ਭੁੱਲਰ ਦੀ ਗ੍ਰਿਫ਼ਤਾਰੀ ਨਾਲ ਇਸ ਗੱਲ ਤੋਂ ਪਰਦਾ ਉੱਠਣ ਦੇ ਵੀ ਆਸਾਰ ਹਨ ਕਿ ਆਖ਼ਰ ਉਹ ਕਿਹੜੇ ਹਾਲਾਤ ਸਨ, ਜਿਨ੍ਹਾਂ ਕਾਰਨ ਡੀਐੱਮ ਨੂੰ ਖ਼ੁਦਕੁਸ਼ੀ ਕਰਨ ਵਰਗਾ ਕਦਮ ਚੁੱਕਣਾ ਪਿਆ। ਲਾਲਜੀਤ ਭੁੱਲਰ ਨੇ ਵੀ ਇਸ ਮਾਮਲੇ ’ਚ ਦਾਅਵਾ ਕੀਤਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਸਗੋਂ ਉਸ ਨੇ ਆਤਮ-ਸਮਰਪਣ ਕੀਤਾ ਹੈ।

ਡੀਐੱਮ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਆਸ ਬੱਝ ਰਹੀ ਹੈ। ਪਰਿਵਾਰ ਤੇ ਸੂਬੇ ਦੀਆਂ ਸਾਰੀਆਂ ਵਿਰੋਧੀ ਧਿਰਾਂ ਇਸ ਗੱਲ ’ਤੇ ਅੜੀਆਂ ਹੋਈਆਂ ਸਨ ਕਿ ਰੰਧਾਵਾ ਦਾ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਭੁੱਲਰ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ। ਇਹ ਵੀ ਸੂਬੇ ਦੀ ਸਿਆਸਤ ਤੇ ਮੁੱਦਿਆਂ ਲਈ ਚੰਗਾ ਸੰਕੇਤ ਹੈ ਕਿ ਸਾਰੀਆਂ ਧਿਰਾਂ ਇਕ ਮੰਚ ’ਤੇ ਇਕੱਠੀਆਂ ਹੋ ਕੇ ਡੀਐੱਮ ਦੇ ਪਰਿਵਾਰ ਦੇ ਹੱਕ ’ਚ ਹਾਅ ਦਾ ਨਾਅਰਾ ਮਾਰ ਰਹੀਆਂ ਹਨ।
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਦੇ ਬਿਕਰਮ ਮਜੀਠੀਆ, ਭਾਜਪਾ ਦੇ ਸੁਨੀਲ ਜਾਖੜ ਤੇ ਹੋਰ ਆਗੂਆਂ ਨੇ ਥਾਣੇ ’ਚ ਬੈਠ ਕੇ ਵਿਰੋਧ ਪ੍ਰਗਟਾਇਆ ਤੇ ਇਸ ਮਾਮਲੇ ’ਚ ਬਿਨਾਂ ਦੇਰੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਹ ਮਾਮਲਾ ਪੰਜਾਬ ਤੱਕ ਸੀਮਤ ਨਹੀਂ ਰਿਹਾ ਹੈ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਲੋਕ ਸਭਾ ਅਤੇ ਰਾਜ ਸਭਾ ’ਚ ਵੀ ਇਹ ਮਾਮਲਾ ਗੂੰਜਿਆ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਬੇਸ਼ੱਕ ਵਿਰੋਧੀਆਂ ਵਿਚਾਲੇ ਆਪਸੀ ਸਿਆਸੀ ਮਤਭੇਦ ਹਨ ਪਰ ਇਸ ਮਸਲੇ ’ਤੇ ਸਾਰਿਆਂ ਦਾ ਇਕੱਠੇ ਹੋਣਾ ਮੁੱਦੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਇਸੇ ਦਾ ਇਹ ਨਤੀਜਾ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੇ ਕੇਸ ਦਰਜ ਕਰ ਕੇ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਨਾਲ ਸਰਕਾਰ ’ਤੇ ਵੀ ਦਬਾਅ ਬਣਿਆ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਕਹਿ ਚੁੱਕੇ ਹਨ ਕਿ ਸਰਕਾਰ ਮੁਲਜ਼ਮਾਂ ਨੂੰ ਬਖ਼ਸ਼ੇਗੀ ਨਹੀਂ।
ਸੱਤਾ ਧਿਰ ਨਾਲ ਜੁੜੇ ਅਜਿਹੇ ਜ਼ਿਆਦਾਤਰ ਮਾਮਲਿਆਂ ’ਚ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਲੇਟ-ਲਤੀਫੀ ਤੇ ਮੁਲਜ਼ਮ ਧਿਰਾਂ ਨੂੰ ਸਿਆਸੀ ਲਾਹੇ ਮਿਲਣ ਦੇ ਖ਼ਦਸ਼ੇ ਰਹਿੰਦੇ ਹਨ। ਗਗਨਦੀਪ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸ ਪੱਧਰ ਦਾ ਤਣਾਅ ਝੱਲ ਰਿਹਾ ਸੀ। ਇੱਥੋਂ ਤੱਕ ਕਿ ਉਸ ਦੇ ਰਿਸ਼ਤੇਦਾਰ ਤੇ ਮਿੱਤਰ-ਸੱਜਣ ਵੀ ਇਸ ਗੱਲ ਦਾ ਖ਼ੁਲਾਸਾ ਕਰਦੇ ਨਜ਼ਰ ਆ ਰਹੇ ਹਨ ਕਿ ਕੁਝ ਦਿਨਾਂ ਤੋਂ ਉਸ ਦੇ ਵਰਤਾਅ ’ਚ ਬਦਲਾਅ ਵੇਖਣ ਨੂੰ ਮਿਲ ਰਿਹਾ ਸੀ।
ਭੁੱਲਰ ਦੀ ਗ੍ਰਿਫ਼ਤਾਰੀ ਨਾਲ ਇਸ ਗੱਲ ਤੋਂ ਪਰਦਾ ਉੱਠਣ ਦੇ ਵੀ ਆਸਾਰ ਹਨ ਕਿ ਆਖ਼ਰ ਉਹ ਕਿਹੜੇ ਹਾਲਾਤ ਸਨ, ਜਿਨ੍ਹਾਂ ਕਾਰਨ ਡੀਐੱਮ ਨੂੰ ਖ਼ੁਦਕੁਸ਼ੀ ਕਰਨ ਵਰਗਾ ਕਦਮ ਚੁੱਕਣਾ ਪਿਆ। ਲਾਲਜੀਤ ਭੁੱਲਰ ਨੇ ਵੀ ਇਸ ਮਾਮਲੇ ’ਚ ਦਾਅਵਾ ਕੀਤਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਸਗੋਂ ਉਸ ਨੇ ਆਤਮ-ਸਮਰਪਣ ਕੀਤਾ ਹੈ। ਭੁੱਲਰ ਦੀ ਪਹਿਲਾਂ ਵੀ ਬੋਲ-ਬਾਣੀ ਤੇ ਵਰਤਾਅ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।
ਸਾਲ 2023-24 ਦੌਰਾਨ ਉਹ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਜਾਤ ਆਧਾਰਤ ਇਤਰਾਜ਼ਯੋਗ ਸ਼ਬਦ ਕਹਿਣ ਕਰਕੇ ਨਿਸ਼ਾਨੇ ’ਤੇ ਆਇਆ ਸੀ। ਹਾਲਾਂਕਿ ਬਾਅਦ ’ਚ ਉਸ ਨੇ ਆਪਣੇ ਬੋਲ-ਕੁਬੋਲ ਨੂੰ ਲੈ ਕੇ ਮਾਫ਼ੀ ਮੰਗ ਲਈ ਸੀ। ਬੇਸ਼ੱਕ ਗਗਨਦੀਪ ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ ਵੀ ਉਹ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ ਪਰ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਭੁੱਲਰ ਦਾ ਨਾਂ ਲੈਣਾ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦਾ ਹੈ।
ਫ਼ਿਲਹਾਲ ਇਹ ਮਾਮਲਾ ਡੂੰਘੀ ਜਾਂਚ ਦਾ ਵਿਸ਼ਾ ਹੈ। ਇਸ ਮਾਮਲੇ ਦੀ ਜਾਂਚ ਨਿਰਪੱਖਤਾ ਤੇ ਪਾਰਦਰਸ਼ੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਤਰ੍ਹਾਂ ਕਿਸੇ ਮੁਲਜ਼ਮ ਨੂੰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨ ਦੇਣੀ ਚਾਹੀਦੀ, ਤਾਂ ਹੀ ਡੀਐੱਮ ਦੇ ਪਰਿਵਾਰ ਖ਼ਾਸ ਕਰਕੇ ਉਸ ਦੇ ਛੋਟੇ ਬੱਚਿਆਂ ਨੂੰ ਇਨਸਾਫ਼ ਮਿਲ ਸਕੇਗਾ।