- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ਼ਰੀਬ ਨੂੰ ਕਮਜ਼ੋਰ, ਅਸਫ਼ਲ ਨੂੰ ਅਯੋਗ ਅਤੇ ਸੰਘਰਸ਼ ਕਰ ਰਹੇ ਵਿਅਕਤੀ ਨੂੰ ਨਾਕਾਮ ਸਮਝ ਲਿਆ ਜਾਂਦਾ ਹੈ। ਪਰ ਵਕਤ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਨੂੰ ਵੀ ਸਦਾ ਇੱਕੋ ਹਾਲਤ ਵਿਚ ਨਹੀਂ ਰੱਖਦਾ। ਅੱਜ ਜੋ ਇਨਸਾਨ ਹਾਲਾਤ ਨਾਲ ਲੜ ਰਿਹਾ ਹੈ, ਕੱਲ੍ਹ ਉਹੀ ਸਫ਼ਲਤਾ ਦੇ ਸਿਖਰ 'ਤੇ ਖੜ੍ਹਾ ਹੋ ਸਕਦਾ ਹੈ।

ਇਨਸਾਨੀ ਜੀਵਨ ਵਿਚ ਵਕਤ ਸਭ ਤੋਂ ਵੱਡਾ ਅਧਿਆਪਕ ਤੇ ਸਭ ਤੋਂ ਵੱਡਾ ਸਾਥੀ ਮੰਨਿਆ ਜਾਂਦਾ ਹੈ। ਇਹ ਨਾ ਕਿਸੇ ਦੀ ਦੌਲਤ ਦੇਖਦਾ ਹੈ, ਨਾ ਅਹੁਦਾ ਅਤੇ ਨਾ ਹੀ ਕਿਸੇ ਦੀ ਸ਼ੋਹਰਤ। ਵਕਤ ਆਪਣੀ ਰਫ਼ਤਾਰ ਨਾਲ ਚੱਲਦਾ ਹੈ ਅਤੇ ਹਰ ਇਨਸਾਨ ਦੀ ਜ਼ਿੰਦਗੀ ਵਿਚ ਇਕ ਅਜਿਹਾ ਮੋੜ ਜ਼ਰੂਰ ਆਉਂਦਾ ਹੈ ਜਦੋਂ ਉਸ ਦਾ ਸਮਾਂ ਬਦਲਦਾ ਹੈ।
ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਦਾ ਵਕਤ ਆਉਂਦਾ ਹੈ ਤਾਂ ਦੁਨੀਆ ਵੀ ਉਸ ਦੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ, ਅਤੇ ਜਦੋਂ ਵਕਤ ਮਾੜਾ ਹੋਵੇ ਤਾਂ ਆਪਣੇ ਵੀ ਪਰਾਏ ਬਣ ਜਾਂਦੇ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬੇਸ਼ੁਮਾਰ ਲੋਕਾਂ ਨੇ ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਵਿਚ ਤੰਗੀਆਂ, ਨਾਕਾਮੀਆਂ ਅਤੇ ਸੰਘਰਸ਼ਾਂ ਦਾ ਸਾਹਮਣਾ ਕੀਤਾ, ਪਰ ਜਦੋਂ ਉਨ੍ਹਾਂ ਦਾ ਵਕਤ ਆਇਆ ਤਾਂ ਉਹੀ ਲੋਕ ਦੁਨੀਆ ਲਈ ਮਿਸਾਲ ਬਣ ਗਏ। ਇਕ ਛੋਟਾ ਬੀਜ ਸਾਲਾਂ ਤੱਕ ਮਿੱਟੀ ਵਿਚ ਦੱਬਿਆ ਰਹਿੰਦਾ ਹੈ, ਪਰ ਜਦੋਂ ਉਸ ਦੇ ਵਧਣ ਦਾ ਸਮਾਂ ਆਉਂਦਾ ਹੈ ਤਾਂ ਉਹ ਇਕ ਵਿਸ਼ਾਲ ਦਰੱਖ਼ਤ ਬਣ ਕੇ ਅਣਗਿਣਤ ਲੋਕਾਂ ਨੂੰ ਛਾਂ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਮਿਹਨਤ, ਸਬਰ ਅਤੇ ਹੌਸਲਾ ਵੀ ਇਕ ਦਿਨ ਆਪਣਾ ਫਲ ਜ਼ਰੂਰ ਦਿੰਦੇ ਹਨ। ਅਕਸਰ ਲੋਕ ਕਿਸੇ ਦੀ ਮੌਜੂਦਾ ਹਾਲਤ ਦੇਖ ਕੇ ਉਸ ਦਾ ਮੁਲਾਂਕਣ ਕਰ ਲੈਂਦੇ ਹਨ।
ਗ਼ਰੀਬ ਨੂੰ ਕਮਜ਼ੋਰ, ਅਸਫ਼ਲ ਨੂੰ ਅਯੋਗ ਅਤੇ ਸੰਘਰਸ਼ ਕਰ ਰਹੇ ਵਿਅਕਤੀ ਨੂੰ ਨਾਕਾਮ ਸਮਝ ਲਿਆ ਜਾਂਦਾ ਹੈ। ਪਰ ਵਕਤ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਨੂੰ ਵੀ ਸਦਾ ਇੱਕੋ ਹਾਲਤ ਵਿਚ ਨਹੀਂ ਰੱਖਦਾ। ਅੱਜ ਜੋ ਇਨਸਾਨ ਹਾਲਾਤ ਨਾਲ ਲੜ ਰਿਹਾ ਹੈ, ਕੱਲ੍ਹ ਉਹੀ ਸਫ਼ਲਤਾ ਦੇ ਸਿਖਰ 'ਤੇ ਖੜ੍ਹਾ ਹੋ ਸਕਦਾ ਹੈ। ਇਸ ਲਈ ਕਿਸੇ ਨੂੰ ਵੀ ਉਸ ਦੇ ਮੌਜੂਦਾ ਸਮੇਂ ਦੇ ਆਧਾਰ 'ਤੇ ਘੱਟ ਨਹੀਂ ਸਮਝਣਾ ਚਾਹੀਦਾ। ਚੰਗਾ ਵਕਤ ਆਉਣਾ ਸਿਰਫ਼ ਕਿਸਮਤ ਦੀ ਖੇਡ ਨਹੀਂ ਹੁੰਦਾ। ਇਸ ਦੇ ਪਿੱਛੇ ਸਾਲਾਂ ਦੀ ਮਿਹਨਤ, ਤਿਆਗ, ਸਬਰ ਅਤੇ ਵਿਸ਼ਵਾਸ ਲੁਕਿਆ ਹੁੰਦਾ ਹੈ।
ਜੋ ਲੋਕ ਮੁਸ਼ਕਲਾਂ ਵਿਚ ਵੀ ਆਪਣੇ ਟੀਚੇ ਤੋਂ ਨਹੀਂ ਭਟਕਦੇ, ਉਨ੍ਹਾਂ ਲਈ ਇਕ ਦਿਨ ਸਫ਼ਲਤਾ ਦੇ ਦਰਵਾਜ਼ੇ ਜ਼ਰੂਰ ਖੁਲ੍ਹਦੇ ਹਨ। ਦੁਨੀਆ ਉਸੇ ਇਨਸਾਨ ਦੀ ਕਦਰ ਕਰਦੀ ਹੈ ਜੋ ਹਾਲਾਤਾਂ ਅੱਗੇ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਅੱਗੇ ਵਧਦਾ ਰਹਿੰਦਾ ਹੈ। ਇਸ ਦੇ ਨਾਲ ਹੀ ਵਕਤ ਇਹ ਸਿੱਖਿਆ ਵੀ ਦਿੰਦਾ ਹੈ ਕਿ ਸਫ਼ਲਤਾ ਮਿਲਣ ਉਪਰੰਤ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਜਿਸ ਵਕਤ ਨੇ ਕਿਸੇ ਨੂੰ ਉਚਾਈਆਂ ਤੱਕ ਪਹੁੰਚਾਇਆ ਹੈ, ਉਹੀ ਵਕਤ ਉਸ ਦੀ ਪਰਖ ਵੀ ਕਰ ਸਕਦਾ ਹੈ। ਇਸ ਲਈ ਨਿਮਰਤਾ, ਮਨੁੱਖਤਾ ਅਤੇ ਸੰਵੇਦਨਸ਼ੀਲਤਾ ਹਰ ਹਾਲਤ ਵਿਚ ਬਣਾਈ ਰੱਖਣੀ ਚਾਹੀਦੀ ਹੈ। ਜਿਹੜੇ ਲੋਕ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦੇ, ਉਹੀ ਅਸਲ ਅਰਥਾਂ ਵਿਚ ਮਹਾਨ ਬਣਦੇ ਹਨ।
ਅੱਜ ਦੇ ਸਮਾਜ ਵਿਚ ਬਹੁਤ ਸਾਰੇ ਨੌਜਵਾਨ ਇਕ-ਦੋ ਅਸਫ਼ਲਤਾਵਾਂ ਤੋਂ ਬਾਅਦ ਨਿਰਾਸ਼ ਹੋ ਜਾਂਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਲਈ ਸਫ਼ਲਤਾ ਦੇ ਦਰਵਾਜ਼ੇ ਬੰਦ ਹੋ ਗਏ ਹਨ। ਪਰ ਅਸਲ ਵਿਚ ਹਰ ਸੰਘਰਸ਼ ਇਕ ਨਵੀਂ ਸਵੇਰ ਦਾ ਸੰਕੇਤ ਹੁੰਦਾ ਹੈ। ਰਾਤ ਜਿੰਨੀ ਵੀ ਲੰਮੀ ਹੋਵੇ, ਸਵੇਰ ਜ਼ਰੂਰ ਹੁੰਦੀ ਹੈ। ਇਸੇ ਤਰ੍ਹਾਂ ਜੀਵਨ ਵਿਚ ਕੋਈ ਵੀ ਮੁਸ਼ਕਲ ਸਥਾਈ ਨਹੀਂ ਹੁੰਦੀ। ਜੇ ਮਨੁੱਖ ਆਪਣੀ ਮਿਹਨਤ ਜਾਰੀ ਰੱਖੇ ਤਾਂ ਇਕ ਦਿਨ ਉਸ ਦਾ ਸਮਾਂ ਵੀ ਜ਼ਰੂਰ ਆਉਂਦਾ ਹੈ। ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਵਕਤ ਤੋਂ ਵੱਡਾ ਕੋਈ ਫ਼ੈਸਲਾ ਕਰਨ ਵਾਲਾ ਨਹੀਂ।
ਇਹ ਹਰ ਇਨਸਾਨ ਦੀ ਮਿਹਨਤ ਦਾ ਹਿਸਾਬ ਰੱਖਦਾ ਹੈ ਅਤੇ ਢੁੱਕਵੇਂ ਸਮੇਂ 'ਤੇ ਉਸ ਦਾ ਫਲ ਵੀ ਦਿੰਦਾ ਹੈ। ਇਸ ਲਈ ਜੇ ਅੱਜ ਹਾਲਾਤ ਤੁਹਾਡੇ ਹੱਕ ਵਿਚ ਨਹੀਂ ਹਨ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਆਪਣੇ ਇਰਾਦਿਆਂ ਨੂੰ ਮਜ਼ਬੂਤ ਰੱਖੋ, ਮਿਹਨਤ ਨੂੰ ਆਪਣਾ ਧਰਮ ਬਣਾਓ ਅਤੇ ਸਬਰ ਨੂੰ ਆਪਣਾ ਸਾਥੀ। ਕਿਉਂਕਿ ਜਦੋਂ ਕਿਸੇ ਦਾ ਵਕਤ ਆਉਂਦਾ ਹੈ, ਤਾਂ ਰਾਹਾਂ ਆਪਣੇ ਆਪ ਬਣਨ ਲੱਗਦੀਆਂ ਹਨ, ਬੰਦ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਦੁਨੀਆ ਉਸੇ ਇਨਸਾਨ ਦੀ ਕਾਮਯਾਬੀ ਦੀ ਕਹਾਣੀ ਸੁਣਾਉਣ ਲੱਗ ਪੈਂਦੀ ਹੈ। ਕਾਮਯਾਬੀ ਕੋਈ ਰਾਤੋ-ਰਾਤ ਮਿਲਣ ਵਾਲੀ ਚੀਜ਼ ਨਹੀਂ, ਇਸ ਲਈ ਵਕਤ ਦੀ ਉਡੀਕ ਕਰਨੀ ਪੈਂਦੀ ਹੈ। ਮਿਹਨਤ ਤੋਂ ਬਾਅਦ ਕਾਮਯਾਬੀ ਦਾ ਮੌਸਮ ਆਉਂਦਾ ਹੀ ਹੈ।
ਉਡੀਕ ਦਾ ਮਤਲਬ ਹਾਰ ਮੰਨਣਾ ਨਹੀਂ, ਸਗੋਂ ਸਬਰ ਰੱਖ ਕੇ ਆਪਣਾ ਕੰਮ ਲਗਾਤਾਰ ਕਰਦੇ ਰਹਿਣਾ ਹੈ। ਜਲਦਬਾਜ਼ੀ ਨਾਲ ਕੀਤੇ ਕੰਮ ਅਕਸਰ ਕੱਚੇ ਰਹਿ ਜਾਂਦੇ ਹਨ, ਪਰ ਸਬਰ ਨਾਲ ਕੀਤੇ ਹੋਏ ਫ਼ੈਸਲੇ ਪੱਕੇ ਨਤੀਜੇ ਦਿੰਦੇ ਹਨ। ਵਕਤ ਹਰ ਜ਼ਖ਼ਮ ਭਰਦਾ ਹੈ ਅਤੇ ਹਰ ਮਿਹਨਤ ਦਾ ਮੁੱਲ ਵੀ ਪਾਉਂਦਾ ਹੈ। ਇਸ ਲਈ ਹੌਸਲਾ ਨਾ ਹਾਰੋ, ਸਹੀ ਵਕਤ ’ਤੇ ਕੀਤੀ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ।
-ਮੰਜੂ ਰਾਇਕਾ,
ਸੰਗਰੂਰ, 7626053712