
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰ ਸਵੇਰ ਦੀ ਤਰ੍ਹਾਂ ਅੱਜ ਵੀ ਮੈਂ ਆਪਣੀ ਜੀਵਨ-ਸਾਥਣ ਤੇ ਮਾਂ ਨਾਲ ਘਰ ਦੇ ਨੇੜੇ ਬਣੇ ਪਾਰਕ ਵਿਚ ਸੈਰ ਕਰਨ ਗਿਆ। ਪਾਰਕ ਬਹੁਤ ਵੱਡਾ ਨਹੀਂ ਹੈ ਪਰ ਸਵੇਰ ਵੇਲੇ ਉਹ ਮੈਨੂੰ ਕਿਸੇ ਵੱਡੇ ਬਾਗ਼ ਤੋਂ ਘੱਟ ਨਹੀਂ ਲੱਗਦਾ। ਹੌਲੀ-ਹੌਲੀ ਚੱਲਦੀ ਹਵਾ, ਪੱਤਿਆਂ ਦੀ ਸਰਸਰਾਹਟ, ਪੰਛੀਆਂ ਦਾ ਚਹਿਕਣਾ ਤੇ ਪਹੁ-ਫੁਟਾਲਾ ਬਹੁਤ ਖ਼ੁਸ਼ਗਵਾਰ ਅਹਿਸਾਸ ਕਰਵਾਉਂਦੇ ਹਨ ਜਿਸ ਨੂੰ ਸ਼ਾਇਦ ਸ਼ਬਦਾਂ ਵਿਚ ਪੂਰਾ ਨਾ ਉਤਾਰਿਆ ਜਾ ਸਕੇ।

-ਗੋਵਰਧਨ ਗੱਬੀ
ਹਰ ਸਵੇਰ ਦੀ ਤਰ੍ਹਾਂ ਅੱਜ ਵੀ ਮੈਂ ਆਪਣੀ ਜੀਵਨ-ਸਾਥਣ ਤੇ ਮਾਂ ਨਾਲ ਘਰ ਦੇ ਨੇੜੇ ਬਣੇ ਪਾਰਕ ਵਿਚ ਸੈਰ ਕਰਨ ਗਿਆ। ਪਾਰਕ ਬਹੁਤ ਵੱਡਾ ਨਹੀਂ ਹੈ ਪਰ ਸਵੇਰ ਵੇਲੇ ਉਹ ਮੈਨੂੰ ਕਿਸੇ ਵੱਡੇ ਬਾਗ਼ ਤੋਂ ਘੱਟ ਨਹੀਂ ਲੱਗਦਾ। ਹੌਲੀ-ਹੌਲੀ ਚੱਲਦੀ ਹਵਾ, ਪੱਤਿਆਂ ਦੀ ਸਰਸਰਾਹਟ, ਪੰਛੀਆਂ ਦਾ ਚਹਿਕਣਾ ਤੇ ਪਹੁ-ਫੁਟਾਲਾ ਬਹੁਤ ਖ਼ੁਸ਼ਗਵਾਰ ਅਹਿਸਾਸ ਕਰਵਾਉਂਦੇ ਹਨ ਜਿਸ ਨੂੰ ਸ਼ਾਇਦ ਸ਼ਬਦਾਂ ਵਿਚ ਪੂਰਾ ਨਾ ਉਤਾਰਿਆ ਜਾ ਸਕੇ।
ਪਾਰਕ ਦੇ ਨਾਲ ਇਕ ਬਰਸਾਤੀ ਨਾਲਾ ਵਗਦਾ ਹੈ। ਨਾਲੇ ਦੇ ਕਿਨਾਰੇ ਇਕ ਪੁਰਾਣੀ ਪਰ ਮਜ਼ਬੂਤ ਕੰਧ ਹੈ। ਲਗਪਗ ਦੋ-ਤਿੰਨ ਫੁੱਟ ਉੱਚੀ। ਡੇਢ ਕੁ ਫੁੱਟ ਚੌੜੀ। ਅਸੀਂ ਹਰ ਰੋਜ਼ ਉਸ ਦੇ ਇਕ ਕੋਨੇ ਵਿਚ ਪੰਛੀਆਂ ਲਈ ਥੋੜ੍ਹਾ ਜਿਹਾ ਚੋਗਾ ਪਾ ਦਿੰਦੇ ਹਾਂ। ਇਹ ਕੋਈ ਬਹੁਤ ਵੱਡਾ ਪੁੰਨ ਦਾ ਕੰਮ ਨਹੀਂ ਪਰ ਜਦੋਂ ਕੋਈ ਪੰਛੀ ਆ ਕੇ ਉਹ ਦਾਣਾ ਚੁਗਦਾ ਹੈ ਤਾਂ ਮਨ ਨੂੰ ਇਕ ਅਜੀਬ ਜਿਹੀ ਖ਼ੁਸ਼ੀ ਮਿਲਦੀ ਹੈ। ਲੱਗਦਾ ਹੈ ਕਿ ਕੁਦਰਤ ਨਾਲ ਸਾਡਾ ਵੀ ਕੋਈ ਨਿੱਕਾ ਜਿਹਾ ਰਿਸ਼ਤਾ ਹੈ।
ਪਿਛਲੇ ਕੁਝ ਦਿਨਾਂ ਤੋਂ ਇਕ ਮੋਰਾਂ ਦਾ ਪਰਿਵਾਰ ਵੀ ਰੋਜ਼ ਉੱਥੇ ਆਉਣ ਲੱਗ ਪਿਆ ਹੈ। ਮੋਰ, ਮੋਰਨੀ ਤੇ ਉਨ੍ਹਾਂ ਦੇ ਚਾਰ ਨਿੱਕੇ-ਨਿੱਕੇ ਬੱਚੇ। ਬੱਚਿਆਂ ਨੂੰ ਤਾਂ ਜਿਵੇਂ ਸਵੇਰ ਹੋਣ ਦੀ ਉਡੀਕ ਰਹਿੰਦੀ ਹੋਵੇ। ਉਹ ਆਉਂਦੇ ਹੀ ਇੱਧਰ-ਉੱਧਰ ਦੌੜਦੇ ਹਨ, ਨਿੱਕੀਆਂ ਚੁੰਝਾਂ ਨਾਲ ਦਾਣੇ ਚੁਗਦੇ ਹਨ ਤੇ ਫਿਰ ਇਕ-ਦੂਜੇ ਦੇ ਪਿੱਛੇ ਭੱਜਣ ਲੱਗ ਪੈਂਦੇ ਹਨ। ਮੋਰਨੀ ਵੀ ਬੇਫ਼ਿਕਰੀ ਨਾਲ ਚੋਗਾ ਚੁਗਦੀ ਰਹਿੰਦੀ ਹੈ। ਅੱਜ ਮੇਰੀ ਨਜ਼ਰ ਮੋਰ ਉੱਤੇ ਟਿਕ ਗਈ। ਉਹ ਚੋਗੇ ਦੇ ਕੋਲ ਹੋਣ ਦੇ ਬਾਵਜੂਦ ਇਕ ਵੀ ਦਾਣਾ ਨਹੀਂ ਚੁਗ ਰਿਹਾ ਸੀ। ਉਹ ਸਿਰਫ਼ ਖੜ੍ਹਾ ਸੀ। ਉਸ ਦੀ ਗਰਦਨ ਕਦੇ ਸੱਜੇ ਮੁੜਦੀ, ਕਦੇ ਖੱਬੇ। ਕਦੇ ਉਹ ਸਾਡੇ ਵੱਲ ਵੇਖਦਾ, ਕਦੇ ਪਾਰਕ ਦੇ ਰਸਤੇ ਵੱਲ। ਕੋਈ ਵਿਅਕਤੀ ਲੰਘਦਾ ਤਾਂ ਉਸ ਦੀਆਂ ਅੱਖਾਂ ਉਸ ਦਾ ਪਿੱਛਾ ਕਰਦੀਆਂ। ਕੋਈ ਆਵਾਜ਼ ਆਉਂਦੀ ਤਾਂ ਉਹ ਚੌਕੰਨਾ ਹੋ ਜਾਂਦਾ। ਉਸ ਦੇ ਬੱਚੇ ਖਾ ਰਹੇ ਸਨ। ਉਹ ਪਹਿਰਾ ਦੇ ਰਿਹਾ ਸੀ। ਮੈਂ ਕਾਫ਼ੀ ਦੇਰ ਉਸ ਨੂੰ ਵੇਖਦਾ ਰਿਹਾ। ਫਿਰ ਅਚਾਨਕ ਮੇਰੇ ਅੰਦਰੋਂ ਇਕ ਗੱਲ ਨਿਕਲੀ, “ਇਹ ਮੋਰ ਨਹੀਂ ਸਗੋਂ ਇਹ ਤਾਂ ਇਕ ਪਿਉ ਵੀ ਹੈ।”
ਉਸ ਪਲ ਮੈਨੂੰ ਲੱਗਿਆ ਕਿ ਪਿਉ ਦੀ ਪਰਿਭਾਸ਼ਾ ਸ਼ਾਇਦ ਕਿਸੇ ਕਿਤਾਬ ਵਿਚ ਨਹੀਂ ਮਿਲਦੀ। ਉਹ ਤਾਂ ਅਜਿਹੇ ਹੀ ਕਿਸੇ ਦ੍ਰਿਸ਼ ਵਿਚ ਮਿਲਦੀ ਹੈ-ਜਿੱਥੇ ਇਕ ਜਣਾ ਆਪਣਾ ਹਿੱਸਾ ਛੱਡ ਕੇ ਕਿਸੇ ਹੋਰ ਦੀ ਰੱਖਿਆ ਕਰ ਰਿਹਾ ਹੋਵੇ। ਸਾਡੇ ਸਮਾਜ ਵਿਚ ਮਾਂ ਦਾ ਦਰਜਾ ਬਹੁਤ ਉੱਚਾ ਹੈ ਤੇ ਹੋਣਾ ਵੀ ਚਾਹੀਦਾ ਹੈ। ਮਾਂ ਬੱਚੇ ਨੂੰ ਆਪਣੀ ਕੁੱਖ ਵਿਚ ਰੱਖਦੀ ਹੈ। ਉਸ ਨੂੰ ਜਨਮ ਦਿੰਦੀ ਹੈ। ਉਸ ਦੀ ਪਰਵਰਿਸ਼ ਵਿਚ ਆਪਣਾ ਸਰੀਰ, ਆਪਣੀ ਨੀਂਦ ਤੇ ਆਪਣਾ ਸੁੱਖ ਲਾ ਦਿੰਦੀ ਹੈ।
ਪਰ ਪਿਉ ਦੀ ਕਹਾਣੀ ਥੋੜ੍ਹੀ ਵੱਖਰੀ ਹੈ। ਉਹ ਅਕਸਰ ਘਰ ਦੀ ਉਹ ਕੰਧ ਹੁੰਦਾ ਹੈ ਜਿਸ ਵੱਲ ਬੱਚਿਆਂ ਦਾ ਧਿਆਨ ਹੀ ਨਹੀਂ ਜਾਂਦਾ। ਬੱਚੇ ਕੰਧ ਦੇ ਪਿੱਛੇ ਸੁਰੱਖਿਅਤ ਰਹਿੰਦੇ ਹਨ ਤੇ ਕੰਧ ਉੱਤੇ ਪੈਂਦੀਆਂ ਹਵਾਵਾਂ, ਬਰਸਾਤਾਂ ਤੇ ਕੁਦਰਤ ਦੇ ਥਪੇੜਿਆਂ ਦਾ ਪਤਾ ਉਨ੍ਹਾਂ ਨੂੰ ਨਹੀਂ ਹੁੰਦਾ।
ਮੈਨੂੰ ਆਪਣੇ ਪਿਤਾ ਜੀ ਯਾਦ ਆਉਂਦੇ ਹਨ। ਉਹ ਫ਼ੌਜ ਵਿਚ ਰਹੇ ਸਨ। ਹਾਲਾਤ ਨੇ ਉਨ੍ਹਾਂ ਨੂੰ ਬਿਨਾਂ ਪੈਨਸ਼ਨ ਦੇ ਘਰ ਵਾਪਸ ਆਉਣ ਲਈ ਮਜਬੂਰ ਕਰ ਦਿੱਤਾ ਸੀ। ਜ਼ਿੰਦਗੀ ਨੇ ਉਨ੍ਹਾਂ ਲਈ ਕੋਈ ਆਸਾਨ ਰਸਤਾ ਨਹੀਂ ਛੱਡਿਆ ਸੀ ਪਰ ਪੰਜ ਬੱਚਿਆਂ ਦਾ ਪਿਉ ਹੋਣਾ ਵੀ ਤਾਂ ਇਕ ਜ਼ਿੰਮੇਵਾਰੀ ਸੀ। ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਚੱਪਲਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਸਵੇਰੇ ਖੇਤਾਂ ਵਿਚ ਕੰਮ ਕਰਦੇ। ਹਲ ਵਾਹੁੰਦੇ। ਜ਼ਮੀਨ ਸੰਭਾਲਦੇ। ਦੁਪਹਿਰ ਤੋਂ ਬਾਅਦ ਸਾਈਕਲ ਲੈ ਕੇ ਪਿੰਡਾਂ ਵੱਲ ਨਿਕਲ ਜਾਂਦੇ। ਉਨ੍ਹਾਂ ਦੇ ਸਾਈਕਲ ਦੇ ਪਿੱਛੇ ਚੱਪਲਾਂ ਹੁੰਦੀਆਂ ਸਨ ਤੇ ਦਿਲ ਵਿਚ ਪੰਜ ਬੱਚਿਆਂ ਦੀਆਂ ਲੋੜਾਂ ਪਰ ਇਕ ਗੱਲ ਅੱਜ ਵੀ ਮੇਰੇ ਮਨ ਨੂੰ ਹਿਲਾ ਦਿੰਦੀ ਹੈ-ਉਹ ਇਹ ਕਿ ਉਨ੍ਹਾਂ ਦਾ ਖੱਬਾ ਹੱਥ ਨਹੀਂ ਸੀ।
ਇਕ ਹੱਥ ਨਾਲ ਸਾਈਕਲ ਚਲਾਉਣਾ, ਸਾਮਾਨ ਲੈ ਕੇ ਪਿੰਡ-ਪਿੰਡ ਜਾਣਾ, ਚੱਪਲਾਂ ਵੇਚਣੀਆਂ ਤੇ ਸ਼ਾਮ ਨੂੰ ਘਰ ਵਾਪਸ ਆਉਣਾ। ਇਹ ਸਿਰਫ਼ ਰੋਜ਼ੀ-ਰੋਟੀ ਕਮਾਉਣ ਦੀ ਦਾਸਤਾਨ ਨਹੀਂ ਸੀ। ਇਹ ਇਕ ਪਿਉ ਦੇ ਹੌਸਲੇ ਦੀ ਕਹਾਣੀ ਸੀ। ਉਨ੍ਹਾਂ ਦੀ ਜ਼ਿੰਦਗੀ ਵਿਚ ਸ਼ਾਇਦ ਬਹੁਤ ਸਾਰੇ ਦਿਨ ਅਜਿਹੇ ਆਏ ਹੋਣਗੇ ਜਦੋਂ ਸਰੀਰ ਨੇ ਕਿਹਾ ਹੋਵੇਗਾ, “ਅੱਜ ਨਹੀਂ।” ਪਰ ਪਿਉ ਦਾ ਮਨ ਕਹਿੰਦਾ ਹੋਵੇਗਾ, “ਬੱਚਿਆਂ ਲਈ ਅੱਜ ਵੀ ਜਾਣਾ ਹੈ।”
ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਸਮਝ ਆਉਂਦੀ ਹੈ ਕਿ ਪਿਉ ਕਈ ਵਾਰ ਆਪਣੇ ਬੱਚਿਆਂ ਨੂੰ ਪਾਲਦਾ ਨਹੀਂ, ਸਗੋਂ ਉਨ੍ਹਾਂ ਲਈ ਆਪਣੀ ਪੂਰੀ ਜ਼ਿੰਦਗੀ ਹੌਲੀ-ਹੌਲੀ ਖ਼ਰਚ ਕਰਦਾ ਜਾਂਦਾ ਹੈ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੂੰ ਇਸ ਦਾ ਹਿਸਾਬ ਵੀ ਨਹੀਂ ਚਾਹੀਦਾ। ਮੇਰੇ ਆਪਣੇ ਜੀਵਨ ਵਿਚ ਵੀ ਇਕ ਸਮਾਂ ਅਜਿਹਾ ਸੀ ਜਦੋਂ ਮੇਰੇ ਆਪਣੇ ਸੁਪਨੇ ਸਨ। ਗਾਉਣ ਦਾ ਸੁਪਨਾ। ਅਦਾਕਾਰੀ ਦਾ ਸੁਪਨਾ। ਕੁਝ ਆਪਣਾ ਕਰਨ ਦਾ ਸੁਪਨਾ। ਫਿਰ ਮੈਂ ਪਿਉ ਬਣਿਆ ਤੇ ਪਿਉ ਬਣਨ ਤੋਂ ਬਾਅਦ ਇਕ ਅਜੀਬ ਗੱਲ ਹੋਈ। ਮੇਰੇ ਸੁਪਨੇ ਮਰੇ ਨਹੀਂ। ਉਨ੍ਹਾਂ ਨੇ ਸਿਰਫ਼ ਆਪਣਾ ਚਿਹਰਾ ਬਦਲ ਲਿਆ। ਜੋ ਕੁਝ ਮੈਂ ਆਪਣੇ ਲਈ ਕਰਨਾ ਚਾਹੁੰਦਾ ਸੀ, ਉਸ ਵਿੱਚੋਂ ਬਹੁਤ ਕੁਝ ਮੈਂ ਆਪਣੇ ਬੱਚਿਆਂ ਦੀਆਂ ਅੱਖਾਂ ਵਿਚ ਦੇਖਣ ਲੱਗ ਪਿਆ। ਮੈਂ ਸੋਚਿਆ ਕਿ ਜੇ ਮੈਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ ਤਾਂ ਕੋਈ ਗੱਲ ਨਹੀਂ ਪਰ ਮੇਰੇ ਬੱਚਿਆਂ ਦੇ ਰਸਤੇ ਵਿਚ ਮੇਰੀ ਵਜ੍ਹਾ ਕਰਕੇ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਅੱਜ ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵਧਦੇ ਹਨ, ਲੋਕ ਉਨ੍ਹਾਂ ਦੀ ਕਾਮਯਾਬੀ ਵੇਖਦੇ ਹਨ। ਮੈਂ ਉਸ ਕਾਮਯਾਬੀ ਦੇ ਪਿੱਛੇ ਉਹ ਰਾਤਾਂ ਵੇਖਦਾ ਹਾਂ ਜਦੋਂ ਨੀਂਦ ਨਹੀਂ ਆਈ ਸੀ। ਉਹ ਫ਼ੈਸਲੇ ਵੇਖਦਾ ਹਾਂ ਜਿਨ੍ਹਾਂ ਵਿਚ ਆਪਣੀ ਖ਼ੁਸ਼ੀ ਨਾਲੋਂ ਉਨ੍ਹਾਂ ਦਾ ਭਵਿੱਖ ਵੱਡਾ ਲੱਗਿਆ। ਉਹ ਦਿਨ ਵੇਖਦਾ ਹਾਂ ਜਦੋਂ ਆਪਣੇ ਲਈ ਕੁਝ ਕਰਨ ਦੀ ਥਾਂ ਉਨ੍ਹਾਂ ਲਈ ਕੁਝ ਕਰਨਾ ਜ਼ਰੂਰੀ ਲੱਗਿਆ। ਸ਼ਾਇਦ ਹਰ ਪਿਉ ਦੀ ਕਹਾਣੀ ਕੁਝ ਇਸੇ ਤਰ੍ਹਾਂ ਦੀ ਹੁੰਦੀ ਹੈ।
ਅੱਜ ਸਵੇਰੇ ਉਸ ਮੋਰ ਨੂੰ ਵੇਖਿਆ। ਮੋਰ ਦੇ ਚਾਰ ਬੱਚੇ ਚੋਗਾ ਚੁਗ ਰਹੇ ਸਨ। ਮੋਰਨੀ ਉਨ੍ਹਾਂ ਦੇ ਨਾਲ ਸੀ ਤੇ ਮੋਰ...? ਉਹ ਆਪ ਨਹੀਂ ਚੁਗ ਰਿਹਾ ਸੀ। ਉਹ ਪਹਿਰਾ ਦੇ ਰਿਹਾ ਸੀ। ਸ਼ਾਇਦ ਪਿਉ ਦਾ ਪਿਆਰ ਵੀ ਇਹੋ ਜਿਹਾ ਹੁੰਦਾ ਹੈ। ਉਹ ਕਈ ਵਾਰ ਆਪਣੇ ਹਿੱਸੇ ਦਾ ਦਾਣਾ ਛੱਡ ਦਿੰਦਾ ਹੈ ਤਾਂ ਜੋ ਬੱਚਿਆਂ ਦੀ ਚੁੰਝ ਖ਼ਾਲੀ ਨਾ ਰਹੇ।
ਆਪਣੀ ਮੰਜ਼ਿਲ ਛੱਡ ਦਿੰਦਾ ਹੈ ਤਾਂ ਜੋ ਬੱਚਿਆਂ ਲਈ ਰਸਤਾ ਬਣ ਸਕੇ। ਆਪਣੇ ਸੁਪਨੇ ਪਿੱਛੇ ਕਰ ਦਿੰਦਾ ਹੈ ਤਾਂ ਜੋ ਬੱਚਿਆਂ ਦੇ ਸੁਪਨੇ ਅੱਗੇ ਜਾ ਸਕਣ ਤੇ ਜਦੋਂ ਇਕ ਦਿਨ ਬੱਚੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ, ਪਿਉ ਸ਼ਾਇਦ ਸਭ ਤੋਂ ਅੱਗੇ ਨਹੀਂ ਹੁੰਦਾ। ਉਹ ਥੋੜ੍ਹਾ ਪਿੱਛੇ ਖੜ੍ਹਾ ਹੁੰਦਾ ਹੈ। ਚੁੱਪ-ਚਾਪ । ਉਸ ਦੀਆਂ ਅੱਖਾਂ ਵਿਚ ਮਾਣ ਹੁੰਦਾ ਹੈ, ਚਿਹਰੇ ਉੱਤੇ ਮੁਸਕਰਾਹਟ। ਉਸ ਨੂੰ ਇਨਾਮ ਨਹੀਂ ਚਾਹੀਦਾ। ਉਸ ਨੂੰ ਸਿਰਫ਼ ਇਹ ਯਕੀਨ ਚਾਹੀਦਾ ਹੈ ਕਿ ਉਸ ਦੇ ਬੱਚੇ ਹੁਣ ਆਪਣੇ ਪੈਰਾਂ ਉੱਤੇ ਖੜ੍ਹੇ ਹਨ। ਫਿਰ ਉਹ ਮਨ ’ਚ ਹੀ ਹੌਲੀ ਜਿਹੀ ਕਹਿੰਦਾ ਹੈ, “ਚਲੋ ਬੱਚਿਓ…, ਹੁਣ ਤੁਸੀਂ ਉੱਡੋ...ਮੈਂ ਆਪਣਾ ਪਹਿਰਾ ਦੇ ਦਿੱਤਾ ਹੈ।” ਸ਼ਾਇਦ ਇਸੇ ਦਾ ਨਾਂ ਪਿਉ ਹੈ। ਆਮੀਨ!
-ਮੋਬਾਈਲ : 94171-73700