- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆੜ੍ਹਤੀਆਂ ਨੇ ਛੋਟੇ ਭਰਾ ਨੂੰ ਸਮਾਨ ਦੇਣ ਤੋਂ ਵੀ ਨਾਂਹ ਕਰ ਦਿੱਤੀ। ਪਿਤਾ ਜੀ ਦੀ ਪਗੜੀ ’ਤੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਰੁਪਿਆਂ ਨਾਲ ਦੁਕਾਨ ਦਾ ਸਮਾਨ ਲਿਆ ਕੇ ਦੁਕਾਨ ਦਾ ਕੰਮ ਚਲਾਇਆ। ਰਿਸ਼ਤੇਦਾਰਾਂ ’ਚੋਂ ਕੋਈ ਵੀ ਰਿਸ਼ਤੇਦਾਰ ਇਹ ਸੋਚ ਕੇ ਕਿ ਇਨ੍ਹਾਂ ਨੂੰ ਦਿੱਤੇ ਉਧਾਰ ਪੈਸੇ ਪਤਾ ਨਹੀਂ ਮੁੜ ਕੇ ਆਉਣੇ ਹਨ ਕਿ ਨਹੀਂ, ਸਾਨੂੰ ਪੈਸੇ ਉਧਾਰ ਦੇਣ ਲਈ ਤਿਆਰ ਨਹੀਂ ਸੀ। ਮੈਂ ਨੌਕਰੀ ਦੀ ਭਾਲ ਵਿਚ ਸੀ ਪਰ ਕਿਧਰੇ ਵੀ ਪੈਰ ਪੰਬੂ ਨਹੀਂ ਲੱਗ ਰਿਹਾ ਸੀ।

ਜਦੋਂ ਮਨੁੱਖ ਦੀ ਜ਼ਿੰਦਗੀ ਦੇ ਮਾੜੇ ਦਿਨ ਚੱਲ ਰਹੇ ਹੁੰਦੇ ਹਨ ਤਾਂ ਉਸ ਦੀ ਜ਼ਿੰਦਗੀ ਦਾ ਹਰ ਦਿਨ ਉਸ ਲਈ ਨਵੀਂ ਮੁਸੀਬਤ ਲੈ ਕੇ ਆਉਂਦਾ ਹੈ। ਉਸਦੇ ਆਪਣੇ ਉਸ ਤੋਂ ਮੂੰਹ ਮੋੜ ਲੈਂਦੇ ਹਨ। ਉਸ ਨਾਲ ਉਸ ਦੇ ਆਪਣੇ ਇਸ ਲਈ ਮਿਲਵਰਤਣ ਤੋਂ ਟਲਦੇ ਹਨ ਕਿ ਕਿੱਧਰੇ ਉਹ ਉਨ੍ਹਾਂ ਤੋਂ ਪੈਸੇ ਉਧਾਰ ਨਾ ਮੰਗ ਲਵੇ ਪਰ ਉਨ੍ਹਾਂ ਮਾੜੇ ਦਿਨਾਂ ਵਿਚੋਂ ਬਾਹਰ ਕੱਢਣ ਲਈ ਉਹ ਅਕਾਲ ਪੁਰਖ ਕਿਸੇ ਨਾ ਕਿਸੇ ਮਸੀਹੇ ਨੂੰ ਜ਼ਰੂਰ ਭੇਜ ਦਿੰਦਾ ਹੈ। ਕਈ ਵੇਰ ਤਾਂ ਮਨੁੱਖ ਦੀ ਮੁਸੀਬਤ ਵਿਚ ਉਸ ਦੀ ਬਾਂਹ ਫੜਣ ਵਾਲੇ ਉਹ ਲੋਕ ਵੀ ਹੁੰਦੇ ਹਨ, ਜਿਨ੍ਹਾਂ ਨਾਲ ਉਸ ਦਾ ਦੂਰ ਨੇੜੇ ਦਾ ਵੀ ਕੋਈ ਰਿਸ਼ਤਾ ਨਹੀਂ ਹੁੰਦਾ, ਜਿਨ੍ਹਾਂ ਤੋਂ ਮਿਲਣ ਵਾਲੀ ਮਦਦ ਲਈ ਉਸ ਨੇ ਸੋਚਿਆ ਵੀ ਨਹੀਂ ਹੁੰਦਾ। ਮੁਸੀਬਤ ਵਿਚ ਮਨੁੱਖ ਦੀ ਬਾਂਹ ਫੜਣ ਵਾਲੇ ਉਨ੍ਹਾਂ ਲੋਕਾਂ ਦੀ ਯਾਦ ਨੂੰ ਉਹ ਜ਼ਿੰਦਗੀ ਦੇ ਆਖ਼ਿਰੀ ਸਾਹਾਂ ਤੱਕ ਵੀ ਸਾਂਭ ਕੇ ਰੱਖਦਾ ਹੈ।
ਮੇਰੇ ਜ਼ਿੰਦਗੀ ਦੇ ਗ਼ੁਰਬਤ ਭਰੇ ਦਿਨਾਂ ’ਚ ਜਿਹੜੇ ਦਾਨਿਸ਼ਮੰਦ ਲੋਕਾਂ ਨੇ ਮੇਰੀ ਬਾਂਹ ਫੜੀ, ਉਹ ਮੇਰੀ ਜ਼ਿੰਦਗੀ ਵਿਚ ਰੱਬ ਬਣਕੇ ਆਏ। ਉਨ੍ਹਾਂ ਲੋਕਾਂ ਵਿਚ ਠੇਕੇਦਾਰ ਬਾਬੂ ਰਾਮ ਲਾਲ ਜੀ ਵੀ ਇਕ ਹਨ। ਜੇਕਰ ਉਹ ਮੈਨੂੰ ਦਾਖ਼ਲਾ ਭਰਨ ਲਈ ਪੈਸੇ ਨਾ ਦਿੰਦੇ ਤਾਂ ਹੋ ਸਕਦਾ ਹੈ ਕਿ ਮੇਰੀ ਪੜ੍ਹਾਈ ਛੁੱਟ ਜਾਂਦੀ ਤੇ ਮੈਂ ਇਸ ਮੁਕਾਮ ਤੱਕ ਪਹੁੰਚਣ ਦੀ ਬਜਾਏ ਪ੍ਰਾਇਮਰੀ ਸਕੂਲ ਦਾ ਅਧਿਆਪਕ ਬਣ ਕੇ ਰਹਿ ਜਾਂਦਾ। ਸਨ 1976 ਵਿਚ ਜੇਬੀਟੀ ਦਾ ਕੋਰਸ ਪੂਰਾ ਹੁੰਦਿਆਂ ਹੀ ਪਿਤਾ ਜੀ ਦਾ ਦਿਹਾਂਤ ਹੋ ਗਿਆ।ਪਿਤਾ ਜੀ ਦੀ ਲੰਬੇ ਸਮੇਂ ਤੱਕ ਚੱਲੀ ਬਿਮਾਰੀ ਨੇ ਦੁਕਾਨ ਦਾ ਕੰਮ ਵੀ ਠੱਪ ਕਰ ਦਿੱਤਾ ਅਤੇ ਪੱਲੇ ਪੈਸਾ ਵੀ ਨਾ ਰਿਹਾ।
ਆੜ੍ਹਤੀਆਂ ਨੇ ਛੋਟੇ ਭਰਾ ਨੂੰ ਸਮਾਨ ਦੇਣ ਤੋਂ ਵੀ ਨਾਂਹ ਕਰ ਦਿੱਤੀ। ਪਿਤਾ ਜੀ ਦੀ ਪਗੜੀ ’ਤੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਰੁਪਿਆਂ ਨਾਲ ਦੁਕਾਨ ਦਾ ਸਮਾਨ ਲਿਆ ਕੇ ਦੁਕਾਨ ਦਾ ਕੰਮ ਚਲਾਇਆ। ਰਿਸ਼ਤੇਦਾਰਾਂ ’ਚੋਂ ਕੋਈ ਵੀ ਰਿਸ਼ਤੇਦਾਰ ਇਹ ਸੋਚ ਕੇ ਕਿ ਇਨ੍ਹਾਂ ਨੂੰ ਦਿੱਤੇ ਉਧਾਰ ਪੈਸੇ ਪਤਾ ਨਹੀਂ ਮੁੜ ਕੇ ਆਉਣੇ ਹਨ ਕਿ ਨਹੀਂ, ਸਾਨੂੰ ਪੈਸੇ ਉਧਾਰ ਦੇਣ ਲਈ ਤਿਆਰ ਨਹੀਂ ਸੀ। ਮੈਂ ਨੌਕਰੀ ਦੀ ਭਾਲ ਵਿਚ ਸੀ ਪਰ ਕਿਧਰੇ ਵੀ ਪੈਰ ਪੰਬੂ ਨਹੀਂ ਲੱਗ ਰਿਹਾ ਸੀ।
ਇਕ ਦਿਨ ਸਾਡੇ ਪਿੰਡ ਦੇ ਸਾਡੇ ਸ਼ਰੀਕੇ ਭਾਈਚਾਰੇ ’ਚੋਂ ਜਿਨ੍ਹਾਂ ਨੂੰ ਅਸੀਂ ਚਾਚਾ ਜੀ ਕਹਿੰਦੇ ਹਾਂ, ਮਾਂ ਨਾਲ ਪਿਤਾ ਜੀ ਦੀ ਮੌਤ ਅਫ਼ਸੋਸ ਕਰਨ ਸਾਡੇ ਘਰ ਆਏ। ਉਨ੍ਹਾਂ ਦਿਨਾਂ ਵਿਚ ਸ਼੍ਰੀ ਆਨੰਦ ਸਾਹਿਬ ਹਾਈਫਲ ਪ੍ਰੋਜੈਕਟ ਨਹਿਰੂ ਦਾ ਕੰਮ, ਚੱਲ ਰਿਹਾ ਸੀ। ਚਾਚਾ ਜੀ ਉਸ ਪ੍ਰੋਜੈਕਟ ’ਚ ਐੱਸਡੀਓ ਲੱਗੇ ਹੋਏ ਸਨ। ਚਾਚਾ ਜੀ ਦੀ ਨਹਿਰੀ ਮਹਿਕਮੇ ’ਚ ਚੱਲਦੀ ਬਹੁਤ ਸੀ। ਉਨ੍ਹਾਂ ਨੇ ਮਾਂ ਨੂੰ ਪੁੱਛਿਆ, ਬੱਚੇ ਕੀ ਕਰਦੇ ਹਨ, ਦੁਕਾਨ ਦਾ ਕੰਮ ਕਿਵੇਂ ਚੱਲਦਾ ਹੈ ?
ਮੈਂ ਮਾਂ ਦੇ ਕੋਲ ਹੀ ਬੈਠਾ ਸੀ। ਮਾਂ ਨੇ ਅੱਖਾਂ ਭਰ ਕੇ ਮੇਰੇ ਵੱਲ ਇਸ਼ਾਰਾ ਕਰ ਕੇ ਦੱਸਿਆ, ਇਸ ਨੇ ਦੋ ਮਹੀਨੇ ਪਹਿਲਾਂ ਹੀ ਜੇਬੀਟੀ ਦਾ ਕੋਰਸ ਪੂਰਾ ਕੀਤਾ ਹੈ । ਨੌਕਰੀ ਲੱਭ ਰਿਹਾ ਹੈ। ਦੁਕਾਨ ਦਾ ਕੰਮ ਢਿੱਲਾ-ਮੱਠਾ ਵੀ ਹੈ । ਚਾਚਾ ਦੇ ਸਹੁਰੇ ਪਰਿਵਾਰ ਦੀ ਪਿਤਾ ਜੀ ਦੇ ਨਾਨਕਿਆਂ ਨਾਲ ਕਾਫੀ ਨੇੜੇ ਦੀ ਰਿਸ਼ਤੇਦਾਰੀ ਪੈਦੀ ਸੀ।
ਇਸ ਲਈ ਵੀ ਚਾਚਾ ਜੀ ਸਾਡੇ ਪਰਿਵਾਰ ਨਾਲ ਕਾਫੀ ਮੋਹ ਕਰਦੇ ਹਨ। ਚਾਚਾ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਮਾਂ ਨੂੰ ਕਿਹਾ, ਭਾਬੀ, ਜਦ ਤੱਕ ਇਸ ਨੂੰ ਅਧਿਆਪਕ ਦੀ ਨੌਕਰੀ ਨਹੀਂ ਮਿਲਦੀ, ਉਦੋਂ ਤੱਕ ਮੈਂ ਇਸ ਨੂੰ ਨਹਿਰ ਦੇ ਮਹਿਕਮੇ ’ਚ ਮਜ਼ਦੂਰ ਲਗਾ ਦਿੰਦਾ ਹਾਂ। ਇਸ ਨੂੰ ਸਾਢੇ ਚਾਰ ਸੌ ਰੁਪਏ ਮਿਲ ਜਾਇਆ ਕਰਨਗੇ। ਜਦੋਂ ਤੱਕ ਇਸ ਨੂੰ ਅਧਿਆਪਕ ਦੀ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਇਹ ਨੌਕਰੀ ਕਰਦਾ ਰਹੇ। ਤੁਹਾਡੇ ਪਰਿਵਾਰ ਦਾ ਗੁਜ਼ਾਰਾ ਚੱਲ ਪਵੇਗਾ। ਮੇਰੀ ਮਜ਼ਦੂਰ ਦੀ ਨੌਕਰੀ ਲੱਗਣ ਦੀ ਗੱਲ ਸੁਣ ਕੇ ਮਾਂ ਚੁੱਪ ਹੋ ਗਈ।
ਮਾਂ ਦਾ ਉਤਰਿਆ ਹੋਇਆ ਚਿਹਰਾ ਵੇਖ ਕੇ ਮੈਨੂੰ ਲੱਗਾ ਕਿ ਕਿੱਧਰੇ ਮਾਂ ਚਾਚਾ ਜੀ ਨੂੰ ਨਾਂਹ ਨਾ ਕਰ ਦੇਵੇ। ਮੈਂ ਚਾਚਾ ਜੀ ਨੂੰ ਕੁੱਝ ਕਹਿਣ ਹੀ ਲੱਗਾ ਸੀ ਕਿ ਚਾਚਾ ਜੀ ਨੇ ਮੈਨੂੰ ਸਵਾਲ ਕੀਤਾ ਕਾਕਾ, ਕੰਮ, ਔਖਾ ਹੈ, ਤੈਨੂੰ ਕਹੀ ਵੀ ਚਲਾਉਣੀ ਪੈ ਸਕਦੀ ਹੈ। ਮੈਂ ਮੌਕਾ ਸੰਭਾਲਦੇ ਹੋਏ ਕਿਹਾ, ਹਾਂ! ਹਾਂ! ਚਾਚਾ ਜੀ, ਮੈਂ ਕਰ ਲਵਾਂਗਾ।
ਚਾਚਾ ਜੀ ਨੇ ਨੌਕਰੀ ਦੇ ਥਾਂ ਟਿਕਾਣੇ ਬਾਰੇ ਦੱਸਦੇ ਹੋਏ ਕਿਹਾ, ਕੱਲ੍ਹ ਇਸ ਥਾਂ ਤੇ ਚਲਾ ਜਾਵੀਂ, ਉੱਥੇ ਸੋਹਣ ਸਿੰਘ ਜੇਈ ਹੋਵੇਗਾ, ਉਸ ਨੂੰ ਮਿਲ ਕੇ ਕਹਿ ਦਵੀਂ ਕਿ ਮੈਨੂੰ ਵਸ਼ਿਸ਼ਟ ਸਾਹਿਬ ਨੇ ਭੇਜਿਆ ਹੈ । ਚਾਚਾ ਜੀ ਦੇ ਚਲੇ ਜਾਣ ਤੋਂ ਬਾਅਦ ਮਾਂ ਨੇ ਮੈਨੂੰ ਗੁੱਸੇ ਹੁੰਦੇ ਹੋਏ ਕਿਹਾ, ਤੂੰ ਉਨ੍ਹਾਂ ਨੂੰ ਮਜ਼ਦੂਰ ਦੀ ਨੌਕਰੀ ਲਈ ਹਾਂ ਕਿਉਂ ਕਰ ਦਿੱਤੀ? ਤੂੰ ਅੱਜ ਤੱਕ ਘਰ ਦੀ ਕੌਲੀ ਤੱਕ ਤਾਂ ਚੁੱਕੀ ਨਹੀਂ, ਤੂੰ ਕਹੀ ਕਿਵੇਂ ਚਲਾ ਲਵੇਂਗਾ? ਮੈਂ ਮਾਂ ਨੂੰ ਸਮਝਾ ਬੁਝਾ ਕੇ ਕਿਹਾ, ਚਾਚਾ ਜੀ ਨੂੰ ਨਾਂਹ ਦੇਣੀ ਠੀਕ ਗੱਲ ਨਹੀਂ, ਮੈਨੂੰ ਛੇਤੀ ਹੀ ਨੌਕਰੀ ਮਿਲ ਜਾਵੇਗੀ। ਮਾਂ ਨੂੰ ਮੇਰੀ ਗੱਲ ਸਮਝ ਆ ਗਈ।
ਮੈਂ ਦੂਜੇ ਦਿਨ ਸੋਹਣ ਸਿੰਘ ਜੇਈ ਕੋਲ ਪਹੁੰਚ ਗਿਆ । ਉਹ ਰਹਿਮ ਦਿਲ ਇਨਸਾਨ ਸੀ। ਉਸ ਨੇ ਮੇਰੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਕਿਹਾ, ਕਾਕਾ, ਤੈਥੋ ਕਹੀ ਕਿੱਥੇ ਚੱਲਣੀ, ਤੂੰ ਜੋ ਕੁੱਝ ਕਰ ਸਕਦਾ, ਉਹ ਕਰ ਲਿਆ ਕਰੀਂ। ਮੈਂ ਉਸ ਨੌਕਰੀ ’ਤੇ ਜਾਣ ਲੱਗ ਪਿਆ। ਮੈਂ ਪੰਜਾਬੀ ਯੂਨੀਵਰਸਟੀ ਤੋਂ ਪ੍ਰੈਪ ਕਰ ਲਈ ਸੀ। ਬੀਏ ਭਾਗ ਪਹਿਲਾ ਕਰਨਾ ਸੀ ਕਿ ਪੰਜਾਬੀ ਯੂਨੀਵਰਸਟੀ ਨੇ ਪ੍ਰਾਈਵੇਟ ਪ੍ਰੀਖਿਆ ਦੇਣੀ ਬੰਦ ਕਰ ਕੇ ਪੱਤਰ ਵਿਵਹਾਰ ਰਾਹੀਂ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ । ਪੱਤਰ ਵਿਵਹਾਰ ਦੀ ਪੜ੍ਹਾਈ ਦੀ ਫ਼ੀਸ ਬਹੁਤ ਸੀ।
ਮੇਰੇ ਕੋਲ ਬੀਏ ਭਾਗ ਪਹਿਲਾ ਲਈ ਪੱਤਰ ਵਿਵਹਾਰ ਦੀ ਫ਼ੀਸ ਭਰਨ ਦੇ ਪੈਸੇ ਨਹੀਂ ਸਨ। ਫ਼ੀਸ ਭਰਨ ਲਈ ਇਕ ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਸੀ। ਇਕ ਦਿਨ ਮੈਂ ਸੋਹਣ ਸਿੰਘ ਜੇਈ ਨੂੰ ਕਿਹਾ, ਸਰ, ਮੈਂ ਬੀਏ ਭਾਗ ਪਹਿਲਾ ਦਾ ਪੱਤਰ ਵਿਵਹਾਰ ਸਿੱਖਿਆ ਦਾ ਦਾਖਲਾ ਭਰਨਾ ਹੈ। ਮੈਨੂੰ ਦੋ ਹਜ਼ਾਰ ਰੁਪਏ ਉਧਾਰ ਦੇ ਦਿਉ, ਮੇਰੀ ਤਨਖ਼ਾਹ ’ਚੋਂ ਕੱਟ ਲਿਓ। ਜੇਈ ਸਾਹਿਬ ਨੇ ਅੱਗੋਂ ਕਿਹਾ, ਤਨਖ਼ਾਹ ਦੇ ਪੈਸੇ ਪਹਿਲਾਂ ਨਹੀਂ ਦਿੱਤੇ ਜਾ ਸਕਦੇ, ਤੂੰ ਠੇਕੇਦਾਰ ਤੋਂ ਮੇਰਾ ਨਾਂ ਲੈ ਕੇ ਪੈਸੇ ਲੈ ਲਵੀਂ, ਉਸ ਨੂੰ ਹੀ ਵਾਪਸ ਕਰ ਦੇਵੀਂ, ਮੈਂ ਉਸ ਨੂੰ ਕਹਿ ਦਿਆਂਗਾ।
ਨਹਿਰ ਦੇ ਕੰਮ ਦਾ ਠੇਕਾ ਬਾਬੂ ਰਾਮ ਲਾਲ ਨੇ ਕੋਲ ਸੀ। ਉਹ ਬਹੁਤ ਹੀ ਦਾਨੀ ਅਤੇ ਮਿਹਰਬਾਨ ਇਨਸਾਨ ਸੀ। ਮੈਂ ਦੂਜੇ ਦਿਨ ਬਾਬੂ ਰਾਮ ਲਾਲ ਨੂੰ ਜੇਈ ਦਾ ਨਾਂ ਲੈ ਕੇ ਦਾਖਲਾ ਭਰਨ ਲਈ ਪੈਸੇ ਉਧਾਰ ਦੇਣ ਨੂੰ ਕਿਹਾ। ਬਾਬੂ ਰਾਮ ਲਾਲ ਨੇ ਅੱਗੋਂ ਕਿਹਾ, ਕਾਕਾ, ਤੈਨੂੰ ਜੇਈ ਨੂੰ ਕਹਿਣ ਦੀ ਕੀ ਲੋੜ ਸੀ, ਤੂੰ ਮੈਥੋਂ ਹੀ ਮੰਗ ਲੈਂਦਾ। ਤੂੰ ਜਾਂਦਾ ਹੋਇਆ ਦਫ਼ਤਰ ਤੋਂ ਪੰਜ ਹਜ਼ਾਰ ਰੁਪਏ ਲੈ ਜਾਵੀਂ। ਜੇਕਰ ਫੇਰ ਵੀ ਲੋੜ ਪਵੇ ਤਾਂ ਮੰਗ ਲਿਆ ਕਰੀਂ ਅਸੀਂ ਤਾਂ ਪੜ੍ਹੇ ਨਹੀਂ, ਤੂੰ ਤਾਂ ਪੜ੍ਹ ਲੈ। ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਮੇਰੀ ਇਕ ਬੇਨਤੀ ਕਰਨ ’ਤੇ ਹੀ ਉਸ ਨੇਕ ਇਨਸਾਨ ਨੇ ਮੇਰੀ ਉਮੀਦ ਨਾਲੋਂ ਤਿੰਨ ਗੁਣਾ ਜ਼ਿਆਦਾ ਪੈਸੇ ਦੇ ਦਿੱਤੇ ਸਨ। ਮੈਂ ਉਨ੍ਹਾਂ ਪੈਸਿਆਂ ਨਾਲ ਦਾਖ਼ਲਾ ਭਰ ਦਿੱਤਾ।
ਕੁਝ ਦਿਨਾਂ ਮਗਰੋਂ ਮੈਨੂੰ ਅਧਿਆਪਕ ਦੀ ਨੌਕਰੀ ਮਿਲ ਗਈ। ਮੈਂ ਇੱਧਰੋਂ-ਉੱਧਰੋਂ ਪੈਸੇ ਇੱਕਠੇ ਕਰ ਕੇ ਬਾਬੂ ਰਾਮ ਲਾਲ ਨੂੰ ਉਸ ਤੋਂ ਉਧਾਰ ਲਏ ਪੈਸੇ ਮੋੜਣ ਗਿਆ। ਮੈਂ ਉਸ ਨੂੰ ਕਿਹਾ, ਬਾਬੂ ਜੀ, ਮੈਨੂੰ ਨੌਕਰੀ ਮਿਲ ਗਈ ਹੈ। ਮੈਂ ਤੁਹਾਡੇ ਤੋਂ ਉਧਾਰ ਲਏ ਪੈਸੇ ਮੋੜਣ ਆਇਆ ਹਾਂ। ਬਾਬੂ ਜੀ ਨੇ ਅੱਗੋਂ ਕਿਹਾ, ਇਨ੍ਹਾਂ ਪੈਸਿਆਂ ਨੂੰ ਜੇਬ ’ਚ ਪਾ ਲੈ, ਤੇਰੇ ਕੰਮ ਆਉਣਗੇ। ਤੈਨੂੰ ਪੈਸੇ ਪੜ੍ਹਾਈ ਲਈ ਦਿੱਤੇ ਸਨ, ਮੋੜਨ ਲਈ ਨਹੀਂ। ਉਨ੍ਹਾਂ ਨੇ ਮੈਨੂੰ ਚਾਹ ਦਾ ਕੱਪ ਪਿਲਾ ਕੇ ਦੋ ਹਜ਼ਾਰ ਰੁਪਏ ਹੋਰ ਦੇਕੇ ਕਿਹਾ, ਇਹ ਤੇਰੀ ਇਮਾਨਦਾਰੀ ਲਈ ਹਨ। ਉਧਾਰ ਦਿੱਤੇ ਪੈਸੇ ਕੌਣ ਮੋੜਨ ਆਉਂਦਾ ਹੈ। ਜੇਕਰ ਬਾਬੂ ਰਾਮ ਲਾਲ ਮੈਨੂੰ ਪੈਸੇ ਨਾ ਦਿੰਦੇ ਤਾਂ ਅੱਜ ਮੈਂ ਐੱਮਏ-ਐੱਮ ਫਿਲ, ਬੀਐੱਡ ਨਹੀਂ ਹੋਣਾ ਸੀ।
ਪ੍ਰਿੰਸੀਪਲ ਵਿਜੈ ਕੁਮਾਰ
(ਸੰਪਰਕ : 98726 27136)।