- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ ਡੇਢ ਘੰਟਾ ਚੱਲੀ ਮੀਟਿੰਗ ਦੇ ਅਖੀਰ ’ਤੇ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਲਲਕਾਰਦਿਆਂ ਕਿਹਾ ਕਿ ਤੇਰਾ ਐਕਸ਼ਨ ਬਿਲਕੁਲ ਠੀਕ ਹੈ ਪਰ ਤੂੰ ਬੇਗੁਨਾਹ ਭਾਰਤੀਆਂ ਦਾ ਕਾਤਲ ਹੈ। ਜ਼ਮੀਰਾਂ ਵਾਲੇ ਲੋਕ ਧੋਖੇ ਨਾਲ ਵਾਰ ਨਹੀਂ ਕਰਦੇ। ਤੂੰ ਸਜ਼ਾ ਦਾ ਅਧਿਕਾਰੀ ਹੈ। ਏਨਾਂ ਕਹਿੰਦਿਆਂ ਊਧਮ ਸਿੰਘ ਨੇ ਆਪਣੇ ਨਾਲ ਲੈ ਕੇ ਗਏ ਕਿਤਾਬ ਵਿਚ ਛੁਪਾਏ ਹੋਏ ਰਿਵਾਲਵਰ ’ਚੋਂ 6 ਗੋਲ਼ੀਆਂ ਚਲਾਈਆਂ।

ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਕੁਰਬਾਨ ਹੋਣ ਵਾਲੇ ਮਰਜੀਵੜਿਆਂ ’ਚੋਂ ਊਧਮ ਸਿੰਘ ਦਾ ਜਨਮ ਕੰਬੋਜ ਬਿਰਾਦਰੀ ’ਚ 26 ਦਸੰਬਰ 1899 ਨੂੰ (ਪਿਤਾ ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ) ਸੁਨਾਮ ਵਿਖੇ ਹੋਇਆ। ਊਧਮ ਸਿੰਘ ਦੇ ਬਚਪਨ ’ਚ ਹੀ ਮਾਤਾ-ਪਿਤਾ ਦੇ ਦਿਹਾਂਤ ਹੋ ਜਾਣ ਉਪਰੰਤ ਊਧਮ ਸਿੰਘ ਨੇ ‘ਚੀਫ਼ ਖਾਲਸਾ ਦੀਵਾਨ’ ਦੁਆਰਾ ਚਲਾਏ ਜਾਂਦੇ ਸੈਂਟਰਲ ਯਤੀਮਘਰ, ਅੰਮ੍ਰਿਤਸਰ ਵਿਚ ਰਹਿ ਕੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ। ਇੱਥੇ ਉਨ੍ਹਾਂ ਨੂੰ ਬਚਪਨ ਦੇ ਨਾਂ ‘ਸ਼ੇਰ ਸਿੰਘ’ ਤੋਂ ਬਦਲ ਕੇ ‘ਊਧਮ ਸਿੰਘ’ ਵਜੋਂ ਨਵੀਂ ਪਛਾਣ ਮਿਲੀ। ਇਸ ਯਤੀਮਘਰ ਦੀ ਟਕਸਾਲ ’ਚ ਪੰਜਾਬੀ ਕੌਮ ਦਾ ਉਹ ਹੀਰਾ ਤਰਾਸ਼ਿਆ ਗਿਆ, ਜਿਸ ਨੇ ਜ਼ਲ੍ਹਿਆਂਵਾਲਾ ਬਾਗ਼ ਵਿਖੇ ਗ਼ੁਲਾਮ ਹਿੰਦੁਸਤਾਨੀ/ਯਤੀਮਾਂ ਦੇ ਕਤਲੇਆਮ ਦੇ ਜ਼ਿੰਮੇਵਾਰ ਬਰਤਾਨਵੀ ਹਕੂਮਤ ਦੇ ਅਧਿਕਾਰੀ ਮਾਈਕਲ ਓਡਵਾਇਰ ਨੂੰ ਲੰਡਨ ’ਚ ਮਾਰ ਕੇ ਵਿਸ਼ਵ ਪੱਧਰੀ ਪਛਾਣ ਦਿਵਾਈ ਹੈ।
6 ਫਰਵਰੀ 1919 ਨੂੰ ਬ੍ਰਿਟਿਸ਼ ਜੱਜ ਸਿਡਨੀ ਰੌਲੇਟ ਦੀ ਅਗਵਾਈ ’ਚ ਦਿੱਲੀ ਵਿਖੇ ‘ਇੰਪੀਰੀਅਲ ਲੈਜੀਸਲੇਟਿਵ ਕੌਂਸਲ’ ’ਚ ‘ਰੌਲੇਟ ਐਕਟ’ ਨਾਮੀ ਇਕ ਬਿੱਲ ਪੇਸ਼ ਕੀਤਾ ਗਿਆ। ਇਸ ਦਾ ਮੁੱਖ ਮਕਸਦ ਹਿੰਦੁਸਤਾਨ ’ਚ ਉੱਠ ਰਹੀਆਂ ਰਾਸ਼ਟਰੀ ਲਹਿਰਾਂ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਦਬਾਉਣਾ ਸੀ। ਇਸ ਐਕਟ ਤਹਿਤ ਪੁਲਿਸ ਕਿਸੇ ਵੀ ਵਿਅਕਤੀ ਨੂੰ ਸਿਰਫ਼ ਸ਼ੱਕ ਦੇ ਆਧਾਰ ਉਪਰ ਬਿਨਾਂ ਕਿਸੇ ਵਾਰੰਟ ਦੇ ਗ੍ਰਿਫ਼ਤਾਰ ਕਰ ਸਕਦੀ ਸੀ ਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਬਿਨਾਂ ਕਿਸੇ ਮੁਕੱਦਮੇ ਦੇ 2 ਸਾਲ ਤੱਕ ਜੇਲ੍ਹ ਵਿਚ ਬੰਦ ਰੱਖਿਆ ਜਾ ਸਕਦਾ ਸੀ।
ਇਸ ਕਾਨੂੰਨ ਦੇ ਖ਼ਿਲਾਫ਼ ਕੋਈ ਵੀ ਦਲੀਲ, ਵਕੀਲ ਜਾਂ ਅਪੀਲ ਨਹੀਂ ਕਰ ਸਕਦਾ ਸੀ। ਹਿੰਦੁਸਤਾਨੀਆਂ ਵੱਲੋਂ ਰੌਲੇਟ ਐਕਟ ਦਾ ਵਿਰੋਧ ਕਰਨ ਦੇ ਬਾਵਜੂਦ ਬਰਤਾਨਵੀ ਸਰਕਾਰ ਨੇ 21 ਮਾਰਚ 1919 ਨੂੰ ਪਾਸ ਕਰ ਦਿੱਤਾ। ਦੇਸ਼ ਦੇ ਵੱਖ-ਵੱਖ ਭਾਗਾਂ ’ਚ ਰੌਲੇਟ ਐਕਟ ਦੇ ਵਿਰੁੱਧ ਅੰਦੋਲਨ ਵਿੱਢਿਆ ਗਿਆ। ਪੰਜਾਬ ਵਿਚ ‘ਰੌਲੇਟ ਐਕਟ’ ਵਿਰੁੱਧ ਅਹਿੰਸਕ ਅੰਦੋਲਨਾਂ ਦੀ ਅਗਵਾਈ ਉਸ ਵੇਲੇ ਕਾਂਗਰਸ ਆਗੂ ਡਾ. ਸੱਤਿਆਪਾਲ ਅਤੇ ਸੈਫ਼ੂਦੀਨ ਕਿਚਲੂ ਕਰ ਰਹੇ ਸਨ।
10 ਅਪ੍ਰੈਲ 1919 ਨੂੰ ਡਾ. ਸੱਤਿਆਪਾਲ ਅਤੇ ਡਾ. ਕਿਚਲੂ ਨੂੰ ਗ੍ਰਿਫ਼ਤਾਰ ਕਰ ਕੇ ਧਰਮਸ਼ਾਲਾ ਦੀ ਜੇਲ੍ਹ ਭੇਜ ਦਿੱਤਾ। ‘ਰੌਲੇਟ ਐਕਟ’ ਕਾਨੂੰਨ ਰੱਦ ਕਰਨ ਤੇ ਦੋਵੇਂ ਨੇਤਾਵਾਂ ਦੀ ਰਿਹਾਈ ਲਈ 13 ਅਪ੍ਰੈਲ ਨੂੰ ਜ਼ਲ੍ਹਿਆਂਵਾਲਾ ਬਾਗ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। 13 ਅਪ੍ਰੈਲ 1919 ਦੀ ਸ਼ਾਮ ਪੰਜ ਵਜੇ ਦੇ ਕਰੀਬ ਜਨਰਲ ਡਾਇਰ ਆਪਣੇ ਫੌ਼ਜੀ ਦਸਤੇ ਸਮੇਤ ਜ਼ਲ੍ਹਿਆਂਵਾਲਾ ਬਾਗ਼ ਦੇ ਤੰਗ ਰਸਤੇ ਰਾਹੀਂ ਪੁੱਜਿਆ ਅਤੇ ਪੁਜੀਸ਼ਨਾਂ ਸੰਭਾਲ ਲਈਆਂ।
ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਦੇ ਹੁਕਮਾਂ ਤਹਿਤ 13 ਅਪ੍ਰੈਲ, 1919 ਈਸਵੀ ਨੂੰ ਅੰਮ੍ਰਿਤਸਰ ਵਿਖੇ ਜ਼ਲ੍ਹਿਆਂਵਾਲਾ ਬਾਗ਼ ਵਿਚ ਹਿੰਦੁਸਤਾਨ ਦੀ ਆਜ਼ਾਦੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਜਲਸੇ ਦੌਰਾਨ ਸੈਂਕੜੇ ਨਿਹੱਥੇ ਹਿੰਦੁਸਤਾਨੀਆਂ ਉਪਰ ਜਨਰਲ ਡਾਇਰ ਨੇ ਬਿਨਾਂ ਚਿਤਾਵਨੀ ਦਿੱਤਿਆਂ 5 ਵੱਜ ਕੇ 15 ਮਿੰਟ ’ਤੇ ਜਲਸੇ ਵਿਚ ਸ਼ਾਮਲ ਲੋਕਾਂ ਵੱਲ ਨਿਸ਼ਾਨਾ ਸਾਧ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਅੰਨ੍ਹੇਵਾਹ ਗੋਲ਼ੀਬਾਰੀ ਉਦੋਂ ਤੱਕ ਜਾਰੀ ਰੱਖੀ, ਜਦੋਂ ਤੱਕ ਉਸ ਪਾਸੋਂ ਗੋਲੀ ਸਿੱਕਾ ਖ਼ਤਮ ਨਹੀਂ ਹੋ ਗਿਆ। ਕਰੀਬ 10 ਮਿੰਟਾਂ ਵਿਚ 1650 ਰਾਊਂਡ ਗੋਲ਼ੀ ਚਲਾਈ ਗਈ। ਕੁਝ ਲੋਕਾਂ ਨੇ ਬਚਾਓ ਵਾਸਤੇ ਖੂਹ ’ਚ ਛਾਲਾਂ ਮਾਰ ਦਿੱਤੀਆਂ। ਕਾਂਗਰਸ ਦੀ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਇਸ ਇਕਤਰਫ਼ਾ ਹੋਈ ਫਾਇਰਿੰਗ ਦੌਰਾਨ 530 ਤੋਂ ਵਧੇਰੇ ਲੋਕ ਮਾਰੇ ਗਏ। ਸਰਕਾਰੀ ਰਿਪੋਰਟ ਅਨੁਸਾਰ 379 ਬੰਦੇ ਮਰੇ ਤੇ 1200 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ।
ਸਵਾਮੀ ਸ਼ਰਧਾ ਨੰਦ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1500 ਅਤੇ ਮਦਨ ਮੋਹਨ ਮਾਲਵੀਆ ਅਨੁਸਾਰ ਇਹ ਗਿਣਤੀ 1900 ਸੀ। ਚਸ਼ਮਦੀਦ ਗਵਾਹਾਂ ਅਨੁਸਾਰ ਘੱਟ ਤੋਂ ਘੱਟ 2000 ਸ਼ਹੀਦੀਆਂ ਹੋਈਆਂ। ਇਸ ਕਤਲੇਆਮ ਨੂੰ ‘ਜ਼ਲ੍ਹਿਆਂਵਾਲਾ ਬਾਗ਼ ਦਾ ਸਾਕਾ’ ਵਜੋਂ ਯਾਦ ਕੀਤਾ ਜਾਂਦਾ ਹੈ। 13 ਅਪ੍ਰੈਲ 1919 ਜ਼ਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਵੇਲੇ ਊਧਮ ਸਿੰਘ ਇਕੱਤਰ ਹੋਏ ਜਲਸੇ ’ਚ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ। ਬਾਂਹ ਵਿਚ ਗੋਲ਼ੀ ਲੱਗਣ ਦੇ ਬਾਵਜੂਦ ਊਧਮ ਸਿੰਘ ਜ਼ਖ਼ਮੀਆਂ ਨੂੰ ਸੰਭਾਲਦਾ ਰਿਹਾ ਤੇ ਮਾਰੇ ਗਏ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ। ਨੌਜਵਾਨ ਊਧਮ ਸਿੰਘ ਨੇ ਜ਼ਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਮਾਰਨ ਦਾ ਪ੍ਰਣ ਕੀਤਾ।
13 ਮਾਰਚ, 1940 ਨੂੰ ਲੰਡਨ ਦੇ 10 ਕੈਕਸਟਲ ਹਾਲ ਵੈਸਟ ਮਨਿਸਟਰ ਵਿਚ ‘ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੋਸਾਇਟੀ’ ਨੇ ਇਕ ਸਾਂਝੀ ਮੀਟਿੰਗ ਕੀਤੀ, ਜਿਸ ਵਿਚ ਉਸ ਸਮੇਂ ‘ਅਫ਼ਗਾਨਿਸਤਾਨ ਦੇ ਵਰਤਮਾਨ ਹਾਲਾਤ’ ਬਾਰੇ ਇਕ ਸੈਮੀਨਾਰ ’ਚ ਚਰਚਾ ਕੀਤੀ ਜਾਣੀ ਸੀ। ਇਸ ’ਚ ਭਾਰਤ ’ਚ ਬਸਤੀਵਾਦੀ ਰਾਜ ਦੇ ਸੇਵਾਮੁਕਤ ਤੇ ਕੰਮ ਕਰ ਰਹੇ ਅਫ਼ਸਰਾਂ ਨੂੰ ਉਚੇਚੇ ਤੌਰ ’ਤੇ ਸੱਦਿਆ ਗਿਆ।
ਮੀਟਿੰਗ ਦੌਰਾਨ ਸੇਵਾਮੁਕਤ ਸਰ ਮਾਈਕਲ ਓਡਵਾਇਰ ਨੇ ਜ਼ਲ੍ਹਿਆਂਵਾਲਾ ਬਾਗ਼ ਦਾ ਸਾਕਾ ਦੁਹਰਾਉਂਦਿਆਂ ਕਿਹਾ ਕਿ ਜੇਕਰ ਹਾਲਾਤ ਕਾਬੂ ਹੇਠ ਨਹੀਂ ਆਉਂਦੇ ਤਾਂ ਮੈਨੂੰ ਭੇਜਿਆ ਜਾਵੇ। ਕਰੀਬ ਡੇਢ ਘੰਟਾ ਚੱਲੀ ਮੀਟਿੰਗ ਦੇ ਅਖੀਰ ’ਤੇ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਲਲਕਾਰਦਿਆਂ ਕਿਹਾ ਕਿ ਤੇਰਾ ਐਕਸ਼ਨ ਬਿਲਕੁਲ ਠੀਕ ਹੈ ਪਰ ਤੂੰ ਬੇਗੁਨਾਹ ਭਾਰਤੀਆਂ ਦਾ ਕਾਤਲ ਹੈ। ਜ਼ਮੀਰਾਂ ਵਾਲੇ ਲੋਕ ਧੋਖੇ ਨਾਲ ਵਾਰ ਨਹੀਂ ਕਰਦੇ। ਤੂੰ ਸਜ਼ਾ ਦਾ ਅਧਿਕਾਰੀ ਹੈ। ਏਨਾਂ ਕਹਿੰਦਿਆਂ ਊਧਮ ਸਿੰਘ ਨੇ ਆਪਣੇ ਨਾਲ ਲੈ ਕੇ ਗਏ ਕਿਤਾਬ ਵਿਚ ਛੁਪਾਏ ਹੋਏ ਰਿਵਾਲਵਰ ’ਚੋਂ 6 ਗੋਲ਼ੀਆਂ ਚਲਾਈਆਂ। ਮਾਈਕਲ ਓਡਵਾਇਰ ਨੂੰ ਤਿੰਨ ਗੋਲ਼ੀਆਂ ਮਾਰ ਕੇ ਥਾਏਂ ਹੀ ਖ਼ਤਮ ਕਰ ਦਿੱਤਾ ਤੇ ਤਿੰਨ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ।
ਜ਼ਖ਼ਮੀਆਂ ’ਚ ਉਸ ਸਮੇਂ ਭਾਰਤੀ ਰਿਆਸਤਾਂ ਤੇ ਬਰਮਾ ਦਾ ਵਜ਼ੀਰ ਮਾਰਕੁਇਸ ਆਫ ਜੈਟਲੈਂਡ, ਪੰਜਾਬ ਦੇ ਗਵਰਨਰ ਦੇ ਸਾਬਕਾ ਅੰਡਰ ਸਕਰੈਕਟਰੀ ਸਰ ਲੁਈਸ ਡੇਨ ਅਤੇ ਬੰਬਈ ਦਾ ਸਾਬਕਾ ਗਵਰਨਰ ਲਾਰਡ ਲੈਮਿੰਗਟਨ ਸ਼ਾਮਿਲ ਸਨ। ਇਹ ਸਾਰੇ ਇਨ੍ਹਾਂ ਸੰਸਥਾਵਾਂ ਦੇ ਅਤਿ ਸਤਿਕਾਰਤ ਮੈਂਬਰ ਸਨ, ਜਿਨ੍ਹਾਂ ’ਚੋਂ ਹਰ ਇਕ ਨੂੰ ਬ੍ਰਿਟਿਸ਼ ਸਟੇਟ ਦੁਆਰਾ ਉਨ੍ਹਾਂ ਦੀਆਂ ਕਰਾਉਨ ਤੇ ਸਾਮਰਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਸੀ। ਇਹ ਸਾਰੇ ਸਪੋਜ਼ੀਅਜਮ ਅਤੇ ਸੈਮੀਨਾਰਾਂ ਰਾਹੀਂ ਬ੍ਰਿਟਿਸ਼ ਸਾਮਰਾਜਵਾਦ ਦੀ ਪ੍ਰਪੱਕਤਾ ਲਈ ਕੰਮ ਕਰਦੇ ਸਨ।
ਓਡਵਾਇਰ ਨੂੰ ਮਾਰਨ ਉਪਰੰਤ ਊਧਮ ਸਿੰਘ ਨੇ ਸਵੈ-ਇੱਛਤ ਗ੍ਰਿਫ਼ਤਾਰੀ ਦਿੱਤੀ। ਹਾਜ਼ਰੀਨ ਪ੍ਰੈੱਸ ਨੁਮਾਇੰਦਿਆਂ ਮੁਤਾਬਿਕ ਊਧਮ ਸਿੰਘ ਨੂੰ ਹੱਥਕੜੀ ਲਗਾਈ ਜਾ ਰਹੀ ਸੀ ਤਾਂ ਊਧਮ ਸਿੰਘ ਫੋਟੋਗ੍ਰਾਫਰਾਂ ਵੱਲ ਵੇਖ ਕੇ ਮੁਸਕਰਾਇਆ ਅਤੇ ਜਦੋਂ ਉਸ ਨੂੰ ਪੁਲਿਸ ਦੁਆਰਾ ਲਿਜਾਇਆ ਜਾ ਰਿਹਾ ਸੀ ਤਾਂ ਉਹ ਸ਼ਾਂਤ ਚਿੱਤ ਸੀ। ਗ੍ਰਿਫ਼ਤਾਰੀ ਉਪਰੰਤ ਮੁਕੱਦਮਾ ਚਲਾਉਣ ਲਈ ਊਧਮ ਸਿੰਘ ਨੂੰ 1 ਅਪ੍ਰੈਲ 1940 ਨੂੰ ਲੰਡਨ ਦੀ ਸੈਂਟਰਲ ਕ੍ਰਿਮੀਨਲ ਕੋਰਟ ‘ਓਲਡ ਬੇਲੀ’ ਅਦਾਲਤ ਵਿਚ ਪੇਸ਼ ਕੀਤਾ ਗਿਆ।
4 ਜੂਨ 1940 ਨੂੰ ਪੇਸ਼ੀ ਸਮੇਂ ਜੱਜ ਐਟਕਿੰਸਨ ਨੇ ਮਾਈਕਲ ਓਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਊਧਮ ਸਿੰਘ ਨੇ ਬਿਆਨ ਦਿੱਤਾ, ‘ਉਹ ਸਾਡਾ ਪੁਰਾਣਾ ਦੁਸ਼ਮਣ ਸੀ ਜੋ ਇਸ ਸਜ਼ਾ ਦਾ ਹੱਕਦਾਰ ਸੀ ਅਤੇ ਦੇਸ਼ ਦੀ ਖਾਤਰ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਦਾ ਮੈਨੂੰ ਮਾਣ ਹੈ।’ ‘ਓਲਡ ਬੇਲੀ’ ਲੰਡਨ ਵਿਚ ਦੋ ਦਿਨ ਦੀ ਕਾਨੂੰਨੀ ਕਾਰਵਾਈ ਉਪਰੰਤ ਜਿਊਰੀ ਨੂੰ ਊਧਮ ਸਿੰਘ ਦੇ ਮੁਕੱਦਮੇ ਬਾਰੇ ਫ਼ੈਸਲਾ ਕਰਨ ਅਤੇ ਉਸ ਨੂੰ ਦੋਸ਼ੀ ਠਹਿਰਾਉਣ ਵਿੱਚ ਤਕਰੀਬਨ 90 ਮਿੰਟ ਦਾ ਸਮਾਂ ਲੱਗਾ।
ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਊਧਮ ਸਿੰਘ ਨੂੰ ਪੁੱਛਿਆ ਕਿ ਕੀ ਉਹ ਕੁੱਝ ਕਹਿਣਾ ਚਾਹੁੰਦੇ ਹੋ? ਊਧਮ ਸਿੰਘ ਮੁਸਕੁਰਾਇਆ ਤੇ ਉਸ ਨੇ ਆਪਣੀਆਂ ਐਨਕਾਂ ਲਗਾ ਲਈਆਂ, ਹੌਲੀ-ਹੌਲੀ ਵਾਰਡਰਾਂ ਨੂੰ ਕੁਝ ਕਿਹਾ ਅਤੇ ਆਪਣੀ ਜੇਬ ’ਚੋਂ ਗੁਰਮੁਖੀ, ਊਰਦੂ ਅਤੇ ਅੰਗਰੇਜ਼ੀ ਵਿਚ ਤਿਆਰ ਕੀਤਾ 8 ਸਫਿਆਂ ਦਾ ਬਿਆਨ ਕੱਢਿਆ ਤੇ ਉਸ ਨੂੰ ਉੱਚੀ-ਉੱਚੀ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ ਜੋ ਬ੍ਰਿਟਿਸ਼ ਸਾਮਰਾਜ ਵਿਰੁੱਧ ਇੱਕ ਕ੍ਰਾਂਤੀਕਾਰੀ ਬਿਆਨ ਸੀ।
ਜਦੋਂ ਊਧਮ ਸਿੰਘ ਨੂੰ ਕਟਹਿਰੇ ਵਿੱਚੋਂ ਲਿਜਾਇਆ ਜਾਣ ਲੱਗਾ ਤਾਂ ਉਸ ਨੇ ਆਪਣੇ ਬਿਆਨ ਵਾਲੇ ਪੇਪਰ ਜਿਨ੍ਹਾਂ ਤੋਂ ਉਹ ਪੜ੍ਹ ਰਿਹਾ ਸੀ ਪਾੜ ਦਿੱਤੇ ਤੇ ਜੱਜ ਉੱਤੇ ਸੁੱਟ ਦਿੱਤੇ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਆਜ਼ਾਦੀ ਦੇ ਮਰਜੀਵੜੇ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ। ਊਧਮ ਦੀ ਦੇਹ ਨੂੰ ਜੇਲ੍ਹ ’ਚ ਹੀ ਦਬਾ ਦਿੱਤਾ ਗਿਆ। ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 19 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ, ਜਿਨ੍ਹਾਂ ਦਾ 31 ਜੁਲਾਈ 1974 ਨੂੰ ਸੁਨਾਮ ਵਿਖੇ ਸਸਕਾਰ ਕੀਤਾ ਗਿਆ।
ਭਾਰਤ ਦੇ ਵੱਡੇ ਆਗੂਆਂ ਵਿਚੋਂ ਪੰਡਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੇ ਊਧਮ ਸਿੰਘ ਵੱਲੋਂ ਕੀਤੇ ਇਸ ਕਾਰਨਾਮੇ ਦੀ ਨਿੰਦਾ ਕੀਤੀ, ਜਦਕਿ ਸੁਭਾਸ਼ ਚੰਦਰ ਬੋਸ ਨੇ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ ਸੀ। ਮਹਾਤਮਾ ਗਾਂਧੀ ਨੇ ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਨੂੰ ਮਾਰਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ‘‘ਇਹ ਪਾਗਲਪਣ ਵਾਲੀ ਕਾਰਵਾਈ ਹੈ ਤੇ ਕਤਲ ਨਾਲ ਕੋਈ ਮਕਸਦ ਹੱਲ ਨਹੀਂ ਹੁੰਦਾ।’’ ਨਹਿਰੂ ਨੇ ਮਾਈਕਲ ਓਡਵਾਇਰ ਦੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ‘ਇਹ ਇਕ ਬੇਤੁਕੀ ਹਰਕਤ ਹੈ।’
ਡਾ. ਬਲਵਿੰਦਰ ਸਿੰਘ ਥਿੰਦ
(ਸੰਪਰਕ : 9417606572)।