀ ਹੁੰਦੀ ਸੀ। ਅੱਧੀ ਰਾਤ ਤੱਕ ਕੋਈ ਪੜ੍ਹ ਰਿਹਾ ਹੁੰਦਾ ਸੀ, ਕੋਈ ਗਾ ਰਿਹਾ ਹੁੰਦਾ ਸੀ, ਕੋਈ ਨੱਚ ਰਿਹਾ ਹੁੰਦਾ ਸੀ। ਖਾਣੇ ਦੇ ਸਮੇਂ ਮੈੱਸ ਵਿਚ ਵੱਜਦੇ ਪੰਜਾਬੀ ਗਾਣੇ ਮਾਹੌਲ ਨੂੰ ਸੰਗੀਤਕ ਬਣਾ ਦਿੰਦੇ ਸਨ। ਮੈੱਸ ਨੂੰ ਵਿਦਿਆਰਥੀਆਂ ਦੀ ਚੁਣੀ ਕਮੇਟੀ ਚਲਾਉਂਦੀ ਸੀ। ਮੈੱਸ ਦੇ ਮੈਨੇਜਰ ਓਮ ਪ੍ਰਕਾਸ਼ ਦਾ ਸੁਭਾਅ ਬੜਾ ਨਰਮ, ਨਿੱਘਾ ਅਤੇ ਮਿਲਾਪੜਾ ਸੀ। ਸਾਰੇ ਪੰਜਾਬ ’ਚੋਂ ਆਉਂਦੇ ਵਿਦਿਆਰਥੀਆਂ ਕਾਰਨ ਸਾਰੇ ਕਮਰੇ ਭਰੇ ਰਹਿੰਦੇ ਸਨ ਅਤੇ ਕੁਝ ਵਿਦਿਆਰਥੀ ਨੇੜਲੇ ਪਿੰਡਾਂ ਸਮਾਲਸਰ, ਰਾਜੇਆਣਾ ਤੇ ਬਾਘਾ ਪੁਰਾਣਾ ਵੀ ਰਹਿੰਦੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਸ਼ਹਿਰਾਂ ਤੋਂ ਦਾਖ਼ਲ ਹੋਏ ਮਿੱਤਰਾਂ ਕਾਰਨ ਸਾਰਿਆਂ ਦੇ ਘਰਾਂ ਵਿਚ ਖ਼ੁਸ਼ੀਆਂ-ਗ਼ਮੀਆਂ ਦੇ ਬਹਾਨੇ ਆਉਣ-ਜਾਣ ਬਣਿਆ ਰਹਿੰਦਾ ਸੀ ਅਤੇ ਛੋਟੀ ਉਮਰ ਹੋਣ ਕਰਕੇ ਇਸ ਮਿੱਤਰਤਾ ਦੇ ਵਿਸ਼ਾਲ ਘੇਰੇ ’ਤੇ ਬੜਾ ਮਾਣ ਹੁੰਦਾ ਸੀ।
ਹਮ-ਜਮਾਤੀ ਵਿਦਿਆਰਥੀਆਂ ਦੀਆਂ ਯਾਦਾਂ ਵਾਂਗੂੰ ਪੜ੍ਹਾਉਣ ਵਾਲੇ ਪ੍ਰੋਫੈਸਰਾਂ, ਵਰਕਸ਼ਾਪਾਂ ਦੇ ਇੰਸਟਰਕਟਰਾਂ ਅਤੇ ਦੂਜੇ ਸਹਾਇਕ ਸਟਾਫ ਦੇ ਚਿਹਰੇ-ਮੋਹਰੇ ਅਤੇ ਯਾਦਾਂ ਅੱਜ ਵੀ ਮਨਾਂ ਚੋਂ ਮਨਫੀ ਨਹੀਂ ਹੋਈਆਂ ਹਨ। ਸਮੇਂ-ਸਮੇਂ ਰਹੇ ਪ੍ਰਿੰਸੀਪਲ ਬਸੂਰ ਸਾਹਿਬ, ਸ਼ਰਮਾ ਜੀ, ਸਿਵਲ ਦੇ ਮੁਖੀ ਗੁਰਚਰਨ ਸਿੰਘ ਤੂਰ, ਅਮਰਜੀਤ ਅਗਰਵਾਲ, ਸੂਦ ਸਾਬ੍ਹ, ਬਰਾੜ ਜੀ, ਰੇਹਾਨੂ ਸਰ, ਨਿਰਮਲ ਕੁਮਾਰ ਅਤੇ ਹੋਸਟਲ ਵਾਰਡਨ ਮਾਦੁਰਾ ਸਾਬ੍ਹ ਦੇ ਸਖ਼ਤ ਪਰ ਸੰਜੀਦਾ ਸੁਭਾਅ ਅਤੇ ਉਨ੍ਹਾਂ ਦੀਆਂ ਕਰਾਈਆਂ ਮਿਹਨਤਾਂ ਅਤੇ ਦਿੱਤੀਆਂ ਸਿੱਖਿਆਵਾਂ ਅੱਜ ਵੀ ਯਾਦ ਹਨ। ਕੰਟੀਨ ਵਾਲੇ ਤਾਏ ਭਗਵਾਨ ਦਾਸ ਅਤੇ ਉਸ ਤੋਂ ਬਾਅਦ ਖੁਸ਼ੀ ਅਤੇ ਮੰਗੀ ਰੋਡਿਆਂ ਵਾਲੇ ਭਰਾਵਾਂ ਅਤੇ ਕਿਤਾਬਾਂ ਦੀ ਦੁਕਾਨ ਵਾਲੇ ਕਰਮ ਚੰਦ ਤੇ ਮੋਲ੍ਹੀ ਹੋਰਾਂ ਨਾਲ ਅਤੇ ਅੱਡੇ ’ਤੇ ਚਾਹ ਦੀ ਦੁਕਾਨ ਕਰਨ ਵਾਲੇ ਫ਼ੌਜੀ ਨਾਲ ਤਾਂ ਸਾਰਿਆਂ ਦਾ ਪਰਿਵਾਰਕ ਰਿਸ਼ਤਾ ਹੁੰਦਾ ਸੀ।
ਉਦੋਂ ਉਮਰ ਹੀ ਅਜਿਹੀ ਸੀ ਕਿ ਹੋਸਟਲ ਰਹਿੰਦਿਆਂ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਸਨ। ਵਿਦਿਆਰਥੀ ਜਥੇਬੰਦੀਆਂ ਦਾ ਵੀ ਜ਼ੋਰ ਹੁੰਦਾ ਸੀ। ਇਸ ਦੇ ਨਾਲ-ਨਾਲ ਚੰਗੇ ਨੰਬਰਾਂ ਨਾਲ ਹੋਏ ਦਾਖ਼ਲੇ ਕਾਰਨ ਪੜ੍ਹਾਈ ਵਿਚ ਵੀ ਇਹ ਕਾਲਜ ਪੰਜਾਬ ਦੇ ਦੂਜੇ ਕਾਲਜਾਂ ਨਾਲੋਂ ਮੋਹਰੀ ਰਹਿੰਦਾ ਸੀ। ਸਾਦ-ਮੁਰਾਦੀ ਜ਼ਿੰਦਗੀ ਤੇ ਸਸਤੇ ਸਮਿਆਂ ਦੀਆਂ ਗੱਲਾਂ ਸਨ। ਬਿਨਾਂ ਪੈਸੇ-ਧੇਲੇ ਤੋਂ ਵੀ ਮੈੱਸ ਤੋਂ ਰੋਟੀਆਂ ਖਾ ਕੇ ਅਤੇ ਕੰਟੀਨ ਤੋਂ ਚਾਹ-ਪਾਣੀ ਪੀ ਕੇ ਕਈ-ਕਈ ਦਿਨ ਲੰਘਾ ਲਈਦੇ ਸਨ। ਹੁਣ ਛੋਟੀਆਂ ਜਮਾਤਾਂ ਵਾਲੇ ਬੱਚੇ ਵੀ ਸਕੂਟਰਾਂ-ਕਾਰਾਂ ’ਤੇ ਜਾਂਦੇ ਹਨ, ਉਦੋਂ ਨੇੜੇ ਦੇ ਪਿੰਡਾਂ ਵਾਲੇ ਵਿਦਿਆਰਥੀ ਸਾਈਕਲਾਂ ’ਤੇ ਹੀ ਆਉਂਦੇ ਸਨ।
ਸਾਡਾ ਸਿਵਲ ਇੰਜੀਨੀਅਰਿੰਗ ਵਾਲਿਆਂ ਦਾ ਤੀਹ ਵਿਦਿਆਰਥੀਆਂ ਦਾ ਗਰੁੱਪ ਹੁੰਦਾ ਸੀ। ਸਾਰੇ ਹੀ ਹੁਸ਼ਿਆਰ ਸਨ। ਉਦੋਂ ਕਾਲਜ ਘੱਟ ਹੋਣ ਕਾਰਨ ਬੇਰੁਜ਼ਗਾਰੀ ਨਹੀਂ ਸੀ। ਸਾਰੇ ਇੱਥੋਂ ਕੋਰਸ ਕਰ ਕੇ ਆਪੋ-ਆਪਣੀ ਜ਼ਿੰਦਗੀ ਦੇ ਨਵੇਂ ਰਾਹਾਂ ’ਤੇ ਪੈ ਗਏ। ਸਾਰਿਆਂ ਨੂੰ ਵੱਖ-ਵੱਖ ਸ਼ਹਿਰਾਂ ਵਿਚ, ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਮਿਲ ਗਈਆਂ। ਤਕਰੀਬਨ ਸਾਰੇ ਹੀ ਜੇਈ ਲੱਗਣ ਤੋਂ ਬਾਅਦ ਤਰੱਕੀਆਂ ਕਰ ਕੇ ਐੱਸਡੀਓ, ਐਕਸੀਅਨ ਅਤੇ ਕਈ ਐੱਸਈ ਦੇ ਮਾਣਮੱਤੇ ਰੁਤਬਿਆਂ ਤੋਂ ਸੇਵਾ ਮੁਕਤ ਹੋਏ ਹਨ। ਕੁਝ ਮਿੱਤਰ ਜਸਕਰਨ ਭੁੱਲਰ ਬੋਦੀਵਾਲਾ, ਅਮਰਜੀਤ ਮਾਨਸਾ, ਸੁਖਦੇਵ ਫ਼ੌਜੀ, ਜਸਪ੍ਰੀਤ, ਵਿਜੇ ਕੁਮਾਰ, ਜਗਦੀਸ਼ ਰਾਏ, ਗੁਰਦੇਵ ਸਿੰਘ ਰੱਥੜੀਆਂ ਚਾਹੇ ਉਮਰ ਤੋਂ ਪਹਿਲਾਂ ਹੀ ਸੰਸਾਰ ਤੋਂ ਚਲੇ ਗਏ ਹਨ ਪਰ ਉਨ੍ਹਾਂ ਦੀਆਂ ਯਾਦਾਂ ਵੀ ਸਦਾ ਅੰਗ-ਸੰਗ ਰਹਿੰਦੀਆਂ ਹਨ। ਹੋਸਟਲ ਰਹਿੰਦੇ ਹੋਣ ਕਾਰਨ ਦੂਜੀਆਂ ਜਮਾਤਾਂ ਵਾਲੇ ਵਿਦਿਆਰਥੀਆਂ ਨਾਲ ਵੀ ਦਿਲੀ ਮੋਹ-ਮੁਹੱਬਤ ਵਾਲਾ ਮੇਲ-ਜੋਲ ਰਹਿੰਦਾ ਸੀ। ਸਾਰੇ ਮਿੱਤਰਾਂ ਦੀ ਸਾਂਝੀ ਤਸਵੀਰ ਵੇਖ ਕੇ ਮਨ-ਮਸਤਕ ਨੇ ਉਨ੍ਹਾਂ ਪੁਰਾਣੇ ਰੰਗੀਨ ਤੇ ਮੇਲਿਆਂ ਵਰਗੇ ਦਿਨਾਂ ਦੀ ਪਰਿਕਰਮਾ ਕੀਤੀ। ਹਰੇਕ ਮਿੱਤਰ ਦੀ ਤਸਵੀਰ ਨੂੰ ਨਿਹਾਰਦਿਆਂ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਰੌਣਕਮਈ ਮਹਿਫ਼ਲ ਵਿਚ ਇਕੱਠੇ ਬੈਠ ਕੇ ਸਾਰੇ ਮਿੱਤਰ ਪੁਰਾਣੀਆਂ ਗੱਲਾਂ ਕਰ ਰਹੇ ਹੋਈਏ। ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਬੀਤ ਗਏ ਸਮਿਆਂ ਦੀਆਂ ਚਾਹੇ ਕੁਝ ਕੌੜੀਆਂ ਯਾਦਾਂ ਵੀ ਹੋਣ, ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਉਹ ਦਿਨ ਵੀ ਸੋਹਣੇ ਤੇ ਪਿਆਰੇ ਲੱਗਦੇ ਹਨ। ਅੱਜ ਵੀ ਜਦੋਂ ਰੋਡੇ ਪੋਲੀਟੈਕਨਿਕ ਕੋਲ ਦੀ ਲੰਘੀਦਾ ਹੈ ਤਾਂ ਉਸ ਧਰਤੀ ਨੂੰ ਸਲਾਮ ਕਰੀਦਾ ਹੈ, ਸਿਜਦਾ ਕਰੀਦਾ ਹੈ ਜਿੱਥੋਂ ਮਿਲੇ ਅੱਖਰਾਂ ਦੇ ਗਿਆਨ ਕਰਕੇ ਜ਼ਿੰਦਗੀ ਸੋਹਣੀ ਬੀਤੀ ਹੈ, ਸੁਖਮਈ ਤੇ ਖ਼ੁਸ਼ਮਈ ਜ਼ਿੰਦਗੀ ਨਸੀਬ ਹੋਈ ਹੈ, ਲੋਕਾਂ ਤੋਂ ਮਾਣ-ਸਤਿਕਾਰ ਮਿਲਿਆ ਹੈ।
ਰੋਡੇ ਕਾਲਜ ਸਦਾ ਸਾਡੇ ਦਿਲਾਂ ਵਿਚ ਵਸਦਾ ਰਹੇਗਾ ਅਤੇ ਉਸ ਦਾ ਨਾਂ ਸਤਿਕਾਰ ਨਾਲ ਲੈਂਦੇ ਰਹਾਂਗੇ। ਸਾਰੇ ਅਧਿਆਪਕਾਂ , ਮਿੱਤਰਾਂ ਦੀਆਂ ਲੰਮੀਆਂ ਉਮਰਾਂ, ਤੰਦਰੁਸਤੀਆਂ, ਸਿਹਤਯਾਬੀਆਂ, ਤਰੱਕੀਆਂ ਲਈ ਦੁਆਵਾਂ, ਅਰਦਾਸਾਂ ਹਨ। ਵਕਤ, ਉਮਰ ਅਤੇ ਪਾਣੀ ਚਾਹੇ ਕਦੇ ਪਿੱਛੇ ਨਹੀਂ ਮੁੜਦੇ ਪਰ ਬੀਤੇ ਸਮਿਆਂ ਦੀਆਂ ਯਾਦਾਂ, ਹਾਸਿਆਂ, ਖ਼ੁਸ਼ੀਆਂ, ਪ੍ਰਾਪਤੀਆਂ ਤੇ ਸੱਜਣਤਾਈਆਂ ਦੇ ਅਹਿਸਾਸ ਮਨੁੱਖ ਦੇ ਮਨ ਨੂੰ ਸਕੂਨ ਦਿੰਦੇ ਰਹਿੰਦੇ ਹਨ, ਰੂਹ ਨੂੰ ਸ਼ਰਸ਼ਾਰ ਜ਼ਰੂਰ ਕਰਦੇ ਰਹਿੰਦੇ ਹਨ। ਉਹ ਰੰਗਲੇ ਤੇ ਮੇਲਿਆਂ ਵਰਗੇ ਦਿਨ ਕਦੇ ਨਹੀਂ ਭੁੱਲਣਗੇ
-ਨਿਰਮਲ ਸਿੰਘ ਦਿਓਲ
।-ਵ੍ਹਟਸਐਪ : 94171-04961