- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਇਹ ਵਰਗ ਸੰਵਿਧਾਨ, ਅਧਿਕਾਰਾਂ, ਕਰਤੱਵਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕ ਰਹੇਗਾ ਤਾਂ ਭਾਰਤ ਦਾ ਲੋਕਤੰਤਰ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਦਾਂਡੀ ਯਾਤਰਾ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਹਰ ਅੰਦੋਲਨ ਨਮਕ ਤੋਂ ਸ਼ੁਰੂ ਹੋਵੇਗਾ। ਇਹ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਵੱਡਾ ਬਦਲਾਅ ਇਕ ਅਜਿਹੇ ਛੋਟੇ ਸਵਾਲ ਤੋਂ ਸ਼ੁਰੂ ਹੁੰਦਾ ਹੈ, ਜਿਸ ਨੂੰ ਲੋਕ ਪਹਿਲਾਂ ਮਾਮੂਲੀ ਸਮਝਦੇ ਹਨ।

ਸੰਨ 1930 ਵਿਚ ਜਦੋਂ ਮਹਾਤਮਾ ਗਾਂਧੀ ਨੇ ਨਮਕ ਸੱਤਿਆਗ੍ਰਹਿ ਦਾ ਐਲਾਨ ਕੀਤਾ ਤਾਂ ਜ਼ਿਆਦਾਤਰ ਲੋਕਾਂ ਨੇ ਪੁੱਛਿਆ ਕਿ ਆਖ਼ਰ ਨਮਕ ਹੀ ਕਿਉਂ? ਅੰਗਰੇਜ਼ਾਂ ਖ਼ਿਲਾਫ਼ ਲੜਾਈ ਲਈ ਕੀ ਕੋਈ ਹੋਰ ਵੱਡਾ ਮੁੱਦਾ ਨਹੀਂ ਹੈ? ਪਰ ਗਾਂਧੀ ਜੀ ਨੂੰ ਪਤਾ ਸੀ ਕਿ ਕਿਸੇ ਵੀ ਜਨ ਅੰਦੋਲਨ ਦੀ ਸ਼ੁਰੂਆਤ ਨਾਅਰਿਆਂ ਜਾਂ ਭੀੜ ਨਾਲ ਨਹੀਂ ਹੁੰਦੀ, ਸਗੋਂ ਇਕ ਅਜਿਹੇ ਸਵਾਲ ਨਾਲ ਹੁੰਦੀ ਹੈ ਜਿਸ ਵਿਚ ਆਮ ਆਦਮੀ ਆਪਣੇ ਜੀਵਨ ਦੇ ਸਾਹਮਣੇ ਖੜ੍ਹੀ ਸਮੱਸਿਆ ਨੂੰ ਦੇਖ ਸਕੇ।
ਨਮਕ ਹਰ ਘਰ ਦੀ ਜ਼ਰੂਰਤ ਵਿਚ ਸ਼ਾਮਲ ਸੀ, ਚਾਹੇ ਕੋਈ ਅਮੀਰ ਹੋਵੇ ਜਾਂ ਗ਼ਰੀਬ, ਅਤੇ ਇਸ ਲਈ ਨਮਕ ਕਾਨੂੰਨ ਸਿਰਫ਼ ਇਕ ਕਾਨੂੰਨ ਨਹੀਂ ਸੀ, ਸਗੋਂ ਇਹ ਬੇਇਨਸਾਫ਼ੀ ਦਾ ਪ੍ਰਤੀਕ ਬਣ ਗਿਆ। ਗਾਂਧੀ ਸਾਬਰਮਤੀ ਆਸ਼ਰਮ ਤੋਂ ਨਿਕਲੇ ਤਾਂ ਉਨ੍ਹਾਂ ਨਾਲ ਗਿਣੇ-ਚੁਣੇ ਲੋਕ ਸਨ ਪਰ ਜਿਵੇਂ-ਜਿਵੇਂ ਉਹ ਦਾਂਡੀ ਵੱਲ ਵਧਦੇ ਗਏ, ਲੋਕ ਰਸਤੇ ਵਿਚ ਜੁੜਦੇ ਗਏ।
ਕੋਈ ਭਾਸ਼ਣ ਸੁਣ ਕੇ ਆਇਆ, ਕੋਈ ਜਗਿਆਸਾ ਵਿਚ ਆਇਆ ਅਤੇ ਕੋਈ ਇਸ ਲਈ ਆਇਆ ਕਿ ਇਹ ਲੜਾਈ ਉਸ ਦੀ ਵੀ ਹੈ। ਦਾਂਡੀ ਪਹੁੰਚਦੇ-ਪਹੁੰਚਦੇ ਉਹ ਗਾਂਧੀ ਦਾ ਮਾਰਚ ਨਹੀਂ ਰਿਹਾ, ਸਗੋਂ ਪੂਰੇ ਭਾਰਤ ਦਾ ਮਾਰਚ ਬਣ ਗਿਆ। ਗਾਂਧੀ ਦੀ ਇਹ ਸਭ ਤੋਂ ਵੱਡੀ ਰਾਜਨੀਤਕ ਸ਼ਕਤੀ ਸੀ। ਉਹ ਪਹਿਲਾਂ ਲੋਕਾਂ ਦੇ ਮਨਾਂ ਵਿਚ ਸਵਾਲ ਪੈਦਾ ਕਰਦੇ ਸਨ, ਫਿਰ ਉਸ ਸਵਾਲ ਨੂੰ ਸਮਾਜ ਦਾ ਪ੍ਰਸ਼ਨ ਬਣਾ ਕੇ ਉਸ ਨੂੰ ਵਿਸ਼ਾਲਤਾ ਦਾ ਸਰੂਪ ਦਿੰਦੇ ਸਨ। ਲਗਪਗ ਇਕ ਸਦੀ ਬਾਅਦ ਭਾਰਤ ਦੀ ਨਵੀਂ ਪੀੜ੍ਹੀ ਨੂੰ ਦੇਖ ਕੇ ਉਹੀ ਗੱਲ ਫਿਰ ਯਾਦ ਆਉਂਦੀ ਹੈ। ਹਾਲੀਆ ਦਿਨਾਂ ਵਿਚ ਨੌਜਵਾਨ ਵਰਗ ਦੇ ਅੰਦੋਲਨ ਨੇ ਇਕ ਵਾਰ ਫਿਰ ਇਹ ਸਾਬਿਤ ਕੀਤਾ ਹੈ ਕਿ ਭਾਰਤ ਦਾ ਨੌਜਵਾਨ ਵਰਗ ਸਿਰਫ਼ ਇੰਟਰਨੈੱਟ ਮੀਡੀਆ ’ਤੇ ਆਪਣੀ ਗੱਲ ਰੱਖਣ ਵਾਲੀ ਪੀੜ੍ਹੀ ਨਹੀਂ ਹੈ।
ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਮੁੱਦੇ ’ਤੇ ਆਪਣੀ ਗੱਲ ਜਨਤਕ ਤੌਰ ’ਤੇ ਰੱਖਣੀ ਚਾਹੀਦੀ ਹੈ, ਤਾਂ ਉਹ ਲੋਕਤੰਤਰ ਦੇ ਦਾਇਰੇ ਵਿਚ ਰਹਿੰਦੇ ਹੋਏ ਆਪਣੀ ਆਵਾਜ਼ ਵੀ ਉਠਾ ਸਕਦੇ ਹਨ। ਕੁਝ ਸਾਲਾਂ ਤੋਂ ਇਹ ਧਾਰਨਾ ਲਗਾਤਾਰ ਬਣਾਈ ਜਾ ਰਹੀ ਸੀ ਕਿ ਅੱਜ ਦਾ ਨੌਜਵਾਨ ਵਰਗ ਸਿਰਫ਼ ਮੋਬਾਈਲ, ਰੀਲ੍ਹਾਂ ਅਤੇ ਮਨੋਰੰਜਨ ਤੱਕ ਸੀਮਤ ਹੈ ਪਰ ਇਹ ਅਧੂਰੀ ਤਸਵੀਰ ਪੇਸ਼ ਕੀਤੀ ਜਾ ਰਹੀ ਸੀ ਕਿਉਂਕਿ ਇਹ ਨੌਜਵਾਨ ਮੁੰਡੇ-ਕੁੜੀਆਂ ਜਦੋਂ ਕਿਸੇ ਮੁੱਦੇ ’ਤੇ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੁੰਦੇ ਹਨ, ਆਪਣੀ ਗੱਲ ਰੱਖਦੇ ਹਨ ਅਤੇ ਲੋਕਤੰਤਰੀ ਤਰੀਕਿਆਂ ਨਾਲ ਸੰਵਾਦ ਕਰਦੇ ਹਨ, ਤਾਂ ਉਹ ਉਸ ਧਾਰਨਾ ਨੂੰ ਚੁਣੌਤੀ ਦਿੰਦੇ ਹਨ।
ਉਹ ਦੱਸਦੇ ਹਨ ਕਿ ਤਕਨਾਲੋਜੀ ਨੇ ਉਨ੍ਹਾਂ ਦੀ ਭਾਸ਼ਾ ਬਦਲੀ ਹੈ, ਸੰਵੇਦਨਸ਼ੀਲਤਾ ਨਹੀਂ। ਇੱਥੇ ਇਕ ਨਵੇਂ ਗਾਂਧੀਵਾਦ ਦੀ ਸ਼ੁਰੂਆਤ ਦਿਖਾਈ ਦਿੰਦੀ ਹੈ। ਇਹ ਗਾਂਧੀਵਾਦ ਖਾਦੀ ਪਹਿਨਣ ਜਾਂ ਚਰਖਾ ਚਲਾਉਣ ਦਾ ਸੱਦਾ ਨਹੀਂ ਦਿੰਦਾ। ਇਹ ਕਿਸੇ ਵਿਅਕਤੀ ਦੀ ਪੂਜਾ ਵੀ ਨਹੀਂ ਕਰਦਾ, ਸਗੋਂ ਇਹ ਗਾਂਧੀਵਾਦ ਉਸ ਮੂਲ ਭਾਵਨਾ ਨੂੰ ਅਪਣਾਉਂਦਾ ਹੈ, ਜਿਸ ਵਿਚ ਸੰਵਾਦ ਅਤੇ ਨੈਤਿਕ ਸਾਹਸ ਸਭ ਤੋਂ ਵੱਡੀ ਤਾਕਤ ਹੁੰਦੇ ਹਨ।
ਅੱਜ ਦੇ ਨੌਜਵਾਨ ਵਰਗ ਦੇ ਹੱਥ ਵਿਚ ਚਰਖੇ ਦੀ ਜਗ੍ਹਾ ਮੋਬਾਈਲ ਹੈ। ਪਿੰਡ-ਪਿੰਡ ਪੈਦਲ ਯਾਤਰਾ ਦੀ ਜਗ੍ਹਾ ਇੰਟਰਨੈੱਟ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਗਾਂਧੀ ਅਪ੍ਰਸੰਗਿਕ ਹੋ ਗਏ ਹਨ। ਜੇ ਨੌਜਵਾਨ ਵਰਗ ਆਪਣੀ ਗੱਲ ਬਿਨਾਂ ਹਿੰਸਾ ਦੇ ਰੱਖਦਾ ਹੈ, ਜੇ ਉਹ ਅਸਹਿਮਤੀ ਨੂੰ ਲੋਕਤੰਤਰੀ ਅਧਿਕਾਰ ਮੰਨਦਾ ਹੈ, ਜੇ ਉਹ ਨਿਜ਼ਾਮ ਤੋਂ ਜਵਾਬ ਮੰਗਦਾ ਹੈ, ਪਰ ਨਿਜ਼ਾਮ ਤੋੜਨ ਦੀ ਗੱਲ ਨਹੀਂ ਕਰਦਾ, ਤਾਂ ਉਹ ਜਾਣੇ-ਅਣਜਾਣੇ ਗਾਂਧੀ ਦੇ ਵਿਧਾਨ ਨੂੰ ਹੀ ਅੱਗੇ ਵਧਾ ਰਿਹਾ ਹੈ। ਗਾਂਧੀ ਦਾ ਸਭ ਤੋਂ ਵੱਡਾ ਯੋਗਦਾਨ ਸਿਰਫ਼ ਦੇਸ਼ ਨੂੰ ਆਜ਼ਾਦੀ ਦਿਵਾਉਣਾ ਨਹੀਂ ਸੀ। ਉਨ੍ਹਾਂ ਨੇ ਵਿਰੋਧ ਦੀ ਭਾਸ਼ਾ ਬਦਲੀ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਬੰਦੂਕ ਨਹੀਂ, ਬਲਕਿ ਨੈਤਿਕ ਬਲ ਹੁੰਦਾ ਹੈ। ਸੱਤਾ ਨੂੰ ਸਭ ਤੋਂ ਵੱਧ ਡਰ ਉਸ ਨਾਗਰਿਕ ਤੋਂ ਲੱਗਦਾ ਹੈ, ਜੋ ਸ਼ਾਂਤ ਰਹਿੰਦਾ ਹੈ ਪਰ ਆਪਣੇ ਅਧਿਕਾਰਾਂ ’ਤੇ ਅਡਿੱਗ ਰਹਿੰਦਾ ਹੈ ਅਤੇ ਇਹੀ ਸੱਤਿਆਗ੍ਰਹਿ ਦੀ ਆਤਮਾ ਹੁੰਦੀ ਹੈ।
ਅੱਜ ਭਾਰਤ ਦਾ ਲੋਕਤੰਤਰ ਵੀ ਉਸੇ ਨੈਤਿਕ ਸ਼ਕਤੀ ਦੀ ਲੋੜ ਮਹਿਸੂਸ ਕਰਦਾ ਹੈ। ਲੋਕਤੰਤਰ ਸਿਰਫ਼ ਮਤਦਾਨ ਨਾਲ ਮਜ਼ਬੂਤ ਨਹੀਂ ਹੁੰਦਾ। ਉਹ ਤਦ ਮਜ਼ਬੂਤ ਹੁੰਦਾ ਹੈ, ਜਦੋਂ ਨਾਗਰਿਕ ਸਵਾਲ ਪੁੱਛਦੇ ਹਨ, ਸਰਕਾਰ ਜਵਾਬ ਦਿੰਦੀ ਹੈ। ਵਿਰੋਧੀ ਆਪਣੀ ਗੱਲ ਰੱਖਦਾ ਹੈ ਅਤੇ ਸਮਾਜ ਸੰਵਾਦ ਲਈ ਤਿਆਰ ਰਹਿੰਦਾ ਹੈ।
ਜੇ ਇਨ੍ਹਾਂ ਵਿੱਚੋਂ ਕੋਈ ਇਕ ਕੜੀ ਕਮਜ਼ੋਰ ਹੋ ਜਾਂਦੀ ਹੈ ਤਾਂ ਲੋਕਤੰਤਰ ਦਾ ਸੰਤੁਲਨ ਵੀ ਕਮਜ਼ੋਰ ਹੋਣ ਲੱਗਦਾ ਹੈ। ਨਵੀਂ ਪੀੜ੍ਹੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਹਰ ਗੱਲ ਨੂੰ ਅੱਖਾਂ ਮੀਚ ਕੇ ਸਵੀਕਾਰ ਨਹੀਂ ਕਰਦੀ। ਉਹ ਸਵਾਲ ਪੁੱਛਦੀ ਹੈ। ਕਈ ਵਾਰ ਉਸ ਦੇ ਸਵਾਲ ਅਸਹਿਜ ਵੀ ਲੱਗਦੇ ਹਨ, ਪਰ ਸਵਾਲ ਪੁੱਛਣ ਵਾਲਾ ਸਮਾਜ ਹੀ ਜੀਵੰਤ ਸਮਾਜ ਹੁੰਦਾ ਹੈ। ਗਾਂਧੀ ਵੀ ਇਹੀ ਚਾਹੁੰਦੇ ਸਨ। ਉਹ ਅੰਨ੍ਹੀ ਭਗਤੀ ਨਹੀਂ, ਜਾਗਰੂਕ ਨਾਗਰਿਕ ਚਾਹੁੰਦੇ ਸਨ ਅਤੇ ਇਕ ਅਜਿਹੇ ਭਾਰਤ ਦਾ ਸੁਪਨਾ ਦੇਖਦੇ ਸਨ, ਜਿੱਥੇ ਸਰਕਾਰ ਜਨਤਾ ਤੋਂ ਡਰੇ ਨਾ, ਸਗੋਂ ਜਨਤਾ ਪ੍ਰਤੀ ਜਵਾਬਦੇਹ ਰਹੇ। ਇਸ ਅੰਦੋਲਨ ’ਚ ਵਿਦਿਆਰਥੀਆਂ ਨੇ ਆਪਣੀ ਦ੍ਰਿੜ ਇੱਛਾ ਸ਼ਕਤੀ ਦਾ ਮੁਜ਼ਾਹਰਾ ਕਰਦੇ ਹੋਏ ਤੇ ਅਹਿੰਸਾ ਦਾ ਰਾਹ ਅਪਣਾਉਂਦੇ ਹੋਏ ਸਰਕਾਰ ਨੂੰ ਬੈਕਫੁੱਟ ’ਤੇ ਆਉਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਸੱਚ ਹੈ ਕਿ ਹਰ ਅੰਦੋਲਨ ਗਾਂਧੀਵਾਦੀ ਨਹੀਂ ਹੁੰਦਾ ਅਤੇ ਹਰ ਵਿਰੋਧ ਨੂੰ ਗਾਂਧੀ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਗਾਂਧੀਵਾਦ ਦਾ ਮਤਲਬ ਸਿਰਫ਼ ਧਰਨਾ ਦੇਣਾ ਨਹੀਂ ਹੈ। ਇਸ ਦਾ ਮਤਲਬ ਹੈ, ਸੱਚ ਪ੍ਰਤੀ ਇਮਾਨਦਾਰੀ, ਵਿਰੋਧੀ ਪ੍ਰਤੀ ਵੀ ਆਦਰ, ਜਨਤਕ ਜੀਵਨ ਵਿਚ ਮਰਿਆਦਾ ਅਤੇ ਕਿਸੇ ਵੀ ਕੀਮਤ ’ਤੇ ਹਿੰਸਾ ਤੋਂ ਦੂਰੀ।
ਜੇ ਇਹ ਤੱਤ ਮੌਜੂਦ ਹਨ, ਤਾਂ ਹੀ ਕਿਸੇ ਅੰਦੋਲਨ ਵਿਚ ਗਾਂਧੀ ਦੀ ਆਤਮਾ ਦਿਖਾਈ ਦਿੰਦੀ ਹੈ। ਅੱਜ ਜ਼ਰੂਰਤ ਇਹ ਨਹੀਂ ਹੈ ਕਿ ਨੌਜਵਾਨ ਵਰਗ ਗਾਂਧੀ ਵਰਗਾ ਪਹਿਰਾਵਾ ਅਪਣਾਏ, ਸਗੋਂ ਇਸ ਦੀ ਹੈ ਕਿ ਉਹ ਗਾਂਧੀ ਦੇ ਤਰੀਕੇ ਨੂੰ ਸਮਝੇ। ਅਸਹਿਮਤੀ ਨੂੰ ਨਫ਼ਰਤ ਵਿਚ ਬਦਲਣ ਦੀ ਬਜਾਏ ਸੰਵਾਦ ਵਿਚ ਬਦਲਣਾ, ਵਿਰੋਧ ਨੂੰ ਹਿੰਸਾ ਵਿਚ ਬਦਲਣ ਦੀ ਬਜਾਏ ਨੈਤਿਕਤਾ ਵਿਚ ਬਦਲਣਾ ਅਤੇ ਰਾਜਨੀਤੀ ਨੂੰ ਸਿਰਫ਼ ਸ਼ਕਤੀ ਦੀ ਖੇਡ ਮੰਨਣ ਦੀ ਬਜਾਏ ਸਮਾਜਿਕ ਬਦਲਾਅ ਦਾ ਮਾਧਿਅਮ ਬਣਾਉਣਾ ਹੀ ਗਾਂਧੀ ਦਾ ਰਸਤਾ ਸੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਅੱਜ ਇਸ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਨੌਜਵਾਨਾਂ ਨਾਲ ਭਰਪੂਰ ਆਬਾਦੀ ਹੈ। ਜੇ ਇਹ ਨੌਜਵਾਨ ਵਰਗ ਸਿਰਫ਼ ਚੋਣਾਂ ਦੇ ਦਿਨ ਮਤਦਾਨ ਕਰਨ ਵਾਲਾ ਨਾਗਰਿਕ ਬਣ ਕੇ ਰਹਿ ਗਿਆ, ਤਾਂ ਲੋਕਤੰਤਰ ਅਧੂਰਾ ਰਹੇਗਾ।
ਜੇਕਰ ਇਹ ਵਰਗ ਸੰਵਿਧਾਨ, ਅਧਿਕਾਰਾਂ, ਕਰਤੱਵਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕ ਰਹੇਗਾ ਤਾਂ ਭਾਰਤ ਦਾ ਲੋਕਤੰਤਰ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਦਾਂਡੀ ਯਾਤਰਾ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਹਰ ਅੰਦੋਲਨ ਨਮਕ ਤੋਂ ਸ਼ੁਰੂ ਹੋਵੇਗਾ। ਇਹ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਵੱਡਾ ਬਦਲਾਅ ਇਕ ਅਜਿਹੇ ਛੋਟੇ ਸਵਾਲ ਤੋਂ ਸ਼ੁਰੂ ਹੁੰਦਾ ਹੈ, ਜਿਸ ਨੂੰ ਲੋਕ ਪਹਿਲਾਂ ਮਾਮੂਲੀ ਸਮਝਦੇ ਹਨ।
ਉਹੀ ਸਵਾਲ ਹੌਲੀ-ਹੌਲੀ ਸਮਾਜ ਦੀ ਚੇਤਨਾ ਬਣ ਜਾਂਦਾ ਹੈ। ਸ਼ਾਇਦ ਅੱਜ ਦੀ ਨਵੀਂ ਪੀੜ੍ਹੀ ਇਸੇ ਰਸਤੇ ’ਤੇ ਆਪਣੇ ਢੰਗ ਨਾਲ ਚੱਲ ਰਹੀ ਹੈ। ਨੌਜਵਾਨ ਪੀੜ੍ਹੀ ਗਾਂਧੀ ਨੂੰ ਕਿਤਾਬਾਂ ਵਿਚ ਘੱਟ ਪੜ੍ਹਦੀ ਹੈ, ਪਰ ਕਈ ਵਾਰ ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਵਿਹਾਰ ਵਿਚ ਢਾਲਦੀ ਹੋਈ ਦਿਖਾਈ ਦਿੰਦੀ ਹੈ। ਜੇ ਨਵੀਂ ਪੀੜ੍ਹੀ ਸੱਚ ਨੂੰ ਮਹੱਤਵ ਦੇਵੇ, ਅਹਿੰਸਾ ਨੂੰ ਕਮਜ਼ੋਰੀ ਨਹੀਂ, ਸਗੋਂ ਤਾਕਤ ਮੰਨੇ, ਸੰਵਾਦ ਨੂੰ ਸੰਘਰਸ਼ ਤੋਂ ਉੱਪਰ ਰੱਖੇ ਅਤੇ ਲੋਕਤੰਤਰ ਵਿਚ ਵਿਸ਼ਵਾਸ ਬਣਾਈ ਰੱਖੇ, ਤਾਂ ਇਹ ਸਿਰਫ਼ ਉਸ ਦਾ ਗਾਂਧੀਵਾਦ ਹੀ ਨਹੀਂ, ਸਗੋਂ ਭਾਰਤ ਦੇ ਲੋਕਤੰਤਰੀ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਵੀ ਹੋਵੇਗੀ।
ਗਾਂਧੀ ਨੇ ਕਿਹਾ ਸੀ, ‘ਤੁਸੀਂ ਉਹ ਬਦਲਾਅ ਬਣੋ, ਜੋ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ।’ ਨਵੀਂ ਪੀੜ੍ਹੀ ਦੇ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਹੈ। ਜੇ ਨਵੀਂ ਪੀੜ੍ਹੀ ਖ਼ੁਦ ਲੋਕਤੰਤਰੀ ਕਦਰਾਂ-ਕੀਮਤਾਂ ਦੀ ਉਦਾਹਰਨ ਬਣੇਗੀ, ਤਾਂ ਬਦਲਾਅ ਵੀ ਆਵੇਗਾ ਅਤੇ ਲੋਕਤੰਤਰ ਵੀ ਮਜ਼ਬੂਤ ਹੋਵੇਗਾ ਅਤੇ ਸ਼ਾਇਦ ਇਹੋ 21ਵੀਂ ਸਦੀ ਦਾ ਸਭ ਤੋਂ ਸੱਚਾ ਗਾਂਧੀਵਾਦ ਹੈ।
-ਰਾਜੀਵ ਸ਼ੁਕਲਾ
-(ਲੇਖਕ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ)।
-response@jagran.com