- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰਗਿਲ ਵਿਜੈ ਦਿਵਸ ਭਾਰਤ ਦੇ ਇਤਿਹਾਸ ਦਾ ਉਹ ਅਮਰ ਦਿਨ ਹੈ ਜੋ ਹਰ ਸਾਲ 26 ਜੁਲਾਈ ਨੂੰ ਸ਼ਹੀਦਾਂ ਦੀ ਯਾਦ, ਸੈਨਿਕਾਂ ਦੀ ਵੀਰਤਾ ਅਤੇ ਰਾਸ਼ਟਰ ਦੇ ਗੌਰਵ ਨੂੰ ਨਮਨ ਕਰਨ ਲਈ ਮਨਾਇਆ ਜਾਂਦਾ ਹੈ। ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਤੋਂ ਉੱਠੀ ਬਹਾਦਰੀ ਦੀ ਉਹ ਅਮਰ ਗੂੰਜ, ਜਿਸ ਨੇ ਭਾਰਤ ਦੇ ਤਿਰੰਗੇ ਨੂੰ ਹਮੇਸ਼ਾ ਲਈ ਗੌਰਵਸ਼ਾਲੀ ਕਰ ਦਿੱਤਾ, ਅੱਜ ਵੀ ਹਰ ਦੇਸ਼ ਭਗਤ ਦੇ ਦਿਲ ਵਿਚ ਗੂੰਜਦੀ ਹੈ

ਕਾਰਗਿਲ ਵਿਜੈ ਦਿਵਸ ਭਾਰਤ ਦੇ ਇਤਿਹਾਸ ਦਾ ਉਹ ਅਮਰ ਦਿਨ ਹੈ ਜੋ ਹਰ ਸਾਲ 26 ਜੁਲਾਈ ਨੂੰ ਸ਼ਹੀਦਾਂ ਦੀ ਯਾਦ, ਸੈਨਿਕਾਂ ਦੀ ਵੀਰਤਾ ਅਤੇ ਰਾਸ਼ਟਰ ਦੇ ਗੌਰਵ ਨੂੰ ਨਮਨ ਕਰਨ ਲਈ ਮਨਾਇਆ ਜਾਂਦਾ ਹੈ। ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਤੋਂ ਉੱਠੀ ਬਹਾਦਰੀ ਦੀ ਉਹ ਅਮਰ ਗੂੰਜ, ਜਿਸ ਨੇ ਭਾਰਤ ਦੇ ਤਿਰੰਗੇ ਨੂੰ ਹਮੇਸ਼ਾ ਲਈ ਗੌਰਵਸ਼ਾਲੀ ਕਰ ਦਿੱਤਾ, ਅੱਜ ਵੀ ਹਰ ਦੇਸ਼ ਭਗਤ ਦੇ ਦਿਲ ਵਿਚ ਗੂੰਜਦੀ ਹੈ। ਇਹ ਦਿਨ ਸਿਰਫ਼ ਇਕ ਜੰਗੀ ਜਿੱਤ ਦੀ ਯਾਦ ਨਹੀਂ, ਸਗੋਂ ਉਸ ਅਟੱਲ ਸੰਕਲਪ ਦੀ ਚੇਤਨਾ ਹੈ, ਜਿਸ ਨੇ ਕਾਰਗਿਲ ਦੀਆਂ ਔਖੀਆਂ ਪਹਾੜੀ ਚੋਟੀਆਂ ਉੱਤੇ ਵੀ ਭਾਰਤੀ ਤਿਰੰਗੇ ਨੂੰ ਝੁਕਣ ਨਹੀਂ ਦਿੱਤਾ। ਸੰਨ 1999 ਦਾ ਕਾਰਗਿਲ ਯੁੱਧ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਇਆ ਇਕ ਕਠਿਨ ਫ਼ੌਜੀ ਟਕਰਾਅ ਸੀ, ਜੋ ਜੰਮੂ-ਕਸ਼ਮੀਰ ਦੇ ਕਾਰਗਿਲ ਖੇਤਰ ਵਿਚ ਕੰਟਰੋਲ ਰੇਖਾ ਦੇ ਨੇੜੇ ਉੱਚਾਈ ਵਾਲੀਆਂ ਰਣਨੀਤਕ ਚੋਟੀਆਂ ਲਈ ਹੋਇਆ ਸੀ। ਟੋਲੋਲਿੰਗ, ਟਾਈਗਰ ਹਿੱਲ ਅਤੇ ਪੁਆਇੰਟ 5140 ਵਰਗੀਆਂ ਥਾਵਾਂ ਇਸ ਸੰਘਰਸ਼ ਦੇ ਕੇਂਦਰ ਵਿਚ ਸਨ। ਬਰਫ਼, ਸਖ਼ਤ ਠੰਢ ਅਤੇ ਔਖੇ ਪਹਾੜੀ ਰਸਤਿਆਂ ਨੇ ਇਸ ਜੰਗ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਸੀ ਪਰ ਭਾਰਤੀ ਜਵਾਨਾਂ ਨੇ ਹੌਸਲੇ, ਅਨੁਸ਼ਾਸਨ ਅਤੇ ਅਟੱਲ ਇਰਾਦੇ ਨਾਲ ਉਹ ਕਰ ਦਿਖਾਇਆ ਜੋ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ। ਇਸ ਜੰਗ ਦੌਰਾਨ ਭਾਰਤੀ ਸੈਨਿਕਾਂ ਨੇ ਅਸਾਧਾਰਨ ਵੀਰਤਾ ਦਿਖਾਈ। ਹਰ ਮੋਰਚੇ ’ਤੇ ਉਨ੍ਹਾਂ ਦਾ ਇੱਕੋ ਸੰਕਲਪ ਸੀ-ਦੇਸ਼ ਦੀ ਧਰਤੀ ਨੂੰ ਮੁੜ ਹਾਸਲ ਕਰਨਾ ਅਤੇ ਤਿਰੰਗੇ ਦੀ ਸ਼ਾਨ ਬਰਕਰਾਰ ਰੱਖਣਾ। ਇਨ੍ਹਾਂ ਬਹਾਦਰ ਜਵਾਨਾਂ ਦੇ ਜੋਸ਼ ਅਤੇ ਜਜ਼ਬੇ ਨੂੰ ਇਕ ਨਾਅਰੇ ਨੇ ਜ਼ਿੰਦਗੀ ਭਰ ਲਈ ਪਛਾਣ ਦਿੱਤੀ-“ਯੇਹ ਦਿਲ ਮਾਂਗੇ ਮੋਰ!” ਇਹ ਸ਼ਬਦ ਸਿਰਫ਼ ਉਤਸ਼ਾਹ ਦਾ ਪ੍ਰਗਟਾਵਾ ਨਹੀਂ ਸਨ, ਸਗੋਂ ਉਸ ਜੰਗੀ ਮਨੋਭਾਵ ਦੀ ਗੂੰਜ ਸਨ, ਜਿਸ ਨੇ ਸੈਨਿਕਾਂ ਨੂੰ ਹਰ ਮੁਸ਼ਕਲ ਦੇ ਸਾਹਮਣੇ ਡਟੇ ਰਹਿਣ ਦੀ ਤਾਕਤ ਦਿੱਤੀ।
ਕਾਰਗਿਲ ਯੁੱਧ ਦੀ ਸਭ ਤੋਂ ਵੱਡੀ ਕੀਮਤ ਮਨੁੱਖੀ ਜਾਨਾਂ ਦੇ ਰੂਪ ਵਿਚ ਚੁਕਾਉਣੀ ਪਈ। ਲਗਪਗ 573 ਭਾਰਤੀ ਸੈਨਿਕ ਸ਼ਹੀਦ ਹੋਏ ਅਤੇ 1,363 ਤੋਂ ਵੱਧ ਜ਼ਖ਼ਮੀ ਹੋਏ। ਇਹ ਅੰਕੜੇ ਸਿਰਫ਼ ਗਿਣਤੀ ਨਹੀਂ, ਸਗੋਂ ਉਹ ਅਥਾਹ ਬਲਿਦਾਨ ਹਨ ਜਿਨ੍ਹਾਂ ਨੇ ਭਾਰਤ ਦੀ ਅਖੰਡਤਾ, ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਕਾਇਮ ਰੱਖਿਆ। ਹਰ ਸ਼ਹੀਦ ਦੀ ਕੁਰਬਾਨੀ ਇਕ ਮਾਂ ਦੇ ਹੰਝੂ, ਇਕ ਪਰਿਵਾਰ ਦੀ ਖ਼ਾਮੋਸ਼ੀ ਅਤੇ ਇਕ ਰਾਸ਼ਟਰ ਦੀ ਚੇਤਨਾ ਵਿਚ ਸਦੀਵੀ ਜਿਉਂਦੀ ਰਹੇਗੀ। 26 ਜੁਲਾਈ 1999 ਨੂੰ ਜੰਗ ਦੇ ਅਧਿਕਾਰਤ ਅੰਤ ਨਾਲ ਭਾਰਤ ਨੇ ਨਾ ਸਿਰਫ਼ ਆਪਣੀ ਦੱਬੀ ਗਈ ਧਰਤੀ ਮੁੜ ਪ੍ਰਾਪਤ ਕੀਤੀ, ਸਗੋਂ ਇਹ ਵੀ ਸਾਬਿਤ ਕੀਤਾ ਕਿ ਸੱਚੀ ਤਾਕਤ ਹਥਿਆਰਾਂ ਦੀ ਨਹੀਂ, ਸਗੋਂ ਇਰਾਦੇ, ਸੰਜਮ ਅਤੇ ਕੁਰਬਾਨੀ ਦੀ ਹੁੰਦੀ ਹੈ। ਕਾਰਗਿਲ ਵਿਜੇ ਦਿਵਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੀ ਸੁਰੱਖਿਆ ਕਿਸੇ ਇਕ ਸੰਸਥਾ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ਕਾਰਗਿਲ ਵਿਜੈ ਦਿਵਸ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਰਾਸ਼ਟਰ ਭਗਤੀ ਸਿਰਫ਼ ਨਾਅਰਿਆਂ ਵਿਚ ਨਹੀਂ, ਸਗੋਂ ਫ਼ਰਜ਼, ਨਿਸ਼ਠਾ ਅਤੇ ਬਲਿਦਾਨ ਵਿਚ ਹੁੰਦੀ ਹੈ।
-ਸੁਖਜੀਤ ਸਿੰਘ ਚਹਿਲ, ਮਾਨਸਾ।
-ਮੋਬਾਈਲ : 98154-04611