- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਭਾਵੇਂ ਪਰਿਵਾਰ ਭੂਗੋਲਕ ਤੌਰ 'ਤੇ ਵੱਖ ਹੋ ਗਏ ਹਨ, ਪਰ ਰਿਸ਼ਤਿਆਂ ਦੀ ਗਰਮੀ ਅਜੇ ਵੀ ਉਹੀ ਹੈ। ਗੁਰਬਾਣੀ ਸਾਨੂੰ ਮਨੁੱਖਤਾ, ਸੇਵਾ ਅਤੇ ਨਿਮਰਤਾ ਦਾ ਮਾਰਗ ਦਿਖਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ: "ਵਿਿਚ ਦੁਨੀਆ ਸੇਵ ਕਮਾਈਐ, ਤਾ ਦਰਗਹ ਬੈਸਣੁ ਪਾਈਐ।"

ਕੁਝ ਘਟਨਾਵਾਂ ਖ਼ਬਰਾਂ ਤੋਂ ਵੱਧ ਸਮਾਜ ਦਾ ਦਰਪਣ ਬਣ ਜਾਂਦੀਆਂ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਨੇ ਅਨੇਕਾਂ ਪਰਿਵਾਰਾਂ ਨੂੰ ਸੋਚਣ ਲਈ ਮਜਬੂਰ ਕੀਤਾ। ਕੈਨੇਡਾ ਗਏ ਇੱਕ ਬਜ਼ੁਰਗ ਜੋੜੇ ਨੂੰ ਕਿਸੇ ਨੇ ਤਾਅਨਾ ਮਾਰਿਆ—"ਕੈਨੇਡਾ ਆ ਕੇ ਵੀ ਬੱਚਿਆਂ ਨੂੰ ਸਕੂਲ ਛੱਡਦੇ ਹੋ, ਪਾਰਕ ਲੈ ਕੇ ਜਾਂਦੇ ਹੋ ਅਤੇ ਘਰ ਦੇ ਕੰਮ ਕਰਦੇ ਹੋ।" ਪਰ ਉਨ੍ਹਾਂ ਦਾ ਜਵਾਬ ਮਨੁੱਖੀ ਰਿਸ਼ਤਿਆਂ ਦੀ ਅਸਲ ਪਰਿਭਾਸ਼ਾ ਸੀ।
ਉਨ੍ਹਾਂ ਨੇ ਕਿਹਾ, "ਅਸੀਂ ਇਹ ਸਭ ਕਿਸੇ ਮਜਬੂਰੀ ਨਾਲ ਨਹੀਂ ਕਰ ਰਹੇ। ਅਸੀਂ ਆਪਣੇ ਬੱਚਿਆਂ ਦਾ ਜੀਵਨ ਕੁਝ ਆਸਾਨ ਬਣਾਉਣ ਅਤੇ ਆਪਣੇ ਪੋਤਰੇ-ਪੋਤਰੀਆਂ ਨਾਲ ਸਮਾਂ ਬਿਤਾਉਣ ਆਏ ਹਾਂ।’ ਇਹ ਸ਼ਬਦ ਸਿਰਫ਼ ਇੱਕ ਜਵਾਬ ਨਹੀਂ ਸਨ, ਸਗੋਂ ਭਾਰਤੀ ਪਰਿਵਾਰਕ ਦਰਸ਼ਨ ਦਾ ਨਿਚੋੜ ਸਨ। ਅੱਜ ਪੰਜਾਬ ਦੇ ਲੱਖਾਂ ਨੌਜਵਾਨ ਰੁਜ਼ਗਾਰ ਅਤੇ ਉੱਚ ਸਿੱਖਿਆ ਲਈ ਵਿਦੇਸ਼ਾਂ ਵਿੱਚ ਵੱਸ ਰਹੇ ਹਨ।
ਉਨ੍ਹਾਂ ਦੀ ਸਫ਼ਲਤਾ 'ਤੇ ਸਾਨੂੰ ਮਾਣ ਹੈ, ਪਰ ਇਸ ਸਫ਼ਲਤਾ ਦੇ ਪਿੱਛੇ ਇੱਕ ਹੋਰ ਸੱਚ ਵੀ ਹੈ—ਕੰਮ ਦਾ ਦਬਾਅ, ਸਮੇਂ ਦੀ ਘਾਟ, ਇਕੱਲਾਪਣ ਅਤੇ ਬੱਚਿਆਂ ਦੀ ਪਰਵਰਿਸ਼ ਦੀ ਵੱਡੀ ਜ਼ਿੰਮੇਵਾਰੀ। ਅਜਿਹੇ ਵੇਲੇ ਜਦੋਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਕੁਝ ਸਮੇਂ ਲਈ ਵਿਦੇਸ਼ ਜਾਂਦੇ ਹਨ, ਉਹ ਸਿਰਫ਼ ਘਰ ਦਾ ਕੰਮ ਨਹੀਂ ਕਰਦੇ, ਸਗੋਂ ਪਰਿਵਾਰ ਦੀ ਮਾਨਸਿਕ, ਸੱਭਿਆਚਾਰਕ ਅਤੇ ਨੈਤਿਕ ਨੀਂਹ ਨੂੰ ਮਜ਼ਬੂਤ ਕਰਦੇ ਹਨ। ਭਾਰਤੀ ਸੰਸਕ੍ਰਿਤੀ ਦੀ ਪਛਾਣ ਸਾਂਝੇ ਪਰਿਵਾਰ ਨਾਲ ਰਹੀ ਹੈ। ਸਾਡੇ ਇੱਥੇ ਬੱਚੇ ਦੀ ਪਰਵਰਿਸ਼/ਦੇਖਭਾਲ ਨੂੰ ਸਿਰਫ਼ ਮਾਂ-ਪਿਉ ਦੀ ਨਹੀਂ, ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੰਨਿਆ ਗਿਆ।
ਇਸੀ ਕਰਕੇ ਭਾਰਤੀ ਪ੍ਰੀਵਾਰ ਸਦੀਆਂ ਤੱਕ ਸਮਾਜ ਦੀ ਸਭ ਤੋਂ ਮਜ਼ਬੂਤ ਇਕਾਈ ਰਹੇ।ਅਸੀਂ ਦੇਖ ਸਕਦੇ ਹਾਂ ਜਦੋਂ ਤੱਕ ਬੱਚਿਆਂ ਦੀ ਪ੍ਰਵਰਿਸ਼ ਅਤੇ ਦੇਖਭਾਲ ਸਾਝੇਂ ਪਰਿਵਾਰਾਂ ’ਚ ਹੁੰਦੀ ਸੀ ਤਾਂ ਉਸ ਸਮੇਂ ਬੱਚਿਆਂ ਨੂੰ ਨੇਤਿਕ ਸਿੱਖਿਆ ਅਤੇ ਉਹਨਾਂ ਦੀ ਚਰਿੱਤਰ ਉਸਾਰੀ ਲਈ ਕੋਈ ਵਿਸ਼ੇਸ਼ ਤਰੱਦਦ ਦੀ ਲੋੜ ਨਹੀਂ ਸੀ ਹੁੰਦੀ। ਸਭ ਤੋਂ ਅਹਿਮ ਕਿ ਉਸ ਸਮੇਂ ਬੱਚੇ ਨਸ਼ਿਆਂ ਵਿੱਚ ਵੀ ਘੱਟ ਜਾਦੇਂ ਸਨ।ਉਸ ਸਮੇਂ ਬੱਚਿਆਂ ਦੀ ਦੇਖਭਾਲ ਦਾਦਾ/ਦਾਦੀ ਤੋਂ ਇਲਾਵਾ ਤਇਆਂ/ਤਾਈ ਅਤੇ ਚਾਚਾ/ਚਾਚੀ ਵੀ ਕਰਦੇ ਸਨ ਪਰ ਜਿਵੇਂ ਹੀ ਸਾਡੇ ਪ੍ਰੀਵਾਰ ਸੀਮਤ ਹੋਏ ਅਤੇ ਪਰਿਵਾਰ ਅਲੱਗ ਹੋਏ ਉਦੋਂ ਤੋਂ ਦਾਦਾ/ਦਾਦੀ ਵੰਡੇ ਗਏ ਤਾਏ/ਚਾਚੇ ਸ਼ਰੀਕ ਬਣ ਗਏ ਤਾਂ ਬੱਚਿਆਂ ਤੇ ਕੰਟਰੋਲ ਘੱਟ ਗਿਆ ਅਤੇ ਉਹ ਅਜਾਦ ਹੋ ਗਏ।
ਅੱਜ ਭਾਵੇਂ ਪਰਿਵਾਰ ਭੂਗੋਲਕ ਤੌਰ 'ਤੇ ਵੱਖ ਹੋ ਗਏ ਹਨ, ਪਰ ਰਿਸ਼ਤਿਆਂ ਦੀ ਗਰਮੀ ਅਜੇ ਵੀ ਉਹੀ ਹੈ। ਗੁਰਬਾਣੀ ਸਾਨੂੰ ਮਨੁੱਖਤਾ, ਸੇਵਾ ਅਤੇ ਨਿਮਰਤਾ ਦਾ ਮਾਰਗ ਦਿਖਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ: "ਵਿਿਚ ਦੁਨੀਆ ਸੇਵ ਕਮਾਈਐ, ਤਾ ਦਰਗਹ ਬੈਸਣੁ ਪਾਈਐ।" ਇਹ ਸੇਵਾ ਕੇਵਲ ਲੰਗਰ ਜਾਂ ਧਾਰਮਿਕ ਕਾਰਜਾਂ ਤੱਕ ਸੀਮਿਤ ਨਹੀਂ। ਆਪਣੇ ਪਰਿਵਾਰ ਨੂੰ ਸਮਾਂ ਦੇਣਾ, ਬੱਚਿਆਂ ਨੂੰ ਸੰਸਕਾਰ ਦੇਣਾ ਅਤੇ ਮੁਸ਼ਕਲ ਵੇਲੇ ਸਹਾਰਾ ਬਣਨਾ ਵੀ ਸੇਵਾ ਦਾ ਹੀ ਉੱਚਾ ਰੂਪ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ‘ਕਿਸੇ ਰਾਸ਼ਟਰ ਦੀ ਤਾਕਤ ਉਸ ਦੇ ਲੋਕਾਂ ਦੇ ਚਰਿੱਤਰ ਵਿੱਚ ਹੁੰਦੀ ਹੈ।’ ਚਰਿੱਤਰ ਸਕੂਲਾਂ ਵਿਚ ਨਹੀਂ ਬਣਦਾ; ਇਸ ਦੀ ਪਹਿਲੀ ਪਾਠਸ਼ਾਲਾ ਪਰਿਵਾਰ ਹੁੰਦਾ ਹੈ।
ਦਾਦਾ-ਦਾਦੀ ਦੀ ਗੋਦ ਵਿਚ ਸੁਣੀਆਂ ਕਹਾਣੀਆਂ, ਮਾਪਿਆਂ ਦਾ ਆਦਰ, ਸੱਚ ਬੋਲਣ ਦੀ ਆਦਤ, ਦੂਜਿਆਂ ਦਾ ਸਤਿਕਾਰ ਅਤੇ ਮਿਹਨਤ ਦਾ ਮਹੱਤਵ—ਇਹ ਉਹ ਮੁੱਲ ਹਨ ਜੋ ਬੱਚਿਆਂ ਦੀ ਪੂਰੀ ਜ਼ਿੰਦਗੀ ਨੂੰ ਦਿਸ਼ਾ ਦਿੰਦੇ ਹਨ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਅਕਸਰ ਕਹਿੰਦੇ ਸਨ ਕਿ ‘ਜੇ ਇੱਕ ਦੇਸ਼ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਸੁੰਦਰ ਬਣਾਉਣਾ ਹੈ ਤਾਂ ਉਸ ਦੀ ਸ਼ੁਰੂਆਤ ਘਰ ਅਤੇ ਸਕੂਲ ਤੋਂ ਹੁੰਦੀ ਹੈ।’
ਇਹ ਗੱਲ ਅੱਜ ਵੀ ਉਨੀ ਹੀ ਸਾਰਥਕ ਹੈ। ਬੱਚਿਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਕਰੁਣਾ ਅਤੇ ਜ਼ਿੰਮੇਵਾਰੀ ਦਾ ਪਾਠ ਘਰ ਤੋਂ ਹੀ ਮਿਲਦਾ ਹੈ, ਅਤੇ ਇਸ ਵਿੱਚ ਬਜ਼ੁਰਗਾਂ ਦੀ ਭੂਮਿਕਾ ਬੇਮਿਸਾਲ ਹੈ। ਸਾਡੇ ਸੰਵਿਧਾਨ ਨੇ ਵੀ ਨੈਤਿਕ ਮੁੱਲਾਂ ਨੂੰ ਮਹੱਤਵ ਦਿੱਤਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 51ਏ ਵਿਚ ਹਰ ਨਾਗਰਿਕ ਦੇ ਮੂਲ ਕਰਤੱਵਾਂ ਦਾ ਜ਼ਿਕਰ ਹੈ। ਇਨ੍ਹਾਂ ਵਿੱਚ ਸਾਡੀ ਸੱਭਿਆਚਾਰਕ ਵਿਰਾਸਤ ਦੀ ਰੱਖਿਆ, ਮਨੁੱਖੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਅਤੇ ਉੱਚੇ ਆਦਰਸ਼ਾਂ ਨੂੰ ਅਪਣਾਉਣਾ ਸ਼ਾਮਲ ਹੈ। ਇਹ ਕਰਤੱਵ ਕੇਵਲ ਸਰਕਾਰ ਦੇ ਨਹੀਂ, ਸਗੋਂ ਹਰ ਪਰਿਵਾਰ ਦੇ ਵੀ ਹਨ।
ਜਦੋਂ ਇੱਕ ਦਾਦਾ ਆਪਣੇ ਪੋਤੇ ਨੂੰ ਪੰਜਾਬੀ ਬੋਲਣੀ ਸਿਖਾਉਂਦਾ ਹੈ ਜਾਂ ਇੱਕ ਦਾਦੀ ਆਪਣੀ ਪੋਤਰੀ ਨੂੰ ਸੱਚ, ਸੇਵਾ ਅਤੇ ਸਾਦਗੀ ਦਾ ਮਹੱਤਵ ਦੱਸਦੀ ਹੈ, ਤਾਂ ਉਹ ਅਸਲ ਅਰਥਾਂ ਵਿੱਚ ਰਾਸ਼ਟਰ ਨਿਰਮਾਣ ਕਰ ਰਹੇ ਹੁੰਦੇ ਹਨ ਪਰ ਅੱਜ ਸਮਾਜ ਵਿਚ ਇੱਕ ਚਿੰਤਾਜਨਕ ਰੁਝਾਨ ਵੀ ਦੇਖਣ ਨੂੰ ਮਿਲਦਾ ਹੈ।
ਕੁਝ ਲੋਕ ਬਜ਼ੁਰਗਾਂ ਦੀ ਸੇਵਾ ਨੂੰ ਭਾਰ ਸਮਝਣ ਲੱਗ ਪਏ ਹਨ। ਇਹ ਸੋਚ ਨਾ ਨੈਤਿਕ ਹੈ ਅਤੇ ਨਾ ਹੀ ਮਨੁੱਖੀ। ਮਾਪਿਆਂ ਦੀ ਮਦਦ ਨੂੰ ਉਨ੍ਹਾਂ ਦੀ ਮਜ਼ਬੂਰੀ ਨਹੀਂ, ਸਗੋਂ ਉਨ੍ਹਾਂ ਦੇ ਪਿਆਰ ਦੇ ਪ੍ਰਗਟਾਵੇ ਸਮਝਣਾ ਚਾਹੀਦਾ ਹੈ। ਉਸੇ ਤਰ੍ਹਾਂ ਬੱਚਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਮਾਪਿਆਂ ਦੀ ਸਿਹਤ, ਸਨਮਾਨ ਅਤੇ ਆਜ਼ਾਦੀ ਦਾ ਪੂਰਾ ਧਿਆਨ ਰੱਖਣ। ਰਿਸ਼ਤੇ ਉੱਥੇ ਹੀ ਖਿੜਦੇ ਹਨ ਜਿੱਥੇ ਅਧਿਕਾਰਾਂ ਨਾਲੋਂ ਜ਼ਿੰਮੇਵਾਰੀਆਂ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ। ਇੱਕ ਹੋਰ ਪੱਖ ਵੀ ਉਨਾ ਹੀ ਮਹੱਤਵਪੂਰਨ ਹੈ। ਵਿਦੇਸ਼ਾਂ ਵਿਚ ਜਨਮੇ ਬੱਚਿਆਂ ਲਈ ਦਾਦਾ-ਦਾਦੀ ਸਿਰਫ਼ ਦੇਖਭਾਲ ਕਰਨ ਵਾਲੇ ਨਹੀਂ ਹੁੰਦੇ।
ਉਹ ਪੰਜਾਬੀ ਭਾਸ਼ਾ, ਲੋਕ-ਸੱਭਿਆਚਾਰ, ਗੁਰਬਾਣੀ, ਇਤਿਹਾਸ, ਲੋਕ-ਗੀਤਾਂ ਅਤੇ ਪਰਿਵਾਰਕ ਪ੍ਰੰਪਰਾਵਾਂ ਦੀਆਂ ਜੀਵੰਤ ਯੂਨੀਵਰਸਿਟੀਆਂ ਹੁੰਦੇ ਹਨ। ਜੇ ਇਹ ਕੜੀ ਟੁੱਟ ਗਈ ਤਾਂ ਅਗਲੀ ਪੀੜ੍ਹੀ ਆਰਥਿਕ ਤੌਰ 'ਤੇ ਤਾਂ ਅਮੀਰ ਹੋ ਸਕਦੀ ਹੈ, ਪਰ ਸੱਭਿਆਚਾਰਕ ਤੌਰ 'ਤੇ ਗਰੀਬ ਹੋ ਜਾਵੇਗੀ। ਨੈਤਿਕ ਸਿੱਖਿਆ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਤਾਬਾਂ ਨਾਲੋਂ ਵੱਧ ਵਿਹਾਰ ਰਾਹੀਂ ਸਿੱਖੀ ਜਾਂਦੀ ਹੈ।
ਜਦੋਂ ਇੱਕ ਬੱਚਾ ਆਪਣੇ ਪਿਤਾ ਨੂੰ ਆਪਣੇ ਦਾਦਾ ਦਾ ਆਦਰ ਕਰਦੇ ਵੇਖਦਾ ਹੈ, ਉਹ ਆਦਰ ਸਿੱਖਦਾ ਹੈ। ਜਦੋਂ ਉਹ ਆਪਣੀ ਮਾਂ ਨੂੰ ਦਾਦੀ ਦੀ ਸੇਵਾ ਕਰਦੇ ਵੇਖਦਾ ਹੈ, ਉਹ ਸੇਵਾ ਸਿੱਖਦਾ ਹੈ। ਜਦੋਂ ਘਰ ਵਿੱਚ ਪਿਆਰ, ਧੀਰਜ ਅਤੇ ਸੰਵਾਦ ਦਾ ਮਾਹੌਲ ਹੁੰਦਾ ਹੈ, ਤਾਂ ਉਹੀ ਮੁੱਲ ਉਸ ਦੇ ਚਰਿੱਤਰ ਦਾ ਹਿੱਸਾ ਬਣ ਜਾਂਦੇ ਹਨ। ਸਮਾਜ ਨੂੰ ਵੀ ਆਪਣੀ ਸੋਚ ਬਦਲਣ ਦੀ ਲੋੜ ਹੈ। ਸਾਨੂੰ ਕਿਸੇ ਦੇ ਪ੍ਰੀਵਾਰਕ ਫ਼ੈਸਲੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
ਜੋ ਦਾਦਾ-ਦਾਦੀ ਆਪਣੇ ਬੱਚਿਆਂ ਦੀ ਮਦਦ ਕਰ ਰਹੇ ਹਨ, ਉਹ ਕੋਈ ਛੋਟਾ ਕੰਮ ਨਹੀਂ ਕਰ ਰਹੇ। ਉਹ ਇੱਕ ਐਸੀ ਪੀੜ੍ਹੀ ਤਿਆਰ ਕਰ ਰਹੇ ਹਨ ਜੋ ਪਿਆਰ, ਜ਼ਿੰਮੇਵਾਰੀ ਅਤੇ ਸੰਸਕਾਰਾਂ ਨੂੰ ਸਮਝਦੀ ਹੈ। ਇਹ ਕੰਮ ਕਿਸੇ ਵੀ ਆਰਥਿਕ ਯੋਗਦਾਨ ਨਾਲੋਂ ਘੱਟ ਨਹੀਂ। ਅੰਤ ਵਿੱਚ ਇਕ ਸਵਾਲ ਸਾਡੇ ਸਾਰਿਆਂ ਲਈ ਹੈ—ਕੀ ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਵਿਦੇਸ਼ ਭੇਜਣਾ ਚਾਹੁੰਦੇ ਹਾਂ ਜਾਂ ਉਨ੍ਹਾਂ ਨੂੰ ਅਜਿਹੇ ਸੰਸਕਾਰ ਵੀ ਦੇਣਾ ਚਾਹੁੰਦੇ ਹਾਂ ਜੋ ਉਨ੍ਹਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕ ਚੰਗਾ ਇਨਸਾਨ ਬਣਾਈ ਰੱਖਣ? ਜੇ ਜਵਾਬ ਦੂਜਾ ਹੈ, ਤਾਂ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੋਵੇਗਾ। ਉਨ੍ਹਾਂ ਦੇ ਤਜਰਬੇ ਨੂੰ ਸੁਣਨਾ ਹੋਵੇਗਾ।
ਉਨ੍ਹਾਂ ਦੇ ਪਿਆਰ ਨੂੰ ਸਮਝਣਾ ਹੋਵੇਗਾ। ਅਤੇ ਇਹ ਮੰਨਣਾ ਹੋਵੇਗਾ ਕਿ ਜੇ ਦਾਦਾ-ਦਾਦੀ ਬੱਚਿਆਂ ਨੂੰ ਕੇਵਲ ਸਕੂਲ ਛੱਡ ਕੇ ਹੀ ਨਹੀਂ ਆ ਰਹੇ ਹਨ ਉਹ ਬੱਚਿਆਂ ਨੂੰ ਜੀਵਨ ਦਾ ਸਹੀ ਰਾਹ ਵੀ ਦਿਖਾ ਰਹੇ ਹਨ। ਸਮਾਜ ਦੀ ਅਸਲ ਤਰੱਕੀ ਉੱਚੀਆਂ ਇਮਾਰਤਾਂ ਨਾਲ ਨਹੀਂ, ਸਗੋਂ ਉੱਚੇ ਸੰਸਕਾਰਾਂ ਨਾਲ ਹੁੰਦੀ ਹੈ। ਜਦੋਂ ਪਰਿਵਾਰ ਵਿੱਚ ਪਿਆਰ, ਸੇਵਾ, ਸਤਿਕਾਰ ਅਤੇ ਨੈਤਿਕ ਜ਼ਿੰਮੇਵਾਰੀ ਜਿਊਂਦੀ ਰਹਿੰਦੀ ਹੈ, ਤਦ ਹੀ ਰਾਸ਼ਟਰ ਦਾ ਭਵਿੱਖ ਸੁਰੱਖਿਅਤ ਬਣਦਾ ਹੈ। ਇਹੀ ਭਾਰਤੀਅਤ ਦੀ ਪਛਾਣ ਹੈ ਅਤੇ ਇਹੀ ਸਾਡੀ ਸਭ ਤੋਂ ਵੱਡੀ ਵਿਰਾਸਤ ਹੈ।
ਐਡਵੋਕੇਟ ਡਾ. ਸੰਦੀਪ ਘੰਡ
(ਸੰਪਰਕ : 9478231000)